ਨਵੀਂ ਦਿੱਲੀ (ਏਜੰਸੀ)- ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਭਾਰਤੀ ਫ਼ੌਜ ਪਹਿਲੀ ਵਾਰ ਰਣਨੀਤਕ ਕਾਰਵਾਈਆਂ ਲਈ ਬੈਲਿਸਟਿਕ ਮਿਜ਼ਾਈਲਾਂ ਨੂੰ ਸ਼ਾਮਲ ਕਰੇਗੀ। ਫੌਜ ਨੇ ‘ਪ੍ਰਲਯ’ ਬੈਲਿਸਟਿਕ ਮਿਜ਼ਾਈਲ ਨੂੰ ਚੀਨ ਨਾਲ ਲੱਗਦੀ ਸਰਹੱਦ ’ਤੇ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਮਿਜ਼ਾਈਲ 150 ਤੋਂ 500 ਕਿਲੋਮੀਟਰ ਤੱਕ ਸਹੀ ਨਿਸ਼ਾਨਾ ਲਾ ਸਕਦੀ ਹੈ। ਇਸ ਮਿਜ਼ਾਈਲ ਦਾ ਦਸੰਬਰ 2021 ਵਿੱਚ 2 ਦਿਨਾਂ 'ਚ 2 ਵਾਰ ਸਫ਼ਲ ਪ੍ਰੀਖਣ ਕੀਤਾ ਗਿਆ ਸੀ। ਭਾਰਤੀ ਫੌਜ ਦੇ ਤਿੰਨੋ ਅੰਗ ਇਸ ਸਮੇਂ ਰਾਕੇਟ ਫੋਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ’ਚ ‘ਪ੍ਰਲਯ’ ਮਿਜ਼ਾਈਲ ਦੀ ਤਾਇਨਾਤੀ ਜਲਦੀ ਹੀ ਸੰਭਵ ਹੈ।
ਹਾਲ ਹੀ ਵਿੱਚ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ. ਕੇ. ਹਰੀ ਕੁਮਾਰ ਨੇ ਕਿਹਾ ਸੀ ਕਿ ਮਰਹੂਮ ਜਨਰਲ ਬਿਪਿਨ ਰਾਵਤ ਰਾਕੇਟ ਫੋਰਸ ਬਣਾਉਣ ’ਤੇ ਕੰਮ ਕਰ ਰਹੇ ਸਨ ਤਾਂ ਜੋ ਸਰਹੱਦ ’ਤੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ। ‘ਪ੍ਰਲਯ’ ਮਿਜ਼ਾਈਲ ਠੋਸ ਪ੍ਰੋਪੇਲੈਂਟ ਰਾਕੇਟ ਮੋਟਰ ਨਾਲ ਲੈਸ ਹੈ। ਡੀ.ਆਰ.ਡੀ.ਓ. ਨੇ ਅਜੇ ਤੱਕ ‘ਪ੍ਰਲਯ’ ਦੀ ਗਤੀ ਦਾ ਖੁਲਾਸਾ ਨਹੀਂ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮਿਜ਼ਾਈਲ ਰਾਤ ਨੂੰ ਵੀ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ’ਚ ਸਮਰੱਥ ਹੈ। ਜੇ ਅਸੀਂ ਗੁਆਂਢੀ ਦੇਸ਼ਾਂ ਦੀ ਗੱਲ ਕਰੀਏ ਤਾਂ ਚੀਨ ਕੋਲ ਇਸ ਪੱਧਰ ਦੀਆਂ ਡੋਂਗਫੇਂਗ 12 ਮਿਜ਼ਾਈਲਾਂ ਹਨ ਜਦਕਿ ਪਾਕਿਸਤਾਨ ਕੋਲ ਗਜ਼ਨਵੀ, ਐੱਮ-11 ਅਤੇ ਸ਼ਾਹੀਨ ਮਿਜ਼ਾਈਲਾਂ ਹਨ।
ਸਮੁੰਦਰੀ ਫੌਜ ਦੀ ਤਾਕਤ ਵਧੀ, ਪਣਡੁੱਬੀ ‘ਵਾਗੀਰ’ ਮਿਲੀ
NEXT STORY