ਚੇਨਈ/ਸ਼੍ਰੀਹਰੀਕੋਟਾ— ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਈ. ਓ. ਐੱਸ03 ਉਪਗ੍ਰਹਿ (ਸੈਟੇਲਾਈਟ) ਦੀ ਲਾਂਚਿੰਗ ਨਾਕਾਮ ਰਹੀ। ਵੀਰਵਾਰ ਸਵੇਰੇ ਜਦੋਂ ਦੇਸ਼ ਪੁਲਾੜ ਦੀ ਦੁਨੀਆ ਵਿਚ ਇਕ ਵਾਰ ਫਿਰ ਤੋਂ ਇਤਿਹਾਸ ਰਚਣ ਲਈ ਬਿਲਕੁੱਲ ਤਿਆਰ ਸੀ ਤਾਂ ਰਾਕੇਟ ਦੇ ਤੀਜੇ ਪੜਾਅ ਦੇ ਕ੍ਰਾਯੋਜੈਨਿਕ ਇੰਜਣ ’ਚ ਕੁਝ ਗੜਬੜੀ ਆ ਗਈ। ਉਪਗ੍ਰਹਿ ਲਾਂਚਿੰਗ ਯਾਨ (ਜੀ. ਐੱਸ. ਐੱਲ. ਵੀ.) ਈ. ਓ. ਐੱਸ03 ਧਰਤੀ ਨਿਰੀਖਣ ਉਪਗ੍ਰਹਿ ਨੂੰ ਪੰਧ ’ਚ ਸਥਾਪਤ ਕਰਨ ਵਿਚ ਅਸਫ਼ਲ ਰਿਹਾ। ਇਸ ਤੋਂ ਪਹਿਲਾਂ ਪੁਲਾੜ ਏਜੰਸੀ ਨੇ ਬੁੱਧਵਾਰ ਸਵੇਰੇ ਆਪਣੇ ਜੀ. ਐੱਸ. ਐੱਲ. ਵੀ-ਐੱਫ10 ਰਾਕੇਟ ਦੀ ਲਾਂਚਿੰਗ ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਸੀ।
ਇਸ ਸੈਟੇਲਾਈਟ ਨੇ ਪੁਲਾੜ ਤੋਂ ਧਰਤੀ ਦੀ ਨਿਗਰਾਨੀ ਕਰਨੀ ਸੀ, ਇਸ ਲਈ ਇਸ ਨੂੰ ਭਾਰਤ ਦੀਆਂ ਸਭ ਤੋਂ ਤੇਜ਼ ਅੱਖਾਂ ਵੀ ਕਿਹਾ ਜਾ ਰਿਹਾ ਸੀ ਪਰ ਮਿਸ਼ਨ ਅਧੂਰਾ ਰਹਿ ਗਿਆ। ਇਸਰੋ ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਯਾਨੀ ਕਿ ਵੀਰਵਾਰ ਸਵੇਰੇ 5 ਵਜ ਕੇ 43 ਮਿੰਟ ’ਤੇ ਜੀ. ਐੱਸ. ਐੱਲ. ਵੀ-ਐੱਫ10 ਜ਼ਰੀਏ ਧਰਤੀ ’ਤੇ ਨਿਗਰਾਨੀ ਰੱਖਣ ਵਾਲੇ ਸੈਟੇਲਾਈਟ ਈ. ਓ. ਐੱਸ03 ਦੀ ਲਾਂਚਿੰਗ ਸ਼ੁਰੂ ਕੀਤੀ ਸੀ। ਪਹਿਲੇ ਦੋ ਪੜਾਵਾਂ ਵਿਚ ਇਹ ਸਫ਼ਲਤਾ ਨਾਲ ਅੱਗੇ ਵਧਿਆ ਪਰ ਤੀਜੇ ਪੜਾਅ ਵਿਚ ਇਸ ਦੇ ਕ੍ਰਾਯੋਜੈਨਿਕ ਇੰਜਣ ਵਿਚ ਖ਼ਰਾਬੀ ਆ ਗਈ। ਇਸ ਤੋਂ ਬਾਅਦ ਇਸਰੋ ਮੁਖੀ ਨੇ ਐਲਾਨ ਕੀਤਾ ਕਿ ਇਹ ਮਿਸ਼ਨ ਅਸਫ਼ਲ ਹੋ ਗਿਆ ਹੈ। ਇਸ ਮਿਸ਼ਨ ’ਚ ਰਾਕੇਟ 2,268 ਕਿਲੋਗ੍ਰਾਮ ਦੇ ਧਰਤੀ ਨਿਰੀਖਣ ਸੈਟੇਲਾਈਟ ਈ. ਓ. ਐੱਸ03 ਨੂੰ ਪੁਲਾੜ ਵਿਚ ਪੁੱਜਣਾ ਸੀ, ਜਿਸ ਨਾਲ ਪੁਲਾੜ ਤੋਂ ਧਰਤੀ ਦੀ ਨਿਗਰਾਨੀ ਕਰਨ ’ਚ ਮਦਦ ਮਿਲਦੀ।
ਇਕ ਰਿਪੋਰਟ ਮੁਤਾਬਕ 2017 ਤੋਂ ਬਾਅਦ ਕਿਸੇ ਭਾਰਤੀ ਪੁਲਾੜ ਲਾਂਚਿੰਗ ਵਿਚ ਇਹ ਪਹਿਲੀ ਅਸਫ਼ਲਤਾ ਹੈ। ਇਸ ਤੋਂ ਪਹਿਲਾਂ ਇਸਰੋ ਦੇ ਲਗਾਤਾਰ 14 ਮਿਸ਼ਨ ਸਫ਼ਲ ਰਹੇ। ਇਸਰੋ ਨੇ 28 ਫਰਵਰੀ ਨੂੰ 2021 ਦੇ ਪਹਿਲੇ ਮਿਸ਼ਨ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ ਸੀ, ਜਦੋਂ ਰਾਕੇਟ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਪਹਿਲੀ ਵਾਰ ਬ੍ਰਾਜ਼ੀਲ ਦਾ ਸੈਟੇਲਾਈਟ ਲੈ ਕੇ ਪੁਲਾੜ ਪਹੁੰਚਿਆ ਸੀ। ਇਸ ਪੁਲਾੜ ਯਾਨ ਦੇ ਸਿਖਰਲੇ ਪੈਨਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਕੇਰੀ ਗਈ ਸੀ।
6 ਸਾਲਾ ਬੱਚੀ ਨਾਲ ਦਰਿੰਦਗੀ, ਦਿੱਲੀ ਮਹਿਲਾ ਕਮਿਸ਼ਨ ਨੇ ਕਿਹਾ- ‘ਔਰਤਾਂ ਦੀ ਸੁਰੱਖਿਆ ’ਤੇ ਚਰਚਾ ਕਿਉਂ ਨਹੀਂ’
NEXT STORY