ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਸਰਕਾਰ ’ਤੇ ਬਜਟ ’ਚ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਬੁੱਧਵਾਰ ਨੂੰ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪੂਰਾ ਕਾਰੋਬਾਰ 4-5 ਉਦਯੋਗਪਤੀ ਪਰਿਵਾਰਾਂ ਵਿਚਾਲੇ ਸਿਮਟ ਕੇ ਰਹਿ ਗਿਆ ਹੈ। ਸਿੱਬਲ ਨੇ ਰਾਜ ਸਭਾ ਵਿਚ ਵਿੱਤੀ ਸਾਲ 2021-22 ਦੇ ਬਜਟ ’ਤੇ ਚਰਚਾ ਦੌਰਾਨ ਕੇਂਦਰ ਸਰਕਾਰ ਤੋਂ ਕਈ ਸਵਾਲ ਪੁੱਛੇ। ਕਪਿਲ ਸਿੱਬਲ ਨੇ ਕਿਹਾ ਕਿ ਸਰਕਾਰ ਦੇ ਬਜਟ ਵਿਚ ਆਤਮ ਨਿਰਭਰ ਭਾਰਤ ਦੀ ਗੱਲ ਕੀਤੀ ਗਈ ਹੈ ਪਰ ਕੋਰੋਨਾ ਕਾਲ ਤੋਂ ਬਾਅਦ ਦੇਸ਼ ’ਚ ਕਈ ਖੇਤਰ ਆਤਮ ਨਿਰਭਰ ਨਹੀਂ ਦਿੱਸ ਰਿਹਾ ਹੈ।
ਇਹ ਵੀ ਪੜ੍ਹੋ: ਰਾਜ ਸਭਾ ’ਚ 4 ਸੰਸਦ ਮੈਂਬਰਾਂ ਦੀ ਵਿਦਾਈ, ਭਾਵੁਕ ਹੋਏ ਪੀ. ਐੱਮ. ਮੋਦੀ
ਕਪਿਲ ਨੇ ਰਾਜ ਸਭਾ ਵਿਚ ਪੁੱਛਿਆ ਕਿ ਕੀ ਸਾਡੇ ਦੇਸ਼ ਦੇ ਲੋਕ ਆਤਮ ਨਿਰਭਰ ਹਨ? ਕੀ ਵੱਖ-ਵੱਖ ਖੇਤਰ ਆਤਮ ਨਿਰਭਰ ਹਨ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਹਿੰਦੋਸਤਾਨ ਦੇ 86 ਫ਼ੀਸਦੀ ਕਿਸਾਨਾਂ ਦੀਆਂ ਜ਼ਮੀਨਾਂ 5 ਏਕੜ ਤੋਂ ਘੱਟ ਹਨ। ਕੀ ਉਹ ਆਤਮ ਨਿਰਭਰ ਹਨ? ਕੀ ਕਿਸਾਨ ਇਸ ਵਜ੍ਹਾ ਤੋਂ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤੀਪੂਰਵਕ ਅੰਦੋਲਨ ਕਰ ਰਿਹਾ ਹੈ, ਕਿਉਂਕਿ ਉਹ ਆਤਮ ਨਿਰਭਰ ਹਨ? ਇਸ ਸਵਾਲ ਦਾ ਤੁਹਾਨੂੰ ਜਵਾਬ ਦੇਣਾ ਹੋਵੇਗਾ, ਭਾਸ਼ਣ ਹੋ ਸਕਦਾ ਹੈ ਪਰ ਜ਼ਮੀਨੀ ਹਕੀਕਤ ਹਿੰਦੋਸਤਾਨ ਦੀ ਕੀ ਹੈ, ਇਹ ਤੁਹਾਨੂੰ ਸਮਝਣਾ ਹੋਵੇਗਾ। ਹਰ ਇਕ ਆਦਮੀ ਅਜਿਹੀ ਉਡਾਣ ਚਾਹੁੰਦਾ ਹੈ ਕਿ ਉਹ ਆਤਮ ਨਿਰਭਰ ਹੋਵੇ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾਬੰਦੀ: ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੀਤਾ ਵੱਡਾ ਐਲਾਨ
ਕਪਿਲ ਸਿੱਬਲ ਨੇ ਕਿਹਾ ਕਿ ਅਮਰੀਕਾ, ਯੂਰਪ, ਚੀਨ ਅਤੇ ਕਈ ਹੋਰ ਦੇਸ਼ਾਂ ਵਿਚ ਸਰਕਾਰ ਕਿਸਾਨਾਂ ਨੂੰ ਵੱਡੇ ਪੈਮਾਨੇ ’ਤੇ ਆਰਥਿਕ ਮਦਦ ਦੇ ਰਹੀ ਹੈ, ਜਦਕਿ ਸਾਡੇ ਦੇਸ਼ ਦੇ ਕਿਸਾਨ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਘੱਟ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਨੂੰ 75,000 ਕਰੋੜ ਰੁਪਏ ਤੋਂ ਘਟਾ ਕੇ 65,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸਾਡੇ ਦੇਸ਼ ਦਾ ਕਿਸਾਨ ਸਿਰਫ ਐੱਮ. ਐੱਸ. ਪੀ. ਮੰਗ ਰਿਹਾ ਹੈ, ਉਸ ਨੂੰ ਉਹ ਵੀ ਨਹੀਂ ਮਿਲ ਰਹੀ। ਸਿੱਬਲ ਨੇ ਦੋਸ਼ ਲਾਇਆ ਕਿ ਦੇਸ਼ ਵਿਚ 4-5 ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਕਾਨੂੰਨ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਰਾਜ ਸਭਾ ’ਚ ਵਿਦਾਈ ਭਾਸ਼ਣ ਦੌਰਾਨ ‘ਆਜ਼ਾਦ’ ਬੋਲੇ- ‘ਮੈਂ ਖੁਸ਼ਕਿਸਮਤ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਿਆ’
ਕੋਰੋਨਾ ਆਫ਼ਤ ਦੌਰਾਨ ਕੋਲਾ, ਸੀਮੈਂਟ ਅਤੇ ਇਸਪਾਤ ਦਾ ਉਤਪਾਦਨ ਘੱਟ ਹੋਇਆ। ਇਸ ਤਰ੍ਹਾਂ ਵਪਾਰਕ ਵਾਹਨਾਂ ਦੇ ਉਤਪਾਦਨ ’ਚ ਵੀ ਕਮੀ ਆਈ। ਤਾਲਾਬੰਦੀ ਦੌਰਾਨ ਵੱਡੇ ਪੱਧਰ ’ਤੇ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਅਤੇ ਰੁਜ਼ਗਾਰ ਖ਼ਤਮ ਹੋਣ ਕਾਰਨ ਲੋਕਾਂ ਨੂੰ ਸ਼ਹਿਰਾਂ ਤੋਂ ਪੈਦਲ ਹੀ ਪਿੰਡਾਂ ਨੂੰ ਜਾਣਾ ਪਿਆ। ਸੈਰ-ਸਪਾਟਾ ਖੇਤਰ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬਜਟ ’ਚ ਆਤਮ ਨਿਰਭਰਤਾ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਾਰੇ ਲੋਕ ਅਜਿਹਾ ਚਾਹੁੰਦੇ ਵੀ ਹਨ। ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਕਿਸਾਨ, ਦਲਿਤ, ਘੱਟ ਗਿਣਤੀ, ਛੋਟੇ ਉਦਯੋਗ ਅਤੇ ਵਪਾਰੀ ਆਤਮ ਨਿਰਭਰ ਹੋ ਸਕਣਗੇ? ਸਿੱਬਲ ਨੇ ਅੱਗੇ ਕਿਹਾ ਕਿ ਦੇਸ਼ ਦੀ 73 ਫ਼ੀਸਦੀ ਸੰਪਤੀ ਇਕ ਵਪਾਰਕ ਘਰਾਣੇ ਕੋਲ ਚੱਲੀ ਗਈ। ਦੇਸ਼ ਦੇ 6-7 ਵੱਡੇ ਹਵਾਈ ਅੱਡਿਆਂ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਵਿੱਤ ਮੰਤਰਾਲਾ ਅਤੇ ਨੀਤੀ ਕਮਿਸ਼ਨ ਨੇ ਵਿਰੋਧ ਕੀਤਾ, ਇਸ ਦੇ ਬਾਵਜੂਦ ਉਸ ਨੂੰ ਨਿੱਜੀ ਖੇਤਰਾਂ ਨੂੰ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਪੁਲਸ ਦੀ ਸਖ਼ਤ ਪਹਿਰੇਦਾਰੀ ਦਰਮਿਆਨ ਸਫ਼ਾਈ ਕਰਦੇ ਦਿੱਸੇ ਰਾਕੇਸ਼ ਟਿਕੈਤ
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ
ਕਿਸਾਨੀ ਘੋਲ: ਵਿਦੇਸ਼ੀ ਹਸਤੀਆਂ ਦੇ ਟਵੀਟ ਬਨਾਮ ਦੇਸ਼ ਦੇ ਅੰਦਰੂਨੀ ਮਾਮਲਿਆਂ ਦਾ ਮਸਲਾ
NEXT STORY