ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਵੀਰਵਾਰ ਨੂੰ ਸੋਧ ਦਿਸ਼ਾ-ਨਿਰਦੇਸ਼ (ਗਾਈਡਲਾਈਨਜ਼) ਜਾਰੀ ਕੀਤੇ। ਇਸ ਰਾਹੀਂ ਉਨ੍ਹਾਂ ਲਈ ਜ਼ਰੂਰੀ ਰੂਪ ਨਾਲ 7 ਦਿਨ ਕੁਆਰੰਟੀਨ 'ਚ ਰਹਿਣ ਅਤੇ 8ਵੇਂ ਦਿਨ ਆਰ.ਟੀ.-ਪੀ.ਸੀ.ਆਰ. ਜਾਂਚ ਕਰਵਾਉਣ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਗਈ ਹੈ। ਸੋਧ ਦਿਸ਼ਾ-ਨਿਰਦੇਸ਼ 14 ਫਰਵਰੀ ਤੋਂ ਲਾਗੂ ਹੋਣਗੇ। ਕੌਮਾਂਤਰੀ ਯਾਤਰਾ 'ਤੇ ਹਵਾਈ ਅੱਡੇ ਪਹੁੰਚਣ ਵਾਲੇ ਸਾਰੇ ਯਾਤਰੀਆਂ 'ਚ ਕੁੱਲ ਯਾਤਰੀਆਂ ਦੇ 2 ਫੀਸਦੀ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵਿੱਟਰ 'ਤੇ ਇਸ ਕਦਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਨਮੂਨੇ ਲਏ ਜਾਣਗੇ ਅਤੇ ਫਿਰ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਬਾਹਰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਪਹਿਲਾਂ ਤੋਂ ਜ਼ਰੂਰੀ 7 ਦਿਨਾਂ ਤੱਕ ਘਰ 'ਚ ਏਕਾਂਤਵਾਸ ਰਹਿਣ ਦੀ ਬਜਾਏ ਸਾਰੇ ਯਾਤਰੀ ਆਉਣ ਤੋਂ ਬਾਅਦ 14 ਦਿਨਾਂ ਤੱਕ ਆਪਣੀ ਸਿਹਤ ਦੀ ਖ਼ੁਦ ਨਿਗਰਾਨੀ ਕਰਨਗੇ। ਮੰਤਰੀ ਅਨੁਸਾਰ, ਨੈਗੇਟਿਵ ਆਰ.ਟੀ.-ਪੀ.ਸੀ.ਆਰ. ਰਿਪੋਰਟ (ਯਾਤਰਾ ਤੋਂ 72 ਘੰਟੇ ਪਹਿਲਾਂ ਲਈ ਗਈ) ਨੂੰ ਸੰਬੰਧਤ ਏਅਰ ਸਹੂਲਤ ਪੋਰਟਲ 'ਤੇ ਅਪਲੋਡ ਕਰਨ ਤੋਂ ਇਲਾਵਾ, ਹੋਰ ਦੇਸ਼ਾਂ ਤੋਂ ਪ੍ਰਦਾਨ ਕੀਤੇ ਗਏ ਪੂਰਨ ਕੋਰੋਨਾ ਟੀਕਾਕਰਨ ਹੋਣ ਦੇ ਪ੍ਰਮਾਣ ਪੱਤਰ ਅਪਲੋਡ ਕਰਨ ਦਾ ਵਿਕਲਪ ਵੀ ਹੋਵੇਗਾ। ਮੰਤਰਾਲਾ ਨੇ ਅਜਿਹੇ 82 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ 'ਚ ਅਮਰੀਕਾ, ਨਿਊਜ਼ੀਲੈਂਡ, ਸਵਿਟਰਜ਼ਰਲੈਂਡ, ਆਸਟ੍ਰੇਲੀਆ, ਹਾਂਗਕਾਂਗ, ਸਿੰਗਾਪੁਰ, ਸਾਊਦੀ ਅਰਬ, ਇਜ਼ਰਾਇਲ, ਬੰਗਲਾਦੇਸ਼, ਈਰਾਨ, ਨੇਪਾਲ, ਮੈਕਸੀਕੇ ਅਤੇ ਨੀਦਰਲੈਂਡ ਸ਼ਾਮਲ ਹਨ।
ਮਾਂਡਵੀਆ ਨੇ ਟਵੀਟ ਕੀਤਾ,''8ਵੇਂ ਦਿਨ ਆਰ.ਟੀ.-ਪੀ.ਸੀ.ਆਰ. ਜਾਂਚ ਕਰਨ ਅਤੇ ਉਸ ਨੂੰ ਏਅਰ ਸਹੂਲਤ ਪੋਰਟਲ 'ਤੇ ਅਪਲੋਡ ਕਰਨ ਦੀ ਜ਼ਰੂਰਤ ਖ਼ਤਮ ਹੋ ਗਈ ਹੈ।'' ਆਉਣ ਤੋਂ ਬਾਅਦ ਜਾਂਚ ਦੌਰਾਨ ਸੰਕਰਮਣ ਦੇ ਲੱਛਣ ਪਾਏ ਜਾਣ ਵਾਲੇ ਯਾਤਰੀਆਂ ਨੂੰ ਤੁਰੰਤ ਏਕਾਂਤਵਾਸ ਕੀਤਾ ਜਾਵੇਗਾ ਅਤੇ ਸਿਹਤ ਪ੍ਰੋਟੋਕਾਲ ਅਨੁਸਾਰ ਹਸਪਤਾਲ ਲਿਜਾਇਆ ਜਾਵੇਗਾ। ਜੇਕਰ ਜਾਂਚ 'ਚ ਸੰਕਰਮਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਕੀਤੀ ਜਾਵੇਗੀ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਜੇਕਰ ਅਜਿਹੇ ਯਾਤਰੀਆਂ 'ਚ ਸੰਕਰਮਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ਦੇ ਨਮੂਨੇ ਅੱਗੇ ਚੱਲ ਕੇ ਕੋਰੋਨਾ ਵਾਇਰਸ ਦੇ ਰੂਪਾਂ ਦੇ ਜੀਨੋਮ ਸੀਕਵੈਂਸਿੰਗ ਅਤੇ ਵਾਇਰਸ ਭਿੰਨਤਾ ਦਾ ਅਧਿਐਨ ਅਤੇ ਨਿਗਰਾਨੀ ਕਰਨ ਵਾਲੀ ਸੰਸਥਾ ਇਨਸਾਕਾਗ ਪ੍ਰਯੋਗਸ਼ਾਲਾ ਨੈੱਟਵਰਕ 'ਚ ਜ਼ੀਨੋਮ ਸੀਕਵੈਂਸਿੰਗ ਲਈ ਭੇਜੇ ਜਾਣਗੇ। ਦਿਸ਼ਾ-ਨਿਰਦੇਸ਼ ਅਨੁਸਾਰ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਉਣ ਤੋਂ ਪਹਿਲਾਂ ਅਤੇ ਬਾਅਦ ਦੀ ਜਾਂਚ, ਦੋਹਾਂ 'ਚ ਛੋਟ ਦਿੱਤੀ ਗਈ ਹੈ। ਹਾਲਾਂਕਿ ਜੇਕਰ ਆਉਣ 'ਤੇ ਜਾਂ ਖ਼ੁਦ ਦੀ ਨਿਗਰਾਨੀ ਮਿਆਦ ਦੌਰਾਨ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਤੈਅ ਪ੍ਰੋਟੋਕਾਲ ਅਨੁਸਾਰ ਇਲਾਜ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਨਾਲ ਜਾਨ ਗੁਆਉਣ ਵਾਲੇ 123 ਪੱਤਰਕਾਰਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ 6.15 ਕਰੋੜ ਰੁਪਏ ਦੀ ਮਦਦ
NEXT STORY