ਨਵੀਂ ਦਿੱਲੀ, (ਵਿਸ਼ੇਸ਼)- ਮੱਧ ਵਰਗ ਦੀਆਂ ਆਰਥਿਕ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਆਉਣ ਵਾਲੇ ਬਜਟ ’ਚ ਕੁਝ ਰਾਹਤ ਦੇ ਸਕਦੀ ਹੈ, ਜਿਸ ’ਚ ਆਮਦਨ ਟੈਕਸ ’ਚ ਕਟੌਤੀ ਸ਼ਾਮਲ ਹੈ। ਚੋਣਾਂ ’ਚ ਮੁਫ਼ਤ ਦੀਆਂ ਸਹੂਲਤਾਂ ਦੇ ਵਧਦੇ ਰੁਝਾਨ ਨਾਲ ਮੱਧ ਵਰਗ ਸਿਆਸੀ ਤੌਰ ’ਤੇ ਅਣਗੌਲਿਆ ਮਹਿਸੂਸ ਕਰਨ ਲੱਗ ਪਿਆ ਹੈ। ਸੀਤਾਰਾਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰੇਗੀ।
ਇਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਹੋਵੇਗਾ। ਬਜਟ ਅਜਿਹੇ ਸਮੇਂ ’ਚ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਮੱਧ ਵਰਗ ਕੇਂਦਰ ਸਰਕਾਰ ਤੋਂ ਰਾਹਤ ਦੀ ਮੰਗ ਕਰ ਰਿਹਾ ਹੈ। ਇਹ ਵਰਗ ਲੰਬੇ ਸਮੇਂ ਤੋਂ ਭਾਜਪਾ ਦਾ ਵਚਨਬੱਧ ਵੋਟਰ ਰਿਹਾ ਹੈ, ਇਸ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੋਵੇਗਾ।
ਹਾਲਾਂਕਿ ਸਰਕਾਰ ਕੋਲ ਆਮਦਨ ਦੇ ਸੀਮਤ ਸਰੋਤ ਹਨ ਅਤੇ ਹਰ ਤਰ੍ਹਾਂ ਦੀਆਂ ਭਲਾਈ ਯੋਜਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਮੁਫ਼ਤ ਦੀਆਂ ਸਹੂਲਤਾਂ ਵਰਗੀਆਂ ਯੋਜਨਾਵਾਂ ਨੇ ਸਰਕਾਰ ਦੇ ਵਿਕਲਪਾਂ ਨੂੰ ਹੋਰ ਸੀਮਤ ਕਰ ਦਿੱਤਾ ਹੈ। ਹਾਲਾਂਕਿ ਹਾਲ ਹੀ ਦੇ ਕੁਝ ਸਾਲਾਂ ਵਿਚ ਭਾਜਪਾ ਇਸ ਧਾਰਨਾ ਨੂੰ ਬਦਲਣ ਵਿਚ ਕਾਮਯਾਬ ਰਹੀ ਹੈ ਕਿ ਉਹ ਸ਼ਹਿਰੀ ਪਾਰਟੀ ਹੈ। ਭਾਜਪਾ ਤੇਜ਼ੀ ਨਾਲ ਪੇਂਡੂ ਖੇਤਰਾਂ ਵਿਚ ਪੈਰ ਪਸਾਰ ਰਹੀ ਹੈ ਅਤੇ ਬਦਲੇ ਵਿਚ ਪੇਂਡੂ ਆਬਾਦੀ ਨੂੰ ਵੀ ਸਰਕਾਰ ਤੋਂ ਲਾਭ ਮਿਲ ਰਿਹਾ ਹੈ।
ਕਿਸਾਨ ਸਨਮਾਨ ਨਿਧੀ ਅਤੇ ਮੁਫ਼ਤ ਰਾਸ਼ਨ ਨੇ ਗਰੀਬਾਂ ’ਚ ਸਰਕਾਰ ਅਤੇ ਭਾਜਪਾ ਦੀ ਛਵੀ ਨੂੰ ਮਜ਼ਬੂਤ ਕੀਤਾ। ਹਾਲ ਹੀ ਵਿਚ ਇਕ ਦਿਲਚਸਪ ਕਦਮ ਦੇ ਤਹਿਤ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਜੀ. ਐੱਸ. ਟੀ. ਕੁਲੈਕਸ਼ਨ ਦਾ ਹਰ ਮਹੀਨੇ ਡਾਟਾ ਜਾਰੀ ਨਹੀਂ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਬਾਕੀ ਟੈਕਸ ਸੰਗ੍ਰਹਿ ਨਾਲ ਸਬੰਧਤ ਡਾਟੇ ਨੂੰ ਵੱਡੇ ਪੱਧਰ ’ਤੇ ਪ੍ਰਚਾਰਿਤ ਨਹੀਂ ਕੀਤਾ ਜਾਵੇਗਾ। ਇਸ ਕਦਮ ਪਿੱਛੇ ਕਾਰਨ ਸਰਕਾਰ ਨੂੰ ਮਿਲਿਆ ਇਕ ਫੀਡਬੈਕ ਸੀ।
ਸਰਕਾਰ ਨੂੰ ਜਾਣਕਾਰੀ ਮਿਲੀ ਕਿ ਹਰ ਮਹੀਨੇ ਵਧਦੇ ਟੈਕਸ ਦਾ ਗਲਤ ਸੁਨੇਹਾ ਜਾ ਰਿਹਾ ਸੀ ਤੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਸਰਕਾਰ ਸਿਰਫ਼ ਟੈਕਸ ਹੀ ਇਕੱਠਾ ਕਰ ਰਹੀ ਹੈ। ਦੇਸ਼ ਭਰ ’ਚ ਲੱਗਭਗ 350 ਲੋਕ ਸਭਾ ਸੀਟਾਂ ਅਜਿਹੀਆਂ ਹਨ, ਜਿੱਥੇ ਮੱਧ ਵਰਗ ਦੀ ਆਬਾਦੀ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਦੂਜੇ ਪਾਸੇ, ਵਿਰੋਧੀ ਧਿਰ ਨੇ ਵੀ ਮੱਧ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੇ ਇਸ ਵਰਗ ਨਾਲ ਸਬੰਧਤ ਮੁੱਦੇ ਵੀ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਯੂ. ਪੀ. ਏ. ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਅੰਨਾ ਅੰਦੋਲਨ ਜਾਂ ਨਿਰਭਯਾ ਅੰਦੋਲਨ ਸਰਕਾਰ ਦੇ ਪਤਨ ਦਾ ਇਕ ਵੱਡਾ ਕਾਰਨ ਬਣਿਆ ਸੀ। ਦੋਵੇਂ ਅੰਦੋਲਨਾਂ ਦੀ ਅਗਵਾਈ ਮੱਧ ਵਰਗ ਨੇ ਕੀਤੀ ਸੀ। ਮੱਧ ਵਰਗ ’ਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਪੂਰੀ ਤਰ੍ਹਾਂ ਟੈਕਸ ਵਸੂਲੀ ’ਤੇ ਧਿਆਨ ਕੇਂਦਰਿਤ ਕਰਦੀ ਹੈ ਪਰ ਉਨ੍ਹਾਂ ਨੂੰ ਇਸ ਤੋਂ ਕੋਈ ਲਾਭ ਨਹੀਂ ਮਿਲਦਾ।
ਨਾਲ ਹੀ ਵਧਦੀ ਮਹਿੰਗਾਈ ਨੇ ਸਥਿਤੀ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਹਾਲ ਹੀ ਦੇ ਸਮੇਂ ’ਚ ਆਈਆਂ ਕਈ ਰਿਪੋਰਟਾਂ ਨੇ ਸੰਕੇਤ ਦਿੱਤਾ ਹੈ ਕਿ ਮੱਧ ਵਰਗ ਦੀ ਖਰਚ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਮਹਿੰਗਾਈ ਦੇ ਮੁਕਾਬਲੇ ਉਸ ਦੀ ਆਮਦਨ ਵਿਚ ਵਾਧਾ ਨਹੀਂ ਹੋਇਆ ਹੈ।
ਕਰਜ਼ਾ ਨਾ ਮੋੜਨ 'ਤੇ ਮਕਾਨ ਮਾਲਕ ਨੇ ਕਿਰਾਏਦਾਰ ਦੇ ਸਿਰ 'ਚ ਮਾਰੀ ਗੋਲੀ, ਤਲਾਬ 'ਚ ਸੁੱਟ'ਤੀ ਲਾਸ਼
NEXT STORY