ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੇਸ਼ ਦੇ ਪਹਿਲੇ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਕੀਤਾ। ਇਸ ਮੈਮੋਰੀਅਲ ਵਿਚ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੀਆਂ 6 ਅਹਿਮ ਲੜਾਈਆਂ ਦਾ ਜ਼ਿਕਰ ਹੈ। ਇਸ ਵਿਚ ਕਰੀਬ 25,942 ਫੌਜੀਆਂ ਦੇ ਨਾਂ ਕੰਧਾਂ 'ਤੇ ਲਿਖੇ ਗਏ ਹਨ। ਵਾਰ ਮੈਮੋਰੀਅਲ 'ਚ 21 ਪਰਮਵੀਰਾਂ ਦੀਆਂ ਮੂਰਤੀਆਂ ਹਨ। ਇਹ ਮੈਮੋਰੀਅਲ ਇੰਡੀਆ ਗੇਟ ਦੇ ਠੀਕ ਸਾਹਮਣੇ 40 ਏਕੜ ਜ਼ਮੀਨ 'ਤੇ 176 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। ਆਜ਼ਾਦੀ ਤੋਂ ਬਾਅਦ ਇਸ ਸਮਾਰਕ ਦੀ ਮੰਗ ਹੁੰਦੀ ਆਈ ਹੈ ਪਰ ਇਸ ਦੀ ਖਾਹਿਸ਼ ਅੱਜ ਪੂਰੀ ਹੋਈ ਹੈ। ਇਸ ਮੈਮੋਰੀਅਲ ਵਿਚ ਹੁਣ ਤਕ ਲੜੇ ਸਾਰੇ ਯੋਧਿਆਂ ਦੀ ਸ਼ੌਰੀਆ ਗਾਥਾ ਦਿਖਾਈ ਜਾਵੇਗੀ। ਮੈਮੋਰੀਅਲ 'ਚ 4 ਚੱਕਰ ਬਣਾਏ ਗਏ ਹਨ- ਅਮਰ ਚੱਕਰ, ਵੀਰਤਾ ਚੱਕਰ, ਤਿਆਗ ਚੱਕਰ ਅਤੇ ਰੱਖਿਅਕ ਚੱਕਰ।
ਇਸ ਤੋਂ ਇਲਾਵਾ ਇਸ ਸਮਾਰਕ ਵਿਚ ਜੰਗ ਨਾਲ ਜੁੜੀਆਂ ਦਿਲਚਸਪ ਜਾਣਕਾਰੀਆਂ, ਸ਼ਹੀਦਾਂ ਬਾਰੇ ਜਾਣਕਾਰੀ ਨੂੰ ਵੀ ਦੱਸਿਆ ਜਾਵੇਗਾ। ਇਹ ਸਮਾਰਕ ਆਜ਼ਾਦੀ ਤੋਂ ਬਾਅਦ ਦੇਸ਼ ਲਈ ਆਪਣੀ ਜਾਨ ਦੇਣ ਵਾਲੇ ਫੌਜੀਆਂ ਦੇ ਸਨਮਾਨ 'ਚ ਬਣਾਇਆ ਗਿਆ ਹੈ। ਇੱਥੇ ਆਜ਼ਾਦੀ ਤੋਂ ਬਾਅਦ 1947-48, 1962 ਵਿਚ ਭਾਰਤ-ਚੀਨ ਜੰਗ, 1965 ਵਿਚ ਭਾਰਤ-ਪਾਕਿਸਤਾਨ ਜੰਗ, 1971 'ਚ ਬੰਗਲਾਦੇਸ਼ ਨਿਰਮਾਣ, 1999 'ਚ ਕਾਰਗਿਲ ਅਤੇ ਹੋਰ ਜੰਗਾਂ ਵਿਚ ਸ਼ਹੀਦ ਹੋਏ ਫੌਜੀਆਂ ਦੇ ਸਨਮਾਨ ਵਿਚ ਇਸ ਨੂੰ ਬਣਾਇਆ ਗਿਆ ਹੈ। ਇਸ ਵਿਚ ਤਿੰਨੋਂ ਸੈਨਾਵਾਂ ਦੇ ਜਵਾਨ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਭਾਰਤੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਯਾਦ ਵਿਚ ਬਣੀ ਰਾਸ਼ਟਰੀ ਸਮਰ ਸਮਾਰਕ, ਆਜ਼ਾਦੀ ਦੇ 7 ਦਹਾਕਿਆਂ ਬਾਅਦ ਉਨ੍ਹਾਂ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਗਾਂਧੀ ਪਰਿਵਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਕੁਝ ਲੋਕਾਂ ਲਈ ਦੇਸ਼ ਨਹੀਂ, ਪਰਿਵਾਰ ਅਹਿਮ ਹੈ। ਰਾਸ਼ਟਰੀ ਸਮਰ ਸਮਾਰਕ ਦੀ ਮੰਗ ਕਈ ਦਹਾਕਿਆਂ ਤੋਂ ਲਗਾਤਾਰ ਹੋ ਰਹੀ ਸੀ। ਇਸ ਮੌਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਨੂੰ ਕਈ ਦਹਾਕਿਆਂ ਤੋਂ ਇਸ ਯਾਦਗਾਰ ਦਾ ਇੰਤਜ਼ਾਰ ਸੀ। ਇਹ ਯਾਦਗਾਰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਵੀਰ ਫੌਜੀਆਂ ਦੇ ਸਮਰਪਣ ਅਤੇ ਬਲਿਦਾਨ ਦੀ ਯਾਦ ਦਿਵਾਏਗੀ ਅਤੇ ਪ੍ਰੇਰਿਤ ਕਰੇਗੀ।
'ਮੋਦੀ ਯਾਦ ਰਹੇ ਨਾ ਰਹੇ ਪਰ ਜਵਾਨਾਂ ਦੀ ਵੀਰਤਾ ਹਮੇਸ਼ਾ ਅਮਰ ਰਹਿਣੀ ਚਾਹੀਦੀ ਹੈ'
NEXT STORY