ਫੈਕਟ ਚੈੱਕ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਪਾ ਮੁਖੀ ਨੂੰ ਯੂਪੀ ਵਿਧਾਨ ਸਭਾ 'ਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜੋ ਆਪਣੇ ਪਿੰਡ ਦੀ ਪਛਾਣ ਨਹੀਂ ਬਣਾ ਸਕਦੇ, ਉਹ ਕਿਸੇ ਨੂੰ ਪਛਾਣ ਨਹੀਂ ਦੇ ਸਕਦੇ। ਜੇਕਰ ਗੱਲ ਪਰਿਵਾਰ ਤੱਕ ਪਹੁੰਚੀ ਹੈ ਤਾਂ ਪਰਿਵਾਰ ਵਧਾਉਣ ਲਈ ਵੀ ਕੁਝ ਕਰਨਾ ਚਾਹੀਦਾ...। ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਹ ਵੀਡੀਓ ਉਨ੍ਹਾਂ ਦੇ ਅਸਤੀਫੇ ਦੇ ਸਮੇਂ ਦੀ ਹੈ।
ਪੀਟੀਆਈ ਫੈਕਟ ਚੈਕ ਡੈਸਕ ਨੇ ਵਾਇਰਲ ਵੀਡੀਓ ਨਾਲ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕੀਤੀ, ਜਿਸ ਵਿਚ ਇਹ ਗੁੰਮਰਾਹਕੁੰਨ ਨਿਕਲਿਆ। ਡੈਸਕ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ ਫਰਵਰੀ 2024 ਦਾ ਹੈ। ਉਸ ਸਮੇਂ ਯੂਪੀ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਅਖਿਲੇਸ਼ ਯਾਦਵ ਨੇ ਇਹ ਗੱਲ ਕਹੀ ਸੀ। ਖ਼ਬਰ ਲਿਖੇ ਜਾਣ ਤੱਕ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਧਿਕਾਰਤ ਤੌਰ 'ਤੇ ਅਸਤੀਫ਼ਾ ਨਹੀਂ ਦਿੱਤਾ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਕਿਹੜੀ ਸੀਟ ਛੱਡਣਗੇ, ਇਸ ਦੀ ਜਾਣਕਾਰੀ ਵਿਧਾਨ ਸਭਾ ਵਿੱਚ ਦੇਣਗੇ।
ਅਖਿਲੇਸ਼ ਯਾਦਵ ਮੈਨਪੁਰੀ ਦੀ ਕਰਹਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। 2024 ਦੀਆਂ ਆਮ ਚੋਣਾਂ ਵਿੱਚ ਕਨੌਜ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਇੱਕ ਸੀਟ ਤੋਂ ਅਸਤੀਫਾ ਦੇਣਾ ਪਵੇਗਾ।
ਦਾਅਵਾ
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਰਾਧਾ ਪਟੇਲ ਨਾਮ ਦੀ ਇੱਕ ਯੂਜ਼ਰ ਨੇ ਲਿਖਿਆ, "ਬ੍ਰੇਕਿੰਗ ਨਿਊਜ਼: ਅਖਿਲੇਸ਼ ਯਾਦਵ ਨੇ ਯੂਪੀ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅਗਲੇ 3 ਸਾਲਾਂ ਲਈ ਲੋਕ ਸਭਾ ਵਿੱਚ ਆਉਣਗੇ। ਉਹਨਾਂ ਨੇ ਆਪਣੀ ਬੇਮਿਸਾਲ ਬੁੱਧੀ ਅਤੇ ਹਾਸੇ-ਮਜ਼ਾਕ ਨਾਲ ਉੱਤਰ ਪ੍ਰਦੇਸ਼ ਵਿਧਾਨ ਸਭਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਵਨ-ਮੈਨ ਸ਼ੋਅ ਬਣਾ ਦਿੱਤਾ। ਪਰਿਵਾਰ ਵਧਾਉਣ ਲਈ ਵੀ ਕੁਝ ਕਰਨਾ ਚਾਹੀਦਾ। ਲੋਕ ਸਭਾ ਵਿੱਚ ਤੁਹਾਡਾ ਸੁਆਗਤ ਹੈ ਅਖਿਲੇਸ਼ ਯਾਦਵ।'' 8 ਜੂਨ ਨੂੰ ਸ਼ੇਅਰ ਕੀਤੀ ਗਈ ਪੋਸਟ ਦਾ ਲਿੰਕ, ਆਰਕਾਈਵ ਲਿੰਕ ਅਤੇ ਸਕਰੀਨਸ਼ਾਟ ਇਥੇ ਦੇਖੋ।
ਫੇਸਬੁੱਕ ਯੂਜ਼ਰ ਸ਼ਾਦਮਾਨ ਖਾਨ ਨੇ ਵੀ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ। ਪੋਸਟ ਦਾ ਲਿੰਕ, ਆਰਕਾਈਵ ਲਿੰਕ ਅਤੇ ਸਕ੍ਰੀਨਸ਼ਾੱਟ ਇੱਥੇ ਦੇਖੋ।
ਪੜਤਾਲ
ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕਰਨ ਲਈ ਡੈਸਕ ਨੇ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ੍ਰੇਮ ਨੂੰ ਗੂਗਲ ਲੈਂਸ ਦੇ ਜ਼ਰੀਏ ਉਲਟਾ ਕੇ ਖੋਜਿਆ। ਇਸ ਦੌਰਾਨ ਸਾਨੂੰ ਇਹ ਵੀਡੀਓ ਅੱਜ ਤਕ ਦੇ ਯੂਟਿਊਬ ਚੈਨਲ 'ਤੇ ਮਿਲਿਆ।
10 ਫਰਵਰੀ, 2024 ਨੂੰ ਯੂਟਿਊਬ 'ਤੇ ਅਪਲੋਡ ਕੀਤੇ ਗਏ ਇਸ ਵੀਡੀਓ ਦੇ ਵੇਰਵਾ ਵਿਚ ਲਿਖਿਆ ਸੀ, ਯੂਪੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਤੇ ਨਿਸ਼ਾਨਾ ਸਾਧਿਆ। ਸਪਾ ਮੁਖੀ ਨੇ ਮੁੱਖ ਮੰਤਰੀ ਦੁਆਰਾ ਸ਼ਿਵਪਾਲ ਯਾਦਵ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਵੀ ਪਲਟਵਾਰ ਕੀਤਾ। ਉਨ੍ਹਾਂ ਨੇ ਕਿਹਾ, ''ਜੇਕਰ ਮਾਮਲਾ ਪਰਿਵਾਰ ਤੱਕ ਪੁੱਜਾ ਤਾਂ ਪਰਿਵਾਰ ਨੂੰ ਵਧਾਉਣ ਲਈ ਕੁਝ ਕਰਨਾ ਚਾਹੀਦਾ। ਜਿੱਥੋਂ ਤੱਕ ਮਾਮਲਾ ਪਹੁੰਚਣਾ ਹੈ, ਪਹੁੰਚ ਗਿਆ ਹੈ।" ਅਖਿਲੇਸ਼ ਦੇ ਬਿਆਨ ਤੋਂ ਬਾਅਦ ਸੀਐੱਮ ਯੋਗੀ ਵੀ ਮੁਸਕਰਾਉਂਦੇ ਨਜ਼ਰ ਆਏ। ਵੀਡੀਓ ਇੱਥੇ ਕਲਿੱਕ ਕਰਕੇ ਦੇਖੋ।
ਆਜ ਤਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਖਿਲੇਸ਼ ਯਾਦਵ ਦਾ ਇਹ ਬਿਆਨ ਯੋਗੀ ਆਦਿੱਤਿਆਨਾਥ ਦੇ ਉਸ ਬਿਆਨ ਤੋਂ ਬਾਅਦ ਆਇਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਅਖਿਲੇਸ਼ ਆਪਣੇ ਚਾਚਾ ਦਾ ਸਨਮਾਨ ਨਹੀਂ ਕਰਦੇ ਅਤੇ ਸ਼ਿਵਪਾਲ ਨੂੰ ਸਮਾਜਵਾਦੀ ਪਾਰਟੀ 'ਚ ਉਨ੍ਹਾਂ ਦਾ ਅਧਿਕਾਰ ਨਹੀਂ ਮਿਲਿਆ ਹੈ। ਮੁੱਖ ਮੰਤਰੀ ਨੇ ਆਪਣੀ ਟਿੱਪਣੀ ਵਿੱਚ ਸ਼ਿਵਪਾਲ ਯਾਦਵ ਨੂੰ ‘ਚਾਚੂ’ ਕਿਹਾ ਸੀ। ਰਿਪੋਰਟ 'ਚ ਕਿਤੇ ਵੀ ਅਖਿਲੇਸ਼ ਯਾਦਵ ਦੇ ਵਿਧਾਨ ਸਭਾ ਤੋਂ ਅਸਤੀਫੇ ਦਾ ਜ਼ਿਕਰ ਨਹੀਂ ਸੀ। ਪੂਰੀ ਰਿਪੋਰਟ ਇੱਥੇ ਕਲਿੱਕ ਕਰਕੇ ਪੜ੍ਹੋ।
ਮੀਡੀਆ ਰਿਪੋਰਟਾਂ ਮੁਤਾਬਕ ਅਖਿਲੇਸ਼ ਯਾਦਵ ਮੈਨਪੁਰੀ ਦੀ ਕਰਹਾਲ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਸਕਦੇ ਹਨ। ਹਾਲਾਂਕਿ ਰਿਪੋਰਟ ਲਿਖੇ ਜਾਣ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ।
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਮੰਗਲਵਾਰ (11 ਜੂਨ) ਨੂੰ ਇਟਾਵਾ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਸੈਫ਼ਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਲੋਕ ਸਭਾ ਅਤੇ ਵਿਧਾਨ ਸਭਾ ਵਿੱਚੋਂ ਕਿਹੜੀ ਸੀਟ ਆਪਣੇ ਕੋਲ ਰੱਖਣਗੇ ਤਾਂ ਉਨ੍ਹਾਂ ਕਿਹਾ, 'ਮੈਂ ਕਰਹਾਲ ਅਤੇ ਮੈਨਪੁਰੀ ਦੇ ਵਰਕਰਾਂ ਨੂੰ ਕਿਹਾ ਹੈ ਕਿ ਮੈਂ ਦੋ ਥਾਵਾਂ ਤੋਂ ਚੋਣ ਜਿੱਤਿਆ ਹਾਂ ਪਰ ਇੱਕ ਸੀਟ ਛੱਡਣੀ ਪਵੇਗੀ।' ਜਲਦੀ ਹੀ ਇਸ ਦੀ ਜਾਣਕਾਰੀ ਵਿਧਾਨ ਸਭਾ ਵਿੱਚ ਦਿੱਤੀ ਜਾਵੇਗੀ। ਇਸ ਨਾਲ ਸਬੰਧਤ ਮੀਡੀਆ ਰਿਪੋਰਟਾਂ ਨੂੰ ਇੱਥੇ, ਇੱਥੇ ਅਤੇ ਇੱਥੇ ਕਲਿੱਕ ਕਰਕੇ ਦੇਖੋ।
ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਸੋਸ਼ਲ ਮੀਡੀਆ 'ਤੇ ਫਰਵਰੀ 2024 ਦਾ ਵੀਡੀਓ ਗੁੰਮਰਾਹਕੁੰਨ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਦਾਅਵਾ
ਵਾਇਰਲ ਵੀਡੀਓ ਯੂਪੀ ਵਿਧਾਨ ਸਭਾ ਤੋਂ ਅਖਿਲੇਸ਼ ਯਾਦਵ ਦੇ ਅਸਤੀਫੇ ਦੇ ਸਮੇਂ ਦੀ ਹੈ।
ਤੱਥ
ਪੀਟੀਆਈ ਫੈਕਟ ਚੈਕ ਡੈਸਕ ਦੀ ਜਾਂਚ ਵਿਚ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ।
ਸਿੱਟਾ
ਯੂਪੀ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੇ ਨਾਂ 'ਤੇ ਅਖਿਲੇਸ਼ ਯਾਦਵ ਦਾ ਪੁਰਾਣਾ ਵੀਡੀਓ ਗੁੰਮਰਾਹਕੁੰਨ ਦਾਅਵਿਆਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਅਖਿਲੇਸ਼ ਯਾਦਵ ਨੇ ਅਧਿਕਾਰਤ ਤੌਰ 'ਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਸਤੀਫ਼ਾ ਨਹੀਂ ਦਿੱਤਾ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਕਿਹੜੀ ਸੀਟ ਛੱਡਣਗੇ, ਇਸ ਦੀ ਜਾਣਕਾਰੀ ਵਿਧਾਨ ਸਭਾ ਵਿੱਚ ਦੇਣਗੇ।
ਸੁਝਾਅ
ਸੋਸ਼ਲ ਮੀਡੀਆ 'ਤੇ ਵਾਇਰਲ ਕਿਸੇ ਵੀ ਦਾਅਵੇ ਦੀ ਸੱਚਾਈ ਜਾਂ ਪੁਸ਼ਟੀ ਲਈ ਪੀਟੀਆਈ ਫੈਕਟ ਚੈੱਕ ਡੈਸਕ ਦੇ ਵਟਸਐਪ ਨੰਬਰ +91-8130503759 'ਤੇ ਸੰਪਰਕ ਕਰੋ।
Fact Check : PM ਮੋਦੀ ਨੂੰ ਸਹੁੰ ਚੁੱਕਦੇ ਨਹੀਂ ਦੇਖ ਰਹੇ ਸਨ ਰਾਹੁਲ ਗਾਂਧੀ, ਕਾਂਗਰਸ ਨੇਤਾ ਦਾ ਵਾਇਰਲ ਵੀਡੀਓ ਐਡੀਟੇਡ
NEXT STORY