ਨਵੀਂ ਦਿੱਲੀ- ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਵਗਣ ਵਾਲੀ ਬਿਆਸ ਨਦੀ ਨੂੰ ਦੇਸ਼ ਦੀ ਪਹਿਲੀ 'ਬੀ ਕਲਾਸ' ਨਦੀ ਦਾ ਖਿਤਾਬ ਮਿਲਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਨਦੀ ਦਾ ਪਾਣੀ ਨਹਾਉਣ ਯੋਗ ਅਤੇ ਪੀਣ ਲਾਇਕ ਹੋ ਚੁਕਿਆ ਹੈ। ਹਾਲਾਂਕਿ ਪੀਣ ਤੋਂ ਪਹਿਲਾਂ ਨਦੀ ਦੇ ਪਾਣੀ ਨੂੰ ਛਾਣਨ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਜ਼ਰੂਰੀ ਹੋਵੇਗਾ। ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ 2019 'ਚ ਬਿਆਸ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪੰਜਾਬ ਸਰਕਾਰ ਦੀ ਵੀ ਬਿਆਸ ਨਦੀ ਦੇ ਪਾਣੀ ਨੂੰ ਸਾਫ਼ ਕਰਨ ਲਈ ਜ਼ਿੰਮੇਵਾਰੀ ਤੈਅ ਕੀਤੀ ਗਈ ਸੀ। ਕਮੇਟੀ ਦੀ ਨਿਗਰਾਨੀ 'ਚ ਨਦੀ ਦੇ ਪਾਣੀ ਨੂੰ ਸ਼ੁੱਧ ਕਰਨ ਲਈ ਜਨਵਰੀ 2020 'ਚ ਕੰਮ ਸ਼ੁਰੂ ਹੋਇਆ, ਜੋ ਹੁਣ ਪੂਰਾ ਹੋ ਚੁੱਕਿਆ ਹੈ। ਇਕ ਸਾਲ ਦੀ ਕੋਸ਼ਿਸ਼ ਤੋਂ ਬਾਅਦ ਬਿਆਸ ਨਦੀ ਦੇ ਪਾਣੀ ਦੀ ਗੁਣਵੱਤਾ 'ਚ ਸੁਧਾਰ ਆਇਆ ਹੈ। ਸੇਵਾਮੁਕਤ ਜਸਟਿਸ ਜਸਬੀਰ ਸਿੰਘ ਦੀ ਪ੍ਰਧਾਨਗੀ 'ਚ ਬਣੀ ਸਾਬਕਾ ਚੀਫ਼ ਸਕੱਤਰ ਐੱਸ.ਸੀ. ਅਗਰਵਾਲ, ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਰ ਡਾ. ਬਾਬੂ ਰਾਮ ਦੀ ਕਮੇਟੀ ਅਨੁਸਾਰ ਬਿਆਸ ਨਦੀ ਦੇ 2 ਹਿੱਸਿਆਂ 'ਚ ਪਾਣੀ ਦੀ ਗੁਣਵੱਤਾ 'ਚ ਜ਼ਰੂਰੀ ਪੱਧਰ (ਕਲਾਸ ਬੀ) ਦਾ ਸੁਧਾਰ ਆਇਆ ਹੈ।
ਨਦੀਆਂ ਦੇ ਜਲ ਪੱਧਰ ਨੂੰ ਤਿੰਨ ਵਰਗਾਂ 'ਚ ਵੰਡਿਆ ਗਿਆ
ਨਦੀਆਂ ਦੇ ਜਲ ਪੱਧਰ ਨੂੰ ਤਿੰਨ ਵਰਗਾਂ 'ਚ ਵੰਡਿਆ ਗਿਆ ਹੈ। 'ਸੀ ਕਲਾਸ' ਦੀ ਨਦੀ ਦਾ ਪਾਣੀ ਨਾ ਤਾਂ ਨਹਾਉਣ ਯੋਗ ਅਤੇ ਨਾ ਹੀ ਪੀਣ ਯੋਗ ਹੁੰਦਾ ਹੈ। 'ਬੀ ਕਲਾਸ' ਦੀ ਨਦੀ ਦੇ ਪਾਣੀ 'ਚ ਵਿਅਕਤੀ ਨਹਾ ਸਕਦਾ ਹੈ ਅਤੇ ਛਾਣ ਕੇ ਪਾਣੀ ਪੀ ਸਕਦਾ ਹੈ। 'ਏ ਕਲਾਸ' ਦਾ ਦਰਜਾ ਜਿਸ ਨਦੀ ਨੂੰ ਮਿਲਦਾ ਹੈ, ਉਸ ਦਾ ਪਾਣੀ ਬਿਨਾਂ ਛਾਣੇ ਵੀ ਪੀਤਾ ਜਾ ਸਕਦਾ ਹੈ।
ਬਿਆਸ ਨੂੰ ਸ਼ੁੱਧ ਕਰਨ ਲਈ ਕਈ ਤਕਨੀਕਾਂ ਦੀ ਕੀਤੀ ਗਈ ਵਰਤੋਂ
ਪੰਜਾਬ ਸਰਕਾਰ ਦੇ ਵਾਤਾਵਰਣ ਵਿਭਾਗ ਵਲੋਂ ਬਿਆਸ ਨੂੰ ਸ਼ੁੱਧ ਕਰਨ ਲਈ ਕਈ ਤਕਨੀਕਾਂ ਦੀ ਵਰਤੋਂ ਕੀਤੀ ਗਈ। ਉਦਯੋਗਿਕ ਪ੍ਰਦੂਸ਼ਣ ਰੋਕਣ ਦੇ ਨਾਲ ਹੀ ਡੇਅਰੀ ਅਵਸ਼ੇਸ਼ ਲਈ ਸੀਵਰੇਜ਼ ਟਰੀਟਮੈਂਟ ਪਲਾਂਟ ਅਤੇ ਏਫਲੂਐਂਟ ਟਰੀਟਮੈਂਟ ਪਲਾਂਟ ਲਗਾਏ ਗਏ। ਇਸ ਦੇ ਨਾਲ ਹੀ ਪੇਂਡੂ ਖੇਤਰਾਂ ਦੇ ਇਨਲੇਟ ਨੂੰ ਬੰਦ ਕੀਤਾ ਗਿਆ। ਪਠਾਨਕੋਟ ਆਦਿ ਖੇਤਰਾਂ 'ਚ ਲੱਗੇ ਸੀਵਰੇਜ਼ ਟਰੀਟਮੈਂਟ ਪਲਾਂਟ ਨੂੰ ਚਾਲੂ ਕਰਵਾਇਆ ਗਿਆ। ਇਸ ਦੇ ਨਾਲ ਹੀ ਕੁਝ ਐੱਸ.ਟੀ.ਪੀ. ਨੂੰ ਅਪਗਰੇਡ ਵੀ ਕੀਤਾ ਗਿਆ।
ਦੇਸ਼ ਦੀ ਵੱਡੀ ਉਪਲੱਬਧੀ ਹੈ
ਪੰਜਾਬ ਅਤੇ ਹਿਮਾਚਲ ਲਈ ਹੀ ਨਹੀਂ ਸਗੋਂ ਇਹ ਦੇਸ਼ ਲਈ ਵੀ ਵੱਡੀ ਉਪਲੱਬਧੀ ਹੈ। ਬਿਆਸ ਦੇ ਨਾਲ ਹੀ ਹੁਣ ਸਤਲੁਜ ਦੇ ਪਾਣੀ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਲੁਧਿਆਣਾ ਤੋਂ ਲੰਘ ਰਹੀ ਸਤਲੁਜ ਨਦੀ ਦੀ ਸਹਾਇਕ ਨਦੀ, ਗੰਦਾ ਬੁੱਢਾ ਨਾਲਾ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਡੇਅਰੀ ਅਵਸ਼ੇਸ਼ ਲਈ ਸੀਵਰੇਜ਼ ਟਰੀਟਮੈਂਟ ਪਲਾਂਟ ਅਤੇ ਏਫਲੂਐਂਟ ਟਰੀਟਮੈਂਟ ਪਲਾਂਟ ਲਗਾਉਣਾ ਹੈ। ਇਸ ਨਾਲ ਸਤਲੁਜ ਨਦੀ ਦੇ ਪਾਣੀ ਦੀ ਗੁਣਵੱਤਾ 'ਚ ਕਾਫ਼ੀ ਸੁਧਾਰ ਹੋਵੇਗਾ।
ਨੋਟ : ਬਿਆਸ ਨਦੀ ਨੂੰ 'ਬੀ ਕਲਾਸ' ਖਿਤਾਬ ਮਿਲਣ ਬਾਰੇ ਕੀ ਹੈ ਤੁਹਾਡੀ ਰਾਏ
PM ਮੋਦੀ ਨੇ ਫ਼ੌਜ ਨੂੰ ਸੌਂਪਿਆ ਅਰਜੁਨ ਟੈਂਕ, ਜਾਣੋ ਇਸ ਦੀ ਖ਼ਾਸੀਅਤ
NEXT STORY