ਨਵੀਂ ਦਿੱਲੀ— ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੌਲੀ-ਹੌਲੀ ਪਰ ਪੱਕੇ ਢੰਗ ਨਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣਾ ‘ਜੰਗੀ ਦਲ’ ਖੜ੍ਹਾ ਕਰ ਰਹੀ ਹੈ। ਜਿਸ ਤਰ੍ਹਾਂ ਉਨ੍ਹਾਂ ਬਹੁਤ ਹੀ ਆਰਾਮ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾਈ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਕੰਮ ਚਲਾਉ ਤਾਲਮੇਲ ਬਿਠਾਇਆ ਹੈ, ਉਸ ਤੋਂ ਲੱਗਦਾ ਹੈ ਕਿ ਤਬਦੀਲੀ ਹੋਣ ਵਾਲੀ ਹੈ। ਸੋਨੀਆ ਨੇ ਉੱਤਰਾਖੰਡ ਜਿਥੇ ਅਗਲੇ ਸਾਲ ਵੋਟਾਂ ਪੈਣੀਆ ਹਨ, ਲਈ ਵੀ ਨਵੀਂ ਟੀਮ ਗਠਿਤ ਕਰ ਦਿੱਤੀ ਹੈ। ਉਸ ਤੋਂ ਬਾਅਦ ਗੋਆ ’ਚ ਵੀ ਤਬਦੀਲੀ ਹੋਣ ਵਾਲੀ ਹੈ। ਮਣੀਪੁਰ ਦੀ ਗੱਲ ਹੀ ਕੀ ਕੀਤੀ ਜਾਏ ਕਿਉਂਕਿ ਉਥੇ ਤਾਂ ਪੂਰੀ ਕਾਂਗਰਸ ਪਾਰਟੀ ਹੀ ਭਾਜਪਾ ’ਚ ਸ਼ਾਮਲ ਹੋਣ ਵਾਲੀ ਹੈ। ਗੁਜਰਾਤ ਵਰਗੇ ਪ੍ਰਮੁੱਖ ਸੂਬੇ ’ਚ ਵੀ ਵੱਡੀ ਤਬਦੀਲੀ ਹੋਣੀ ਹੈ। ਇਨ੍ਹਾਂ ਗੱਲਾਂ ਨਾਲ ਨਜਿੱਠ ਕੇ ਸੋਨੀਆ ਗਾਂਧੀ ਕਾਂਗਰਸ ਵਰਕਿੰਗ ਕਮੇਟੀ ’ਚ ਆਪਣੀ ਟੀਮ ਨੂੰ ਨਵਾਂ ਰੂਪ ਦੇਣ ਵੱਲ ਧਿਆਨ ਕੇਂਦਰਿਤ ਕਰੇਗੀ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਕਾਂਗਰਸ ਵਰਕਿੰਗ ਕਮੇਟੀ ’ਚ ਜਾਂ ਤਾਂ ਉਪ ਪ੍ਰਧਾਨ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਜਨਰਲ ਸਕੱਤਰ ਬਣਾਇਆ ਜਾ ਸਕਦਾ ਹੈ। ਜੇ ਕਮਲਨਾਥ ਨੂੰ ਉਪ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਪ੍ਰਿਯੰਕਾ ਨੂੰ ਵੀ ਤਰੱਕੀ ਮਿਲ ਸਕਦੀ ਹੈ। ਇਸ ਤਰ੍ਹਾਂ ਕਾਂਗਰਸ ਵਿਚ ਦੋ ਉਪ ਪ੍ਰਧਾਨ ਬਣਾਏ ਜਾ ਸਕਦੇ ਹਨ। ਇਹ ਸਭ ਕੁਝ 2024 ਦੀ ਚੋਣ ਟੀਮ ਦਾ ਹਿੱਸਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ਵਿਚ ਐਂਟਰੀ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਜਾਏਗਾ।
ਕਮਲਨਾਥ ਕਾਂਗਰਸ ਵਿਚ ਸੰਕਟ ਮੋਚਕ ਵਜੋਂ ਜਾਣੇ ਜਾਂਦੇ ਹਨ। ਕਮਲਨਾਥ ਨੂੰ ਸੋਨੀਆ ਲੰਬੇ ਸਮੇਂ ਤੋਂ ਜਾਣਦੀ ਹੈ ਕਿਉਂਕਿ ਉਹ ਕਾਂਗਰਸ ਦੇ ਨਾਲ 1970 ਦੇ ਦਹਾਕੇ ਤੋਂ ਹਨ। ਕਮਲਨਾਥ ਨੇ ਗੁਲਾਬ ਨਬੀ ਆਜ਼ਾਦ ਨਾਲ ਵੀ ਗੱਲਬਾਤ ਕੀਤੀ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਕਾਂਗਰਸ ’ਚ ਨਵੀਂ ਜਾਨ ਪਾਉਣ ਲਈ ਬਣਾਈ ਗਈ ਯੋਜਨਾ ਦਾ ਹਿੱਸਾ ਕਮਲਨਾਥ ਦੇ ਨਾਲ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਹਨ। ਜਿਥੋਂ ਤੱਕ ਰਾਹੁਲ ਗਾਂਧੀ ਦੀ ਗੱਲ ਹੈ, ਉਹ ਪਾਰਟੀ ਵਿਚ ਅਜੇ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ, ਉਹ ਸਿਰਫ ਪਾਰਟੀ ਦੇ ਪ੍ਰਚਾਰਕ ਵਜੋਂ ਕੰਮ ਕਰਨਗੇ। ਸੋਨੀਆ ਗਾਂਧੀ ਪੂਰੀ ਤਰ੍ਹਾਂ ਨਵੀਂ ਪੀੜ੍ਹੀ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਉਹ ਚਾਹੁੰਦੀ ਹੈ ਕਿ ਊਰਜਾ ਅਤੇ ਤਜਰਬੇ ਦੇ ਆਪਸ ਵਿਚ ਮਿਲਣ ਨਾਲ ਹੀ ਵਧੀਆ ਫਲ ਮਿਲਣਗੇ।
ਦਿੱਲੀ 'ਚ ਰਹਿ ਰਹੇ ਕਸ਼ਮੀਰੀ ਪੱਤਰਕਾਰ ਅਤੇ ਘਾਟੀ ਦੇ 25 ਤੋਂ ਵੱਧ ਲੋਕ ਜਾਸੂਸੀ ਦੇ ਨਿਸ਼ਾਨੇ 'ਤੇ ਸਨ
NEXT STORY