ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਖਿਲਾਫ ਵਿਰੋਧੀ ਇਕਜੁਟਤਾ ਦੀ ਕੋਸ਼ਿਸ਼ ਨੂੰ ਸੋਮਵਾਰ ਨੂੰ ਉਸ ਸਮੇਂ ਝਟਕਾ ਲੱਗਦਾ ਦਿਖਾਈ ਦਿੱਤਾ, ਜਦੋਂ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਬੁਲਾਈ ਗਈ ਵਿਰੋਧੀ ਧਿਰ ਦੀ ਮਹੱਤਵਪੂਰਨ ਬੈਠਕ 'ਚ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਕੋਈ ਪ੍ਰਤੀਨਿਧੀ ਸ਼ਾਮਲ ਨਹੀਂ ਹੋਇਆ। ਬੈਠਕ 'ਚ ਸ਼ਾਮਲ ਨਾ ਹੋਣ ਨੂੰ ਲੈ ਕੇ ਫਿਲਹਾਲ ਸਪਾ ਅਤੇ ਬਸਪਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੂਜੇ ਪਾਸੇ ਬੈਠਕ 'ਚ ਸ਼ਾਮਲ ਹੋਏ ਵੱਖ-ਵੱਖ ਦਲਾਂ ਦੇ ਨੇਤਾ ਵੀ ਸਪਾ ਅਤੇ ਬਸਪਾ ਦੀ ਗੈਰ-ਹਾਜ਼ਰੀ 'ਤੇ ਕੁਝ ਬੋਲਣ ਤੋਂ ਬਚਦੇ ਨਜ਼ਰ ਆਏ। ਉਂਝ ਐਤਵਾਰ ਨੂੰ ਸਪਾ ਸੂਤਰਾਂ ਨੇ ਕਿਹਾ ਸੀ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਵੀ ਇਸ ਬੈਠਕ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਪਰ ਜੇਕਰ ਉਹ ਕਿਸੇ ਕਾਰਨ ਨਹੀਂ ਸ਼ਾਮਲ ਹੋ ਸਕੇ ਤਾਂ ਪਾਰਟੀ ਦੇ ਸੀਨੀਅਰ ਨੇਤਾ ਰਾਮ ਗੋਪਾਲ ਯਾਦਵ ਬੈਠਕ 'ਚ ਮੌਜੂਦ ਰਹਿਣਗੇ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਮੁਖੀ ਐੱਨ. ਚੰਦਰਬਾਬੂ ਨਾਇਡੂ ਵੱਲੋਂ ਬੁਲਾਈ ਗਈ ਬੈਠਕ 'ਚ ਕਾਂਗਰਸ ਸਮੇਤ ਕੁੱਲ 16 ਵਿਰੋਧੀ ਦਲਾਂ ਦੇ ਨੇਤਾ ਸ਼ਾਮਲ ਹੋਏ। ਬੈਠਕ 'ਚ ਸ਼ਾਮਲ ਇਕ ਨੇਤਾ ਨੇ ਦੱਸਿਆ ਕਿ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਬੈਠਕ ਦੀ ਸ਼ੁਰੂਆਤ 'ਚ ਵੱਖ-ਵੱਖ ਦਲਾਂ ਦੇ ਨੇਤਾਵਾਂ ਦਾ ਸਵਾਗਤ ਕੀਤਾ ਅਤੇ ਮੌਜੂਦਾ ਸਮੇਂ 'ਚ ਵਿਰੋਧੀ ਇਕਜੁਟਤਾ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਬੈਠਕ'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐੱਚ.ਡੀ. ਦੇਵਗੌੜਾ, ਕਾਂਗਰਸ ਦੀ ਸੀਨੀਅਤ ਨੇਤਾ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਏ.ਕੇ. ਐਂਟਨੀ, ਅਸ਼ੋਕ ਗਹਿਲੋਤ, ਮਲਿਕਾਰਜੁਨ ਖੜਗੇ ਅਤੇ ਗੁਲਾਬ ਨਬੀ ਆਜ਼ਾਦ ਸ਼ਾਮਲ ਹੋਏ। ਸੰਸਦ ਭਵਨ 'ਚ ਹੋ ਰਹੀ ਬੈਠਕ 'ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਭਗਵੰਤ ਮਾਨ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ, ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ, ਨੈਸ਼ਨਲ ਕਾਨਫਰੰਸ (ਨੇਕਾਂ) ਦੇ ਮੁਖੀ ਫਾਰੂਖ ਅਬਦੁੱਲਾ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਭਾਕਪਾ ਦੇ ਜਨਰਲ ਸਕੱਤਰ ਐੱਸ. ਸੁਧਾਕਰ ਰੈੱਡੀ ਅਤੇ ਸਕੱਤਰ ਡੀ. ਰਾਜਾ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਤੇਦੇਪਾ ਦੇ ਚੰਦਰਬਾਬੂ ਨਾਇਡੂ, ਕੇ. ਰਾਮਮੋਹਨ ਅਤੇ ਵਾਈ.ਐੱਸ. ਚੌਧਰੀ, ਦਰਮੁੱਕ ਦੇ ਪ੍ਰਧਾਨ ਐੱਮ.ਕੇ. ਸਟਾਲਿਨ, ਕੋਨੀਮੋਝੀ ਅਤੇ ਟੀ.ਆਰ. ਬਾਲੂ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ, ਮਨੋਜ ਝਾਅ ਅਤੇ ਜੈਪ੍ਰਕਾਸ਼ ਨਾਰਾਇਣ ਯਾਦਵ ਆਦਿ ਇਸ ਬੈਠਕ 'ਚ ਸ਼ਾਮਲ ਹੋਏ। ਵਿਰੋਧੀ ਇਕਜੁਟਤਾ ਅਤੇ ਸਰਦ ਰੁੱਤ ਸੈਸ਼ਨ 'ਚ ਸਰਕਾਰ ਨੂੰ ਘੇਰਨ ਦੀ ਰਣਨੀਤੀ ਤੋਂ ਇਲਾਵਾ ਇਹ ਬੈਠਕ ਇਸ ਮਾਇਨੇ 'ਚ ਮਹੱਤਵਪੂਰਨ ਹੈ ਕਿ ਇਹ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਅਤੇ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਹੋਈ ਹੈ।
ਨਵਜੋਤ ਸਿੱਧੂ ਦੀ ਸਿਹਤ 'ਚ ਸੁਧਾਰ ਪਰ ਡਾਕਟਰਾਂ ਨੇ ਦਿੱਤੀ ਇਹ ਸਲਾਹ
NEXT STORY