ਵਿਧਾਨ ਸਭਾ ਚੋਣਾਂ ’ਤੇ ਪੰਜਾਬ ਕੇਸਰੀ, ਨਵੋਦਿਆ ਟਾਈਮਜ਼, ਜਗ ਬਾਣੀ, ਹਿੰਦ ਸਮਾਚਾਰ ਦੇ ਨਾਲ ਐਕਸਕਲੂਸਿਵ ਇੰਟਰਵਿਊ ’ਚ ਬੋਲੇ ਯੋਗੀ ਆਦਿੱਤਿਆਨਾਥ
ਸਰਕਾਰ ਦੇ ਕੰਮਕਾਜ ’ਤੇ ਜਨਤਾ ਦੇ ਮਨ ’ਚ ਮੋਹਰ ਲੱਗ ਚੁੱਕੀ ਹੈ
ਖ਼ੁਦ ਨੂੰ ਭਾਗਾਂਵਾਲਾ ਸਮਝਦਾ ਹਾਂ ਕਿ ਕੁਦਰਤ ਤੇ ਪਰਮਾਤਮਾ ਦੀ ਕ੍ਰਿਪਾ ਨਾਲ ਇਸ ਸੂਬੇ ਦੇ ਮੁੱਖ ਮੰਤਰੀ ਦੇ ਰੂਪ ਵਿਚ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ
2022 ਵੱਖਰਾ ਨਹੀਂ ਹੋਵੇਗਾ : ਜੋ ਨਤੀਜਾ 2014 ’ਚ ਆਇਆ, 2017 ’ਚ ਆਇਆ, 2019 ’ਚ ਆਇਆ, 2022 ਉਸ ਤੋਂ ਵੱਖਰਾ ਨਹੀਂ ਹੋਵੇਗਾ। ਚਿਹਰੇ ਨਾ ਲੱਭੋ, ਨੀਤੀ ਵੇਖੋ, ਨੀਅਤ ਸਮਝੋ : ਯੋਗੀ ਆਦਿੱਤਿਆਨਾਥ
ਲਖੀਮਪੁਰ ਘਟਨਾ ਦੀ ਜਾਂਚ : ਲਖੀਮਪੁਰ ਘਟਨਾ ਦੀ ਜਾਂਚ ਜਾਰੀ ਹੈ। ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਰਫ ਦੋਸ਼ ਦੇ ਆਧਾਰ ’ਤੇ ਅਸਤੀਫ਼ੇ ਦੀ ਮੰਗ ਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ।
Q ਵਿਧਾਨ ਸਭਾ ਸੀਟਾਂ ਦੇ ਹਿਸਾਬ ਨਾਲ ਸਭ ਤੋਂ ਵੱਡੇ ਸੂਬੇ ਦੀ ਸਰਕਾਰ ਭਗਵੇਂ ਕੱਪੜਿਆਂ ਵਾਲੇ ਸੰਨਿਆਸੀ ਨੇ ਚਲਾਈ। ਕਿਹੋ ਜਿਹੇ ਤਜਰਬੇ ਰਹੇ ?
A. 25 ਕਰੋੜ ਦੀ ਆਬਾਦੀ ਵਾਲਾ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ। ਬਿਨਾਂ ਸ਼ੱਕ ਚੁਣੌਤੀਆਂ ਵੀ ਵੱਡੀਆਂ ਹੋਣਗੀਆਂ। ਮੈਂ ਖ਼ੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਕੁਦਰਤ ਤੇ ਪਰਮਾਤਮਾ ਦੀ ਵਡਮੁੱਲੀ ਕ੍ਰਿਪਾ ਵਾਲੇ ਇਸ ਸੂਬੇ ਦੇ ਮੁੱਖ ਮੰਤਰੀ ਦੇ ਰੂਪ ’ਚ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ। 5 ਵਿਚੋਂ ਲਗਭਗ 2 ਸਾਲ ਤਾਂ ਕੋਰੋਨਾ ਕਾਲ ਵਿਚ ਹੀ ਨਿਕਲ ਗਏ ਪਰ ‘ਆਪਦਾ ਮੇਂ ਅਵਸਰ’ ਦੇ ਮੰਤਰ ਨੂੰ ਧਾਰ ਕੇ ਉੱਤਰ ਪ੍ਰਦੇਸ਼ ਨੇ ਆਫ਼ਤ ਵਿਚ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਵੇਖਿਆ। ਹੁਣ ਸੂਬੇ ਦਾ ਕੋਰੋਨਾ ਪ੍ਰਬੰਧਨ ਦੇਸ਼-ਦੁਨੀਆ ਵਿਚ ਸਫਲ ਮਾਡਲ ਦੇ ਰੂਪ ’ਚ ਸਲਾਹਿਆ ਜਾ ਰਿਹਾ ਹੈ। ਮੇਰੀ ਪੂਰੀ ਕੋਸ਼ਿਸ਼ ਰਹੀ ਹੈ ਕਿ ਸਾਰੇ 75 ਜ਼ਿਲ੍ਹਿਆਂ ਦੀਆਂ 403 ਵਿਧਾਨ ਸਭਾ ਸੀਟਾਂ ਤੱਕ ਸਿੱਧੀ ਪਹੁੰਚ ਹੋਵੇ। ਇਸੇ ਕੋਸ਼ਿਸ਼ ਦਾ ਨਤੀਜਾ ਹੈ ਕਿ ਜਨਤਾ ਵੱਲੋਂ ਸਿੱਧਾ ਫੀਡਬੈਕ ਮਿਲਦਾ ਰਹਿੰਦਾ ਹੈ। ਮੁੱਖ ਮੰਤਰੀ ਦਾ ਅਹੁਦਾ ਵੱਡੀ ਜ਼ਿੰਮੇਵਾਰੀ ਹੈ। 25 ਕਰੋੜ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਚੁਣੌਤੀ ਹੈ। ਪ੍ਰਧਾਨ ਮੰਤਰੀ ਜੀ ਦੇ ਮਾਰਗ ਦਰਸ਼ਨ ਹੇਠ ਸੂਬਾ ਸਰਕਾਰ ਨੇ ਹਰ ਚੁਣੌਤੀ, ਹਰ ਮੁਸ਼ਕਲ ਦਾ ਡੱਟ ਕੇ ਸਾਹਮਣਾ ਕੀਤਾ। ਬਿਨਾਂ ਰੁਕੇ, ਬਿਨਾਂ ਥੱਕੇ, ਬਿਨਾਂ ਡਿੱਗੇ ਰਾਸ਼ਟਰ ਉਦੈ ਦੀ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਆਯੂਸ਼ਮਾਨ ਯੋਜਨਾ' ਤਹਿਤ ਮੁਫ਼ਤ ਇਲਾਜ ਹੋਇਆ ਬੰਦ, ਜਾਣੋ ਕੀ ਹੈ ਕਾਰਨ
Q ਪਿਛਲੀਆਂ ਚੋਣਾਂ ਵਿਚ ਤੁਸੀਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਨਹੀਂ ਸੀ। ਇਸ ਵਾਰ ਤੁਸੀਂ ਹੀ ਭਾਜਪਾ ਦਾ ਮੁੱਖ ਚਿਹਰਾ ਹੋ, ਕੀ ਉਮੀਦਾਂ ਹਨ ?
A. 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਦਾ ਜੋ ਵਿਜੇ ਸੰਕਲਪ ਰੱਥ ਚੱਲਿਆ ਸੀ, ਉਸ ਦੀ ਯਾਤਰਾ ਬਿਨਾਂ ਰੁਕੇ ਜਾਰੀ ਹੈ। ਜੋ ਨਤੀਜਾ 2014, 2017 ਵਿਚ ਤੇ 2019 ਆਇਆ, 2022 ਉਸ ਤੋਂ ਵੱਖਰਾ ਨਹੀਂ ਹੋਵੇਗਾ। ਚਿਹਰੇ ਨਾ ਲੱਭੋ, ਨੀਤੀ ਵੇਖੋ, ਨੀਅਤ ਸਮਝੋ। ਯੂ. ਪੀ. ਲਈ ਸਹੀ ਕੀ ਹੈ, ਬਿਹਤਰ ਕੌਣ ਹੈ, ਇਸ ਨੂੰ ਜਾਣਨਾ-ਸਮਝਣਾ ਜ਼ਰੂਰੀ ਹੈ। ਕੇਂਦਰ ਵਿਚ ਮੋਦੀ ਦੀ ਅਗਵਾਈ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਹੇਠ ਸੂਬਾ ਸਰਕਾਰ ਦੇ ਕੰਮਕਾਜ ’ਤੇ ਜਨਤਾ ਦੇ ਮਨ ਵਿਚ ਮੋਹਰ ਲੱਗ ਚੁੱਕੀ ਹੈ। ਨਤੀਜਿਆਂ ਦਾ ਰਸਮੀ ਐਲਾਨ 10 ਮਾਰਚ ਨੂੰ ਹੋ ਜਾਵੇਗਾ।
Q. ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਵਾਮੀ ਪ੍ਰਸਾਦ ਮੌਰਿਆ ਸਮੇਤ ਕਈ ਮੰਤਰੀਆਂ ਨੇ ਪਾਰਟੀ ਛੱਡ ਦਿੱਤੀ ਹੈ। ਇਸ ਨਾਲ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ’ਤੇ ਕੀ ਫਰਕ ਪਵੇਗਾ? ਉਨ੍ਹਾਂ ਵੱਲੋਂ ਦੋਸ਼ ਹੈ ਕਿ ਪੱਛੜੇ ਵਰਗ ਨੂੰ ਤੁਹਾਡੀ ਸਰਕਾਰ ’ਚ ਅਣਡਿੱਠ ਕੀਤਾ ਗਿਆ। 5 ਸਾਲ ਤੱਕ ਮੌਰਿਆ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਵਿਚ ਕਿੰਨੀ ਸੱਚਾਈ ਹੈ?
A. ਭਾਜਪਾ ਵਰਕਰ ਆਧਾਰਿਤ ਪਾਰਟੀ ਹੈ। ਇਸ ਪਾਰਟੀ ਵਿਚ ਸਰਵਉੱਚ ਪਹਿਲ ਆਮ ਵਰਕਰ ਨੂੰ ਹੈ। ਕਿਸੇ ਨੇਤਾ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੇ ਵੀ ਲੋਕ ਪਾਰਟੀ ਛੱਡ ਕੇ ਗਏ ਹਨ, ਦਰਅਸਲ ਇਹ ਉਹ ਲੋਕ ਹਨ, ਜੋ ਲੋਕਪ੍ਰਿਯ ਭਾਜਪਾ ਸਰਕਾਰ ਦੇ ਲਗਾਤਾਰ ਸਹਿਯੋਗ ਤੋਂ ਬਾਅਦ ਵੀ ਆਪਣਾ ਕੋਈ ਜਨ-ਆਧਾਰ ਬਣਾਉਣ ’ਚ ਅਸਫਲ ਰਹੇ। ਜਦੋਂ ਇਹ ਪਾਰਟੀ ਵਿਚ ਸਨ, ਉਸ ਵੇਲੇ ਕੋਈ ਗੱਲ ਨਹੀਂ ਕੀਤੀ। ਤੁਸੀਂ ਉਨ੍ਹਾਂ ਨੂੰ ਪੁੱਛੋ ਕਿ ਲਗਭਗ 5 ਸਾਲ ਦੇ ਕਾਰਜਕਾਲ ਵਿਚ ਕਦੇ ਕੁੱਝ ਨਹੀਂ ਕਿਹਾ ਤਾਂ ਅਚਾਨਕ ਚੋਣਾਂ ਸਿਰ ’ਤੇ ਆਉਂਦੇ ਹੀ ਪਾਰਟੀ ਛੱਡ ਕੇ ਕਿਉਂ ਚਲੇ ਗਏ।
Q. ਭਾਜਪਾ ਨੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ, ਇਸ ਦੇ ਪਿੱਛੇ ਕੀ ਮੁੱਖ ਕਾਰਨ ਰਹੇ? ਭਾਜਪਾ ’ਚੋਂ ਮੰਤਰੀਆਂ ਤੇ ਵਿਧਾਇਕਾਂ ਦੇ ਅਸਤੀਫ਼ੇ ਕਿਉਂ ਹੋਏ ? ਕੀ ਇਸ ਨਾਲ ਭਾਜਪਾ ਦੇ ਵੋਟ ਬੈਂਕ ’ਤੇ ਬਹੁਤ ਅਸਰ ਪਵੇਗਾ?
A. ਭਾਜਪਾ ਵਿਚਾਰਧਾਰਾ ਪ੍ਰਤੀ ਸਮਰਪਿਤ ਇਕ ਵਰਕਰ ਆਧਾਰਿਤ ਪਾਰਟੀ ਹੈ। ਇਹ ਇਕੋ-ਇਕ ਪਾਰਟੀ ਹੈ, ਜਿੱਥੇ ਆਮ ਵਰਕਰ ਵੀ ਕੱਲ ਨੂੰ ਪਾਰਟੀ ਪ੍ਰਧਾਨ ਵਰਗੇ ਸਰਵਉੱਚ ਅਹੁਦੇ ’ਤੇ ਪਹੁੰਚ ਸਕਦਾ ਹੈ। ਰਹੀ ਗੱਲ ਟਿਕਟ ਵੰਡ ਦੀ ਤਾਂ ਸਾਡੇ ਇੱਥੇ ਕੇਂਦਰੀ ਚੋਣ ਕਮੇਟੀ ਹੈ, ਉਹ ਫ਼ੈਸਲਾ ਲੈਂਦੀ ਹੈ। ਪਾਰਟੀ ਛੱਡ ਕੇ ਜਾਣ ਵਾਲਿਆਂ ਦੀ ਗੱਲ ਕੀ ਕੀਤੀ ਜਾਵੇ ਤਾਂ ਜਦੋਂ ਵਿਚਾਰਕ ਵਫ਼ਾਦਾਰੀ ’ਤੇ ਨਿੱਜ ਸਵਾਰਥ ਹਾਵੀ ਹੋ ਜਾਵੇ ਤਾਂ ਕੁਝ ਵੀ ਸੰਭਵ ਹੈ। ਦਿਨਕਰ ਜੀ ਨੇ ਲਿਖਿਆ ਹੈ ਕਿ ਜਦੋਂ ਨਾਸ਼ ਆਦਮੀ ’ਤੇ ਛਾ ਜਾਂਦਾ ਹੈ ਤਾਂ ਪਹਿਲਾਂ ਸਮਝ ਮਰ ਜਾਂਦੀ ਹੈ। ਬਾਕੀ ਭਾਜਪਾ ਤਾਂ ਕਦੇ 2 ਸੰਸਦ ਮੈਂਬਰਾਂ ਦੀ ਪਾਰਟੀ ਵੀ ਰਹੀ ਹੈ ਅਤੇ ਅੱਜ ਚੱਪਾ-ਚੱਪਾ ਭਾਜਪਾਮਈ ਹੈ। ਜੋ ਗਏ ਹਨ, ਜਨਤਾ ਉਨ੍ਹਾਂ ਨੂੰ ਠੀਕ ਤਰ੍ਹਾਂ ਪਛਾਣਦੀ ਹੈ। ਉਹੀ ਜਵਾਬ ਵੀ ਦੇਵੇਗੀ।
Q. ਸਪਾ ਮੁਖੀ ਅਖਿਲੇਸ਼ ਯਾਦਵ ਤੇ ਰਾਲੋਦ ਮੁਖੀ ਜਯੰਤ ਚੌਧਰੀ ਦੇ ਇਕੱਠੇ ਮੈਦਾਨ ਵਿਚ ਆਉਣ ਦਾ ਕੀ ਅਸਰ ਪਵੇਗਾ ? ਭਾਜਪਾ ਦਾ ਸਿੱਧਾ ਮੁਕਾਬਲਾ ਸਪਾ ਨਾਲ ਹੈ, ਅਜਿਹਾ ਹੀ ਲੱਗਦਾ ਹੈ। ਤੁਹਾਡਾ ਕੀ ਮੰਨਣਾ ਹੈ ਅਤੇ ਲੜਾਈ ਕਿਹੋ ਜਿਹੀ ਹੋਵੋਗੀ?
A. ਇਸ ਤਰ੍ਹਾਂ ਦਾ ਬੇਮੇਲ ਗਠਜੋੜ ਕੋਈ ਪਹਿਲੀ ਵਾਰ ਨਹੀਂ ਹੋਇਆ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭੂਆ-ਬਬੂਆ ਵੀ ਇਕੱਠੇ ਆ ਚੁੱਕੇ ਹਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਯੂ. ਪੀ. ਦੇ ਮੁੰਡਿਆਂ’ ਨੂੰ ਵੀ ਵੇਖਿਆ ਜਾ ਚੁੱਕਾ ਹੈ। ਉਸ ਵੇਲੇ ਵੀ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਸਨ। ਸਾਰੇ ਸਮਾਜਿਕ ਸਮੀਕਰਣਾਂ ਦੇ ਹਵਾਲੇ ਨਾਲ ਅਨੇਕਾਂ ਦਾਅਵੇ-ਵਿਸ਼ਲੇਸ਼ਣ ਕੀਤੇ ਗਏ ਸਨ। ਨਤੀਜਾ ਕੀ ਆਇਆ...ਸਿਫ਼ਰ ਅਤੇ ਇਸ ਵਾਰ ਤਾਂ ਰਾਲੋਦ ਹੈ। ਨਤੀਜਾ ਤੁਹਾਨੂੰ ਵੀ ਪਤਾ ਹੈ।
ਇਹ ਵੀ ਪੜ੍ਹੋ : 'ਵੈਕਸੀਨ' ਨਾ ਲਵਾਉਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ, ਦਿੱਤੀ ਗਈ ਸਖ਼ਤ ਚਿਤਾਵਨੀ
Q. ਕੀ ਵਿਰੋਧੀ ਧਿਰ ਦੀਆਂ ਰੈਲੀਆਂ ’ਤੇ ਅਤੇ ਉਸ ਦੀ ਭੀੜ ’ਤੇ ਤੁਹਾਡੀ ਚੋਣ ਨਜ਼ਰ ਰਹਿੰਦੀ ਹੈ?
A. ਅੱਵਲ ਤਾਂ ਚੋਣ ਰੈਲੀਆਂ ਇਸ ਵਾਰ ਹੋ ਨਹੀਂ ਰਹੀਆਂ। ਫਿਰ ਵੀ ਜੇਕਰ ਹਾਲ ਹੀ ਦੀਆਂ ਰੈਲੀਆਂ ਦਾ ਸੰਦਰਭ ਲਈਏ ਤਾਂ ਵਾਰਾਣਸੀ, ਸਿਧਾਰਥ ਨਗਰ, ਜ਼ੇਵਰ, ਗੋਰਖਪੁਰ, ਸੁਲਤਾਨਪੁਰ ਆਦਿ ਦੀਆਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਰੈਲੀਆਂ ਹੋਣ ਅਤੇ ਆਜ਼ਮਗੜ੍ਹ, ਲਖਨਊ ਅਤੇ ਹਾਲ ਹੀ ਵਿਚ ਪੱਛਮੀ ਉੱਤਰ ਪ੍ਰਦੇਸ਼ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਸਭਾ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ। ਕਿਸੇ ਇਕ ਦੀ ਵੀ ਉਦਾਹਰਣ ਦਿਓ। ਹਾਂ, ਸਪਾ ਦੀ ਇਕ ‘ਵਰਚੁਅਲ ਰੈਲੀ’ ਜ਼ਰੂਰ ਹੋਈ ਸੀ ਲਖਨਊ ਵਿਚ। ਚੋਣ ਕਮਿਸ਼ਨ ਨੇ ਨੋਟਿਸ ਲਿਆ ਸੀ। ਚਿਤਾਵਨੀ ਵੀ ਮਿਲੀ ਸੀ। ਸਾਨੂੰ ਵਿਰੋਧੀ ਧਿਰ ਦੀਆਂ ਰੈਲੀਆਂ ਵਿਚ ਦਿਲਚਸਪੀ ਨਹੀਂ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਯੂ. ਪੀ. ਦੀ ਜਨਤਾ ਜਾਗਰੂਕ ਹੈ। ਇੱਥੇ ਵੋਟਿੰਗ ਮੁੱਦਿਆਂ ’ਤੇ ਹੁੰਦੀ ਹੈ ਅਤੇ ਮੁੱਦਾ ਹੈ ਕਿਸਾਨ, ਨੌਜਵਾਨਾਂ ਦੀ ਉੱਨਤੀ, ਮਹਿਲਾ ਸਸ਼ਕਤੀਕਰਣ, ਸਿਹਤ ਤੇ ਸਿੱਖਿਆ ਅਤੇ ਕਾਨੂੰਨ-ਵਿਵਸਥਾ। ਇਨ੍ਹਾਂ ਸਾਰੇ ਮਾਪਦੰਡਾਂ ’ਤੇ ਸਾਨੂੰ ਜਨਤਾ ਦਾ ਆਸ਼ੀਰਵਾਦ ਮਿਲਣਾ ਤੈਅ ਹੈ।
Q. ਅਖਿਲੇਸ਼ ਯਾਦਵ ਕਹਿੰਦੇ ਹਨ ਕਿ ਉੱਤਰ ਪ੍ਰਦੇਸ਼ ਵਿਚ ਯੋਗੀ ਰਾਜ ’ਚ ਗੁੰਡਾਰਾਜ ਵੱਧ ਗਿਆ ਹੈ। ਤੁਸੀਂ ਕੀ ਕਹੋਗੇ?
A. ਅਖਿਲੇਸ਼ ਜੀ ਅਜੇ 2012-17 ਦੇ ਸਮੇਂ ਵਿਚ ਹੀ ਜੀਅ ਰਹੇ ਹਨ, ਨਹੀਂ ਤਾਂ ਅਜਿਹੀ ਹਾਸੋ-ਹੀਣੀ ਗੱਲ ਨਾ ਕਰਦੇ। 5 ਸਾਲ ਪਹਿਲਾਂ ਜਦੋਂ ਉਹ ਮੁੱਖ ਮੰਤਰੀ ਸਨ, ਉਸ ਵੇਲੇ ਦਾ ਅਤੇ ਹੁਣ 2022 ਦਾ ਉੱਤਰ ਪ੍ਰਦੇਸ਼ ਬਹੁਤ ਬਦਲ ਚੁੱਕਾ ਹੈ। ਕੋਸੀਕਲਾਂ ਤੇ ਜਵਾਹਰ ਬਾਗ ਕਾਂਡ ਨਾਲ ਉਨ੍ਹਾਂ ਨੇ ਸੂਬੇ ਨੂੰ ਦੰਗਿਆਂ ਦੀ ਅੱਗ ਵਿਚ ਸੁੱਟਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਸੀ, ਉਹ ਸਹਾਰਨਪੁਰ ਦੇ ਦੰਗਿਆਂ, ਮੇਰਠ ਦੇ ਕਰਫ਼ਿਊ, ਬੁਲੰਦਸ਼ਹਿਰ ਦੀ ਹਿੰਸਾ ਤੋਂ ਹੁੰਦੇ ਹੋਏ ਮੁਜ਼ੱਫਰਨਗਰ ਦੇ ਫਿਰਕੂ ਦੰਗਿਆਂ ਤੱਕ ਪਹੁੰਚੀ ਸੀ ਅਤੇ ਇਹ ਲੋਕ ਆਪਣੇ ਪੂਰੇ ਖਾਨਦਾਨ ਨਾਲ ਸੈਫਈ ’ਚ ਸੱਭਿਆਚਾਰਕ ਸ਼ਾਮ ਦੀ ਮਦਹੋਸ਼ੀ ਵਿਚ ਡੁੱਬੇ ਹੋਏ ਸਨ। ਹੁਣ ਤਾਂ ਗੁੰਡੇ, ਅਪਰਾਧੀ, ਮਾਫੀਆਵਾਂ ਦਾ ਮੁਆਫ਼ੀਨਾਮੇ ਦੀ ਤਖ਼ਤੀ ਗਲੇ ਵਿਚ ਲਟਕਾ ਕੇ ਥਾਣਿਆਂ ਵਿਚ ਆਉਣਾ ਆਮ ਗੱਲ ਹੋ ਚੱਲੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਹੁਣ ਕੁਝ ਗੜਬੜ ਕੀਤੀ ਤਾਂ ਉਸ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਹਰਜਾਨਾ ਭਰਨਗੀਆਂ। ਯੂ. ਪੀ. ਨੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਦਾ ਇਕ ਸਫ਼ਲ ਮਾਡਲ ਦਿੱਤਾ ਹੈ। ਸੰਗਠਿਤ ਅਪਰਾਧ ਹੁਣ ਬੀਤੇ ਦਿਨਾਂ ਦੀ ਗੱਲ ਹੋ ਚੱਲੀ ਹੈ। ਅੱਜ ਇੱਥੇ ਬੇਟੀਆਂ ਸੁਰੱਖਿਅਤ ਹਨ, ਔਰਤਾਂ ਦਾ ਸਨਮਾਨ ਹੈ।
Q. ਤੁਸੀਂ ਲੋਕਾਂ ਨੇ ਸਪਾ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਫ਼ੀਤਾ ਕੱਟਿਆ, ਅਖਿਲੇਸ਼ ਯਾਦਵ ਨੇ ਇਹ ਦੋਸ਼ ਲਾਏ ਹਨ, ਤੁਸੀਂ ਕੀ ਕਹੋਗੇ?
A. ਸਾਡੀ ਸਰਕਾਰ ਦੇ 5 ਸਾਲ ਦੇ ਕਾਰਜਕਾਲ ਵਿਚ ਕਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਗਏ ਅਤੇ ਉਨ੍ਹਾਂ ਦਾ ਉਦਘਾਟਨ ਹੋਇਆ। ਇਸ ਤੋਂ ਇਲਾਵਾ ਕਈ ਅਜਿਹੇ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਗਿਆ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਦੌਰਾਨ ਰੌਲੇ-ਰੱਪੇ ਵਿਚ ਸ਼ੁਰੂ ਤਾਂ ਕੀਤਾ ਗਿਆ ਸੀ ਪਰ ਬਿਨਾਂ ਪੂਰਾ ਕੀਤੇ ਛੱਡ ਦਿੱਤਾ ਗਿਆ ਸੀ। ਇਨ੍ਹਾਂ ਵਿਚ ਸਰਯੂ ਨਹਿਰ ਰਾਸ਼ਟਰੀ ਪ੍ਰਾਜੈਕਟ, ਗੋਰਖਪੁਰ ਸਥਿਤ ਏਮਸ, ਕੁਸ਼ੀਨਗਰ ਕੌਮਾਂਤਰੀ ਹਵਾਈ ਅੱਡਾ ਆਦਿ ਪ੍ਰਮੁੱਖ ਹਨ। ਇਹੀ ਨਹੀਂ, ਗੋਰਖਪੁਰ ਸਥਿਤ ਖਾਦ ਕਾਰਖਾਨਾ ਤਾਂ ਕਈ ਦਹਾਕਿਆਂ ਤੋਂ ਬੰਦ ਪਿਆ ਸੀ ਅਤੇ ਸਾਡੀ ਸਰਕਾਰ ਤੇ ਕੇਂਦਰ ਦੀ ਪਹਿਲ ਨਾਲ ਇਸ ਨੂੰ ਵੱਡੇ ਪੱਧਰ ’ਤੇ ਸ਼ੁਰੂ ਕੀਤਾ ਗਿਆ। ਜਿਨ੍ਹਾਂ ਪ੍ਰਾਜੈਕਟਾਂ ਨੂੰ ਅਸੀਂ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਘੁੰਡ-ਚੁਕਾਈ ਕੀਤੀ, ਉਨ੍ਹਾਂ ਦੀ ਸੂਚੀ ਵਿਚ ਪੂਰਵਾਂਚਲ ਐਕਸਪ੍ਰੈੱਸਵੇਅ, ਕਾਸ਼ੀ ਵਿਸ਼ਵਨਾਥ ਧਾਮ, ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਆਦਿ ਪ੍ਰਮੁੱਖ ਹਨ। ਅਜਿਹੇ ’ਚ ਇਹ ਦੋਸ਼ ਕਿ ਅਸੀਂ ਕਿਸੇ ਹੋਰ ਦੇ ਕੰਮਾਂ ਦਾ ਫ਼ੀਤਾ ਕੱਟਿਆ ਹੈ, ਇਹ ਬਿਲਕੁਲ ਬੇਬੁਨਿਆਦ ਹੈ। ਪਿਛਲੀ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਤਾਂ ਉਨ੍ਹਾਂ ਦਾ ਫ਼ੀਤਾ ਕੀ ਕੱਟਣਾ?
Q. ਤੁਹਾਡੇ ਅਨੁਸਾਰ ਬਸਪਾ ਤੇ ਕਾਂਗਰਸ ਦੀ ਕੀ ਹਾਲਤ ਰਹੇਗੀ? ਪ੍ਰਿਯੰਕਾ ਗਾਂਧੀ 99 ਫ਼ੀਸਦੀ ਬਨਾਮ 1 ਫ਼ੀਸਦੀ ਦਾ ਮੁਕਾਬਲਾ ਕਹਿ ਰਹੀ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
A. ਮੇਰੀ ਇਹ ਸਪੱਸ਼ਟ ਰਾਏ ਹੈ ਕਿ ਰਾਜਨੀਤੀ ਵਿਚ ਪਰਸੈਪਸ਼ਨ ਦਾ ਬਹੁਤ ਮਹੱਤਵ ਹੈ। ਬਸਪਾ ਤੇ ਕਾਂਗਰਸ ਦੇ ਵਜੂਦ ਬਾਰੇ ਜਨਤਾ ਵਿਚ ਕੀ ਪਰਸੈਪਸ਼ਨ ਹੈ, ਇਹ ਜਾਣਨਾ ਮੁਸ਼ਕਲ ਨਹੀਂ। ਰਹੀ ਗੱਲ ਮੁਕਾਬਲੇ ਦੀ ਤਾਂ ਇਹ ਚੋਣ 80 ਬਨਾਮ 20 ਹੈ। 80 ਫ਼ੀਸਦੀ ਉਹ ਹਨ, ਜੋ ਸਾਡੇ ਵਾਂਗ ਗਰੀਬ ਕਲਿਆਣ, ਕਿਸਾਨ, ਮਹਿਲਾ ਸੁਰੱਖਿਆ ਬਾਰੇ ਸੋਚਦੇ ਹਨ ਅਤੇ 20 ਫ਼ੀਸਦੀ ਉਹ ਹਨ ਜੋ ਨਾਂਹਪੱਖੀ ਸੋਚ ਨਾਲ ਵਿਕਾਸ ਤੇ ਸਮਾਜਿਕ ਸੁਹਿਰਦਤਾ ਵਿਚ ਅੜਿੱਕਾ ਹਨ।
Q. ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਵੀ ਪੱਛਮੀ ਉੱਤਰ ਪ੍ਰਦੇਸ਼, ਖਾਸ ਤੌਰ ’ਤੇ ਜਾਟਾਂ ਵਿਚ ਭਾਜਪਾ ਪ੍ਰਤੀ ਨਾਰਾਜ਼ਗੀ ਹੈ। ਤੁਸੀਂ ਕੀ ਮੰਨਦੇ ਹੋ? ਕਿਸਾਨਾਂ ਦਾ ਭਾਜਪਾ ਨੂੰ ਕਿੰਨਾ ਸਮਰਥਨ ਮਿਲੇਗਾ? ਕੀ ਕਾਨੂੰਨ ਵਾਪਸ ਲੈਣ ਨਾਲ ਕਿਸਾਨਾਂ ਦੀ ਸੋਚ ਬਦਲੀ ਹੈ ?
A. ਕਿਸਾਨ ਅੰਦੋਲਨ ਵਿਚ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਬਹੁਤ ਵੱਡੀ ਸ਼ਮੂਲੀਅਤ ਨਹੀਂ ਸੀ ਜਿਵੇਂ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮੱਧ ਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਕੋਈ ਅੰਦੋਲਨ ਹੋਇਆ ਹੀ ਨਹੀਂ। ਜਾਟ ਭਾਈਚਾਰੇ ਵਿਚ ਜੋ ਵੀ ਨਾਰਾਜ਼ਗੀ ਸੀ, ਉਹ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਹੋ ਸਕਦੀ ਹੈ ਪਰ ਉਨ੍ਹਾਂ ਦਾ ਵੀ ਨਿਪਟਾਰਾ ਕੀਤਾ ਗਿਆ ਹੈ ਅਤੇ ਉਹ ਸੰਤੁਸ਼ਟ ਹਨ। ਖੇਤੀਬਾੜੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੋਈ ਨਾਰਾਜ਼ਗੀ ਰਹੀ ਵੀ ਹੋਵੇਗੀ ਤਾਂ ਉਹ ਵੀ ਦੂਰ ਹੋ ਚੁੱਕੀ ਹੈ। ਜਾਟ ਭਾਈਚਾਰਾ ਪਿਛਲੀ ਸਰਕਾਰ ਦੇ ਕਾਰਜਕਾਲ ਵਿਚ ਪੱਛਮੀ ਜ਼ਿਲ੍ਹਿਆਂ ਵਿਚ ਹੋਏ ਦੰਗਿਆਂ ਅਤੇ ਅਪਰਾਧ ਦੀਆਂ ਘਟਨਾਵਾਂ ਨੂੰ ਭੁੱਲਿਆ ਨਹੀਂ ਹੈ। ਇਸ ਤੋਂ ਇਲਾਵਾ ਸਪਾ-ਰਾਲੋਦ ਗਠਜੋੜ ਨੇ ਟਿਕਟ ਵੰਡ ਵਿਚ ਜੋ ਜਾਟਾਂ ਦੇ ਉੱਪਰ ਹੋਰ ਵਰਗਾਂ ਨੂੰ ਤਰਜੀਹ ਦਿੱਤੀ ਹੈ, ਉਸ ਤੋਂ ਵੀ ਜਾਟ ਭਾਈਚਾਰੇ ਵਿਚ ਕਾਫੀ ਰੋਸ ਹੈ। ਸਾਡੀ ਸਰਕਾਰ ਨੇ ਇਸ ਖੇਤਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ ਅਤੇ ਸੁਰੱਖਿਆ ਦਾ ਮਾਹੌਲ ਸਥਾਪਤ ਕੀਤਾ ਹੈ। ਇਸ ਨਾਲ ਉਨ੍ਹਾਂ ਵਿਚ ਸਾਡੀ ਸਰਕਾਰ ਪ੍ਰਤੀ ਵਿਸ਼ਵਾਸ ਵਧਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਖੂਬਸੂਰਤ 'ਸੁਖਨਾ ਝੀਲ' 'ਤੇ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ
Q. ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ ਹੈ। ਵਿਰੋਧੀ ਧਿਰ ਇਸ ਨੂੰ ਮੁੱਦਾ ਬਣਾ ਰਹੀ ਹੈ, ਕੀ ਚੋਣਾਂ ਵਿਚ ਇਸ ਨਾਲ ਕੋਈ ਨੁਕਸਾਨ ਹੋ ਸਕਦਾ ਹੈ?
A. ਲਖੀਮਪੁਰ ਦੀ ਘਟਨਾ ਦੀ ਜਾਂਚ ਜਾਰੀ ਹੈ। ਉੱਥੇ ਜਿੰਨੇ ਵੀ ਲੋਕਾਂ ਦੀ ਜਾਨ ਗਈ, ਉਹ ਦੁਖਦਾਈ ਹੈ ਅਤੇ ਸਾਰਿਆਂ ਪ੍ਰਤੀ ਸਾਡੀਆਂ ਸੰਵੇਦਨਾਵਾਂ ਹਨ। ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਰਫ ਦੋਸ਼ ਦੇ ਆਧਾਰ ’ਤੇ ਕਿਸੇ ਦੇ ਅਸਤੀਫੇ ਦੀ ਮੰਗ ਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ।
Q. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੈਰਾਨਾ ’ਚ ਘਰ-ਘਰ ਦੌਰਾ ਕਰਨ ਦੇ ਪਿੱਛੇ ਕੀ ਸੋਚ ਅਤੇ ਇਸ ਦਾ ਪ੍ਰਭਾਵ ਕੀ ਹੈ?
A. ਕੇਂਦਰੀ ਗ੍ਰਹਿ ਮੰਤਰੀ ਦੇ ਅਧਿਕਾਰ ’ਚ ਸੂਬੇ ਤੇ ਦੇਸ਼ ਵਿਚ ਅੰਦਰੂਨੀ ਸੁਰੱਖਿਆ ਨਾਲ ਜੁੜੇ ਸਾਰੇ ਮਾਮਲੇ ਹਨ ਅਤੇ ਉਨ੍ਹਾਂ ਵੱਲੋਂ ਪੱਛਮੀ ਉੱਤਰ ਪ੍ਰਦੇਸ਼ ਦੇ ਕੈਰਾਨਾ ਤੇ ਹੋਰ ਥਾਵਾਂ ਦੇ ਲੋਕਾਂ ਨੂੰ ਮਿਲਣਾ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਕੇਂਦਰ ਅਤੇ ਸਾਡੀ ਸਰਕਾਰ ਜਨਤਾ ਦੀ ਸੁਰੱਖਿਆ ਅਤੇ ਅਪਰਾਧਾਂ ਤੇ ਕਾਬੂ ਪਾਉਣ ਪ੍ਰਤੀ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਵੱਲੋਂ ਘਰ-ਘਰ ਜਾਣ ਨਾਲ ਲੋਕਾਂ ਵਿਚ ਭਰੋਸਾ ਵਧਿਆ ਹੈ ਕਿ ਸਾਡੇ ਲਈ ਉਨ੍ਹਾਂ ਦੀ ਸੁਰੱਖਿਆ ਸਿਰਫ ਇਕ ਵਾਅਦਾ ਨਹੀਂ ਹੈ ਸਗੋਂ ਸਾਡੀ ਜ਼ਿੰਮੇਵਾਰੀ ਹੈ ।
Q. ਚੋਣਾਂ ਵਿਚ ਜਾਤੀਵਾਦ ਵੱਡਾ ਫੈਕਟਰ ਮੰਨਿਆ ਜਾਂਦਾ ਹੈ। ਜੇ ਯਾਦਵ, ਜਾਟ ਤੇ ਮੁਸਲਮਾਨ ਇਕੱਠੇ ਆ ਜਾਂਦੇ ਹਨ ਤਾਂ ਕੀ ਭਾਜਪਾ ਦੀ ਜਿੱਤ ਦੀਆਂ ਸੰਭਾਵਨਾਵਾਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ?
A. ਸਾਡੀ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਸਭ ਕਾ ਸਾਥ, ਸਭ ਕਾ ਵਿਕਾਸ ਔਰ ਸਭ ਕਾ ਵਿਸ਼ਵਾਸ ਦੇ ਸਿਧਾਂਤ ’ਤੇ ਕੰਮ ਕੀਤਾ ਹੈ। ਕੋਈ ਵੀ ਜਾਤੀ ਜਾਂ ਭਾਈਚਾਰਾ ਇਹ ਨਹੀਂ ਕਹਿ ਸਕਦਾ ਕਿ ਕਿਸੇ ਕਿਸਮ ਦਾ ਪੱਖਪਾਤ ਹੋਇਆ ਹੈ। ਕਿਸੇ ਵੀ ਵਰਗ ਨੂੰ ਕੋਈ ਸ਼ਿਕਾਇਤ ਨਹੀਂ ਹੈ ਅਤੇ ਸਾਰੇ ਵਰਗਾਂ ਤੇ ਭਾਈਚਾਰਿਆਂ ਨੂੰ ਸਾਡੀ ਸਰਕਾਰ ਦੇ ਕੰਮ ਅਤੇ ਨੀਤੀਆਂ ਤੋਂ ਲਾਭ ਹੋਇਆ ਹੈ। ਜੇਕਰ ਸਰਕਾਰ ਨੇ ਗਰੀਬਾਂ ਨੂੰ ਘਰ ਦਿੱਤੇ ਹਨ, ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ ਹਨ, ਗੈਸ ਦਿੱਤੀ ਹੈ ਅਤੇ ਵੱਖਰੀ ਪੈਨਸ਼ਨ ਦਿੱਤੀ ਹੈ ਤਾਂ ਉਸ ਵਿਚ ਜਾਤੀ ਨੂੰ ਨਹੀਂ ਵੇਖਿਆ ਗਿਆ। ਅਜਿਹੇ ’ਚ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਜਿੱਤ ਦੀਆਂ ਸੰਭਾਵਨਾਵਾਂ ’ਤੇ ਕਿਸੇ ਕਿਸਮ ਦੀ ਬੇਯਕੀਨੀ ਨਹੀਂ ਹੈ।
Q. ਮੁਸਲਮਾਨਾਂ ਦਾ ਵੋਟ ਕਿਸ ਨੂੰ ਮਿਲ ਰਿਹਾ ਹੈ, ਓਵੈਸੀ ਦੀ ਪਾਰਟੀ ਦੇ ਨੇਤਾ ਕਹਿੰਦੇ ਹਨ ਕਿ ਮੁਸਲਮਾਨ ਮੁੱਖ ਮੰਤਰੀ ਹੋਣਾ ਚਾਹੀਦਾ ਹੈ, ਇਸ ’ਤੇ ਤੁਹਾਡੀ ਕੀ ਰਾਏ ਹੈ? ਚੋਣ ਜਿੱਤਣ ਲਈ ਭਾਜਪਾ ’ਤੇ ਫਿਰਕੂ ਧਰੁਵੀਕਰਨ ਦੇ ਦੋਸ਼ ਲਾਏ ਜਾਂਦੇ ਰਹੇ ਹਨ। ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ’ਤੇ ਤੁਸੀਂ ਕੀ ਕਹੋਗੇ?
A. ਹਰ ਵਿਅਕਤੀ ਜਾਣਦਾ ਹੈ ਕਿ ਓਵੈਸੀ ਸਮਾਜਵਾਦੀ ਪਾਰਟੀ ਦੇ ਏਜੰਟ ਬਣ ਕੇ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ ਪਰ ਉੱਤਰ ਪ੍ਰਦੇਸ਼ ਹੁਣ ਜਿਸ ਦਿਸ਼ਾ ’ਚ ਅੱਗੇ ਵਧ ਚੁੱਕਿਆ ਹੈ, ਉੱਥੇ ਓਵੈਸੀ ਵਰਗੇ ਨੇਤਾਵਾਂ ਦੀ ਕੋਈ ਜ਼ਰੂਰਤ ਨਹੀਂ ਹੈ। ਹੁਣ ਦੰਗਾ ਨਹੀਂ, ਦੰਗਾ -ਮੁਕਤ ਪ੍ਰਦੇਸ਼ ਦੇ ਰੂਪ ’ਚ ਉੱਤਰ ਪ੍ਰਦੇਸ਼ ਦੀ ਪਛਾਣ ਹੈ।
Q. ਭਾਜਪਾ ਉੱਤਰ ਪ੍ਰਦੇਸ਼ ਦੀ ਇਹ ਚੋਣ ਕਿਨ੍ਹਾਂ ਮੁੱਦਿਆਂ ਅਤੇ ਆਧਾਰ ਤੇ ਲੜ ਰਹੀ ਹੈ? ਕੇਂਦਰ ਵਿਚ ਭਾਜਪਾ ਸਰਕਾਰ ਹੋਣ ਦਾ ਪ੍ਰਭਾਵ ਕੀ ਰਹੇਗਾ? ਭਾਜਪਾ ਦਾ ਨਾਅਰਾ ਕੀ ਹੈ ?
A. ਸਬ ਕਾ ਸਾਥ ਸਬ ਕਾ ਵਿਕਾਸ ਸਾਡਾ ਉਦੇਸ਼ ਹੈ। ਇਸ ਆਧਾਰ ਨੂੰ ਅੱਗੇ ਵਧਾਉਂਦੇ ਹੋਏ ‘ਸੋਚ ਈਮਾਨਦਾਰ, ਕੰਮ ਦਮਦਾਰ’ ਦੇ ਨਾਅਰੇ ਅਤੇ 5 ਸਾਲਾਂ ਵਿਚ ਜਨਤਾ ਲਈ ਕੀਤੇ ਗਏ ਕੰਮਾਂ ਜ਼ਰੀਏ ਪਾਰਟੀ ਜਨਤਾ ਨਾਲ ਸੰਵਾਦ ਕਰ ਰਹੀ ਹੈ।
Q. ਪਹਿਲਾਂ ਰਾਮ ਮੰਦਿਰ ਇਕ ਵੱਡਾ ਮੁੱਦਾ ਹੁੰਦਾ ਸੀ। ਹੁਣ ਮਥੁਰਾ-ਕਾਸ਼ੀ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ’ਤੇ ਤੁਹਾਡਾ ਕੀ ਕਹਿਣਾ ਹੈ?
A. ਮਥੁਰਾ, ਕਾਸ਼ੀ ਤੇ ਅਯੁੱਧਿਆ ਭਾਰਤ ਵਿਚ ਸਨਾਤਨ ਧਰਮ ਦੇ ਪੈਰੋਕਾਰਾਂ ਦੀ ਸ਼ਰਧਾ ਦੇ ਕੇਂਦਰ ਹਨ। ਸ਼ਰਧਾ ਦੇ ਇਨ੍ਹਾਂ ਕੇਂਦਰਾਂ ਦਾ ਸਨਮਾਨ ਕਰਨਾ ਅਤੇ ਇੱਥੋਂ ਦੀ ਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਦੇ ਹੋਏ ਉਸ ਦੇ ਆਰਥਿਕ ਵਿਕਾਸ ਲਈ ਸੂਬਾ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।
Q. ਵਿਰੋਧੀ ਧਿਰ ਬੇਰੋਜ਼ਗਾਰੀ ਤੇ ਮਹਿੰਗਾਈ ਦਾ ਮੁੱਦਾ ਵੀ ਉਠਾ ਰਹੀ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
A. ਯੂ. ਪੀ. ਦੇ ਨੌਜਵਾਨ ਸਮਝਦਾਰ ਤੇ ਸਮਾਰਟ ਹਨ। ਸਾਲ 2017 ਵਿਚ ਜਦੋਂ ਅਸੀਂ ਸੱਤਾ ਵਿਚ ਆਏ ਸੀ ਤਾਂ ਬੇਰੋਜ਼ਗਾਰੀ ਦਰ 18 ਫ਼ੀਸਦੀ ਤੋਂ ਵੱਧ ਸੀ। ਹੁਣ ਇਹ 5 ਫ਼ੀਸਦੀ ਤੋਂ ਵੀ ਘੱਟ ਹੈ। ਅਸੀਂ 5 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਪੂਰੀ ਪਾਰਦਰਸ਼ਤਾ ਨਾਲ 1.61 ਕਰੋਡ਼ ਨੌਜਵਾਨਾਂ ਨੂੰ ਨਿੱਜੀ ਖੇਤਰ ਵਿਚ ਨਿਵੇਸ਼ ਰਾਹੀਂ ਰੋਜ਼ਗਾਰ ਨਾਲ ਜੋੜਿਆ ਹੈ। 60 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਇਹ ਸਾਰੇ ਕੰਮ ਭਾਜਪਾ ਸਰਕਾਰ ਨੇ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਕੀਤੇ ਹਨ। ਅਸੀ ਇਕ ਕਰੋਡ਼ ਨੌਜਵਾਨਾਂ ਨੂੰ ਸਮਾਰਟਫੋਨ ਤੇ ਟੈਬਲੇਟ ਦੇ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਇਸ ਤਰ੍ਹਾਂ ਦੇ ਮੁੱਦਿਆਂ ਦੇ ਆਧਾਰ ’ਤੇ ਕਿਤੇ ਕੋਈ ਸਫਲਤਾ ਪ੍ਰਾਪਤ ਕਰ ਸਕਦੀ ਹੈ। ਨੌਜਵਾਨ ਵਰਗ ਨੂੰ ਪਤਾ ਹੈ ਕਿ ਉਸ ਦੇ ਹਿੱਤ ਲਈ ਕੋਈ ਈਮਾਨਦਾਰੀ ਨਾਲ ਕੰਮ ਕਰੇਗਾ ਤਾਂ ਉਹ ਭਾਜਪਾ ਦੀ ਸਰਕਾਰ ਹੀ ਕਰੇਗੀ।
Q. ਤੁਸੀਂ ਇਨ੍ਹਾਂ 5 ਸਾਲਾਂ ਵਿਚ ਕੀ ਕੀਤਾ ਜਿਸ ਨੂੰ ਪ੍ਰਾਪਤੀ ਮੰਨਿਆ ਜਾਵੇ, ਅਜਿਹੇ 10 ਕੰਮ ਦੱਸ ਸਕੋਗੇ? ਅਜਿਹਾ ਕੀ ਰਹਿ ਗਿਆ, ਜੋ ਇਨ੍ਹਾਂ 5 ਸਾਲਾਂ ਵਿਚ ਨਾ ਕਰ ਸਕਣ ਦਾ ਤੁਹਾਨੂੰ ਮਲਾਲ ਹੈ?
A. ਸਾਡੀ ਸਰਕਾਰ ਨੇ ਸਿਹਤ ਤੇ ਵਿਕਾਸ ਦੇ ਬੁਨਿਆਦੀ ਢਾਂਚੇ ਲਈ ਜੋ ਕੰਮ ਕੀਤੇ ਉਹ ਹੈਰਾਨੀਜਨਕ ਹਨ। ਸਾਲ 2017 ਤਕ ਸਿਰਫ ਡੇਢ ਐਕਸਪ੍ਰੈੱਸਵੇਅ ਸਨ। ਹੁਣ 7 ਐਕਸਪ੍ਰੈੱਸਵੇਅ ਕੰਮ ਕਰ ਰਹੇ ਹਨ। ਯੂ. ਪੀ. ਵਿਚ ਇਸ ਸਮੇਂ 5 ਸ਼ਹਿਰਾਂ ਵਿਚ ਮੈਟਰੋ ਦਾ ਸੰਚਾਲਨ ਹੋ ਰਿਹਾ ਹੈ। ਸਾਲ 2017 ਤੋਂ ਪਹਿਲਾਂ ਸਿਰਫ 2 ਕਿ. ਮੀ. ਮੈਟਰੋ ਦਾ ਸੰਚਾਲਨ ਗਾਜ਼ੀਆਬਾਦ ਵਿਚ ਸੀ। ਸੂਬੇ ’ਚ ਇੰਟਰ ਸਟੇਟ ਕੁਨੈਕਟਿਵਿਟੀ ਬਿਹਤਰ ਕਰਨ ਅਤੇ ਬਿਜਲੀ ਦੀ ਬਿਨਾਂ ਰੁਕਾਵਟ ਸਪਲਾਈ ਦਾ ਕੰਮ ਹੋਇਆ ਹੈ। ਸੂਬੇ ਵਿਚ 43 ਲੱਖ ਗਰੀਬਾਂ ਨੂੰ ਮਕਾਨ ਦਿੱਤੇ ਗਏ ਹਨ। 2.61 ਕਰੋਡ਼ ਗਰੀਬਾਂ ਨੂੰ ਟਾਇਲਟ ਮੁਹੱਈਆ ਕਰਾਏ ਗਏ ਹਨ। 5 ਸਾਲਾਂ ਵਿਚ 3 ਲੱਖ ਕਰੋੜ ਤੋਂ ਜ਼ਿਆਦਾ ਦਾ ਉਦਯੋਗਿਕ ਨਿਵੇਸ਼ ਹੋਇਆ ਹੈ। ਸੂਬਾ ਸਰਕਾਰ ਇਕ ਕਰੋਡ਼ ਗਰੀਬਾਂ ਨੂੰ 1000-1000 ਰੁਪਏ ਬੁਢਾਪਾ, ਮਹਿਲਾ ਤੇ ਦਿਵਿਆਂਗ ਪੈਨਸ਼ਨ ਦੇ ਰਹੀ ਹੈ। 1.56 ਕਰੋੜ ਕਿਸਾਨਾਂ ਨੂੰ ਮੁਫਤ ਬਿਜਲੀ ਕੁਨੈਕਸ਼ਨ ਦਿੱਤਾ ਗਿਆ ਹੈ। ਔਰਤਾਂ ਨੂੰ ਰਸੋਈ ਗੈਸ ਦੇ ਕੁਨੈਕਸ਼ਨ ਦਿੱਤੇ ਗਏ ਹਨ। ਮੁਫਤ ਰਾਸ਼ਨ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਯੂ. ਪੀ. ਨੂੰ ਨੰਬਰ ਵਨ ਦੀ ਮਾਲੀ ਹਾਲਤ ਬਣਾਉਣ ਲਈ ਅਸੀਂ ਕੰਮ ਕਰ ਰਹੇ ਹਾਂ।
Q. ਤੁਸੀਂ ਗੁੰਡਾ ਮੁਕਤ ਉੱਤਰ ਪ੍ਰਦੇਸ਼ ਦਾ ਵਾਅਦਾ ਕੀਤਾ ਸੀ ਕਿਉਂਕਿ ਐੱਨ. ਸੀ. ਆਰ. ਬੀ. ਦੀ ਰਿਪੋਰਟ ਵਿਚ ਹੁਣ ਵੀ ਯੂ. ਪੀ. ਟਾਪ 3 ਵਿਚ ਹੈ। ਕ੍ਰਾਈਮ ਦੇ ਮਾਮਲੇ ਵਿਚ ਰੋਮੀਓ ਸਕਵੈਡ ਦਾ ਗਠਨ ਪਿਛਲੀ ਵਾਰ ਮੁੱਖ ਮੰਤਰੀ ਬਣਦੇ ਹੀ ਕੀਤਾ ਸੀ, ਉਸ ਦੀ ਕੀ ਹਾਲਤ ਹੈ? ਕੀ ਇਹ ਪ੍ਰਾਪਤੀ ਸਕਵੈਡ ਦੇ ਖਾਤੇ ਵਿਚ ਰਹੀ ਹੈ?
A. ਅਸੀਂ ਸੂਬੇ ਦੀਆਂ ਔਰਤਾਂ ਦੀ ਸੁਰੱਖਿਆ, ਸਨਮਾਨ ਤੇ ਸਸ਼ਕਤੀਕਰਣ ਲਈ ਮਿਸ਼ਨ ਸ਼ਕਤੀ ਵਰਗੀ ਵੱਡੀ ਜਨ-ਜਾਗਰਣ ਮੁਹਿੰਮ ਚਲਾਈ ਹੈ। ਤੁਸੀ ਐੱਨ. ਸੀ. ਆਰ. ਬੀ. ਦੀ ਰਿਪੋਰਟ ਨੂੰ ਵੇਖੋ ਤਾਂ ਸਾਲ 2016 ਦੇ ਮੁਕਾਬਲੇ ਸਾਲ 2020 ਨਾਲ ਤੁਲਨਾ ਕਰਨ ’ਤੇ ਡਕੈਤੀ ਦੇ ਮਾਮਲਿਆਂ ਵਿਚ 70.1, ਲੁੱਟ ਵਿਚ 69.3, ਹੱਤਿਆ ਵਿਚ 29., ਬਲਵਾ ਵਿਚ 33.0, ਰੋਡ ਹੋਲਡ ਅਪ ਵਿਚ 100, ਫਿਰੌਤੀ ਲਈ ਅਗਵਾ ਵਿਚ 41, ਦਾਜ ਲਈ ਮੌਤ ਵਿੱਚ 11.6 ਅਤੇ ਜਬਰ-ਜ਼ਨਾਹ ਦੇ ਮਾਮਲਿਆਂ ਵਿਚ 52 ਫ਼ੀਸਦੀ ਦੀ ਕਮੀ ਆਈ ਹੈ। ਰਿਹਾ ਸਵਾਲ ਐਂਟੀ-ਰੋਮੀਓ ਸਕਵੈਡ ਦੇ ਗਠਨ ਦਾ ਤਾਂ ਉਹ ਕਾਫ਼ੀ ਕਾਰਗਰ ਰਿਹਾ ਹੈ। ਸਕਵੈਡ ਨੇ 1.09 ਕਰੋਡ਼ ਤੋਂ ਜ਼ਿਆਦਾ ਵਿਅਕਤੀਆਂ ਦੀ ਚੈਕਿੰਗ ਕਰ ਕੇ 10876 ਮੁਕੱਦਮੇ ਰਜਿਸਟਰ ਕਰ ਕ 16 ਹਜ਼ਾਰ 45 ਵਿਅਕਤੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ 45 ਲੱਖ 89 ਹਜ਼ਾਰ 288 ਵਿਅਕਤੀਆਂ ਨੂੰ ਚਿਤਾਵਨੀ ਦਿੱਤੀ। ਇਸ ਦਾ ਨਤੀਜਾ ਇਹ ਹੋਇਆ ਕਿ ਬੇਟੀਆਂ ਸਕੂਲ, ਕਾਲਜ ਤੇ ਵਿਦਿਆਲਿਆਂ ਵਿਚ ਬੇਫਿਕਰ ਹੋ ਕੇ ਪੜ੍ਹਾਈ ਕਰ ਰਹੀਆਂ ਹਨ, ਜੋ ਕਦੇ ਡਰ ਕੇ ਘਰਾਂ ਵਿਚ ਘੁਟ-ਘੁਟ ਕੇ ਜਿਊਣ ਨੂੰ, ਪੜ੍ਹਾਈ ਛੱਡਣ ਨੂੰ ਮਜਬੂਰ ਸਨ। ਸਾਰੇ 1535 ਥਾਣਿਆਂ ਵਿਚ ਮਹਿਲਾ ਹੈਲਪ ਡੈਸਕ ਹੈ ਜਿੱਥੇ ਖੁੱਲ੍ਹ ਕੇ ਆਪਣੀ ਗੱਲ ਰੱਖ ਸਕਦੀਆਂ ਹਨ। ਸਾਡੀ ਸਰਕਾਰ ਨੇ ਔਰਤਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਜਾਗਰੂਕ ਤੇ ਨਿਡਰ ਬਣਾਇਆ ਹੈ ਜਿਸ ਨਾਲ ਉਹ ਖੁੱਲ੍ਹ ਕੇ ਆਵਾਜ਼ ਉਠਾ ਸਕਣ। ਹੁਣ ਸਰਕਾਰ ਤੇ ਪੁਲਸ ਔਰਤਾਂ ਨੂੰ ਸ਼ਿਕਾਇਤ ਦਰਜ ਕਰਾਉਣ ਵਿਚ ਵੀ ਪੂਰੀ ਮਦਦ ਕਰ ਰਹੀ ਹੈ। ਅਸੀਂ ਔਰਤਾਂ ਤੇ ਬੇਟੀਆਂ ਲਈ ਢੇਰ ਸਾਰੇ ਪਲੇਟਫਾਰਮ ਮੁਹੱਈਆ ਕਰਾਏ ਹਨ ਜਿੱਥੇ ਉਹ ਬਿਨਾਂ ਕਿਸੇ ਝਿਜਕ ਦੇ ਆਪਣੀ ਸਮੱਸਿਆ ਰੱਖ ਸਕਦੀਆਂ ਹਨ। ਮਾਰਚ 2017 ਤੋਂ ਹੁਣ ਤੱਕ ਵੂਮੈਨ ਪਾਵਰਲਾਈਨ 1090 ’ਤੇ ਮਾਰਚ 2017 ਤੋਂ ਹੁਣ ਤੱਕ ਵੱਖ-ਵੱਖ ਮਾਮਲਿਆਂ ਵਿਚ ਦਰਜ ਸ਼ਿਕਾਇਤਾਂ ਵਿਚੋਂ 99.7 ਫ਼ੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ।
Q. ਆਰਥਿਕ ਮੋਰਚੇ ’ਤੇ ਉੱਤਰ ਪ੍ਰਦੇਸ਼ ਦੀ ਹਾਲਤ ਕੀ ਹੈ? ਗਰੀਬੀ ਦੇ ਪੱਧਰ ਵਿਚ ਸੁਧਾਰ ਕਿੰਨਾ ਹੋ ਸਕਿਆ ਹੈ?
A. ਸਾਡਾ ਟੀਚਾ ਉੱਤਰ ਪ੍ਰਦੇਸ਼ ਦੀ ਮਾਲੀ ਹਾਲਤ ਨੂੰ ਆਉਣ ਵਾਲੇ 5 ਸਾਲਾਂ ਵਿਚ ਦੇਸ਼ ਦੀ ਨੰਬਰ ਵਨ ਅਰਥਵਿਵਸਥਾ ਬਣਾਉਣਾ ਹੈ। ਇੰਫ੍ਰਾਸਟ੍ਰੱਕਚਰ ਦੇ ਵੱਡੇ ਪ੍ਰਾਜੈਕਟਾਂ ਤੇ ਪਾਰਦਰਸ਼ੀ ਨਿਵੇਸ਼ ਪ੍ਰਣਾਲੀ ਦੇ ਦਮ ’ਤੇ ਅਗਲੇ 5 ਸਾਲਾਂ ਵਿਚ ਸੂਬਾ ਇਸ ਟੀਚੇ ਨੂੰ ਹਾਸਲ ਕਰ ਕੇ ਦਿਖਾਏਗਾ। ਬੀਤੇ 5 ਸਾਲਾਂ ਵਿਚ ਸੂਬਾ ਸਰਕਾਰ ਨੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹਰ ਖੇਤਰ ਵਿਚ ਵਿਕਾਸ ਕਾਰਜ ਕੀਤਾ ਹੈ। ਰੋਜ਼ਗਾਰ ਦੀ ਨਜ਼ਰ ਨਾਲ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਬੁਨਿਆਦੀ ਢਾਂਚੇ ਸਮੇਤ ਹਰ ਖੇਤਰ ਵਿਚ ਬਦਲਾਅ ਨੂੰ ਤਰਜੀਹ ਦਿੱਤੀ ਹੈ। 2017 ਤੋਂ ਪਹਿਲਾਂ ਯੂ. ਪੀ. ਵਿਚ ਨਿਵੇਸ਼ ਦੇ ਨਾਂ ’ਤੇ ਬਾਹਰ ਦੇ ਲੋਕ ਸੂਬੇ ਦਾ ਖੂਬ ਮਜ਼ਾਕ ਉਡਾਉਂਦੇ ਸਨ। ਪਿਛਲੇ 5 ਸਾਲਾਂ ਵਿਚ ਯੂ. ਪੀ. ਇਸ ਨਾਂਹਪੱਖੀ ਧਾਰਨਾ ਨੂੰ ਤੋੜਦੇ ਹੋਏ ਦੇਸ਼ ਵਿਚ ਦੂਜੇ ਸਥਾਨ ’ਤੇ ਪਹੁੰਚ ਚੁੱਕਾ ਹੈ। ਸਾਲ 2018 ਵਿਚ ਉੱਤਰ ਪ੍ਰਦੇਸ਼ ਇਨਵੈਸਟਰਸ ਸਮਿਟ ਵਿਚ ਵੱਖ-ਵੱਖ ਸੈਕਟਰਾਂ ਵਿਚ ਸੂਬੇ ਨੂੰ 4.68 ਲੱਖ ਕਰੋਡ਼ ਤੋਂ ਜ਼ਿਆਦਾ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। ਇਨ੍ਹਾਂ ਵਿਚੋਂ 43 ਫ਼ੀਸਦੀ ਤੋਂ ਜ਼ਿਆਦਾ ਨਿਵੇਸ਼ ਪ੍ਰਸਤਾਵਾਂ ’ਤੇ ਤੇਜ਼ੀ ਨਾਲ ਕੰਮ ਜਾਰੀ ਹੈ। ਅਸੀਂ ਸੂਬੇ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਤ ਕੀਤਾ ਹੈ ਜਿਸ ਕਾਰਨ ਈਜ਼ ਆਫ ਡੂਇੰਗ ਬਿਜ਼ਨੈੱਸ ਰੈਂਕਿੰਗ ਵਿਚ ਦੇਸ਼ ’ਚ ਉੱਚੀ ਛਾਲ ਮਾਰੀ ਹੈ। ਸਾਲ 2015-16 ਵਿਚ ਉੱਤਰ ਪ੍ਰਦੇਸ਼ ਇਸ ਰੈਂਕਿੰਗ ਵਿਚ 14ਵੇਂ ਸਥਾਨ ’ਤੇ ਸੀ, ਜੋ ਹੁਣ ਦੂਜੇ ਸਥਾਨ ’ਤੇ ਆ ਗਿਆ ਹੈ। ਸੂਬੇ ਵਿਚ 5 ਸਾਲ ਪਹਿਲਾਂ ਜੋ ਬੇਰੋਜ਼ਗਾਰੀ ਦੀ ਦਰ 18 ਫ਼ੀਸਦੀ ਸੀ, ਉਹ ਹੁਣ ਘਟ ਕੇ 4 ਫ਼ੀਸਦੀ ’ਤੇ ਆ ਗਈ ਹੈ।
Q. ਤੁਸੀਂ ਇਕ ਸੰਨਿਆਸੀ ਹੋ, ਅਜਿਹੀ ਹਾਲਤ ’ਚ ਤੁਹਾਡੇ ’ਤੇ ਜਾਤੀਵਾਦ ਦੇ ਦੋਸ਼ ਲੱਗ ਰਹੇ ਹਨ। ਕੀ ਕਹੋਗੇ? ਤੁਹਾਡੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਹੀ ਅਜਿਹੇ ਦੋਸ਼ ਲਾ ਕੇ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ। ਇਨ੍ਹਾਂ 5 ਸਾਲਾਂ ਵਿਚ ਤੁਸੀਂ ਉਨ੍ਹਾਂ ਨੂੰ ਨਹੀਂ ਸਮਝ ਸਕੇ ਜਾਂ ਉਹ ਤੁਹਾਨੂੰ ਨਹੀਂ ਸਮਝ ਸਕੇ, ਕਮੀ ਕਿੱਥੇ ਰਹਿ ਗਈ?
A. ਅਜਿਹੇ ਝੂਠੇ ਦੋਸ਼ਾਂ ’ਤੇ ਕੀ ਕਿਹਾ ਜਾ ਸਕਦਾ ਹੈ? ਜੋ ਇਸ ਤਰ੍ਹਾਂ ਦੇ ਦੋਸ਼ ਲਾ ਰਹੇ ਹਨ, ਉਨ੍ਹਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੇ ਕੰਮਾਂ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ। ਸੂਬਾ ਸਰਕਾਰ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤੇ ਗਏ ‘ਸਬ ਕਾ ਸਾਥ, ਸਬ ਕਾ ਵਿਕਾਸ ਔਰ ਸਬ ਕਾ ਵਿਸ਼ਵਾਸ’ ਦੇ ਮੂਲ ਮੰਤਰ ਨੂੰ ਲੈ ਕੇ ਕੰਮ ਕਰ ਰਹੀ ਹੈ। ਹਰ ਗਰੀਬ ਨੂੰ ਮੁਫਤ ’ਚ ਵੈਕਸੀਨ, ਇਲਾਜ, ਜਾਂਚ, ਰਾਸ਼ਨ, ਘਰ, ਟਾਇਲਟ, ਹਰ ਗਰੀਬ ਔਰਤ ਨੂੰ ਮੁਫਤ ਐੱਲ. ਪੀ. ਜੀ. ਗੈਸ ਕੁਨੈਕਸ਼ਨ, ਆਯੁਸ਼ਮਾਨ ਯੋਜਨਾ ਨਾਲ 5 ਲੱਖ ਤਕ ਸਿਹਤ ਸੁਰੱਖਿਆ ਕਵਰ ਵਰਗੀ ਯੋਜਨਾਵਾਂ ਦਾ ਲਾਭ ਦਿੱਤਾ ਹੈ। ਇਨ੍ਹਾਂ ਯੋਜਨਾਵਾਂ ਦਾ ਲਾਭ ਕਿਸੇ ਦਾ ਚਿਹਰਾ, ਜਾਤੀ, ਮਜ਼ਹਬ ਜਾਂ ਖੇਤਰ ਵੇਖ ਕੇ ਨਹੀਂ ਦਿੱਤਾ ਗਿਆ। ਕੇਂਦਰ ਤੇ ਸੂਬਾ ਸਰਕਾਰ ਹਰ ਗਰੀਬ, ਪੱਛੜੇ ਤੇ ਵਾਂਝਿਆਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਲਈ ਯਤਨਸ਼ੀਲ ਹੈ। ਜੋ ਵੀ ਆਪਣੀ ਸਹੂਲਤ ਦੀ ਰਾਜਨੀਤੀ ਲਈ ਅਜਿਹੇ ਝੂਠੇ ਦੋਸ਼ ਲਗਾਉਂਦੇ ਹਨ ਉਹ ਖੁਦ ਇਸ ਸਰਕਾਰ ਦੇ 5 ਸਾਲਾਂ ਤਕ ਅਹਿਮ ਅੰਗ ਰਹੇ ਹਨ। ਸਰਕਾਰ ਦੇ ਨੀਤੀ ਨਿਰਮਾਤਾ ਹੋਣ ਦੇ ਬਾਵਜੂਦ ਅਜਿਹੇ ਤੱਥਹੀਣ ਦੋਸ਼ ਉਨ੍ਹਾਂ ਦੀ ਖੁਦ ਦੀ ਭਰੋਸੇਯੋਗਤਾ ਤੇ ਸਮਝ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ। ਕਮੀ ਸਾਡੇ ਵਿਚ ਨਹੀਂ, ਉਨ੍ਹਾਂ ਵਿਚ ਹੈ। ਤਾਂ ਹੀ ਉਹ 24 ਕਰੋਡ਼ ਲੋਕਾਂ ਨੂੰ ਪਰਿਵਾਰ ਮੰਨਣ ਵਾਲੇ ‘ਸਬ ਕਾ ਸਾਥ ਸਬ ਕਾ ਵਿਕਾਸ’ ਦੇ ਮੰਤਰ ਨੂੰ ਤਿਆਗ ਕੇ ‘ਪਰਿਵਾਰ ਕਾ ਸਾਥ ਔਰ ਪਰਿਵਾਰ ਕਾ ਵਿਕਾਸ’ ਦੇ ਮੰਤਰ ਨੂੰ ਮੰਨਣ ਵਾਲਿਆਂ ਕੋਲ ਚਲੇ ਗਏ।
Q. ਯੂ. ਪੀ. ਵਿਚ ਭਾਜਪਾ ਦੀ ਸੋਸ਼ਲ ਇੰਜੀਨੀਅਰਿੰਗ ਨੂੰ ਤੁਸੀਂ ਕਿੰਨਾ ਸਫਲ ਮੰਨਦੇ ਹੋ? ਜੇਕਰ ਹਾਂ ਤਾਂ ਫਿਰ ਤੁਹਾਡੇ ਕੁਝ ਸਾਥੀ ਜੋ ਓ.ਬੀ.ਸੀ. ਵੋਟਰਾਂ ਵਿਚ ਕਾਫ਼ੀ ਦਖਲ ਰੱਖਦੇ ਸਨ, ਪਾਰਟੀ ਛੱਡ ਕੇ ਕਿਵੇਂ ਚਲੇ ਗਏ ਅਤੇ ਕੀ ਇਸ ਤੋਂ ਭਾਜਪਾ ਨੂੰ ਨੁਕਸਾਨ ਹੋਣ ਵਾਲਾ ਹੈ?
A. ਵੇਖੋ ਮੈਂ ਫਿਰ ਕਹਿ ਰਿਹਾ ਹਾਂ ਕਿ ਭਾਜਪਾ ਦੀ ਕੇਂਦਰ ਅਤੇ ਸੂਬੇ ਦੀ ਸਰਕਾਰ ‘ਸਬ ਕਾ ਸਾਥ, ਸਬ ਕਾ ਵਿਕਾਸ ਔਰ ਸਬ ਕਾ ਵਿਸ਼ਵਾਸ’ ਮੰਤਰ ਨੂੰ ਲੈ ਕੇ ਚੱਲ ਰਹੀ ਹੈ। ਇਸ ਮੰਤਰ ਦੇ ਅੱਗੇ ਸੋਸ਼ਲ ਇੰਜੀਨੀਅਰਿੰਗ ਵਰਗੇ ਸ਼ਬਦ ਛੋਟੇ ਪੈਂਦੇ ਹਨ। ਪੱਛੜੇ, ਵਾਂਝੇ, ਗਰੀਬ, ਪਿੰਡ, ਕਿਸਾਨ, ਨੌਜਵਾਨ, ਔਰਤਾਂ ਹਰ ਯੋਜਨਾ ਦੇ ਕੇਂਦਰ ਬਿੰਦੂ ਵਿਚ ਹਨ। ਪੰਡਤ ਦੀਨਦਿਆਲ ਉਪਾਧਿਆਏ ਦੇ ਅੰਤਯੋਦਯ ਸੰਕਲਪ ਦੀ ਪੂਰਤੀ ਹੀ ਸਾਡਾ ਟੀਚਾ ਹੈ। ਲੋਕਤੰਤਰ ਵਿਚ ਸਭ ਕੁਝ ਜਨਤਾ ਹੀ ਤੈਅ ਕਰਦੀ ਹੈ। ਜਨਤਾ ਨੇ ਸਾਡੇ ਵਿਕਾਸ ਕਾਰਜਾਂ ਨੂੰ ਵੇਖ ਕੇ ਹੀ 2014, 2017 ਤੇ 2019 ਵਿਚ ਸਾਰੇ ਜਾਤੀਵਾਦੀ, ਪਰਿਵਾਰਵਾਦੀ ਮਨਸੂਬਿਆਂ ਨੂੰ ਢੇਰੀ ਕਰ ਕੇ ਭਾਜਪਾ ਨੂੰ ਚੁਣਿਆ। 2022 ਵਿਚ ਮੁੜ ਜਨਤਾ ਦੇ ਸਮਰਥਨ ਤੇ ਆਸ਼ੀਰਵਾਦ ਸਦਕਾ ਵੱਡੇ ਬਹੁਮਤ ਨਾਲ ਜਿੱਤਾਂਗੇ। ਜੋ ਵੀ ਸਾਥੀ ਗਏ, ਉਹ ਆਪਣੀ ਸਹੂਲਤ, ਪਰਿਵਾਰ ਦੀ ਰਾਜਨੀਤੀ ਕਾਰਨ ਗਏ, ਅਸੀਂ ਉਨ੍ਹਾਂ ਨੂੰ ਖੂਬ ਮਾਣ-ਸਨਮਾਨ ਦਿੱਤਾ। ਗਰੀਬਾਂ ਦੇ ਪੈਸਿਆਂ ਅਤੇ ਜ਼ਮੀਨਾਂ ’ਤੇ ਡਾਕਾ ਮਾਰਨ ਵਾਲੇ ਮਾਫੀਆ ਅਤੇ ਦੰਗਾਕਾਰੀਆਂ ਨਾਲ ਹੱਥ ਮਿਲਾ ਕੇ ਭਾਜਪਾ ਦਾ ਨਹੀਂ ਆਪਣਾ ਨੁਕਸਾਨ ਕੀਤਾ ਹੈ।
Q. ਵਿਕਾਸ ਤੇ ਰੋਜ਼ਗਾਰ ਸੂਬੇ ਵਿਚ ਵੱਡਾ ਮੁੱਦਾ ਹੁੰਦਾ ਹੈ। ਤੁਹਾਡਾ ਦਾਅਵਾ ਹੈ ਕਿ ਸੂਬੇ ਦਾ ਵਿਕਾਸ ਵੀ ਕੀਤਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤੇ। ਇਸ ਦੇ ਬਾਵਜੂਦ ਵੋਟਰਾਂ ਨੂੰ ਲੁਭਾਉਣ ਲਈ ਤੁਹਾਨੂੰ ਮਥੁਰਾ ਅਤੇ ਮੁਹੰਮਦ ਅਲੀ ਜਿਨਾਹ ਵਰਗੇ ਸ਼ਬਦਾਂ ਦੀ ਵਰਤੋਂ ਕਿਉਂ ਕਰਨੀ ਪੈ ਰਹੀ ਹੈ?
A. ਅਸੀਂ ਹਮੇਸ਼ਾ ਸੂਬੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ, ਧਾਰਮਿਕ ਸੈਰ-ਸਪਾਟੇ ਦਾ ਵਿਕਾਸ ਵੀ ਜਿਸ ਵਿਚ ਪ੍ਰਮੁੱਖ ਹੈ। ਇਕ ਪਾਸੇ ਅਸੀਂ ਸਾਢੇ ਚਾਰ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸਰਕਾਰੀ ਨੌਕਰੀ ਦੇ ਰਹੇ ਹਾਂ। ਐੱਮ. ਐੱਸ. ਐੱਮ. ਈ. ਇਕਾਈਆਂ ਰਾਹੀਂ ਸਵਾ ਤਿੰਨ ਕਰੋਡ਼ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਇਹ ਅਸੀਂ ਨਹੀਂ ਕਹਿੰਦੇ ਸਗੋਂ ਥਰਡ ਪਾਰਟੀ ਸਰਵੇ ਵਿਚ ਸਾਹਮਣੇ ਆਇਆ ਹੈ। ਦੂਜੇ ਪਾਸੇ ਸਵੈ-ਰੋਜ਼ਗਾਰ ਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਕਾਸ਼ੀ, ਪ੍ਰਯਾਗ, ਅਯੁੱਧਿਆ, ਨੈਮਿਸ਼ਾਰਣਯ, ਵਿੰਧਿਆਚਲ ਦੇ ਨਾਲ ਹੀ ਮਥੁਰਾ ਨੂੰ ਵੀ ਵਿਕਸਿਤ ਕਰ ਰਹੇ ਹਾਂ। ਇਹ ਪ੍ਰਾਚੀਨ ਸਪਤਪੁਰੀਆਂ ਵਿਚੋਂ ਇੱਕ ਹੈ। ਇਹ ਸਾਡੇ ਲਈ ਮਾਣ ਦਾ ਵਿਸ਼ਾ ਹੈ ਕਿ ਭਗਵਾਨ ਰਾਮ ਤੇ ਕ੍ਰਿਸ਼ਨ ਦਾ ਜਨਮ ਸਥਾਨ ਉੱਤਰ ਪ੍ਰਦੇਸ਼ ਵਿਚ ਹੈ। ਇਨ੍ਹਾਂ ਦਾ ਨਾਂ ਲੈਣਾ ਜਾਂ ਇਨ੍ਹਾਂ ਦੇ ਵਿਕਾਸ ਦੀ ਗੱਲ ਕਰਨਾ ਕੋਈ ਗਲਤ ਗੱਲ ਨਹੀਂ। ਇਕ ਪਾਸੇ ਰਾਸ਼ਟਰ ਨਾਇਕ ਸਰਦਾਰ ਵੱਲਭ ਭਾਈ ਪਟੇਲ ਹਨ ਅਤੇ ਦੂਜੇ ਪਾਸੇ ਖਲਨਾਇਕ ਦੇ ਰੂਪ ਰਾਸ਼ਟਰ ਨੂੰ ਤੋੜਨ ਵਾਲੇ ਜਿਨਾਹ ਵੀ। ਕੋਈ ਸਰਦਾਰ ਵੱਲਭ ਭਾਈ ਦੀ ਤੁਲਨਾ ਜਿਨਾਹ ਨਾਲ ਕਰਨ ਲੱਗ ਜਾਵੇ ਤਾਂ ਇਹ ਵੋਟ ਬੈਂਕ ਦੀ ਸੌੜੀ ਸਿਆਸਤ ਹੈ। ਨਾਇਕ ਸਰਦਾਰ ਵੱਲਭ ਪਟੇਲ ਦੇ ਅੱਗੇ ਖਲਨਾਇਕ ਜਿਨਾਹ ਦਾ ਸਮਰਥਨ ਕਰ ਕੇ ਕੁਝ ਤਾਲਿਬਾਨੀ ਸੋਚ ਵਾਲੇ ਲੋਕ ਦੇਸ਼ ਦੀ ਕੀਮਤ ’ਤੇ ਰਾਜਨੀਤੀ ਕਰ ਰਹੇ ਹਨ। ਕੋਈ ਵੀ ਸੱਭਿਅਕ ਸਮਾਜ ਇਸ ਦਾ ਸਮਰਥਨ ਕਰੇਗਾ? ਜਨਤਾ ਵਿਚ ਅਜਿਹੀਆਂ ਸਾਜ਼ਿਸ਼ਾਂ ਨੂੰ ਉਜਾਗਰ ਕਰਨਾ ਹੀ ਚਾਹੀਦਾ ਹੈ।
Q. ਤੁਸੀਂ ਗੋਰਖਪੁਰ ਨੂੰ ਹੀ ਚੋਣ ਖੇਤਰ ਕਿਉਂ ਚੁਣਿਆ? ਅਯੁੱਧਿਆ ਨੂੰ ਕਿਉਂ ਨਹੀਂ?
A. ਵੇਖੋ ਭਾਜਪਾ ਵਰਕਰਾਂ ਦੀ ਪਾਰਟੀ ਹੈ। ਇਹ ਕੋਈ ਮਾਂ-ਬੇਟੇ, ਪਿਤਾ-ਪੁੱਤਰ ਜਾਂ ਭਰਾ-ਭੈਣ ਦੀ ਪਾਰਟੀ ਨਹੀਂ ਹੈ। ਮੈਂ ਵੀ ਇਕ ਛੋਟਾ ਜਿਹਾ ਵਰਕਰ ਹਾਂ ਅਤੇ ਚੋਟੀ ਦੀ ਲੀਡਰਸ਼ਿਪ ਕੋਰ ਕਮੇਟੀ ਜੋ ਵੀ ਫੈਸਲਾ ਲੈਂਦੀ ਹੈ ਸਾਡੇ ਸਾਰਿਆਂ ਲਈ ਉਹ ਸਰਵਉੱਚ ਹੁੰਦਾ ਹੈ। ਪਾਰਟੀ ਨੇ ਤੈਅ ਕੀਤਾ ਹੈ ਕਿ ਗੋਰਖਪੁਰ ਤੋਂ ਲੜਨਾ ਹੈ ਤਾਂ ਹੁਕਮ ਦੀ ਪਾਲਣਾ ਕਰਨੀ ਮੇਰਾ ਕਰਤੱਵ ਹੈ। ਗੋਰਖਪੁਰ ਨੇ ਮੈਨੂੰ ਇੰਨਾ ਦਿੱਤਾ ਹੈ ਕਿ ਜਿੰਨੀ ਵੀ ਸੇਵਾ ਕਰ ਦੇਵਾਂ, ਘੱਟ ਹੀ ਹੈ। ਅੱਗੇ ਵੀ ਗੋਰਖਪੁਰ ਦੀ ਸੇਵਾ ਦਾ ਮੁੜ ਮੌਕਾ ਪਾਰਟੀ ਨੇ ਦਿੱਤਾ ਹੈ। ਇਸ ਦੇ ਲਈ ਮੈਂ ਚੋਟੀ ਦੀ ਲੀਡਰਸ਼ਿਪ ਦਾ ਅਹਿਸਾਨਮੰਦ ਹਾਂ। ਰਹੀ ਗੱਲ ਅਯੁੱਧਿਆ ਦੀ ਤਾਂ ਮੈਂ ਕੀ ਚੁਣਾਂਗਾ? ਅਯੁੱਧਿਆ ਨੇ ਤਾਂ ਆਪ ਸਾਨੂੰ ਸਾਰਿਆਂ ਨੂੰ ਚੁਣਿਆ ਹੈ। ਪ੍ਰਭੂ ਰਾਮ ਦੇ ਆਸ਼ੀਰਵਾਦ ਨਾਲ ਹੀ ਅਸੀਂ ਅਯੁੱਧਿਆ ਦੇ ਵਿਕਾਸ ਲਈ ਪੂਰੇ ਮਨ ਨਾਲ ਕੰਮ ਕਰ ਰਹੇ ਹਾਂ। ਰਾਮ ਮੰਦਿਰ ਦੀ ਉਸਾਰੀ ਅਤੇ ਦੈਵਿਕ ਦੀਪੋਤਸਵ ਅੱਜ ਪੂਰੇ ਸੰਸਾਰ ਨੂੰ ਅਯੁੱਧਿਆ ਵੱਲ ਆਕਰਸ਼ਿਤ ਕਰ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੇਸ਼ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟੀ ਪਰ ਮ੍ਰਿਤਕਾਂ ਦੀ ਗਿਣਤੀ ਨੇ ਫੜੀ ਰਫ਼ਤਾਰ
NEXT STORY