ਮੋਹਾਲੀ (ਪਰਦੀਪ)- ਸਿੱਧੂ ਲੰਬੀ ਛੁੱਟੀ ਤੋਂ ਪਰਤੇ ਹਨ ਜਿਸ ਕਾਰਨ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵਲੋਂ ਅਕਾਲੀ ਦਲ ਤੇ ਭਾਜਪਾ ਦੀ ਪਿੱਠ 'ਚ ਛੁਰਾ ਮਾਰਨ ਦੀ ਗੱਲ ਤੇ ਸਖਤ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਿੱਧੂ 'ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਕੱਢ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੰਬਾ ਇਤਿਹਾਸ ਹੈ ਤੇ ਇਸ ਨੇ ਕਿਸੇ ਪਾਰਟੀ ਨਾਲ ਕਦੇ ਧੋਖਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਹਾਈਕਮਾਂਡ ਨੂੰ ਅਕਾਲੀ ਦਲ ਵੱਲੋਂ ਇਨੈਲੋ ਦੀ ਹਿਮਾਇਤ ਪ੍ਰਤੀ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ ਅਤੇ ਇਹ ਬਹੁਤ ਪੁਰਾਣੇ ਸਮੇਂ ਤੋਂ ਇਹ ਗਠਜੋੜ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਕਾਂਗਰਸ ਹੈ ਅਤੇ ਉਸ ਨੂੰ ਹਰਾ ਕੇ ਜੇਕਰ ਇਨੈਲੋ ਜਿੱਤਦਾ ਹੈ ਤਾਂ ਅਕਾਲੀ ਦਲ ਬੀ.ਜੇ.ਪੀ ਤੇ ਇਨੈਲੋ 'ਚ ਪੁਲ ਦਾ ਕੰਮ ਕਰ ਸਕਦਾ ਹੈ।
ਇਥੇ ਪਾਰਟੀ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ. ਸਿੱਧੂ ਨੂੰ ਅੰਮ੍ਰਿਤਸਰ ਤੋਂ ਟਿਕਟ ਨਾ ਮਿਲਣ ਕਾਰਨ ਭਾਜਪਾ 'ਤੇ ਗੁੱਸਾ ਹੈ ਪਰ ਉਹ ਕੱਢ ਅਕਾਲੀ ਦਲ 'ਤੇ ਰਹੇ ਹਨ ਜੋ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ। ਸਿੱਧੂ ਲੰਬੀ ਛੁੱਟੀ ਤੋਂ ਪਰਤੇ ਹਨ ਜਿਸ ਕਾਰਨ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ। ਹਰਿਆਣਾ 'ਚ ਇਨੈਲੋ ਦੀ ਸਰਕਾਰ ਬਨਾਉਣ ਲਈ ਅਕਾਲੀ ਪਾਰਟੀ ਵੱਲੋਂ ਜ਼ੋਰ ਲਾਇਆ ਜਾ ਰਿਹਾ ਹੈ ਪਰ ਉਨ੍ਹਾਂ ਨਾਲ ਹੀ ਪੰਜਾਬ ਦਾ ਝਗੜਾ ਰਹਿੰਦਾ ਹੈ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀਆਂ ਤੇ ਰਾਜਧਾਨੀ ਦਾ ਮਾਮਲਾ ਹੋਰ ਗੱਲ ਹੈ ਪਰ ਹਰਿਆਣਾ 'ਚ ਆਪਣੇ ਪੱਖੀ ਸਰਕਾਰ ਬਨਾਉਣੀ ਹੋਰ ਗੱਲ ਹੈ। ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਤੇ ਬਾਦਲ-ਚੋਟਾਲਾ ਦੋਸਤੀ ਪੰਜਾਬ ਹਰਿਆਣਾ ਦੇ ਮਸਲੇ ਹੱਲ ਕਰਨ 'ਚ ਸਹਾਈ ਹੀ ਹੋਵੇਗੀ।
ਬੀ.ਜੇ.ਪੀ ਦੇਸ਼ ਦੀਆਂ ਨਦੀਆਂ ਦਰਿਆਵਾਂ ਨੂੰ ਜੋੜਨ ਦੀ ਗੱਲ ਕਰਦੀ ਹੈ ਤੇ ਅਕਾਲੀ ਨਾ ਜੋੜਨ ਤੇ ਖੜ੍ਹੇ ਹਨ, ਬਾਰੇ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੀ ਵਾਜਪਾਈ ਦੀ ਸਰਕਾਰ ਸਮੇਂ ਇਹ ਫੈਸਲਾ ਹੋ ਗਿਆ ਸੀ ਕਿ ਦਰਿਆ ਜੋੜਨ ਦਾ ਮਾਮਲਾ ਰਾਜ ਦੀ ਸਲਾਹ ਨਾਲ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਸੰਬੰਧਤ ਮੰਤਰੀ ਸਾਹਿਬ ਨੇ ਵੀ ਸੰਸਦ 'ਚ ਕਿਹਾ ਸੀ ਕਿ ਕੇਂਦਰ ਸਰਕਾਰ ਸੂਬਿਆਂ ਦੀ ਮਰਜ਼ੀ ਅਨੁਸਾਰ ਕੰਮ ਕਰੇਗੀ।
ਜਦੋਂ ਉਨ੍ਹਾਂ ਨੂੰ ਬੀ.ਜੇ.ਪੀ ਵੱਲੋਂ ਅਕਾਲੀ ਦਲ 'ਤੇ ਹਮਲਾਵਰ ਰੁੱਖ ਅਖਤਿਆਰ ਕਰਕੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁੱਫਤ ਬਿਜਲੀ ਬੰਦ ਕਰਨ ਦੀ ਮੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੀ ਸਾਂਤਾ ਕੁਮਾਰ ਤੇ ਭਾਜਪਾ ਹਾਈਕਮਾਂਡ ਦੀ ਇਹ ਪੁਰਾਣੀ ਰਾਏ ਹੈ ਪਰ ਜਦੋਂ ਦੋ ਪਾਰਟੀਆਂ ਗਠਜੋੜ ਕਰਕੇ ਸਰਕਾਰ ਬਨਾਉਂਦੀਆਂ ਹਨ ਤਾਂ ਸਾਂਝੀਆਂ ਗੱਲਾਂ ਤੇ ਸਹਿਮਤੀ ਬਣਾ ਕੇ ਸਰਕਾਰ ਚਲਾਈ ਜਾਂਦੀ ਹੈ। ਸਬਸਿਡੀਆਂ ਤੇ ਬਿਜਲੀ ਤੇ ਪੰਜਾਬ ਭਾਜਪਾ ਦੀ ਰਾਏ ਵੀ ਸਾਂਝੀ ਸੀ ਜਿਸ ਕਰਕੇ ਇਹ ਦਿੱਤੀਆਂ ਜਾ ਰਹੀਆਂ ਹਨ।
ਬਠਿੰਡਾ ਥਰਮਲ ਪਲਾਂਟ ਦੇ ਤਿੰਨ ਯੂਨਿਟ ਹੋਏ ਬੰਦ (ਵੀਡੀਓ)
NEXT STORY