ਮੋਹਾਲੀ (ਨਿਆਮੀਆਂ): ਮੋਹਾਲੀ ਵਿਖੇ ਅੱਜ ਉਦੋਂ ਪੰਜਾਬ ਦੀ ਭਰਾਤਰੀ ਭਾਵ ਵਾਲੀ ਪਰੰਪਰਾ ਨੂੰ ਕਲੰਕ ਲੱਗ ਗਿਆ ਜਦੋਂ ਮੋਹਾਲੀ ਪੁਲਸ ਨੇ ਇਨਸਾਫ ਮੰਗ ਰਹੇ ਅਧਿਆਪਕਾਂ ਨੂੰ ਛੱਲੀਆਂ ਵਾਂਗੂੰ ਕੁੱਟਿਆ ਤੇ ਮਹਿਲਾ ਅਧਿਆਪਕਾਂ ਦੀ ਵੀ ਪੁਲਸ ਨੇ ਰੱਜ ਕੇ ਬੇਇੱਜ਼ਤੀ ਕੀਤੀ। ਅਧਿਆਪਕਾਂ ਦੀਆਂ ਪੱਗਾਂ ਸੜਕਾਂ ਤੇ ਰੋਲੀਆਂ ਗਈਆਂ ਤੇ ਉਨ੍ਹਾਂ ਨੂੰ ਦੌੜਾ-ਦੌੜਾ ਕੇ ਕੁੱਟਿਆ ਗਿਆ। ਪੁਲਸ ਨੇ ਜੰਗਲ ਰਾਜ ਦੀ ਯਾਦ ਦਿਵਾ ਦਿੱਤੀ। ਕੁੱਝ ਅਧਿਆਪਕ ਦੌੜ ਕੇ ਮਾਰਕੀਟ ਵਿਚ ਵੜ ਗਏ ਤੇ ਕੁੱਝ ਫੇਜ਼ 7 ਦੇ ਘਰਾਂ ਵਿਚ ਵੀ ਜਾ ਵੜੇ ਪਰ ਪੁਲਸ ਨੇ ਮੁਗਲਾਂ ਦੇ ਅੱਤਿਆਚਾਰਾਂ ਨੂੰ ਵੀ ਮਾਤ ਪਾਉਂਦਿਆਂ ਇਕ-ਇਕ ਕਰਕੇ ਸਾਰੇ ਹੀ ਅਧਿਆਪਕਾਂ ਨੂੰ ਚੁਣ ਚੁਣ ਕੇ ਬਾਹਰ ਕੱਢ ਕੇ ਕੁੱਟਿਆ। ਇਹ ਸਾਰੇ ਹੀ ਅਧਿਆਪਕ ਪੂਰੇ ਸ਼ਾਂਤਮਈ ਤਰੀਕੇ ਨਾਲ ਆਪਣਾ ਹੱਕ ਮੰਗ ਰਹੇ ਸਨ ਪਰ ਪੁਲਸ ਨੇ ਪੂਰੀ ਭੜਕਾਹਟ ਵਾਲੀ ਕਾਰਵਾਈ ਕਰਦਿਆਂ ਇਨ੍ਹਾਂ ਅਧਿਆਪਕਾਂ ਨਾਲ ਪਸ਼ੂਆਂ ਤੋਂ ਵੀ ਮਾੜਾ ਵਿਵਹਾਰ ਕੀਤਾ। ਮਾਨਸਾ ਤੋਂ ਆਈ ਇਕ ਮਹਿਲਾ ਤਾਂ ਪੁਲਸ ਦੀ ਮਾਰ ਦੀ ਤਾਬ ਨਾਂ ਸਹਿੰਦੀ ਹੋਈ ਬੇਹੋਸ਼ ਵੀ ਹੋ ਗਈ ਪਰ ਪੁਲਸ ਉਸ ਦੀ ਫਿਰ ਵੀ ਖਿੱਚਧੂਹ ਕਰਦੀ ਰਹੀ। ਯੂਨੀਅਨ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਵਰ੍ਹੇ ਦੀ ਪੱਗ ਵੀ ਪੁਲਸ ਮੁਲਾਜਮਾਂ ਨੇ ਧੱਕਾਮੁੱਕੀ ਕਰਕੇ ਲਾਹ ਦਿੱਤੀ। ਪੁਲਸ ਨੇ ਇਥੇ ਹੀ ਬੱਸ ਨਹੀਂ ਕੀਤੀ ਸਗੋਂ ਅਧਿਆਪਕਾਂ ਵਲੋਂ ਲਾਇਆ ਗਿਆ ਧਰਨੇ ਵਾਲਾ ਟੈਂਟ ਫਾੜ ਦਿੱਤਾ ਤੇ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੂੰ ਵੀ ਜ਼ਬਰਦਸਤੀ ਚੁੱਕ ਲਿਆ।
ਰੇਖਾ ਰਾਣੀ ਮਾਨਸਾ ਪੁਲਸ ਦੇ ਲਾਠੀਚਾਰਜ ਕਾਰਨ ਬੇਹੋਸ਼ ਹੋ ਗਈ ਜਿਸ ਨੂੰ ਉਸ ਦੀਆਂ ਸਾਥਣਾਂ ਨੇ ਸੰਭਾਲਿਆ ਪਰ ਪੁਲਸ ਫਿਰ ਵੀ ਉਨ੍ਹਾਂ ਨਾਲ ਧੱਕਾ ਮੁੱਕੀ ਕਰਦੀ ਰਹੀ। ਫੜੇ ਗਏ ਵਿਅਕਤੀਆਂ ਵਿਚ ਆਂਗਨਵਾੜੀ ਵਰਕਰ ਯੂਨੀਅਨ ਦੀ ਪੰਜਾਬ ਪ੍ਰਧਾਨ ਊਸ਼ਾ ਰਾਣੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੋਗਿੰਦਰ ਦਿਆਲਪੁਰਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜੀ. ਟੀ. ਯੂ., ਈ. ਟੀ. ਯੂ. ਦੇ ਕਰਮਚਾਰੀ ਸ਼ਾਮਲ ਸਨ। ਬਾਅਦ ਵਿਚ ਪੁਲਸ ਨੇ ਮਰਨ ਵਰਤ ਵਾਲੇ ਟੈਂਟ ਤੇ ਹਮਲਾ ਕੀਤਾ ਤੇ ਉਸ ਨੂੰ ਪੁੱਟ ਦਿੱਤਾ ਤੇ ਫਾੜ ਦਿੱਤਾ। ਜੋ ਅਧਿਆਪਕ ਮਰਨ ਵਰਤ ਤੇ ਬੈਠੇ ਸਨ ਉਨ੍ਹਾਂ ਸਾਰਿਆਂ ਨੂੰ ਵੀ ਖਿੱਚਧੂਹ ਕਰਕੇ ਉਥੋਂ ਚੁੱਕ ਲਿਆ। ਪੰਜਾਬ ਪ੍ਰਧਾਨ ਜਸਵੀਰ ਸਿੰਘ ਭੁੱਲਰਹੇੜੀ ਨੇ ਕਿਹਾ ਕਿ ਸਰਕਾਰ ਡੰਡੇ ਦੇ ਜੋਰ ਤੇ ਜਾਂ ਜੇਲ੍ਹਾਂ ਦੇ ਡਰ ਨਾਲ ਸੰਘਰਸ਼ ਨੂੰ ਨਹੀਂ ਦਬਾ ਸਕਦੀ। ਭਰਤੀ ਪ੍ਰਕ੍ਰਿਆ ਪੂਰੀ ਕਰਵਾਉਣ ਲਈ ਉਹ ਆਪਣੀ ਜਾਨ ਦੀ ਬਾਜ਼ੀ ਲਗਾ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਟਕ ਦੇ ਰਘਬੀਰ ਸਿੰਘ ਸੰਧੂ, ਜੀ. ਟੀ. ਯੂ. ਦੇ ਹਰਜੀਤ ਸਿੰਘ, ਈ. ਟੀ. ਯੂ. ਦੇ ਹਰਕ੍ਰਿਸ਼ਨ ਸਿੰਘ, ਸਿੱਖਿਆ ਪ੍ਰੋਵਾਈਡਰ ਦੇ ਹਰਦੀਪ ਸਿੰਘ ਸਰਾਲਾ, ਸਿੱਖਿਆ ਬਚਾਉ ਕਮੇਟੀ ਦੇ ਇੰਦਰ ਸਿੰਘ, ਡੀ. ਟੀ. ਐਫ. ਦੇ ਦਵਿੰਦਰ ਸਿੰਘ, ਐਡਵੋਕੇਟ ਯੂਨੀਅਨ ਤੋਂ ਦਿਨੇਸ਼ ਚੱਡਾ ਆਦਿ ਕਈ ਸੈਕੜੇ ਈ. ਟੀ. ਟੀ. ਟੈੱਟ ਬੇਰੁਜ਼ਗਾਰ ਅਧਿਆਪਕ ਸ਼ਾਮਿਲ ਸਨ।
ਸਿੱਧੂ 'ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ' ਕੱਢ ਰਹੇ ਹਨ: ਚੰਦੂਮਾਜਰਾ
NEXT STORY