ਹਾਲ ਹੀ ਦੇ ਦਿਨਾਂ 'ਚ ਜਗ ਬਾਣੀ ਨੇ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਪੰਜਾਬੀ ਗਾਇਕ ਰਾਜ ਬਰਾੜ ਆਪਣੀ ਫਿਲਮ 'ਪੁਲਿਸ ਇਨ ਪਾਲੀਵੁੱਡ ਬੱਲੇ-ਬੱਲੇ' ਦੇ ਪ੍ਰਚਾਰ ਮੌਕੇ ਇਕ ਪ੍ਰੈੱਸ ਕਾਨਫਰੰਸ 'ਚ ਗਏ, ਜਦ ਉਹ ਸਟੇਜ 'ਤੇ ਲੜਖੜਾਉਂਦੇ ਹੋਏ ਚੜ੍ਹੇ ਅਤੇ ਡਿੱਗਣ ਲੱਗੇ ਤਾਂ ਸਾਥੀ ਕਲਾਕਾਰ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਹਾਰਾ ਦੇ ਕੇ ਕੁਰਸੀ 'ਤੇ ਬਿਠਾਇਆ। ਦਰਅਸਲ, ਇਸ ਗੱਲ ਨੂੰ ਸਾਂਝੀ ਕਰਨ ਦਾ ਮੰਤਵ ਪੰਜਾਬੀ ਫਿਲਮ 'ਪੁਲਿਸ ਇਨ ਪਾਲੀਵੁੱਡ' ਨਾਲ ਹੀ ਜੁੜਿਆ ਹੋਇਆ ਹੈ। ਫਿਲਮ ਕਈ ਥਾਵਾਂ ਤੋਂ ਲੜਖੜਾਈ ਅਤੇ ਡਗਮਗਾਈ ਲੱਗੀ, ਜਿਸ 'ਚ ਭਗਵੰਤ ਮਾਨ ਇਸ ਫਿਲਮ ਨੂੰ ਸੰਭਾਲਣ 'ਚ ਲੱਗੇ ਰਹੇ। ਪੰਜਾਬ ਦੀਆਂ ਤਲਖ ਹਕੀਕਤਾਂ ਨੂੰ ਬਿਆਨ ਕਰਦੀ ਇਸ ਫਿਲਮ ਦਾ ਵਿਸ਼ਾ-ਵਸਤੂ ਸਮਾਜ ਨੂੰ ਚੰਗੀ ਸੇਧ ਦੇਣ ਵਾਲਾ ਹੈ ਪਰ ਪੇਸ਼ਕਾਰੀ ਨਹੀਂ। ਫਿਲਮ ਦੀ ਡਾਇਰੈਕਟਰ ਪਾਲੀਵੁੱਡ ਇੰਡਸਟਰੀ ਦੀ ਹੱਸਮੁੱਖ ਕਲਾਕਾਰ ਸੁਨੀਤਾ ਧੀਰ ਹੈ, ਜਿਸ ਨੇ ਰਿਸ਼ਵਤਖੋਰੀ, ਆਨਰ ਕਿਲਿੰਗ ਅਤੇ ਬੇਰੋਜ਼ਗਾਰੀ ਵਰਗੀਆਂ ਸਮੱਸਿਆਵਾਂ ਨੂੰ ਇਸ ਫਿਲਮ ਰਾਹੀਂ ਚੁੱਕਿਆ ਜ਼ਰੂਰ ਪਰ ਪੂਰੀ ਤਰ੍ਹਾਂ ਇਸ ਨੂੰ ਪਰਦੇ 'ਤੇ ਪੇਸ਼ ਨਹੀਂ ਕਰ ਸਕੀ। ਫਿਲਮ ਦਾ ਵਿਸ਼ਾ ਚੰਗਾ ਸੀ, ਹੋਰ ਖੇਡਿਆ ਜਾ ਸਕਦਾ ਸੀ ਪਰ ਕੈਮਰੇ ਦੀ ਅੱਖ ਕੋਈ ਖਾਸ ਕਮਾਲ ਨਹੀਂ ਕਰ ਪਾਈ, ਜਿਵੇਂ ਡੰਡੇ ਦੇ ਜ਼ੋਰ 'ਤੇ ਇਸ ਫਿਲਮ ਨੂੰ ਮੁਕੰਮਲ ਕੀਤਾ ਗਿਆ ਹੋਵੇ।
ਫਿਲਮ ਦੇ ਹੀਰੋ ਅਤੇ ਹੀਰੋਇਨ ਅਨੁਜ ਸਚਦੇਵਾ ਤੇ ਮਨੀ ਕਪੂਰ ਚੰਗੀ ਅਦਾਕਾਰੀ ਕਰ ਗਏ। ਇਹਦੇ ਨਾਲ-ਨਾਲ ਰਾਜ ਬਰਾੜ, ਸਰਦੂਲ ਸਿਕੰਦਰ, ਮੁਹੰਮਦ ਸਦੀਕ ਤੇ ਲਾਭ ਜੰਜੂਆ ਵੀ ਆਪਣੀ ਐਕਟਿੰਗ ਦਾ ਲੋਹਾ ਮੰਨਵਾਉਂਦੇ ਨਜ਼ਰੀਂ ਆਏ। ਫਿਲਮ ਦੇ ਸੰਗੀਤਕ ਪੱਖ ਦੀ ਗੱਲ ਕਰੀਏ ਤਾਂ ਲਾਭ ਜੰਜੂਆ ਦੀ ਆਵਾਜ਼ 'ਚ ਗਾਇਆ ਗੀਤ 'ਪੁਲਿਸ ਦੀ ਬੱਲੇ-ਬੱਲੇ, ਪੁਲਿਸ ਪਾਲੀਵੁੱਡ ਨੂੰ ਚੱਲੇ' ਕਾਫੀ ਵਾਹ-ਵਾਹੀ ਖੱਟ ਰਿਹਾ ਹੈ ਪਰ ਫਿਲਮ 'ਪੁਲਿਸ ਇਨ ਪਾਲੀਵੁੱਡ' ਦੀ ਦਰਸ਼ਕ ਜਾਂ ਫਿਰ ਪਾਲੀਵੁੱਡ ਇੰਡਸਟਰੀ 'ਬੱਲੇ-ਬੱਲੇ' ਕਰਦੀ ਹੈ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੋਵੇਗੀ।
'ਹੈਪੀ ਐਂਡਿੰਗ' ਵਿਚ ਸੈਫ ਦੀ ਖਾਸ ਲੁਕ
NEXT STORY