'ਗੁਰੂ ਨਾਨਕ ਜੀ ਨੇ ਆਪਣੇ ਸਾਰੇ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਦਿੱਤਾ ਤੇ ਘਰ ਵਾਪਿਸ ਆ ਗਏ। ਪਿਤਾ ਮਹਿਤਾ ਕਾਲੂ ਜੀ ਨੇ ਖਰਾ ਸੌਦਾ ਕਰਨ ਲਈ ਆਖਿਆ ਸੀ ਤੇ ਇਸ ਤੋਂ ਵਧੇਰੇ ਖਰਾ ਸੌਦਾ ਹੋਰ ਕੀ ਹੋ ਸਕਦਾ ਸੀ।''
ਇਹ ਕਹਾਣੀ ਮੇਰੀ ਸਹੇਲੀ ਅਕਸਰ ਆਪਣੇ ਦੋ ਬੇਟਿਆਂ ਨੂੰ ਸੁਣਾਉਂਦੀ। ਉਹ ਦਰਅਸਲ, ਮੇਰੀ ਸਹੇਲੀ ਹੀ ਨਹੀਂ, ਮੇਰੀ ਪਹਿਲੀ ਸਟੂਡੈਂਟ ਵੀ ਰਹੀ ਸੀ, ਜਦ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀ। ਉਹ ਮੇਰੇ ਗੁਆਂਢੀ ਪਿੰਡ ਤੋਂ ਵੀ ਸੀ। ਆਪਣੇ ਤੋਂ ਦੂਰ ਮਾਪਿਆਂ, ਭੈਣ-ਭਰਾਵਾਂ ਤੇ ਸਹੇਲੀਆਂ ਤੋਂ ਦੂਰ ਕੁਦਰਤ ਦੀ ਗੋਦ ਵਿਚ ਬ੍ਰਿਟਿਸ਼ ਕੋਲੰਬੀਆ ਦੇ ਇਕ ਨਿੱਕੇ ਜਿਹੇ ਕਸਬੇ ਵਿਚ ਇਹੋ ਜਿਹੀਆਂ ਕਹਾਣੀਆਂ ਉਸ ਨੂੰ ਆਪਣੇ ਪਿੰਡ, ਆਪਣੀ ਮਿੱਟੀ ਤੇ ਆਪਣੇ ਸੰਸਕਾਰਾਂ ਨਾਲ ਜੋੜੀ ਰੱਖਦੀਆਂ।
ਵਿਆਹ ਕਾਰਨ ਉਸ ਦੀ ਆਪਣੀ ਪੜ੍ਹਾਈ ਪੂਰੀ ਨਹੀਂ ਸੀ ਹੋ ਸਕੀ ਤੇ ਜੋ ਕੁਝ ਵੀ ਉਸ ਨੇ ਆਪਣੇ ਬਚਪਨ ਵਿਚ ਸਿੱਖਿਆ ਸੀ, ਸੁਣਿਆ ਸੀ, ਉਹੀ ਕੁਝ ਉਹ ਰਾਤ ਪਏ ਆਪਣੇ ਬੱਚਿਆਂ ਨੂੰ ਸੁਣਾ ਦਿੰਦੀ। 'ਸੱਚੇ ਸੌਦੇ' ਦੀ ਕਹਾਣੀ, ਨਾਨਕ ਜੀ ਦਾ 'ਤੇਰਾ-ਤੇਰਾ' ਆਖ ਸਾਰਾ ਖ਼ਜ਼ਾਨਾ ਲੁਟਾ ਦੇਣਾ¸ਗੱਲ ਕੀ, ਉਹ ਹਰ ਹੀਲੇ ਆਪਣੇ ਬੱਚਿਆਂ ਨੂੰ ਨੇਕ ਇਨਸਾਨ ਬਣਾਉਣ ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਾਉਣ-ਲਿਖਾਉਣ ਦਾ ਹੀਲਾ ਸੋਚਦੀ ਰਹਿੰਦੀ।
ਗੱਲ ਇੰਝ ਹੋਈ ਕਿ ਮੈਂ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਆਪਣੀ ਇਸ ਸਹੇਲੀ ਨੂੰ ਕੋਈ 25-30 ਸਾਲਾਂ ਬਾਅਦ ਮਿਲੀ। ਸੁਭਾਵਿਕ ਸੀ ਮੇਰਾ ਉਸ ਨੂੰ ਉਸ ਬਾਰੇ ਤੇ ਉਸ ਦੇ ਪਰਿਵਾਰ ਬਾਰੇ ਪੁੱਛਣਾ ਪਰ ਉਸ ਨੇ ਕੋਈ ਖ਼ਾਸ ਉਤਸੁਕਤਾ ਜਾਂ ਸ਼ੌਕ ਨਾਲ ਕੋਈ ਗੱਲ ਨਹੀਂ ਕੀਤੀ, ਜਿਵੇਂ ਕਿ ਆਮ ਮਾਵਾਂ ਬੜੇ ਚਾਅ ਤੇ ਵਧਾ-ਚੜ੍ਹਾਅ ਕੇ ਆਪਣੇ ਬੱਚਿਆਂ ਬਾਰੇ ਗੱਲ ਕਰਦੀਆਂ ਹਨ। ਪਤਾ ਲੱਗਿਆ ਕਿ ਉਸ ਦੇ ਇਕ ਬੇਟੇ 'ਤੇ ਉਸ ਨੇ ਬਹੁਤ ਖੁੱਲ੍ਹਾ ਖਰਚ ਕਰ ਕੇ ਚੰਗੇ ਸਕੂਲਾਂ ਤੇ ਚੰਗੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਸੀ ਤੇ ਉਹ ਪੜ੍ਹ ਵੀ ਚੰਗਾ ਗਿਆ ਸੀ, ਦੋ ਵਿਸ਼ਿਆਂ 'ਚ ਉਸ ਨੇ ਡਿਗਰੀ ਲਈ ਸੀ ਪਰ ਹੁਣ ਪੂਰਾ ਸਮਾਂ ਇਕ ਸੋਸ਼ਲ ਐਕਟੀਵਿਸਟ ਹੈ। ਮੈਂ ਉਸ ਨੂੰ ਕਿਹਾ ਕਿ ਜੇ ਉਹ ਵਾਕਿਆ ਹੀ ਕੁਝ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਉਸ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਇੰਝ ਤਾਂ ਆਖ ਰਹੀ ਸੀ ਕਿ ਆਮ ਤੌਰ 'ਤੇ ਲੋਕ ਉਨ੍ਹਾਂ ਲੋਕਾਂ ਨੂੰ ਸਫਲ ਗਿਣਦੇ ਹਨ, ਜੋ ਕੁਝ ਵੱਡੇ ਰੁਤਬੇ 'ਤੇ ਪੁੱਜ ਕੇ ਖੂਬ ਪੈਸਾ ਕਮਾ ਰਹੇ ਹੁੰਦੇ ਹਨ। ਉਸ ਨੂੰ ਸ਼ਾਇਦ ਮੇਰੀ ਸਮਝ 'ਤੇ ਅਜੇ ਪੂਰਾ ਭਰੋਸਾ ਨਹੀਂ ਸੀ ਹੋਇਆ ਜਾਂ ਉਸ ਸੋਚ ਲਿਆ ਸੀ ਕਿ ਮੈਂ ਵੀ ਆਮ ਲੋਕਾਂ ਵਾਂਗ ਇਕ ਆਮ ਜਿਹੇ ਮਾਪਦੰਡ ਨਾਲ ਉਸ ਦੇ ਬੱਚਿਆਂ ਨੂੰ ਮਾਪਾਂਗੀ ਤੇ ਇੰਝ ਸੋਚਣ ਵਿਚ ਉਹ ਕਿਸੇ ਹੱਦ ਤਕ ਠੀਕ ਵੀ ਸੀ। ਉਹ ਮੇਰੇ ਪਿੰਡ ਦੇ ਨਾਲ ਦੇ ਪਿੰਡ ਤੋਂ ਸੀ, ਜੋ ਲੋਕ ਸਿੱਧਵਾਂ ਬੇਟ ਦੇ ਇਲਾਕੇ ਬਾਰੇ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਜੰਡੀ ਤੇ ਰਸੂਲਪੁਰ ਕੋਲ-ਕੋਲ ਹਨ ਤੇ ਹੁਣ ਤੇ ਉਨ੍ਹਾਂ ਪਿੰਡਾਂ ਦੀਆਂ ਹੱਦਾਂ ਇਕ-ਦੂਜੇ ਵਿਚ ਵੜ ਗਈਆਂ ਹਨ। ਜੰਡੀ ਉਸ ਦੇ ਪੇਕੇ ਹਨ ਤੇ ਕੁਝ ਦੂਰ ਹੀ ਰਾਉਵਾਲ ਉਸ ਦੇ ਸਹੁਰੇ ਹਨ। ਮਾਂ ਨੂੰ ਇਹ ਫਿਕਰ ਸੀ ਕਿ ਪੁੱਤ ਇੰਨਾ ਪੜ੍ਹਿਆ-ਲਿਖਿਆ ਹੈ, ਪਹਿਲਾਂ ਕੁਝ ਕਮਾ ਵੀ ਲਵੇ, ਫਿਰ ਲੋਕਾਂ ਦੀ ਮਦਦ ਕਰਨ ਨਿਕਲੇ ਤੇ ਪੁੱਤ ਦਾ ਆਖਣਾ ਹੈ ਕਿ ''ਮਮ, ਪੈਸਿਆਂ ਨਾਲ ਕੀਤੀ ਮਦਦ ਕੋਈ ਮਦਦ ਨਹੀਂ, ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤੇ ਸਿਖਾਉਣ ਦੀ ਲੋੜ ਹੈ ਕਿ ਆਪਣੇ ਪੈਰਾਂ 'ਤੇ ਕਿਵੇਂ ਖੜ੍ਹਾ ਹੋਣਾ ਹੈ!''
ਮਮ ਆਪਣੀ ਥਾਂ 'ਤੇ ਠੀਕ ਹੈ¸ਲੋਕ ਤੁਹਾਡੀ ਤਾਂ ਹੀ ਕਦਰ ਕਰਦੇ ਨੇ, ਜੇ ਤੁਹਾਡੇ ਕੋਲ ਪੈਸਾ ਹੈ, ਰੁਤਬਾ ਹੈ, ਕੋਈ ਵੱਡੀ ਸਾਰੀ ਕੋਠੀ ਤੇ ਨੌਕਰੀ ਹੈ¸ਬੇਟੇ ਦਾ ਆਖਣਾ ਹੈ, ''ਮੰਮੀ ਜਿਊਣ ਲਈ ਪੈਸੇ ਦੀ ਕੋਈ ਬਹੁਤੀ ਲੋੜ ਨਹੀਂ¸ਕੀ ਲੋੜ ਹੈ ਮਹਿੰਗੇ-ਮਹਿੰਗੇ ਘਰਾਂ ਦੀ¸ਬੇਲੋੜੇ ਸਾਮਾਨ ਦੀ ਜਾਂ ਵੱਡੇ-ਵੱਡੇ ਟੀ. ਵੀ. ਸੈੱਟਸ ਦੀ?'' ਗੱਲ ਵੀ ਠੀਕ ਹੈ, ਖਾਣ ਨੂੰ ਤਾਂ ਅਸੀਂ ਦੋ ਰੋਟੀਆਂ ਹੀ ਖਾਣੀਆਂ ਹੁੰਦੀਆਂ ਨੇ! ਪਰ ਇਸ ਬਹਿਸ ਵਿਚ ਬੇਟਾ ਨਹੀਂ, ਮਾਂ ਬਦਲ ਰਹੀ ਹੈ¸ਉਹ ਦੁਨੀਆ ਦੀਆਂ ਮੌਜੂਦਾ ਮੁਸ਼ਕਿਲਾਂ ਬਾਰੇ ਜਾਣੂ ਹੈ, ਹਰ ਉਹ ਕੰਮ, ਜਿਸ ਵਿਚ ਉਸ ਦਾ ਬੇਟਾ ਤੇ ਉਸ ਦੀ ਨੂੰਹ ਹਿੱਸਾ ਲੈਂਦੇ ਹਨ, ਉਸ ਬਾਰੇ ਉਸ ਨੂੰ ਪੂਰੀ ਤਰ੍ਹਾਂ ਸਮਝ ਤੇ ਵਾਕਫੀਅਤ ਵੀ ਹੈ, ਉਹ ਹੁਣ ਹਫਤੇ ਵਿਚ ਦੋ ਦਿਨ ਹਸਪਤਾਲ ਵਿਚ ਵਾਲੰਟੀਅਰ ਦਾ ਕੰਮ ਕਰ ਰਹੀ ਹੈ, ਇਥੋਂ ਤਕ ਹੀ ਨਹੀਂ, ਇਹ ਵਾਲੰਟੀਅਰ ਦਾ ਕੰਮ ਚੰਗੀ ਤਰ੍ਹਾਂ ਕਰ ਸਕੇ, ਉਸ ਲਈ ਪੜ੍ਹਾਈ ਵੀ ਕਰ ਰਹੀ ਹੈ।
ਮੈਂ ਉਸ ਮਾਂ ਨੂੰ ਆਖਦੀ ਹਾਂ ਕਿ ਤੂੰ ਖੁਸ਼ਕਿਸਮਤ ਹੈ ਕਿ ਤੇਰਾ ਬੇਟਾ ਆਉਣ ਵਾਲੇ ਵੇਲਿਆਂ ਬਾਰੇ ਸੋਚਦਾ ਹੈ। ਇਸ ਮਾਂ ਧਰਤ ਬਾਰੇ ਸੋਚਦਾ ਹੈ, ਸਾਰੀ ਦੁਨੀਆ ਵਿਚ ਹੋ ਰਹੀਆਂ ਗਲਤ ਗੱਲਾਂ ਵੱਲ ਧਿਆਨ ਦਿੰਦਾ ਹੈ। ਉਸ ਨੂੰ ਫਿਕਰ ਹੈ ਕਿ ਧਰਤੀ ਦੇ ਪਾਣੀ ਦੇ ਸ੍ਰੋਤ ਘਟ ਰਹੇ ਹਨ, ਅਮੀਰਾਂ ਤੇ ਗਰੀਬਾਂ ਦਾ ਪਾੜਾ ਕਿੰਨਾ ਵੱਡਾ ਹੈ¸ਦੁਨੀਆ ਦੀਆਂ ਵੱਡੀਆਂ-ਵੱਡੀਆਂ ਕਾਰਪੋਰੇਸ਼ਨਾਂ ਕਿਵੇਂ ਗਰੀਬ ਮੁਲਕਾਂ ਨੂੰ ਲੁੱਟ ਰਹੀਆਂ ਹਨ ਪਰ ਉਹ ਮਾਂ ਹੈ, ਫਿਰ ਵੀ ਥੋੜ੍ਹੀ ਜਿਹੀ ਫਿਕਰ ਹੁੰਦੀ ਹੈ ਕਿ ਬੇਟਾ ਕੁਝ ਪਹਿਲਾਂ ਕਮਾ ਲੈਂਦਾ ਤੇ ਜਦ ਵੀ ਉਹ ਕਮਾਈ ਦੀ ਗੱਲ ਕਰਦੀ ਤਾਂ ਉਹ ਆਖ ਦਿੰਦਾ ਹੈ, ''ਮਮ, ਗੁਜ਼ਾਰੇ ਲਈ ਬਹੁਤ ਹੈ, ਜ਼ਿਆਦਾ ਦੀ ਕੋਈ ਲੋੜ ਨਹੀਂ, ਤੂੰ ਹੀ ਤਾਂ ਆਖਦੀ ਸੀ ਕਿ ਗੁਰੂ ਨਾਨਕ ਜੀ ਨੇ ਕਿਵੇਂ ਵਪਾਰ ਲਈ ਦਿੱਤੇ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਖਾਣਾ ਖੁਆ ਦਿੱਤਾ ਸੀ ਤੇ ਕਿਵੇਂ ਉਨ੍ਹਾਂ 'ਤੇਰਾ ਤੇਰਾ' ਆਖ ਲੋਕਾਂ ਨੂੰ ਹੀ ਲੁਟਾ ਦਿੱਤਾ ਸੀ¸ਮਾਂ ਨੇ ਸ਼ਾਇਦ ਕਦੀ ਸੋਚਿਆ ਨਹੀਂ ਸੀ ਕਿ ਬੇਟਾ ਇੰਝ ਬਚਪਨ ਦੀ ਦਿੱਤੀ ਹਰ ਸਿੱਖਿਆ, ਹਰ ਗੱਲ ਨੂੰ ਆਪਣੇ ਹੱਡਾਂ ਤਕ ਹੀ ਨਹੀਂ, ਬਲਕਿ ਆਪਣੀ ਰੂਹ ਤਕ ਸਮਾ ਲਵੇਗਾ। ਇਸ ਸਾਲ ਜਦ ਮੈਂ ਗਰਮੀਆਂ ਵਿਚ ਫਿਰ ਕੈਨੇਡਾ ਗਈ ਤਾਂ ਸੋਚਿਆ ਕਿ ਉਸ ਦੇ ਬੇਟੇ ਤੇ ਨੂੰਹ ਨੂੰ ਜ਼ਰੂਰ ਮਿਲਾਂਗੀ ਤੇ ਮੇਰੀ ਇਹ ਇੱਛਾ ਪੂਰੀ ਵੀ ਹੋ ਗਈ। ਜਿਸ ਤਰ੍ਹਾਂ ਦਾ ਬੇਟਾ ਸੀ, ਉਸੇ ਤਰ੍ਹਾਂ ਦੀ ਉਸ ਬੇਟੇ ਨੂੰ ਉਸ ਦੀ ਜੀਵਨ ਸਾਥਣ ਮਿਲ ਗਈ¸ਇਸ ਸਮੇਂ ਹਰਸ਼ਾ ਵਾਲੀਆ ਵੈਨਕੂਵਰ ਦੀ ਸਿਰਕੱਢ ਸੋਸ਼ਲ ਐਕਟੀਵਿਸਟ ਹੈ, ਉਹ ਵੀ ਬਹੁਤ ਸਾਰੀਆਂ Organi੍ਰations ਨਾਲ ਕੰਮ ਕਰਦੀ ਹੈ, ਉਹ ਦੁਨੀਆ ਵਿਚ ਹੋ ਰਹੀਆਂ ਬੇਇਨਸਾਫੀਆਂ ਬਾਰੇ ਲਿਖਦੀ ਹੈ । ਐਨਵਾਇਰਮੈਂਟ ਮੁਤਲਕ ਉਹ ਜੇਲ ਵੀ ਜਾ ਆਈ ਹੈ, ਉਸ ਦੀ ਹੁਣੇ ਜਿਹੇ ਲਿਖੀ ਕਿਤਾਬ ‘”ndoing 2order 9mperialism’: ਛਪੀ ਹੈ। ਕੈਨੇਡਾ ਵਿਚ ਇਹ ਕਿਤਾਬ ਇੰਨੀ ਹਰਮਨਪਿਆਰੀ ਹੋ ਗਈ ਹੈ ਕਿ ਹੁਣ ਇਸ ਦਾ ਫਰਾਂਸੀਸੀ, ਸਪੈਨਿਸ਼ ਤੇ ਡੱਚ ਬੋਲੀਆਂ ਵਿਚ ਉਲੱਥਾ ਹੋ ਰਿਹਾ ਹੈ। ਇਹ ਉਤਰੀ ਅਮਰੀਕਾ ਦੀਆਂ 9mmigration ਪਾਲਿਸੀਆਂ 'ਤੇ ਲਿਖੀ ਹੋਈ ਹੈ, ਉਹ 'ਕੋਈ ਵੀ ਗੈਰ-ਕਾਨੂੰਨੀ ਨਹੀਂ' ਨਾਂ ਦੀ ਇਕ ਸੰਸਥਾ ਨਾਲ ਕੰਮ ਕਰਦੀ ਹੈ। ਇਸ ਤੋਂ ਬਿਨਾਂ ਉਹ ਹੋਰ ਵੀ ਬਹੁਤ ਗੱਲਾਂ ਲਈ ਲੋਕਾਂ ਨੂੰ ਜਾਗਰੂਕ ਕਰਦੀ ਹੈ ਤੇ ਸਰਕਾਰ ਨਾਲ ਆਢਾ ਲਾਈ ਰੱਖਦੀ ਹੈ। ਉਸ ਦੀ ਗੱਲ ਮੈਂ ਫਿਰ ਕਦੀ ਕਰਾਂਗੀ। ਇਹ ਸਾਰੀ ਗੱਲ ਕਰਨ ਦਾ ਅਸਲੀ ਮਕਸਦ ਇਹ ਸੀ ਕਿ ਇਕ ਮਾਂ ਬੱਚੇ ਨੂੰ ਕਿਵੇਂ ਚੰਗੇ ਕੰਮਾਂ ਲਈ ਢਾਲ ਸਕਦੀ ਹੈ। ਇਸ ਕਹਾਣੀ ਨੇ ਸੱਚਮੁਚ ਹੀ ਮੈਨੂੰ ਆਸ ਤੇ ਉਮੀਦ ਦਿੱਤੀ ਹੈ ਕਿ ਚੰਗੇ ਮਾਪੇ ਤੇ ਚੰਗੇ ਟੀਚਰ ਆਪਣੇ-ਆਪਣੇ ਲੈਵਲ 'ਤੇ ਬਹੁਤ ਕੁਝ ਆਉਣ ਵਾਲੀਆਂ ਨਸਲਾਂ ਨੂੰ ਸਿਖਾ ਸਕਦੇ ਹਨ। ਪੰਜਾਬ, ਭਾਰਤ ਤੇ ਸਾਰੀ ਦੁਨੀਆ ਵਿਚ ਜੋ ਹੋ ਰਿਹਾ ਹੈ, ਉਸ ਵਿਚ ਕਿਤੇ ਵੀ ਕੋਈ ਚੰਗੀ ਆਸ ਨਹੀਂ ਦਿਖਾਈ ਦਿੰਦੀ, ਉੱਤੋਂ ਦੀ ਬਹੁਤ ਸਾਰੇ ਸਿਆਸੀ ਤੇ ਧਾਰਮਿਕ ਕੱਟੜਪੰਥੀਆਂ ਵਲੋਂ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਕੋਈ ਨਾ ਕੋਈ ਬਿਨਾਂ ਸੋਚੇ-ਸਮਝੇ ਬਿਆਨ ਦੇ ਦੇਣਾ, ਇਸ ਨਾਲ ਵਿਰੋਧੀ ਧਿਰਾਂ ਤੇ ਘੱਟਗਿਣਤੀ ਦੇ ਲੋਕਾਂ ਦੇ ਦਿਲਾਂ ਵਿਚ ਕੁਝ ਰੋਸ ਤੇ ਕੁਝ ਖੌਫ ਪੈਦਾ ਹੋਣਾ ਲਾਜ਼ਮੀ ਹੈ। ਕੋਈ ਵੀ ਇਹੋ ਜਿਹੀ ਗੱਲ, ਜੋ ਦੂਜਿਆਂ ਨੂੰ ਠੇਸ ਪਹੁੰਚਾਵੇ, ਕੋਈ ਚੰਗੀ ਗੱਲ ਨਹੀਂ। ਇਸ ਨਾਲ ਇਕ ਉਲਟ ਲੜੀਬੱਧ ਪ੍ਰਤੀਕਿਰਿਆ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਭੈੜੇ ਨਤੀਜੇ ਨਿਕਲਦੇ ਹਨ। ਕਈ ਵਾਰ ਮੈਂ ਸੋਚਦੀ ਹਾਂ ਕਿ ਪਤਾ ਨਹੀਂ ਸਾਨੂੰ ਇਨਸਾਨ ਬਣ ਕੇ ਕਦ ਜਿਊਣਾ ਆਵੇਗਾ। ਕਦੀ-ਕਦੀ ਲੱਗਦਾ ਹੈ ਕਿ ਦੁਨੀਆ ਵਿਚ ਇਸਾਈ ਹਨ, ਮੁਸਲਮਾਨ ਹਨ, ਹਿੰਦੂ ਹਨ, ਸਿੱਖ ਹਨ, ਯਹੂਦੀ ਹਨ ਪਰ ਇਨਸਾਨ ਗੁਆਚ ਗਿਆ ਹੈ ਤੇ ਉਹ ਲੱਭਿਆਂ ਵੀ ਨਹੀਂ ਲੱਭਦਾ। ਧਰਤੀ ਇਕ ਹੈ, ਹਵਾ ਹਰ ਥਾਂ ਉਹੀ ਹੈ, ਪਾਣੀ ਉਹੀ ਹੈ ਪਰ ਫਿਰ ਅਸੀਂ ਇਕ ਕਿਉਂ ਨਹੀਂ ਹੋ ਸਕਦੇ? ਤੇ ਜੇ ਆਪਣਾ-ਆਪਣਾ ਵਖਰੇਵਾਂ ਰੱਖਣਾ ਵੀ ਹੈ ਤਾਂ ਉਹ ਕਿਹੜੀ ਗੱਲ ਹੈ, ਜੋ ਸਾਨੂੰ ਇਕ-ਦੂਜੇ ਨਾਲ ਪਿਆਰ ਕਰਨ ਤੋਂ ਰੋਕ ਰਹੀ ਹੈ? ਅਸੀਂ ਇਕ-ਦੂਜੇ ਵਿਰੁੱਧ ਇੰਨੀ ਹਿੰਸਾ ਤੇ ਇੰਨੀ ਘਿਨਾਉਣੀ ਨਫ਼ਰਤ ਪਾਲ ਲੈਂਦੇ ਹਾਂ ਕਿ ਯਕੀਨ ਕਰਨਾ ਔਖਾ ਹੋ ਜਾਂਦਾ, ਆਪਣੇ-ਆਪ ਦੀ ਇਨਸਾਨੀਅਤ 'ਤੇ।
ਪਰ ਫਿਰ ਵੀ ਕਦੀ-ਕਦੀ ਅਜਿਹਾ ਕੁਝ ਵਾਪਰ ਜਾਂਦਾ ਹੈ ਕਿ ਮੁੜ ਤੋਂ ਤੁਸੀਂ ਆਸਵੰਦ ਹੋ ਜਾਂਦੇ ਹੋ ਜਾਂ ਅਜਿਹਾ ਸ਼ਖ਼ਸ ਤੁਹਾਨੂੰ ਮਿਲ ਜਾਂਦਾ ਹੈ ਕਿ ਤੁਸੀਂ ਸੋਚਣ 'ਤੇ ਮਜਬੂਰ ਹੋ ਜਾਂਦੇ ਹੋ ਕਿ ਅਜੇ ਇਨਸਾਨੀਅਤ ਪੂਰੀ ਤਰ੍ਹਾਂ ਮੁੱਕੀ ਨਹੀਂ। ਅਜੇ ਵੀ ਆਸ ਦੇ ਕੁਝ ਦੀਵੇ ਜਗ ਰਹੇ ਹਨ, ਬਸ ਕਦੀ-ਕਦੀ ਉਹ ਸਾਨੂੰ ਦਿਖਾਈ ਵੀ ਨਹੀਂ ਦਿੰਦੇ। ਕੁਝ ਇਸੇ ਤਰ੍ਹਾਂ ਹੀ ਮੈਨੂੰ ਇਹ ਕਹਾਣੀ ਜਾਪੀ। ਵਾਰ-ਵਾਰ ਇਹ ਵੀ ਮਨ ਵਿਚ ਆਉਂਦਾ ਹੈ ਕਿ ਗੁਰੂ ਜੀ ਨੇ ਤਾਂ 'ਤੇਰਾ ਤੇਰਾ' ਆਖ ਗੁਆ ਦਿੱਤਾ ਸੀ ਤੇ ਅਸੀਂ ਸਵੇਰੇ-ਸ਼ਾਮ ਉਸ ਨੂੰ ਧਿਆਉਂਦੇ ਹਾਂ ਪਰ ਆਪਣਾ ਸਾਰਾ ਕੁਝ ਦੂਜੇ ਲਈ ਕੁਰਬਾਨ ਕਰਨ ਦਾ ਹੀਆ ਕਦੀ ਨਹੀਂ ਕਰਦੇ।
ਇਸ ਵੇਲੇ ਪੰਜਾਬ ਤੇ ਕੇਂਦਰ ਵਿਚ ਜੋ ਸਰਕਾਰਾਂ ਹਨ, ਉਨ੍ਹਾਂ ਦਾ ਸੰਬੰਧ ਧਾਰਮਿਕ ਰੰਗਤ ਵਾਲੀਆਂ ਜਥੇਬੰਦੀਆਂ ਨਾਲ ਹੈ? ਕੀ ਇਹ ਜ਼ਰੂਰੀ ਨਹੀਂ ਤੇ ਮੁਮਕਿਨ ਨਹੀਂ ਕਿ ਉਨ੍ਹਾਂ ਨੂੰ ਵੀ ਗੁਰੂ ਨਾਨਕ ਜੀ ਦੇ 'ਤੇਰਾ ਤੇਰਾ' ਵਾਲੇ ਕਿੱਸੇ ਤੋਂ ਲੋਕਾਂ ਦੀ ਭੁੱਖ ਦਿਖਾਈ ਦੇਵੇ ਤੇ ਉਨ੍ਹਾਂ ਨੂੰ ਲੋਕ ਹਿੰਦੁਸਤਾਨੀ ਕਿਉਂ ਨਹੀਂ ਲੱਗਦੇ, ਕਿਉਂ ਇਨ੍ਹਾਂ ਨੂੰ ਹਿੰਦੂ, ਜੈਨ, ਇਸਾਈ, ਮੁਸਲਮਾਨ ਤੇ ਸਿੱਖ ਨਜ਼ਰ ਆ ਰਹੇ ਹਨ।
ਸਾਨੂੰ ਤੇ ਇਨ੍ਹਾਂ ਸਰਕਾਰਾਂ ਨੂੰ ਲੋਕ ਇਨਸਾਨ ਜਾਂ ਰੱਬ ਦੇ ਬੰਦੇ ਦਿਖਦੇ ਹੀ ਨਹੀਂ, ਸਾਨੂੰ ਲੋਕ ਹਿੰਦੂ, ਇਸਾਈ, ਸਿੱਖ, ਮੁਸਲਮਾਨ ਤੇ ਪਤਾ ਨਹੀਂ ਕੀ-ਕੀ ਨਜ਼ਰ ਆਉਂਦੇ ਹਨ। ਕੀ ਕਦੀ ਅਸੀਂ ਰਲ-ਮਿਲ ਬੈਠ ਆਪਣੀ ਧਰਤ ਮਾਂ ਦਾ ਤੇ ਇਸ 'ਤੇ ਰਹਿੰਦੇ ਇਨਸਾਨਾਂ ਦਾ ਫਿਕਰ ਕਰ ਸਕਾਂਗੇ।
ਬਾਬਾ ਫਰੀਦ ਯੂਨੀਵਰਸਿਟੀ 'ਚ ਹੋਇਆ ਕਵੀ ਦਰਬਾਰ
NEXT STORY