ਜਰਮਨੀ ਦੇ ਮੁੱਖ ਸ਼ਹਿਰਾਂ 'ਚੋਂ ਇਕ ਕੋਲੋਨ ਵਿਚ ਧਰਤੀ 'ਤੇ ਤਾਂ ਹੁਣ ਰੋਮ ਸਾਮਰਾਜ ਦੇ ਬਹੁਤੇ ਖੰਡਰ ਨਜ਼ਰ ਨਹੀਂ ਆਉਂਦੇ ਪਰ ਧਰਤੀ ਹੇਠਾਂ ਅੱਜ ਵੀ ਰੋਮ ਸਾਮਰਾਜ ਦੇ ਪ੍ਰਭੂਸੱਤਾ ਦੇ ਸਬੂਤ ਮੌਜੂਦ ਹਨ। ਇਕ ਪੌੜੀ ਦੀ ਮਦਦ ਨਾਲ ਹੇਠਾਂ ਉਤਰਣ 'ਤੇ ਰਹੱਸਮਈ ਹਨੇਰੇ ਨਾਲ ਘਿਰੇ ਦੂਜੀ ਸਦੀ ਦੇ ਇਕ ਕਬਰਿਸਤਾਨ ਤੱਕ ਪਹੁੰਚਿਆ ਜਾ ਸਕਦਾ ਹੈ। ਵੱਖ-ਵੱਖ ਪੌਰਾਣਿਕ ਜੀਵਾਂ ਦੀਆਂ ਆਕ੍ਰਿਤੀਆਂ ਨਾਲ ਸਜਿਆ ਇਕ ਵਿਸ਼ਾਲ ਤਾਬੂਤ ਇਥੇ ਨਜ਼ਰ ਆਉਂਦਾ ਹੈ। ਇਸ ਦਾ ਢੱਕਣ ਹਟਾਇਆ ਗਿਆ ਹੈ, ਜਿਸ ਦੇ ਅੰਦਰ ਝਾਕਣ 'ਤੇ ਸਾਰਾ ਡਰ ਦੂਰ ਹੋ ਜਾਂਦਾ ਹੈ ਕਿਉਂਕਿ ਇਸ ਵਿਚ ਕੋਈ ਡਰਾਉਣੀ ਚੀਜ਼ ਨਹੀਂ, ਸਗੋਂ ਦੋ ਕੁਰਸੀਆਂ ਰੱਖੀਆਂ ਨਜ਼ਰ ਆਉਂਦੀਆਂ ਹਨ। ਪਹਿਲੀ ਨਜ਼ਰ ਵਿਚ ਇਹ ਕੁਰਸੀਆਂ ਅੱਜਕਲ ਦੀਆਂ ਆਮ ਕੁਰਸੀਆਂ ਵਾਂਗ ਜਾਪਦੀਆਂ ਹਨ ਪਰ ਧਿਆਨ ਨਾਲ ਦੇਖਣ 'ਤੇ ਇਨ੍ਹਾਂ ਦਾ ਮਹੱਤਵ ਮਹਿਸੂਸ ਹੋਣ ਲੱਗਦਾ ਹੈ ਕਿਉਂਕਿ ਇਨ੍ਹਾਂ ਕੁਰਸੀਆਂ ਨੂੰ ਬੇਹੱਦ ਕਲਾਤਮਿਕ ਢੰਗ ਨਾਲ ਚੂਨਾ ਪੱਥਰ ਨਾਲ ਲੱਗਭਗ 1800 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ। ਇਨ੍ਹਾਂ ਜ਼ਮੀਨਦੋਜ਼ ਹਿੱਸਿਆਂ 'ਚ ਸਭ ਕੁਝ ਬੇਹੱਦ ਪ੍ਰਾਚੀਨ ਹੈ।
ਬਿਨਾਂ ਸ਼ੱਕ ਕਈ ਸੌ ਸਾਲ ਪਹਿਲਾਂ ਕੋਲੋਨ ਵਾਸੀ ਰੋਮ ਸਾਮਰਾਜ ਤੋਂ ਆਜ਼ਾਦ ਹੋ ਗਏ ਸਨ ਅਤੇ ਜ਼ਮੀਨ ਤੋਂ ਤਾਂ ਇਸ ਦੇ ਜ਼ਿਆਦਾਤਰ ਖੰਡਰ ਹਟਾ ਦਿੱਤੇ ਗਏ ਪਰ ਜ਼ਮੀਨ ਦੇ ਹੇਠਾਂ ਅੱਜ ਵੀ 'ਕੋਲੋਨੀਆ ਕਲਾਊਡੀਆ ਅਰਾ ਐਗਰੀਪਿਪਨੇਨਸੀਅਮ' (ਉਹ ਉਪਨਿਵੇਸ਼, ਜਿਸ ਤੋਂ ਇਹ ਨਗਰ ਵਿਕਸਿਤ ਹੋਇਆ) ਦੇ ਖੰਡਰ ਬਾਕੀ ਹਨ।
ਗਵਰਨਰ ਦੇ ਮਹੱਲ 'ਪ੍ਰਾਇਟੋਰੀਅਮ' ਦਾ ਪਤਾ ਹੀ ਨਹੀਂ ਲੱਗਦਾ, ਜੇਕਰ ਦੂਜੀ ਵਿਸ਼ਵ ਜੰਗ 'ਚ ਕੋਲੋਨ ਸ਼ਹਿਰ ਦਾ ਵਿਚਲਾ ਹਿੱਸਾ ਤਬਾਹ ਨਾ ਹੋਇਆ ਹੁੰਦਾ। ਅੱਜ ਸੈਲਾਨੀ ਇਸ ਮਹੱਲ ਦੇ ਖੰਡਰਾਂ ਦੀ ਸੈਰ ਕਰ ਸਕਦੇ ਹਨ, ਜੋ ਸੋਮਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਦਿਨ ਖੁੱਲ੍ਹਾ ਰਹਿੰਦਾ ਹੈ।
ਇਸ ਦੇ ਬਿਲਕੁਲ ਨਾਲ ਪ੍ਰਾਚੀਨ ਗਟਰ ਹੈ। ਰੋਮਨ 100 ਕਿਲੋਮੀਟਰ ਦੂਰ ਐਫਿਲ ਪਹਾੜੀਆਂ ਤੋਂ ਤਾਜ਼ਾ ਪਾਣੀ ਕੋਲੋਨ ਲਿਆਏ ਸਨ, ਜਦਕਿ ਗੰਦੇ ਪਾਣੀ ਦੀ ਨਿਕਾਸੀ ਉਹ ਰਾਈਨ ਨਦੀ ਵਿਚ ਕਰਦੇ ਸਨ। ਇਸ ਦੇ ਲਈ ਜਿਸ ਤਕਨੀਕ ਦੀ ਵਰਤੋਂ ਪ੍ਰਾਚੀਨ ਰੋਮਨ ਕਰਦੇ ਸਨ, ਉਸ ਦਾ ਪਤਾ ਬਾਕੀਆਂ ਨੂੰ 19ਵੀਂ ਸਦੀ ਵਿਚ ਜਾ ਕੇ ਲੱਗਾ ਸੀ।
ਇਸ ਜਰਮਨ ਸ਼ਹਿਰ ਵਿਚ ਰੋਮ ਸਾਮਰਾਜ ਦੇ ਕਈ ਨਵੇਂ ਖੰਡਰਾਂ ਦਾ ਵੀ ਪਤਾ ਲੱਗਦਾ ਰਿਹਾ ਹੈ। ਖਾਸ ਕਰ ਜ਼ਮੀਨਦੋਜ਼ ਰੇਲਵੇ ਲਈ ਕੀਤੀ ਜਾਣ ਵਾਲੀ ਖੋਦਾਈ ਕਾਰਨ ਕਈ ਖੰਡਰਾਂ ਦਾ ਪਤਾ ਲੱਗਾ ਰਿਹਾ ਹੈ। ਹਾਲਾਂਕਿ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਰਹਿਣ ਵਾਲੇ ਕਿਸੇ ਵੀ ਇਨਸਾਨ ਨੂੰ ਪ੍ਰਾਚੀਨ ਖੰਡਰਾਂ ਦਾ ਪਤਾ ਲੱਗ ਸਕਦਾ ਹੈ।
1965 ਵਿਚ ਇਕ ਵਿਅਕਤੀ ਨੂੰ ਆਪਣੇ ਘਰ ਦੀ ਬੇਸਮੈਂਟ ਦੀ ਖੋਦਾਈ ਦੌਰਾਨ ਪੱਥਰਾਂ ਨਾਲ ਬਣੇ ਕੁਝ ਹਿੱਸੇ ਮਿਲੇ ਸਨ, ਜੋ ਇਕ ਪ੍ਰਾਚੀਨ ਯਾਦਗਾਰ ਨਿਕਲੀ। ਅੱਜ ਇਹ ਰੋਮਨ-ਜਰਮੈਨਿਕ ਮਿਊਜ਼ੀਅਮ ਦੀ ਸ਼ਾਨ ਵਧਾ ਰਹੀ ਹੈ।
ਇਸ ਤੋਂ ਪਹਿਲਾਂ 1941 ਵਿਚ ਵੀ ਇਕ ਬੰਕਰ ਦੀ ਖੋਦਾਈ ਦੌਰਾਨ ਇਕ ਖੋਜ ਹੋਈ ਸੀ। ਜਦੋਂ ਭਗਵਾਨ ਡਾਇਨਓਨੀਸੋਸ ਦਾ ਇਕ ਮੋਜ਼ਾਇਕ ਮਿਲਿਆ ਸੀ, ਜਿਸ ਵਿਚ 15 ਲੱਖ ਟਾਈਲਾਂ ਲੱਗੀਆਂ ਸਨ।
ਜੇਕਰ ਤੁਸੀਂ ਜਾਣਨਾ ਚਾਹੋ ਕਿ ਪ੍ਰਾਚੀਨ ਰੋਮ ਵਾਸੀ ਕਿਸ ਤਰ੍ਹਾਂ ਸਪਾ ਦਾ ਆਨੰਦ ਮਾਣਦੇ ਸਨ ਤਾਂ ਤੁਹਾਨੂੰ ਕੋਲੋਨ ਤੋਂ ਨਿਕਲ ਕੇ ਨੇੜੇ ਸਥਿਤ ਜੁਏਲਪਿਚ ਕਸਬੇ ਤੱਕ ਜਾਣਾ ਪਏਗਾ।
ਉਥੇ 'ਮਿਊਜ਼ੀਅਮ ਆਫ ਬੈਥ ਕਲਚਰ' ਵਿਚ ਪ੍ਰਾਚੀਨ ਰੋਮ ਦੇ ਇਸ਼ਨਾਨਘਰਾਂ ਦੇ ਸੁਰੱਖਿਅਤ ਖੰਡਰ ਸਾਂਭ ਕੇ ਰੱਖੇ ਗਏ ਹਨ। ਅਜਾਇਬਘਰ ਵਿਚ ਮਾਡਲਸ ਬਣਾ ਕੇ ਰੋਮ ਕਾਲ ਦੇ ਇਸ਼ਨਾਨਘਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਗੂੜ੍ਹੇ ਰੰਗ ਵਿਚ ਰੰਗੇ ਇਸ਼ਨਾਨਘਰਾਂ ਵਿਚ ਕੱਪੜੇ ਬਦਲਣ ਲਈ ਲਾਕਰ ਰੂਮ ਬਣੇ ਹਨ। ਸੁਈਟਿੰਗ ਜਾਂ ਹੌਟ ਬੈਥ ਵਿਚ ਇਸ਼ਨਾਨ ਕਰਨ ਤੋਂ ਪਹਿਲਾਂ ਸਰੀਰ 'ਤੇ ਤੇਲ ਲਗਾਇਆ ਜਾਂਦਾ ਸੀ ਜਾਂ ਮਾਲਸ਼ ਕਰਵਾਈ ਜਾਂਦੀ ਸੀ। ਫਿਰ ਲੱਗਭਗ 40 ਡਿਗਰੀ ਤੱਕ ਗਰਮ ਪਾਣੀ ਵਿਚ ਇਸ਼ਨਾਨ ਕੀਤਾ ਜਾਂਦਾ ਸੀ। ਬਾਅਦ ਵਿਚ ਉਹ ਠੰਡੇ ਪਾਣੀ ਵਿਚ ਨਹਾਉਂਦੇ ਸਨ।
ਇਸ਼ਨਾਨਘਰਾਂ ਵਿਚ ਹੇਅਰ ਸਟਾਈਲਿਸਟ, ਡਾਕਟਰ ਅਤੇ ਰਸੋਈਏ ਵੀ ਮਹਿਮਾਨਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਸਨ। ਇਸ਼ਨਾਨਘਰਾਂ ਦੇ ਹੇਠਾਂ ਗੁਲਾਮ ਲਗਾਤਾਰ ਅੱਗ ਬਾਲੀ ਰੱਖਦੇ ਸਨ, ਜਿਸ ਦੀ ਗਰਮਾਇਸ਼ ਫਰਸ਼ ਅਤੇ ਦੀਵਾਰਾਂ 'ਚ ਬਣੇ ਛੇਕਾਂ 'ਚੋਂ ਹੋ ਕੇ ਇਸ਼ਨਾਨਘਰਾਂ ਤੱਕ ਪਹੁੰਚਦੀ ਰਹਿੰਦੀ ਸੀ। ਜਦੋਂ ਅੱਗ ਲਈ ਲੱਕੜੀ ਦੀ ਪੂਰਤੀ ਲਈ ਜੰਗਲਾਂ ਦੇ ਰੁੱਖਾਂ ਨੂੰ ਕੱਟ ਕੇ ਖਤਮ ਕਰ ਦਿੱਤਾ ਗਿਆ ਤਾਂ ਪ੍ਰਾਚੀਨ ਰੋਮ ਵਾਸੀ ਬਲੈਕ ਫਾਰੈਸਟ 'ਚੋਂ ਲੱਕੜ ਕੱਟ ਕੇ ਰਾਈਨ ਨਦੀ ਰਾਹੀਂ ਕੋਲੋਨ ਤੱਕ ਪਹੁੰਚਾਉਣ ਲੱਗੇ ਸਨ। ਉਸ ਸਮੇਂ ਉੱਚ ਵਰਗ ਦੇ ਰੋਮ ਵਾਸੀਆਂ ਲਈ ਖਾਸ ਪਖਾਨੇ ਵੀ ਬਣਾਏ ਗਏ ਸਨ, ਜਿਥੇ ਉਹ ਇਕੱਠੇ ਬੈਠ ਕੇ ਪਖਾਨੇ ਦੌਰਾਨ ਸਲਾਹ-ਮਸ਼ਵਰਾ ਵੀ ਕਰਦੇ ਸਨ।
ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਕੋਲੋਨ ਦੀਆਂ ਖੂਬੀਆਂ ਨੇ ਰੋਮਨ ਸਾਮਰਾਜ ਦਾ ਮਨ ਪੂਰੀ ਤਰ੍ਹਾਂ ਮੋਹ ਲਿਆ ਸੀ। ਇਤਿਹਾਸ ਦੱਸਦੈ ਕਿ ਹਰ ਕਿਸੇ ਨੇ ਕੋਲੋਨ ਨੂੰ ਆਪਣਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਹ ਰੋਮਨ ਸਾਮਰਾਜ ਦਾ ਇਕ ਵੱਡਾ ਕੇਂਦਰ ਰਿਹਾ। ਦੋ ਹਜ਼ਾਰ ਸਾਲ ਪਹਿਲਾਂ ਰਾਈਨ ਨਦੀ ਦੇ ਕਿਨਾਰੇ ਰੋਮਨ ਸਾਮਰਾਜ ਦਾ ਵਿਸਥਾਰ ਕੇਂਦਰ ਕੋਲੋਨਲ ਹੀ ਸੀ। ਰੋਮ ਸ਼ਾਸਕਾਂ ਨੇ ਇਥੇ ਆਪਣੀ ਵਪਾਰਕ ਚੌਕੀ ਸਥਾਪਿਤ ਕੀਤੀ ਸੀ ਅਤੇ ਨਾਂ ਦਿੱਤਾ ਸੀ ਕੋਲੋਨੀਆ।
ਰੋਮਨ ਦੌਰ ਦੀਆਂ ਨਿਸ਼ਾਨੀਆਂ ਕੋਲੋਨ ਵਿਚ ਅੱਜ ਵੀ ਇਧਰ-ਉਧਰ ਖਿੱਲਰੀਆਂ ਪਈਆਂ ਹਨ। ਰਾਈਨ ਨਦੀ ਇਲਾਕੇ ਵਿਚ ਵਪਾਰ ਦਾ ਮੁੱਖ ਰਸਤਾ ਰਿਹਾ ਹੈ ਅਤੇ ਇਸ ਦੀ ਬਦੌਲਤ ਕੋਲੋਨ ਦੀ ਖੁਸ਼ਹਾਲੀ ਵੀ ਰਹੀ ਮੱਧਯੁਗੀ ਦੌਰ ਵਿਚ ਰੋਮਨ ਸ਼ਾਸਨ ਦੇ ਬਣਾਏ 12 ਚਰਚ ਅਤੇ ਕਿਲੇਨੁਮਾ ਤਿੰਨ ਨਗਰ ਦਵਾਲ ਕੋਲੋਨ ਦੀ ਖਾਸੀਅਤ ਰਹੇ ਹਨ।
ਪਸ਼ੂ ਜਗਤ ਦੀਆਂ ਵਿਲੱਖਣ ਦੋਸਤੀਆਂ
NEXT STORY