ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣਾ ਅਹੁਦਾ ਸੰਭਾਲਣ ਤੋਂ ਪਿੱਛੋਂ ਲਗਾਤਾਰ ਸੰਸਾਰ ਭਰ ਦੇ ਦੇਸ਼ਾਂ ਉੱਪਰ ਵਧੇਰੇ ਤੋਂ ਵਧੇਰੇ ਟੈਰਿਫ ਥੋਪਿਆ ਜਾ ਰਿਹਾ ਹੈ ਤਾਂ ਜੋ ‘ਅਮਰੀਕਾ ਨੂੰ ਮੁੜ ਤੋਂ ਦੁਨੀਆ ਦਾ ਸਭ ਤੋਂ ਅਮੀਰ ਤੇ ਤਾਕਤਵਰ ਦੇਸ਼ ਬਣਾਇਆ ਜਾ ਸਕੇ!’ ਚੀਨ, ਰੂਸ, ਕੈਨੇਡਾ, ਬ੍ਰਾਜ਼ੀਲ ਤੋਂ ਇਲਾਵਾ ਯੂਰਪੀ ਯੂਨੀਅਨ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਟਰੰਪ ਦੇ ਇਸ ਟੈਰਿਫ ਰੂਪੀ ਹੱਲੇ ਦਾ ਨਾ ਕੇਵਲ ਡਟਵਾਂ ਵਿਰੋਧ ਕੀਤਾ ਹੈ, ਬਲਕਿ ਆਪੋ-ਆਪਣੇ ਕੌਮੀ ਹਿੱਤਾਂ ਦੀ ਰਾਖੀ ਲਈ ਅਮਰੀਕਨ ਵਸਤਾਂ ਉਪਰ ਮੋੜਵੇਂ ਰੂਪ ’ਚ ਵਧਿਆ ਟੈਰਿਫ ਲਾਉਣ ਦੇ ਕਦਮ ਵੀ ਚੁੱਕੇ ਹਨ। ਇਨ੍ਹਾਂ ਜਵਾਬੀ ਕਾਰਵਾਈਆਂ ਤੋਂ ਬੁਖਲਾਹਟ ’ਚ ਆ ਕੇ ਸ਼੍ਰੀ ਟਰੰਪ ਅਨੇਕਾਂ ਵਾਰ ਸੰਜਮ ਤੇ ਸਦਾਚਾਰ ਦਾ ਪੱਲਾ ਛੱਡ ਕੇ ਬੜੀ ਬੇਹੂਦਾ ਬਿਆਨਬਾਜ਼ੀ ਕਰਨ ’ਤੇ ਉਤਰ ਆਉਂਦੇ ਹਨ।
ਇਹ ਵੀ ਦੇਖਿਆ ਗਿਆ ਹੈ ਕਿ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਅਮਰੀਕੀ ਪ੍ਰਸ਼ਾਸਨ ਦੀਆਂ ਉਕਤ ਕਾਰਵਾਈਆਂ ਖ਼ਿਲਾਫ਼ ਜਦੋਂ ਵੀ ਕੋਈ ਸਖ਼ਤ ਕਦਮ ਚੁੱਕੇ ਹਨ ਤਾਂ ਟਰੰਪ ਪਿਛਲਖੁਰੀ ਮੋੜਾ ਕੱਟਣ ’ਚ ਵੀ ਬਹੁਤ ਦੇਰ ਨਹੀਂ ਲਗਾਉਂਦਾ। ਟਰੰਪ, ਦਰਅਸਲ ਇਕ ਗੈਰ-ਭਰੋਸੇਮੰਦ ਅਰਥਚਾਰੇ ਵਾਲੇ ਦੇਸ਼ ਦਾ ਗੈਰ-ਭਰੋਸੇਮੰਦ ਮੁਖੀ ਹੈ। ਜਾਪਦਾ ਹੈ ਉਸ ਨੂੰ ਇਹ ਵਹਿਮ ਹੋ ਗਿਆ ਕਿ ਅਜੋਕੀਆਂ ਬਦਲੀਆਂ ਸਥਿਤੀਆਂ ’ਚ ਵੀ ਅਮਰੀਕਨ ਸਾਮਰਾਜ ਸਮੁੱਚੇ ਸੰਸਾਰ ’ਤੇ ਆਪਣੀ ‘ਧੌਂਸ’ ਦਾ ਡੰਕਾ ਪਹਿਲਾਂ ਵਾਂਗ ਹੀ ਵਜਾ ਸਕਦਾ ਹੈ ਪਰ ਹਕੀਕਤ ਇਹ ਹੈ ਕਿ ਇਕ ਤਾਕਤਵਰ ਸਾਮਰਾਜੀ ਸ਼ਕਤੀ ਹੋਣ ਦੇ ਬਾਵਜੂਦ ਅਮਰੀਕਾ ਦਾ ਅਰਥਚਾਰਾ 2008 ’ਚ ਪੈਦਾ ਹੋਏ ਮੰਦਵਾੜੇ ਦਾ ਸ਼ਿਕਾਰ ਤੁਰਿਆ ਆ ਰਿਹਾ ਹੈ। ਅਮਰੀਕੀ ਲੋਕ ਸਖ਼ਤ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤੇ ਬੇਰੋਜ਼ਗਾਰੀ ਛੜੱਪੇ ਮਾਰ ਕੇ ਵਧ ਰਹੀ ਹੈ। ਸਮੁੱਚੀ ਦੁਨੀਆ ਦੀ ਬੇਹਿਸਾਬ ਆਰਥਿਕ ਲੁੱਟ-ਖਸੁੱਟ ਕਰਨ ਪਿੱਛੋਂ ਵੀ ਅਮਰੀਕਨ ਸਾਮਰਾਜ ਦੀ ‘ਪੂੰਜੀ’ ਇਕੱਠੀ ਕਰਨ ਦੀ ਲਾਲਸਾ ਮੁੱਕਣ ਦਾ ਨਾਂ ਨਹੀਂ ਲੈ ਰਹੀ।
ਅਨੇਕਾਂ ਦੇਸ਼ਾਂ ਦਰਮਿਆਨ ਜੰਗਾਂ ਭੜਕਾਉਣ ਰਾਹੀਂ ਤਬਾਹਕੁੰਨ ਜੰਗੀ ਹਥਿਆਰ ਮਹਿੰਗੇ ਭਾਅ ਵੇਚਣ ਦੇ ਬਾਵਜੂਦ ਅਮਰੀਕੀ ਅਰਥਚਾਰੇ ਨੂੰ ਕੰਟਰੋਲ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਮਨ ਅਜੇ ਵੀ ਨਹੀਂ ਭਰਿਆ ਜਾਪਦਾ! ਸੰਸਾਰ ਦੇ ਲੋਕ ਇਸ ਤੱਥ ਤੋਂ ਭਲੀ-ਭਾਂਤ ਜਾਣੂ ਹਨ ਕਿ ਇਹ ਅਮਰੀਕਨ ਸਾਮਰਾਜ ਹੀ ਹੈ, ਜਿਸ ਨੇ ਅਤੀਤ ’ਚ ਵੀਅਤਨਾਮ, ਲਾਊਸ, ਕੰਬੋਡੀਆ, ਚਿਲੀ, ਵੈਨੇਜ਼ੁਏਲਾ, ਇਰਾਕ, ਅਫਗਾਨਿਸਤਾਨ ਆਦਿ ਦੇਸ਼ਾਂ ਨੂੰ ਜੰਗ ਦਾ ਅਖਾੜਾ ਬਣਾਇਆ ਸੀ, ਜਿਸ ਦੌਰਾਨ ਉਥੋਂ ਦੇ ਲੋਕਾਂ ’ਤੇ ਨਾ ਬਿਆਨ ਕਰਨ ਯੋਗ ਜ਼ੁਲਮ ਕੀਤੇ ਗਏ ਸਨ। ਅੱਜ ਵੀ ਇਹੋ ਅਮਰੀਕਾ ਗਾਜ਼ਾ ਪੱਟੀ ’ਚ ਤੇ ਪੱਛਮੀ ਕਿਨਾਰੇ ਵਿਖੇ ਫਿਲਿਸਤੀਨੀਆਂ ਦੀ ਨਸਲਕੁਸ਼ੀ ਕਰ ਰਹੇ ਇਜ਼ਰਾਈਲ ਦੀ ਖੁੱਲ੍ਹਮ-ਖੁੱਲ੍ਹੀ ਪੁਸ਼ਤਪਨਾਹੀ ਕਰ ਰਿਹਾ ਹੈ। ਇੰਝ ਇਹ ਹਜ਼ਾਰਾਂ ਨਿਰਦੋਸ਼ਾਂ ਦੀਆਂ ਮੌਤਾਂ ਅਤੇ ਭੁੱਖ ਤੇ ਪਿਆਸ ਨਾਲ ਤੜਫਦੇ ਲੱਖਾਂ ਬੱਚਿਆਂ ਤੇ ਔਰਤਾਂ ਵੱਲੋਂ ਭੋਗੇ ਜਾ ਰਹੇ ਸੰਤਾਪ ਦਾ ਪ੍ਰਮੁੱਖ ਮੁਜਰਿਮ ਹੈ।
ਪੈਂਟਾਗਨ ਨੂੰ ‘ਜੰਗੀ ਮੰਤਰਾਲਾ’ ਤੇ ਰੱਖਿਆ ਮੰਤਰੀ ਨੂੰ ‘ਜੰਗ ਬਾਰੇ ਮੰਤਰੀ’ ਦਾ ਨਾਂ ਦੇ ਕੇ ਅਮਰੀਕਾ ਨੇ ਦਰਸਾ ਦਿੱਤਾ ਹੈ ਕਿ ਉਹ ਮੁਨਾਫ਼ੇ ਦੀ ਭੁੱਖ ਪੂਰੀ ਕਰਨ ਲਈ ਬੇਲੋੜੀਆਂ ਜੰਗਾਂ ਵਿੱਢਣ ਵਾਸਤੇ ਕਿੰਨਾ ਆਤੁਰ ਤੇ ਬੇਕਿਰਕ ਹੈ। ਅਮਰੀਕਨ ਸਾਮਰਾਜ ਦੇ ਅਸਲ ਇਰਾਦੇ ਜ਼ਾਹਿਰ ਕਰਦਿਆਂ ਉਥੋਂ ਦੇ ਉਦਯੋਗ ਮੰਤਰੀ ਹਾਵਰਡ ਲੁਟਨਿਕ ਨੇ ਆਖਿਆ ਹੈ, ‘‘ਅਮਰੀਕਾ ਤੇ ਭਾਰਤ ਦਰਮਿਆਨ ਵਪਾਰਕ ਤਣਾਅ ਹੈ, ਪ੍ਰੰਤੂ ਇਕ-ਦੋ ਮਹੀਨਿਆਂ ’ਚ ਭਾਰਤ ਗੱਲਬਾਤ ਲਈ ਆਵੇਗਾ ਤੇ ਮੁਆਫੀ ਮੰਗੇਗਾ।’’
ਬਿਆਨ ਜਾਰੀ ਰੱਖਦਿਆਂ ਮੰਤਰੀ ਨੇ ਕਿਹਾ ਹੈ ਕਿ ‘‘25 ਫੀਸਦੀ ਵਾਧੂ ਟੈਰਿਫ ਹਟਾਉਣ ਲਈ ਭਾਰਤ ਨੂੰ ਤਿੰਨ ਸ਼ਰਤਾਂ ਮੰਨਣੀਆਂ ਪੈਣਗੀਆਂ; ਇਕ-ਭਾਰਤ ਨੂੰ ਆਪਣਾ ਬਾਜ਼ਾਰ ਖੋਲ੍ਹਣਾ ਪਵੇਗਾ, ਦੂਜਾ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਪਵੇਗਾ ਤੇ ਤੀਜਾ ‘ਬ੍ਰਿਕਸ’ ਨਾਲੋਂ ਵੱਖ ਹੋਣਾ ਪਵੇਗਾ।’’ ਮੰਤਰੀ ‘ਜੀ’ ਨੇ ਭਾਰਤ ਨੂੰ ਡਾਲਰ ਤੇ ਅਮਰੀਕਾ ਦਾ ਸਮਰਥਨ ਕਰਨ ਦੀ ਭਬਕ ਵੀ ਮਾਰੀ ਹੈ।
ਭਾਰਤ ਵਿਰੁੱਧ ਉਪਰੋਕਤ ਟਿੱਪਣੀਆਂ, ਉਸ ਦੇਸ਼ ਵੱਲੋਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਭਾਰਤ ਦੀ ਸਰਕਾਰ ਨੇ ਅਨੇਕਾਂ ਮੁੱਦਿਆਂ ’ਤੇ ਦੇਸ਼ ਦੇ ਹਿੱਤਾਂ ਦੀ ਬਲੀ ਦੇ ਕੇ ਵੀ ਆਪਣਾ ‘ਯੁੱਧਨੀਤਕ ਭਾਈਵਾਲ’ ਐਲਾਨਿਆ ਹੋਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਾਇਦ ਸੰਸਾਰ ਦੇ ਇਕੋ-ਇਕ ਰਾਜਨੇਤਾ ਹੋਣਗੇ, ਜਿਨ੍ਹਾਂ ਨੇ ਅਮਰੀਕਾ ’ਚ ਵਸੇ ਭਾਰਤੀਆਂ ਨੂੰ ਡੋਨਾਲਡ ਟਰੰਪ ਨੂੰ ਵੋਟਾਂ ਪਾ ਕੇ ਰਾਸ਼ਟਰਪਤੀ ਚੁਣਨ ਦੀ ਜਨਤਕ ਤੌਰ ’ਤੇ ਅਪੀਲ ਕੀਤੀ ਸੀ। ਇਹ ਸਾਰਾ ਕੁਝ ਭਾਰਤ ਵੱਲੋਂ ਵਿਸ਼ਵ ਸ਼ਾਂਤੀ ਦੀ ਰਾਖੀ ਲਈ ਦਹਾਕਿਆਂ ਤੋਂ ਅਪਣਾਈ ਸਾਮਰਾਜ ਵਿਰੋਧੀ ਗੁੱਟ ਨਿਰਲੇਪਤਾ ਵਾਲੀ ਸ਼ਾਨਦਾਰ ਵਿਦੇਸ਼ ਨੀਤੀ ਨੂੰ ਬੇਦਾਵਾ ਦੇਣ ਅਤੇ 140 ਕਰੋੜ ਤੋਂ ਵਧੇਰੇ ਭਾਰਤੀਆਂ ਦੀ ਹੋਣੀ ਨੂੰ ਸੰਸਾਰ ਦੇ ਸਭ ਤੋਂ ਵੱਡੇ ਲੁਟੇਰੇ, ਹੈਂਕੜਬਾਜ਼ ਤੇ ਤਾਨਾਸ਼ਾਹੀ ਵਿਵਸਥਾ ਦੇ ਅਲੰਬਰਦਾਰ ਅਮਰੀਕਨ ਸਾਮਰਾਜ ਦੇ ਕੋਝੇ ਹਿੱਤਾਂ ਨਾਲ ਨੱਥੀ ਕਰਨ ਦੇ ਤੁਲ ਹੈ।
ਭਾਰਤ ਅੱਜ ਬੇਸ਼ੁਮਾਰ ਘਰੇਲੂ ਮੁਸੀਬਤਾਂ ’ਚ ਘਿਰਿਆ ਹੋਇਆ ਹੈ। ਅਜਿਹੇ ਔਕੜਾਂ ਭਰਪੂਰ ਸਮੇਂ ਅਮਰੀਕਨ ਸਾਮਰਾਜ ਆਪਣੇ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਭਾਰਤ ’ਤੇ ਲਗਾਤਾਰ ਦਬਾਅ ਬਣਾ ਰਿਹਾ ਹੈ। ਇਹ ਸਾਡੇ ਲੋਕਾਂ ਲਈ ਪਰਖ ਦਾ ਸਮਾਂ ਹੈ, ਕਿਉਂਕਿ ਸਾਨੂੰ ਚੌਤਰਫਾ ਖਤਰਿਆਂ ਦੇ ਸਨਮੁੱਖ ਦੇਸ਼ ਦੀ ਆਜ਼ਾਦੀ, ਪ੍ਰਭੂਸੱਤਾ ਤੇ ਸਵੈਮਾਣ ਦੀ ਰਾਖੀ ਲਈ ਸਾਮਰਾਜੀ ਦਬਾਅ ਸਾਹਮਣੇ ਚੱਟਾਨ ਵਾਂਗ ਖੜ੍ਹੇ ਹੋਣਾ ਪੈਣਾ ਹੈ। ਭਾਰਤ ਦੀ ਮੋਦੀ ਸਰਕਾਰ ਤੋਂ ਸਾਮਰਾਜ ਵਿਰੁੱਧ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਦੇਸ਼ ਦੇ ਹਿੱਤਾਂ ਦੀ ਰਾਖੀ ਕੀਤੇ ਜਾਣ ਦੀ ਆਸ ਉੱਕਾ ਹੀ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਇਸ ਸਰਕਾਰ ਦਾ ਪਿਛਲਾ ਰਿਕਾਰਡ ਬਹੁਤ ਹੀ ਸ਼ੰਕਿਆਂ ਭਰਪੂਰ ਤੇ ਸਾਮਰਾਜੀਆਂ ਸਾਹਮਣੇ ਗੋਡੇ ਟੇਕਣ ਵਾਲਾ ਰਿਹਾ ਹੈ। ਫਿਰ ਵੀ, ਸਰਕਾਰ ’ਤੇ ਦਬਾਅ ਬਣਾਇਆ ਜਾਣਾ ਚਾਹੀਦਾ ਹੈ ਕਿ ‘ਉਹ ਟਰੰਪ ਪ੍ਰਸ਼ਾਸਨ ਦੇ ਕਿਸੇ ਵੀ ਦਬਾਅ ਅੱਗੇ ਨਾ ਝੁਕੇ ਤੇ ਨਾ ਹੀ ਇਸ ਦੀ ਕੋਈ ਧਮਕੀ ਬਰਦਾਸ਼ਤ ਕਰੇ।’
ਇਸ ਦੇ ਉਲਟ, ਭਾਰਤ ਸਰਕਾਰ ਸੰਸਾਰ ਦੇ ਦੂਜੇ ਦੇਸ਼ਾਂ ਨਾਲ ਮਿਲ ਕੇ ਇਹ ਸੁਨਿਸ਼ਚਿਤ ਕਰੇ ਕਿ ਭਾਰਤ ਬਦਲਵੇਂ ਆਰਥਿਕ ਢਾਂਚੇ ਸਥਾਪਤ ਕਰਨ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ’ਚ ਉਨ੍ਹਾਂ ਦਾ ਭਰੋਸੇਮੰਦ ਸਹਿਯੋਗੀ ਹੈ। ਇਸ ਮੰਤਵ ਲਈ, ਭਾਰਤ ਨੂੰ ਬਿਨਾਂ ਕਿਸੇ ਬਾਹਰੀ ਦਬਾਅ ਦੇ ਸਾਰੇ ਗੁਆਂਢੀ ਦੇਸ਼ਾਂ ਨਾਲ ‘ਮਿੱਤਰਤਾ’ ਕਾਇਮ ਕਰਕੇ ਅਮਰੀਕਨ ਸਾਮਰਾਜ ਦੀ ਬਲੈਕਮੇਲਿੰਗ ਦਾ ਮੂੰਹ-ਤੋੜ ਜਵਾਬ ਦੇਣ ਦੀ ਜ਼ਰੂਰਤ ਹੈ।
ਮੰਗਤ ਰਾਮ ਪਾਸਲਾ
ਪੁਲਸ ਨੂੰ ਕਾਨੂੰਨ ਦੁਆਰਾ ਨਿਰਦੇਸ਼ਿਤ ਹੋਣਾ ਚਾਹੀਦਾ, ਨਾ ਕਿ ਸਿਆਸੀ ਆਗੂਆਂ ਦੁਆਰਾ
NEXT STORY