ਸਾਡੇ ਮਹਾਨ ਪਰ ਭ੍ਰਿਸ਼ਟਾਚਾਰ ਦੇ ਝੰਬੇ ਮੁਲਕ ਦੇ ਕਈ ਭ੍ਰਿਸ਼ਟਾਚਾਰੀ, ਠੱਗ ਲੀਡਰਾਂ, ਨੌਕਰਸ਼ਾਹਾਂ, ਦਲਾਲਾਂ, ਮੁਨਾਫਾਖੋਰ ਸਰਮਾਏਦਾਰਾਂ, ਵੱਡੇ-ਵੱਡੇ ਟੈਕਸ-ਚੋਰਾਂ ਦਾ, ਕਈ ਫਰਜ਼ੀ ਐਕਸਪਰਟ ਐਕਸਪੋਰਟਰਾਂ, ਹਵਾਲਾ ਕਾਰੋਬਾਰੀਆਂ ਆਦਿ ਦਾ ਬੇਅੰਤ ਕਾਲਾ ਧਨ ਸੱਤ ਸਮੁੰਦਰ ਪਾਰ ਅਜਿਹਾ ਗਿਆ ਹੋਇਆ ਹੈ ਕਿ ਕਾਲੇ ਧਨ ਦਾ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗ ਰਿਹਾ। ਕਰੋੜਾਂ ਲੱਖਾਂ ਦਾ ਕਾਲਾ ਧਨ ਆਪਣੇ ਮਹਾਨ ਪਰ ਗਰੀਬ, ਕੰਗਾਲ ਕਰ ਦਿੱਤੇ ਗਏ ਭਾਰਤ ਵਿਚ ਨਾ ਵਾਪਿਸ ਲਿਆਉਣ ਲਈ ਪਹਿਲਾਂ ਵੀ ਪੂਰੀ ਚਲਾਕੀ ਤੇ ਹੁਸ਼ਿਆਰੀ ਨਾਲ ਪੂਰੀ ਨਾਟਕਬਾਜ਼ੀ ਕੀਤੀ ਜਾਂਦੀ ਰਹੀ ਹੈ। ਹੁਣ ਫਿਰ ਕੀਤੀ ਜਾ ਰਹੀ ਹੈ। ਸਿੱਧੇ-ਸਾਦੇ ਤੇ ਸ਼ਰੀਫ ਲੋਕਾਂ ਦੀਆਂ ਜੇਬਾਂ 'ਚੋਂ ਜੇਕਰ ਕੁਝ ਕੁ ਹਜ਼ਾਰ ਜਾਂ ਸੌ ਰੁਪਏ ਬਾਹਰ ਕਢਵਾਉਣੇ ਹੋਣ ਤਾਂ ਕਾਨੂੰਨਾਂ, ਨੇਮਾਂ, ਅਸੂਲਾਂ ਦਾ ਡਰਾਵਾ ਦੇ ਕੇ ਫਟਾਫਟ-ਝਟਪਟ ਕਢਵਾ ਲਏ ਜਾਂਦੇ ਹਨ। ਕਾਲੇ ਧਨ ਦਾ ਮਾਮਲਾ ਦੇਸ਼ ਦੇ ਕਈ ਬੇਹੱਦ ਚਲਾਕ, ਚੁਸਤ, ਘੈਂਟ, ਹੁਸ਼ਿਆਰ, ਭ੍ਰਿਸ਼ਟਾਚਾਰੀ, ਸਿਰਕੱਢ, ਸਿਰਮੌਰ ਬੇਈਮਾਨਾਂ ਨਾਲ ਸੰਬੰਧਿਤ ਹੈ। ਇਸ ਕਾਰਨ ਇਹ ਕਾਲਾ ਧਨ ਜਿਹੜਾ ਕਰੋੜਾਂ ਭਾਰਤੀਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਲੁੱਟ ਕੇ ਵਿਦੇਸ਼ੀ ਬੈਂਕਾਂ ਵਿਚ ਪਿਆ ਹੈ, ਉਸ ਨੂੰ ਭਾਰਤ ਨਾ ਵਾਪਿਸ ਲਿਆ ਕੇ ਭਾਰਤ ਦੀ ਫਿਜ਼ਾ ਦੀ ਹਵਾ ਨਾ ਲੁਆਉਣ, ਇਹ ਮੁੱਦਾ ਹਵਾ ਵਿਚ ਉਡਾਉਣ ਦੀ, ਅੱਧ-ਵਿਚਕਾਰ ਲਮਕਾਉਣ ਦੀ ਡਰਾਮੇਬਾਜ਼ੀ ਸਿਆਸੀ ਸਟੇਜ 'ਤੇ ਪਿਛਲੇ ਕਈ ਵਰ੍ਹਿਆਂ ਤੋਂ ਹੁੰਦੀ ਆ ਰਹੀ ਹੈ। ਉਂਝ ਦਿਲ ਦੇ ਕਈ ਮਾਮਲੇ ਬੜੇ ਗੁੰਝਲਦਾਰ ਤੇ ਪੇਚਦਾਰ ਹੁੰਦੇ ਹਨ, ਜਿਨ੍ਹਾਂ ਨੂੰ ਸੁਲਝਾਉਣ ਲਈ ਬੜੇ ਯਤਨ ਕਰਨੇ ਪੈਂਦੇ ਹਨ।
ਸਾਡੇ ਮੁਲਕ ਦੇ ਕਾਲੇ ਧਨ ਦਾ ਮਾਮਲਾ ਚੁਸਤ, ਚਲਾਕ ਤੇ ਹੁਸ਼ਿਆਰ ਸਿਆਸਤਦਾਨਾਂ ਤੇ ਨੌਕਰਸ਼ਾਹਾਂ, ਅਫਸਰਾਂ, ਕੁਝ ਸਾਬਕਾ ਤੇ ਵਰਤਮਾਨ ਹੁਕਮਰਾਨਾਂ ਦੇ ਬੇਹੱਦ ਹੰਢੇ-ਵਰਤੇ ਦਿਮਾਗਾਂ ਕਾਰਨ ਬਹੁਤ ਜ਼ਿਆਦਾ ਗੁੰਝਲਦਾਰ, ਪੇਚਦਾਰ ਬਣਾ ਦਿੱਤਾ ਗਿਆ ਹੈ। ਜੇਕਰ ਇਕ ਪੇਚ ਖੁੱਲ੍ਹਦਾ ਹੈ ਤਾਂ ਦੂਸਰੇ ਪੇਚ ਨੂੰ ਚੰਗੀ ਤਰ੍ਹਾਂ ਕੱਸ ਦਿੱਤਾ ਜਾਂਦਾ ਹੈ। ਬਸ, 'ਭਾਫ ਨਾ ਨਿਕਲੇ ਬਾਹਰ' ਵਾਲੀ ਗੱਲ ਹੋਈ ਪਈ ਹੈ। ਖਾਧਾ-ਪੀਤਾ ਰਲ-ਮਿਲ ਕੇ ਪਚਾਉਣ ਦੀ, ਯਾਨੀ ਹਜ਼ਮ ਕਰਨ ਦੀ ਸਾਜ਼ਿਸ਼ ਹੁੰਦੀ ਰਹੀ ਹੈ ਤੇ ਹੋ ਰਹੀ ਹੈ। ਕਾਲੇ ਧਨ ਦਾ ਮੁੱਦਾ ਪਿਛਲੀ ਸਰਕਾਰ ਲਈ ਕਾਲ ਬਣ ਕੇ ਆਇਆ ਤੇ ਉਸ ਨੂੰ ਹਕੂਮਤ ਦੇ ਤਖ਼ਤ ਤੋਂ ਲਾਹ ਕੇ ਭੁੰਜੇ ਪਟਕਾ ਮਾਰਿਆ ਜਿਵੇਂ ਇਹ ਮੁੱਦਾ ਤਾਂ ਉਸ ਲਈ ਕਾਲ ਹੀ ਬਣ ਗਿਆ। ਕਾਲੇ ਧਨ ਦਾ ਮੁੱਦਾ ਵਿਰੋਧੀ ਸਿਆਸੀ ਮੁੱਖ ਪਾਰਟੀ ਲਈ ਬੜਾ ਲਾਹੇਵੰਦ ਸਾਬਿਤ ਹੋਇਆ। ਇਸ ਨੇ ਉਸ ਦੀ ਸਿਆਸੀ ਮੰਦੀ ਦੂਰ ਕਰ ਦਿੱਤੀ ਤੇ ਉਸ ਨੂੰ ਭਾਰੀ ਬਹੁਮਤ ਦੁਆ ਕੇ ਉਸ ਦੇ ਹੱਥ ਹਕੂਮਤ ਦੀ ਵਾਗਡੋਰ ਫੜਾ ਦਿੱਤੀ।
ਕਾਲੇ ਧਨ ਦਾ ਮੁੱਦਾ ਹੁਣ ਵਾਲੀ ਸਰਕਾਰ ਵਾਸਤੇ ਸਿਆਸੀ ਸੁਨਹਿਰੀ ਕਾਲ ਲੈ ਕੇ ਆਇਆ। ਪੂਰੀ ਦੁਨੀਆ 'ਚ ਬੱਲੇ-ਬੱਲੇ ਹੋ ਗਈ। ਜਿਨ੍ਹਾਂ ਲੀਡਰਾਂ ਨੂੰ ਫਿਰਕਾਪ੍ਰਸਤ, ਕੱਟੜਵਾਦੀ, ਜਨੂੰਨੀ ਗਰਦਾਨ ਕੇ ਭੰਡਿਆ, ਨਿੰਦਿਆ ਜਾਂਦਾ ਸੀ, ਹਕੂਮਤ ਸੰਭਾਲਣ 'ਤੇ ਉਨ੍ਹਾਂ ਵਾਸਤੇ ਅਮਰੀਕਾ ਵਰਗਾ ਮੁਲਕ ਵੀ ਲਾਲ ਗਲੀਚਾ ਵਿਛਾਉਣ ਲਈ ਤਿਆਰ ਹੋ ਗਿਆ। ਉਨ੍ਹਾਂ ਦੇ ਗਲਾਂ ਵਿਚ ਹਾਰ ਪੈ ਰਹੇ ਹਨ ਤੇ ਉਨ੍ਹਾਂ ਦੀ ਖ਼ੂਬ ਜੈ-ਜੈਕਾਰ ਹੋ ਰਹੀ ਹੈ। ਉਨ੍ਹਾਂ ਵਲੋਂ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਕਾਲੇ ਧਨ ਦਾ ਮੁੱਦਾ ਹਕੂਮਤ ਦੁਆਉਣ 'ਚ ਮੋਹਰੀ ਸਾਬਿਤ ਤਾਂ ਹੋਇਆ ਹੀ, ਐਪਰ ਦਾਮਨ 'ਤੇ ਲੱਗੇ ਦਾਗ਼ ਧੋਣ ਲਈ ਵਧੀਆ ਸਾਬਣ, ਸਰਫ਼ ਵੀ ਸਿੱਧ ਹੋਇਆ। ਕਾਲੇ ਧਨ ਦੇ ਮੁੱਦੇ ਨੇ ਉਨ੍ਹਾਂ ਦੀ 'ਧੰਨ-ਧੰਨ' ਕਰਵਾ ਦਿੱਤੀ। ਜਿਨ੍ਹਾਂ ਨੇ ਕਰੋੜਾਂ ਭਾਰਤੀਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਲੁੱਟ ਕੇ ਕਾਲੇ ਧਨ ਦੇ ਰੂਪ 'ਚ ਵਿਦੇਸ਼ੀ ਬੈਂਕਾਂ 'ਚ ਜਮ੍ਹਾ ਕੀਤਾ (ਲੁਕਾਇਆ) ਹੋਇਆ ਹੈ, ਉਨ੍ਹਾਂ ਦੇ ਨਾਂ (ਪ੍ਰਭਾਵਸ਼ਾਲੀ ਵਿਅਕਤੀ ਹੋਣ ਕਾਰਨ) ਪਿਛਲੀ ਸਰਕਾਰ ਵੀ ਲੁਕਾਉਂਦੀ ਰਹੀ ਹੈ। ਹੁਣ ਵਾਲੀ ਸਰਕਾਰ ਵੀ ਲੁਕਾਉਂਦੀ ਜਾਪਦੀ ਹੈ। ਜਾਪਦਾ ਹੈ, ਪਿਛਲਿਆਂ-ਅਗਲਿਆਂ ਦੇ ਕਈ 'ਪ੍ਰਭਾਵਸ਼ਾਲੀ', 'ਸ਼ਕਤੀਸ਼ਾਲੀ' ਵਿਅਕਤੀ ਕਾਲੇ ਧਨ ਦੇ ਕਾਲੇ ਧੰਦੇ ਵਿਚ ਸ਼ਾਮਿਲ ਹਨ। ਕਰੋੜਾਂ ਭਾਰਤੀਆਂ ਨੂੰ ਹੱਕ ਹੈ ਉਨ੍ਹਾਂ ਦੇ ਨਾਂ ਜਾਣਨ ਦਾ ਤੇ ਇਹ ਇੱਛਾ ਪ੍ਰਗਟਾਉਣ ਦਾ ਕਿ ਛੇਤੀ ਤੋਂ ਛੇਤੀ ਕਾਲਾ ਧਨ ਵਾਪਿਸ ਲਿਆਂਦਾ ਜਾਵੇ। ਮੁਲਕ 'ਚੋਂ ਗਰੀਬੀ ਤੇ ਕੰਗਾਲੀ ਨੂੰ ਦੂਰ ਕੀਤਾ ਜਾਵੇ। ਕਾਲੇ ਧਨ ਦੇ ਧਨੀ 'ਪ੍ਰਭਾਵਸ਼ਾਲੀ' ਤੇ 'ਸ਼ਕਤੀਸ਼ਾਲੀ' ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਖਾਤਿਰ ਦੇਸ਼ ਦੀ ਮਾਲੀ ਹਾਲਤ ਨੂੰ ਜਾਣਬੁੱਝ ਕੇ ਕਮਜ਼ੋਰ ਰਹਿਣ ਦਿੱਤਾ ਜਾ ਰਿਹਾ ਹੈ। ਚਿੱਟੇ ਦਿਨ ਬਹਾਨੇ ਘੜ-ਘੜ ਕੇ, ਤਰ੍ਹਾਂ-ਤਰ੍ਹਾਂ ਦੇ ਝੂਠ ਬੋਲ-ਬੋਲ ਕੇ ਸਾਨੂੰ ਇਹੀ ਸੁਣਾਇਆ ਜਾਂਦਾ ਰਿਹਾ ਹੈ ਤੇ ਸੁਣਾਇਆ ਜਾ ਰਿਹੈ, ''ਪਰਦੇ ਮੇਂ ਰਹਿਨੇ ਦੋ! ਪਰਦਾ ਨਾ ਉਠਾਓ। ਪਰਦਾ ਜੋ ਉੱਠ ਗਿਆ ਤੋ ਭੇਦ ਖੁੱਲ੍ਹ ਜਾਏਗਾ।''
ਹੁਣ ਤਾਂ ਸਾਨੂੰ ਇਹੀ ਪ੍ਰਭਾਵ ਪੈਦਾ ਕਰਦੀ ਸਿਆਸੀ ਪਹੁੰਚ ਤੇ ਸਥਿਤੀ ਪਈ ਨਜ਼ਰ ਆਉਂਦੀ ਹੈ, ''ਆ ਜਾਊਗਾ ਕਾਲਾ ਧਨ ਵਾਪਿਸ। ਕਾਹਲੀ ਕਾਹਦੀ ਏ? ਐਵੇਂ ਕਿਉਂ ਰੌਲਾ ਪਾਇਆ ਹੋਇਆ ਹੈ? ਕਾਲੇ ਧਨ ਬਾਰੇ ਕਾਲੇ ਕਾਵਾਂ ਵਾਂਗ ਕਾਂ-ਕਾਂ ਕਰਕੇ ਸਿਰ ਕਾਹਤੋਂ ਖਾਂਦੇ ਓ?''
ਉਹ ਗਾਂਧੀ ਟੋਪੀ ਵਾਲੇ ਵੱਡੇ ਸਮਾਜ ਸੇਵਕ, ਧੋਤੀ-ਲੰਗੋਟੀ ਵਾਲੇ ਬਾਬਾ ਜੀ, ਉਨ੍ਹਾਂ ਦੇ ਲੱਖਾਂ ਪੈਰੋਕਾਰ, ਸ਼ਰਧਾਲੂ ਅਤੇ ਹੋਰ ਸਮਾਜ ਸੇਵਕ, ਬੁੱਧੀਜੀਵੀ, ਲੀਡਰ ਹੁਣ ਕਾਲੇ ਧਨ ਦੇ ਮੁੱਦੇ 'ਤੇ ਕੋਈ ਪੋਜ਼ ਬਣਾ ਕੇ, ਆਸਣ ਲਗਾ ਕੇ, ਮਾਈਕ ਹੱਥ 'ਚ ਫੜ ਕੇ ਕੋਈ ਬਿਆਨ ਕਿਉਂ ਨਹੀਂ ਦਿੰਦੇ, ਕੋਈ ਧਿਆਨ-ਗਿਆਨ ਕੈਂਪ ਕਿਉਂ ਨਹੀਂ ਲਾਉਂਦੇ, ਜਿਨ੍ਹਾਂ ਨੇ ਪਿਛਲੀ ਸਰਕਾਰ ਵੇਲੇ ਬੜੇ ਜੋਸ਼-ਓ-ਖਰੋਸ਼ ਨਲ ਧਰਨੇ ਲਾਏ ਸਨ, ਮੁਜ਼ਾਹਰੇ ਕੀਤੇ ਸਨ, ਇਕ ਵੱਡਾ ਅੰਦੋਲਨ ਪੂਰੇ ਭਾਰਤ 'ਚ ਚਲਾਇਆ ਸੀ। ਕੀ ਉਹ ਸਾਰੇ ਵੀ ਹੁਣ ਇਹੀ ਸੋਚਦੇ ਹਨ, ''ਆ ਜਾਊਗਾ ਕਾਲਾ ਧਨ ਵਾਪਿਸ। ਕਾਹਲੀ ਕਾਹਦੀ ਏ?''
ਖ਼ੁਦ ਨਾਲ ਪਿਆਰ ਕਰਨਾ ਸਿੱਖੇ ਇਨਸਾਨ
NEXT STORY