ਬਿੱਲੀਆਂ ਨਾਲ ਜੁੜੀਆਂ ਕਈ ਦਿਲਚਸਪ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ। ਬਿੱਲੀਆਂ ਦੇ ਸੰਬੰਧ 'ਚ ਸਾਡੇ ਸਮਾਜ 'ਚ ਕਈ ਮੁਹਾਵਰੇ ਰੁਝਾਨ 'ਚ ਹਨ। ਬਿੱਲੀਆਂ ਨੂੰ ਲੈ ਕੇ ਕਈ ਅੰਧ-ਵਿਸ਼ਵਾਸ ਵੀ ਫੈਲੇ ਹੋਏ ਹਨ।
ਕਿਸੇ ਕੰਮ ਲਈ ਘਰ ਤੋਂ ਬਾਹਰ ਨਿਕਲਣ 'ਤੇ ਬਿੱਲੀ ਦੇ ਰਸਤਾ ਕੱਟ ਜਾਣ ਨੂੰ ਅਪਸ਼ਗੁਨ ਮੰਨਿਆ ਜਾਂਦਾ ਹੈ। ਬਿੱਲੀ ਦੇ ਰੋਣ ਨੂੰ ਵੀ ਬੁਰਾ ਮੰਨਿਆ ਜਾਂਦਾ ਹੈ।
ਸੰਸਾਰ 'ਚ ਕਈ ਰੰਗਾਂ ਦੀਆਂ ਬਿੱਲੀਆਂ ਪਾਈਆਂ ਜਾਂਦੀਆਂ ਹਨ। ਆਮ ਤੌਰ 'ਤੇ ਕਾਲੇ ਭੂਰੇ ਰੰਗ ਦੀਆਂ ਬਿੱਲੀਆਂ ਹੀ ਅਸੀਂ ਦੇਖਦੇ ਹਾਂ, ਜੋ ਸਾਡੇ ਘਰਾਂ ਦੇ ਆਲੇ-ਦੁਆਲੇ ਦੇਖੀਆਂ ਜਾਂਦੀਆਂ ਹਨ।
ਇਕਦਮ ਕਾਲੀ ਬਿੱਲੀ ਆਮ ਤੌਰ 'ਤੇ ਘੱਟ ਹੀ ਦੇਖੀ ਜਾਂਦੀ ਹੈ। ਜ਼ਿਆਦਾਤਰ ਕਾਲੀਆਂ ਬਿੱਲੀਆਂ ਦੇ ਸਰੀਰ 'ਤੇ ਚਿੱਟੇ ਧੱਬੇ ਦੇਖੇ ਜਾਂਦੇ ਹਨ, ਜੋ ਉਨ੍ਹਾਂ ਦੇ ਚਿਹਰਿਆਂ 'ਤੇ ਵੀ ਹੁੰਦੇ ਹਨ। ਮੱਧਕਾਲ 'ਚ ਬਿੱਲੀਆਂ ਨੂੰ ਸ਼ੈਤਾਨ ਦਾ ਰੂਪ ਸਮਝਿਆ ਜਾਣ ਕਰਕੇ ਕਾਲੀ ਬਿੱਲੀ ਨੂੰ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਅਤੇ ਇਸ ਤਰ੍ਹਾਂ ਦੇ ਅੰਧ-ਵਿਸ਼ਵਾਸ ਕਾਰਨ ਲੋਕ ਇਕਦਮ ਕਾਲੀ ਬਿੱਲੀ ਦੀ ਬਜਾਏ ਹੋਰ ਰੰਗਾਂ ਦੀਆਂ ਬਿੱਲੀਆਂ ਨੂੰ ਪਸੰਦ ਕਰਨ ਲੱਗੇ।
ਹੌਲੀ-ਹੌਲੀ ਪੂਰੇ ਚਿੱਟੇ ਰੰਗ ਦੀ ਧਾਰੀ ਵਾਲੀਆਂ ਬਿੱਲੀਆਂ ਨੂੰ ਪਾਲਣ ਦਾ ਰੁਝਾਨ ਵਧ ਗਿਆ। ਬਿੱਲੀ ਦੇ ਸਰੀਰ 'ਤੇ ਚਿੱਟੇ ਨਿਸ਼ਾਨ ਨੂੰ ਲੋਕ ਸ਼ਰਾਫਤ ਦਾ ਚਿੰਨ੍ਹ ਜਾਂ ਦੇਵਦੂਤ ਦੀ ਨਿਸ਼ਾਨੀ ਮੰਨਣ ਲੱਗੇ। ਇਸ ਲਈ ਸਮਾਜ ਵਿਚ ਕਾਲੀ ਬਿੱਲੀ ਦਾ ਮਹੱਤਵ ਬਹੁਤ ਘਟ ਗਿਆ ਅਤੇ ਚਿੱਟੇ ਰੰਗ ਦੀ ਧਾਰੀ ਵਾਲੀ ਬਿੱਲੀ ਦਾ ਮਹੱਤਵ ਵਧ ਗਿਆ।
ਰੰਗ-ਬਿਰੰਗੀਆਂ ਧਾਰੀਆਂ ਵਾਲੀਆਂ ਬਿੱਲੀਆਂ ਕਿਸ ਨੂੰ ਪਸੰਦ ਨਹੀਂ ਹਨ। ਚੀਤੇ ਵਾਂਗ ਦਿਸਦੀਆਂ ਇਹ ਬਿੱਲੀਆਂ ਜਾਂ ਤਾਂ ਹਲਕੇ ਧੱਬਿਆਂ ਦੇ ਨਿਸ਼ਾਨਾਂ ਵਾਲੀਆਂ ਹੁੰਦੀਆਂ ਹਨ ਜਾਂ ਧਾਰੀਆਂ ਵਾਲੀਆਂ। ਕਾਲੀਆਂ, ਚਿੱਟੀਆਂ ਅਤੇ ਹੋਰ ਰੰਗਾਂ ਵਾਲੀਆਂ ਬਿੱਲੀਆਂ ਨੂੰ ਅਮਰੀਕਾ 'ਚ ਕੈਲਿਕੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕੁਝ ਬਿੱਲੀਆਂ ਦਾ ਰੰਗ ਅਦਰਕ ਦੇ ਰੰਗ ਵਾਂਗ ਹੈ। ਕਈ ਬਿੱਲੀਆਂ ਦੋ ਰੰਗੀਆਂ ਹਨ ਜਿਵੇਂ ਚਿੱਟੀਆਂ ਤੇ ਕ੍ਰੀਮ ਰੰਗ, ਨੀਲੀ ਅਤੇ ਚਿੱਟੀ ਆਦਿ, ਕੁਝ ਬਿੱਲੀਆਂ ਪੂਰੇ ਚਿੱਟੇ ਰੰਗ ਦੀਆਂ ਦੇਖੀਆਂ ਜਾਂਦੀਆਂ ਹਨ। ਇਨ੍ਹਾਂ 'ਚੋਂ ਕੁਝ ਬਿੱਲੀਆਂ ਦੇ ਸਰੀਰ ਦੇ ਹੇਠਲੇ ਹਿੱਸੇ ਵਿਚ ਧੱਬੇ ਵੀ ਦੇਖੇ ਜਾਂਦੇ ਹਨ। ਚਿੱਟੀਆਂ ਬਿੱਲੀਆਂ ਦੀਆਂ ਅੱਖਾਂ ਸਾਧਾਰਨ ਜਾਂ ਨੀਲੀਆਂ ਵੀ ਹੁੰਦੀਆਂ ਹਨ। ਨੀਲੀਆਂ ਅੱਖਾਂ ਵਾਲੀ ਸਫੈਦ ਬਿੱਲੀ ਢੀਠ ਮੰਨੀ ਜਾਂਦੀ ਹੈ।
ਇਤਿਹਾਸਕਾਰਾਂ ਅਨੁਸਾਰ ਬਿੱਲੀ ਅਤੇ ਮਨੁੱਖ ਦਾ ਰਿਸ਼ਤਾ ਲੱਗਭਗ 4000 ਸਾਲ ਪੁਰਾਣਾ ਹੈ। ਪੂਰਬੀ ਇਲਾਕਿਆਂ ਵਿਚ ਵੀ ਬਿੱਲੀ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਹੈ ਕਿ ਉਹ ਨੁਕਸਾਨ ਕਰਨ ਵਾਲੇ ਜੀਵ-ਜੰਤੂਆਂ ਨੂੰ ਖਤਮ ਕਰਨ ਵਾਲੀਆਂ ਹੁੰਦੀਆਂ ਹਨ। ਯੂਰਪ ਵਿਚ ਇਸਾਈ ਧਰਮ ਦੇ ਲੋਕਾਂ ਦੀ ਸੋਚ ਵਿਚ ਹੈਰਾਨੀਜਨਕ ਢੰਗ ਨਾਲ ਤਬਦੀਲੀ ਆਈ। ਇਸ ਤੋਂ ਬਾਅਦ ਤਕਰੀਬਨ 5 ਦਹਾਕਿਆਂ ਤਕ ਬਿੱਲੀ ਨੂੰ ਸ਼ੈਤਾਨ ਦਾ ਦੂਤ ਸਮਝਿਆ ਗਿਆ ਅਤੇ ਬਿੱਲੀ ਨੂੰ ਚੁੜੈਲ ਪਰਿਵਾਰ ਦਾ ਮੈਂਬਰ ਸਮਝ ਕੇ ਨਫਰਤ ਕੀਤੀ ਜਾਣ ਲੱਗੀ। ਇਸ ਤੋਂ ਵੀ ਜ਼ਿਆਦਾ ਖਤਰਨਾਕ ਸਥਿਤੀ ਉਦੋਂ ਆਈ, ਜਦੋਂ ਅਕਸਰ ਕਿਸੇ ਸਮਾਗਮ ਵਿਚ ਚੁੜੈਲ ਦੇ ਰੂਪ ਅਤੇ ਬਿੱਲੀ ਨੂੰ ਜਨਤਕ ਰੂਪ ਨਾਲ ਅੱਗ 'ਚ ਜੀਵਤ ਹੀ ਜਲਾਇਆ ਜਾਣ ਲੱਗਾ।
17ਵੀਂ ਸ਼ਤਾਬਦੀ ਦਾ ਆਗਮਨ ਹੁੰਦੇ-ਹੁੰਦੇ ਬਿੱਲੀਆਂ ਦੇ ਸੰਬੰਧ 'ਚ ਲੋਕਾਂ ਦੀ ਰਵਾਇਤੀ ਸੋਚ 'ਚ ਤਬਦੀਲੀ ਆਈ ਤੇ ਲੋਕਾਂ ਨੇ ਬਿੱਲੀਆਂ ਨੂੰ ਫਿਰ ਅਪਣਾਉਣਾ ਸ਼ੁਰੂ ਕੀਤਾ। ਇੰਨਾ ਹੀ ਨਹੀਂ, ਬਿੱਲੀਆਂ ਦੀ ਸੁੰਦਰਤਾ ਅਤੇ ਮਹੱਤਵ ਨੂੰ ਕਲਾ ਤੇ ਸਾਹਿਤ ਵਿਚ ਵੀ ਥਾਂ ਦਿੱਤੀ ਜਾਣ ਲੱਗੀ ਤੇ ਉਹ ਲੋਕਪ੍ਰਿਯ ਹੋ ਗਈਆਂ।
ਮਹਾਲਕਸ਼ਮੀ ਦਾ ਪੁਲ
NEXT STORY