ਨਵੀਂ ਦਿੱਲੀ- ਬੱਚਿਆਂ ਦੀ ਰੱਖਿਆ ਲਈ ਬਣਾਏ ਗਏ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਅਤੇ ਇਨਸਾਨੀਅਤ ਨੂੰ ਦਾਗਦਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਸਥਿਤ ਨੇਤਰਹੀਣ ਬੱਚਿਆਂ ਦੇ ਇਕ ਸਕੂਲ 'ਚ ਤੀਜੀ ਕਲਾਸ ਵਿਚ ਪੜ੍ਹਣ ਵਾਲੇ ਦੋ ਮੁੰਡਿਆਂ ਨਾਲ ਸਕੂਲ ਦੇ ਹੀ ਅਧਿਆਪਕ ਨੇ ਦੁਸ਼ਕਰਮ ਕੀਤਾ।
ਦੋਸ਼ੀ ਅਧਿਆਪਕ ਵਲੋਂ ਆਪਣਾ ਜੁਰਮ ਕਬੂਲ ਕਰਨ ਪਿੱਛੋਂ ਵੀ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਉਕਤ ਘਟਨਾ ਤੋਂ ਤੁਰੰਤ ਬਾਅਦ ਹੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਸ ਮੌਕੇ 'ਤੇ ਪਹੁੰਚੀ ਵੀ ਸੀ ਪਰ ਇਸ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ 9 ਮਹੀਨੇ ਬਾਅਦ ਸ਼ਿਕਾਇਤ ਦਰਜ ਕਰਵਾਈ।
ਜਾਣਕਾਰੀ ਮੁਤਾਬਿਕ ਪਿਛਲੇ ਸਾਲ ਬਾਲ ਦਿਵਸ ਭਾਵ 14 ਨਵੰਬਰ ਨੂੰ ਵਾਪਰੀ ਇਸ ਘਟਨਾ ਵਿਚ ਦੋਸ਼ੀ ਸਕੂਲ ਅਧਿਆਪਕ ਨੇ ਸਰਕਾਰੀ ਮਦਦ ਪ੍ਰਾਪਤ ਹੋਸਟਲ ਵਿਚ ਰਹਿ ਰਹੇ ਦੋ ਨੇਤਰਹੀਣ ਬੱਚਿਆਂ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਤੋਂ ਅਗਲੇ ਦਿਨ ਪੀੜਤ ਬੱਚਿਆਂ ਨੇ ਨਾਲ ਪੜ੍ਹਦੇ ਹੋਰਨਾਂ ਬੱਚਿਆਂ ਨਾਲ ਰਲ ਕੇ ਸਕੂਲ ਦੇ ਵਾਈਸ ਪਿੰ੍ਰਸੀਪਲ ਨੂੰ ਇਕ ਚਿੱਠੀ ਵੀ ਲਿਖੀ ਸੀ। ਹੋਰ ਨੇਤਰਹੀਣ ਬੱਚਿਆਂ ਨੇ ਵੀ ਦੋਸ਼ੀ ਅਧਿਆਪਕ ਖਿਲਾਫ ਲਗਾਤਾਰ ਛੇੜਛਾੜ ਦੀ ਸ਼ਿਕਾਇਤ ਕੀਤੀ। ਹਾਲਾਂਕਿ ਵਾਈਸ ਪਿੰ੍ਰਸੀਪਲ ਨੇ ਉਸ ਸਮੇਂ ਪੁਲਸ ਨੂੰ ਬੁਲਾਇਆ ਪਰ ਅਧਿਆਪਕ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੀ ਬਜਾਏ ਉਨ੍ਹਾਂ ਨੇ ਅਧਿਆਪਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਇਸ ਪਿੱਛੋਂ ਪੁਲਸ ਨੇ ਵੀ ਇਸ ਮਾਮਲੇ ਵਿਚ ਅਗਲੀ ਜਾਂਚ ਨਹੀਂ ਕੀਤੀ।
ਦਿੱਲੀ ਕਮੀਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੇ ਚੇਅਰਮੈਨ ਅਰੁਣ ਮਾਥੁਰ ਦਾ ਕਹਿਣਾ ਹੈ ਕਿ ਇਹ ਘਟਨਾ ਬੱਚਿਆਂ ਦੀ ਸੁਰੱਖਿਆ ਵਾਲੇ ਕਾਨੂੰਨ ਪਾਕਸੋ ਐਕਟ ਦੀ ਸਿੱਧੇ ਤੌਰ 'ਤੇ ਉਲੰਘਣਾ ਕੀਤੀ ਹੈ। ਪਾਕਸੋ ਐਕਟ ਅਨੁਸਾਰ ਜਦੋਂ ਪੁਲਸ ਨੂੰ ਕਿਸੇ ਵੀ ਯੌਨ ਸ਼ੋਸ਼ਣ ਮਾਮਲੇ ਦੀ ਸੂਚਨਾ ਮਿਲੇ ਤਾਂ ਉਸ ਲਈ ਉਸੇ ਸਮੇਂ ਐੱਫ.ਆਈ.ਆਰ. ਦਰਜ ਕਰਨਾ ਜ਼ਰੂਰੀ ਹੈ। ਹਾਲਾਂਕਿ ਕਾਰਨ ਦੱਸੋ ਨੋਟਿਸ ਤੋਂ ਬਾਅਦ ਦੋਸ਼ੀ ਅਧਿਆਪਕ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਅਗਾਂਹ ਤੋਂ ਫਿਰ ਅਜਿਹੀ ਗਲਤੀ ਨਹੀਂ ਕਰੇਗਾ। ਇਸ ਪਿੱਛੋਂ ਸਕੂਲ ਨੇ ਉਸ ਖਿਲਾਫ ਮਾਮਲਾ ਦਰਜ ਨਹੀਂ ਕਰਵਾਇਆ।
ਇੰਨਾ ਹੀ ਨਹੀਂ ਪੀੜਤ ਬੱਚਿਆਂ 'ਚੋਂ ਇਕ ਨੂੰ ਵਾਈਸ ਪਿੰ੍ਰਸੀਪਲ ਨੇ ਜੁਲਾਈ ਵਿਚ ਹੋਸਟਲ ਛੱਡਣ ਲਈ ਕਿਹਾ ਸੀ। ਉਸ ਨੇ ਆਪਣੇ ਆਰਡਰ ਵਿਚ ਹੋਸਟਲ ਦੇ ਵਾਰਡਨ ਨੂੰ ਲਿਖਿਆ ਸੀ ਕਿ ਉਹ ਉਸ ਬੱਚੇ ਨੂੰ ਹੋਸਟਲ 'ਚੋਂ ਕੱਢ ਦੇਵੇ ਕਿਉਂਕਿ ਉਹ ਇਕ ਚੰਗਾ ਵਿਦਿਆਰਥੀ ਨਹੀਂ ਹੈ ਅਤੇ ਉਸ ਦਾ ਚਰਿੱਤਰ ਵੀ ਠੀਕ ਨਹੀਂ ਹੈ।
ਜਦੋਂ ਦੋਹਾਂ ਬੱਚਿਆਂ 'ਚੋਂ ਇਕ ਦੇ ਪਿਤਾ ਨੇ ਇਸ ਬਾਰੇ ਲਗਾਤਾਰ ਸਕੂਲ ਪ੍ਰਸ਼ਾਸਨ ਨੂੰ ਲਿਖ ਕੇ ਦੋਸ਼ੀ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਚਿੱਠੀਆਂ ਦੀ ਇਕ ਲੜੀ ਹੀ ਜੁਲਾਈ ਵਿਚ ਸਕੂਲ ਭੇਜੀ ਤਾਂ ਕਿਤੇ ਜਾ ਕੇ ਸਕੂਲ ਅਥਾਰਿਟੀ ਨੇ ਕੋਈ ਕਦਮ ਅੱਗੇ ਵਧਾਇਆ। ਪੀੜਤ ਬੱਚੇ ਦੇ ਪਿਤਾ ਦੇ ਲਗਾਤਾਰ ਯਤਨਾਂ ਪਿੱਛੋਂ ਅਖੀਰ ਅਗਸਤ ਵਿਚ ਸਕੂਲ ਦੇ ਸੈਕਟਰੀ ਨੇ ਅਮਰ ਕਾਲੋਨੀ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਕੋਲ ਸ਼ਿਕਾਇਤ ਦਰਜ ਕਰਵਾਈ। ਲੱਗਭਗ ਇਕ ਸਾਲ ਬਾਅਦ ਹੁਣ ਕਿਤੇ ਜਾ ਕੇ ਪੁਲਸ ਨੇ ਇਸ ਮਾਮਲੇ ਵਿਚ ਦੋ ਜਾਂਚ ਕਮੇਟੀਆਂ ਵੀ ਬਿਠਾਈਆਂ ਹਨ। ਦੋਹਾਂ ਕਮੇਟੀਆਂ ਨੇ ਹੀ ਦੋਸ਼ੀ ਅਧਿਆਪਕ ਨੂੰ ਵੱਖ-ਵੱਖ ਅਧਾਰ 'ਤੇ ਸਜ਼ਾ ਦੇਣ ਅਤੇ ਸਕੂਲ 'ਚੋਂ ਕੱਢਣ ਦੀ ਮੰਗ ਕੀਤੀ ਹੈ। ਇਨ੍ਹਾਂ ਕਮੇਟੀਆਂ ਨੇ ਪੁਲਸ ਨਾਲ ਮਿਲ ਕੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਵਾਈਸ ਪਿੰ੍ਰਸੀਪਲ ਦੀ ਵੀ ਆਲੋਚਨਾ ਕੀਤੀ ਹੈ। ਜਾਂਚ ਕਮੇਟੀ ਦੇ ਇਕ ਮੈਂਬਰ ਦਾ ਕਹਿਣੈ ਕਿ ਇੰਨਾ ਸਭ ਹੋਣ ਪਿੱਛੋਂ ਅਜੇ ਤੱਕ ਵੀ ਨਾ ਤਾਂ ਦੋਸ਼ੀ ਅਧਿਆਪਕ ਅਤੇ ਨਾ ਹੀ ਵਾਈਸ ਪਿੰ੍ਰਸੀਪਲ ਖਿਲਾਫ ਕੋਈ ਠੋਸ ਕਾਰਵਾਈ ਕੀਤੀ ਗਈ ਹੈ।
ਸਕੂਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਸ ਨੇ ਅਧਿਆਪਕ ਦੇ ਖਿਲਾਫ ਹੁਣ ਕੇਸ ਦਰਜ ਕਰਵਾ ਦਿੱਤਾ ਹੈ। ਹਾਲਾਂਕਿ ਪੁਲਸ ਇਸ ਦਾਅਵੇ ਤੋਂ ਉਲਟ ਕੁਝ ਹੋਰ ਹੀ ਕਹਿ ਰਹੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਇਸ ਕੇਸ ਵਿਚ ਕੋਈ ਵੀ ਐੱਫ.ਆਈ.ਆਰ. ਦਰਜ ਨਹੀਂ ਕਰਵਾਈ ਗਈ ਕਿਉਂਕਿ ਪੀੜਤਾਂ ਨੇ ਉਨ੍ਹਾਂ ਨਾਲ ਹੋਏ ਅਜਿਹੇ ਕਿਸੇ ਵੀ ਹਾਦਸੇ ਤੋਂ ਇਨਕਾਰ ਕਰ ਦਿੱਤਾ ਹੈ। ਪੀੜਤਾਂ ਦਾ ਕਹਿਣੈ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਨਹੀਂ ਹੋਇਆ।
ਪੁਲਸ ਅਨੁਸਾਰ ਉਸ ਨੇ ਦੋਹਾਂ ਪੀੜਤ ਬੱਚਿਆਂ ਦੇ ਬਿਆਨ ਤਿੰਨ ਵੱਖ-ਵੱਖ ਤਰੀਕਾਂ 'ਤੇ ਦਰਜ ਕੀਤੇ ਹਨ ਅਤੇ ਤਿੰਨਾਂ ਹੀ ਬਿਆਨਾਂ ਵਿਚ ਪੀੜਤਾਂ ਨੇ ਯੌਨ ਸ਼ੋਸ਼ਣ ਦੀ ਗੱਲ ਨੂੰ ਸਿਰੇ ਤੋਂ ਰੱਦ ਕੀਤਾ ਹੈ। ਦੂਜੇ ਪਾਸੇ ਇਕ ਅੰਗਰੇਜ਼ੀ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਜਾਂਚ ਕਮੇਟੀ ਦੀ ਰਿਪੋਰਟ, ਪੀੜਤ ਦੇ ਪਿਤਾ ਵਲੋਂ ਸਕੂਲ ਨੂੰ ਲਿਖੀ ਗਈ ਚਿੱਠੀ, ਅਧਿਆਪਕ ਨੂੰ ਦਿੱਤੇ ਗਏ ਕਾਰਨ ਦੱਸੋ ਨੋਟਿਸ ਅਤੇ ਉਸ ਦੇ ਜਵਾਬ ਦੀ ਕਾਪੀ ਮੌਜੂਦ ਹੈ।
ਔਰਤ ਦੇ ਕੱਪੜੇ ਉਤਾਰ ਗਧੇ ’ਤੇ ਘੁਮਾਉਣ ਦੇ ਮਾਮਲੇ ’ਚ 30 ਦੋਸ਼ੀ ਗ੍ਰਿਫਤਾਰ (ਵੀਡੀਓ)
NEXT STORY