ਹੈਦਰਾਬਾਦ- ਅੱਜ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਅਰਪਿਤਾ ਦੇ ਹੋਣ ਵਾਲੇ ਪਤੀ ਤੇ ਸਲਮਾਨ ਦੇ ਹੋਣ ਵਾਲੇ ਜੀਜਾ ਆਯੂਸ਼ ਸ਼ਰਮਾ ਲਈ ਹੈਦਰਾਬਾਦ ਦੇ ਮਸ਼ਹੂਰ ਮਖਦੂਮ ਬਰਦਰਜ਼ ਨੇ ਇਕ ਖਾਸ ਸ਼ੇਰਵਾਨੀ ਤਿਆਰ ਕੀਤੀ ਹੈ। ਖਾਸ ਤਰ੍ਹਾਂ ਦੇ ਕੱਪੜੇ ਜਾਮਵਰ ਨਾਲ ਬਣੀ ਇਹ ਗੋਲਡਨ ਰੰਗ ਦੀ ਸ਼ੇਰਵਾਨੀ ਮਖਦੂਮ ਬਰਦਰਜ਼ ਨੇ ਆਯੂਸ਼ ਨੂੰ ਵਿਆਹ 'ਤੇ ਤੋਹਫੋ ਵਜੋਂ ਦਿੱਤੀ ਹੈ।
ਸ਼ੇਰਵਾਨੀ ਬਣਾਉਣ ਲਈ ਮਸ਼ਹੂਰ ਮਖਦੂਮ ਬਰਦਰਜ਼ ਦੇ ਮਾਲਕ ਆਬਿਦ ਮੋਹਿਦੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸ਼ੇਰਵਾਨੀ ਨੂੰ ਬਣਾਉਣ 'ਚ 15 ਦਿਨਾਂ ਦਾ ਸਮਾਂ ਲੱਗਾ। ਇਸ 'ਚ ਸਾਰੀ ਕਾਰੀਗਰੀ ਹੱਥਾਂ ਨਾਲ ਹੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਲਮਾਨ ਤੇ ਉਸ ਦਾ ਪਰਿਵਾਰ ਹੈਦਰਾਬਾਦ ਦਾ ਮਹਿਮਾਨ ਬਣਿਆ ਹੈ, ਇਸ ਲਈ ਉਨ੍ਹਾਂ ਨੇ ਇਹ ਸ਼ੇਰਵਾਨੀ ਤੋਹਫੇ ਵਜੋਂ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਸ਼ੇਰਵਾਨੀ 'ਚ ਆਸਟ੍ਰੀਆ ਦੇ ਖਾਸ ਮੋਤੀ ਲੱਗੇ ਹਨ। ਆਬਿਦ ਮੋਹਿਦੀਨ ਨੇ ਇਸ ਸ਼ੇਰਵਾਨੀ ਦੀ ਕੀਮਤ ਦੱਸਣ ਤੋਂ ਇਨਕਾਰ ਕੀਤਾ ਹੈ।
ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਸ਼ੇਰਵਾਨੀ ਦੀ ਕੀਮਤ ਲਗਭਗ 50 ਲੱਖ ਰੁਪਏ ਹੈ। 1895 ਤੋਂ ਕੰਮ ਸ਼ੁਰੂ ਕਰਨ ਵਾਲੇ ਮਖਦੂਮ ਬਰਦਰਜ਼ ਉਸ ਸਮੇਂ ਹੈਦਰਾਬਾਦ 'ਤੇ ਰਾਜ ਕਰਨ ਵਾਲੇ ਨਿਜ਼ਾਮਾਂ ਦੇ ਅਧਿਕਾਰਕ ਕੈਟਰਸ ਰਹਿ ਚੁੱਕੇ ਹਨ। ਮਖਦੂਮ ਬਰਦਰਜ਼ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜੋਧਪੁਰੀ ਸੂਟ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਤੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਥਾਬੋ ਮਬੇਕੀ ਨੂੰ ਸ਼ੇਰਵਾਨੀ ਤੋਹਫੋ ਵਜੋਂ ਭੇਟ ਕਰ ਚੁੱਕੇ ਹਨ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਵੀ ਜਦੋਂ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਵਿਆਹ ਕਰਵਾਇਆ ਸੀ ਤਾਂ ਮਖਦੂਮ ਬਰਦਰਜ਼ ਦੀ ਬਣੀ ਹੋਈ ਸ਼ੇਰਵਾਨੀ ਪਹਿਨੀ ਸੀ।
ਅਰਪਿਤਾ ਦੇ ਵਿਆਹ 'ਚ ਸਲਮਾਨ ਖਾਨ ਦੇਣਗੇ ਸਪੈਸ਼ਲ ਪਰਫਾਰਮੈਂਸ
NEXT STORY