ਬ੍ਰਿਸਬੇਨ, ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਮਿਲੋਸ ਰਾਓਨਿਕ ਨੂੰ ਐਤਵਾਰ ਨੂੰ ਸਖਤ ਸੰਘਰਸ਼ ਵਿਚ 6-4, 6-7, 6-4 ਨਾਲ ਹਰਾ ਕੇ ਆਪਣੀ 1000ਵੀਂ ਜਿੱਤ ਹਾਸਲ ਕੀਤੀ ਤੇ ਇਸਦੇ ਨਾਲ ਹੀ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ। ਸਵਿਸ ਮਾਸਟਰ ਫੈਡਰਰ ਨੇ ਕੈਨੇਡਾ ਦੇ ਰਾਓਨਿਕ ਦੀ ਸਖਤ ਚੁਣੌਤੀ 'ਤੇ ਤਿੰਨ ਸੈੱਟਾਂ ਵਿਚ ਕਾਬੂ ਪਾ ਲਿਆ। ਆਪਣੇ ਸ਼ਾਨਦਾਰ ਕਰੀਅਰ ਵਿਚ ਰਿਕਾਰਡ 17 ਗ੍ਰੈਂਡ ਸਲੈਮ ਜਿੱਤ ਚੁੱਕੇ 33 ਸਾਲਾ ਫੈਡਰਰ ਦੀ ਇਹ 1000ਵੀਂ ਜਿੱਤ ਹੈ ਤੇ ਉਹ ਜਿਮੀ ਕੋਨਰਸ ਤੇ ਇਵਾਨ ਲੇਂਡਲ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਤੀਜਾ ਖਿਡਾਰੀ ਬਣ ਗਿਆ ਹੈ। ਫੈਡਰਰ ਦਾ ਹੁਣ ਕਰੀਅਰ ਰਿਕਰਾਡ 1000 ਜਿੱਤ ਤੇ 227 ਹਾਰ ਦਾ ਹੋ ਗਿਆ ਹੈ। ਅਮਰੀਕਾ ਦੇ ਜਿਮੀ ਕੋਨਰਸ ਨੇ ਆਪਣੇ ਕਰੀਅਰ ਵਿਚ 1253 ਮੈਚ ਜਿੱਤੇ ਸਨ ਤੇ 278 ਹਾਰੇ ਸਨ, ਜਦਕਿ ਚੈੱਕ ਗਣਰਾਜ ਦੇ ਲੇਂਡਲ ਨੇ 1071 ਮੈਚ ਜਿੱਤੇ ਸਨ। ਏ. ਟੀ. ਪੀ. ਵਿਚ ਫੈਡਰਰ ਦਾ ਰਾਓਨਿਕ ਵਿਰੁੱਧ ਰਿਕਾਰਡ 8.1 ਦਾ ਹੋ ਗਿਆ ਹੈ। ਫੈਡਰਰ ਦਾ ਇਹ 125ਵਾਂ ਟੂਰ ਪੱਧਰ ਫਾਈਨਲ ਸੀ, ਜਿਸ ਵਿਚ ਉਸ ਦੇ ਨਾਂ 83 ਖਿਤਾਬ ਹੋ ਗਏ ਹਨ । ਫੈਡਰਰ ਨੇ 2001 ਤੋਂ ਬਾਅਦ ਹਰੇਕ ਸਾਲ ਵਿਚ ਘੱਟ ਤੋਂ ਘੱਟ ਇਕ ਏ. ਟੀ. ਪੀ. ਵਰਲਡ ਟੂਰ ਖਿਤਾਬ ਜਿੱਤਿਆ ਹੈ। ਉਸ ਦਾ ਟੂਰ ਪੱਧਰ ਫਾਈਨਲ ਵਿਚ 83.42 ਦਾ ਰਿਕਾਰਡ ਹੋ ਗਿਆ ਹੈ। ਫੈਡਰਰ ਪਿਛਲੇ ਸਾਲ ਬ੍ਰਿਸਬੇਨ ਇੰਟਰਨੈਸ਼ਨਲ ਦੇ ਫਾਈਨਲ ਵਿਚ ਆਸਟ੍ਰੇਲੀਆ ਦੇ ਲੇਟਨ ਹੇਵਿਟ ਹੱਥੋਂ ਹਾਰ ਗਿਆ ਸੀ ਪਰ ਇਸ ਵਾਰ ਉਸ ਨੇ ਖਿਤਾਬੀ ਜਿੱਤ ਹਾਸਲ ਕਰਕੇ 19 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।
ਵਾਵਰਿੰਕਾ ਬਣਿਆ ਰਿਕਾਰਡ ਤੀਜੀ ਵਾਰ ਚੇਨਈ ਚੈਂਪੀਅਨ
NEXT STORY