ਜਲੰਧਰ- ਅੱਜ ਕਲ ਦੀ ਭੱਜ-ਦੌੜ ਅਤੇ ਤਣਾਅ ਭਰੀ ਜ਼ਿੰਦਗੀ 'ਚ ਜ਼ਿਆਦਾਤਰ ਲੋਕਾਂ ਨੂੰ ਹਰ ਰੋਜ਼ ਕਿਸੇ ਨਾ ਕਿਸੇ ਸਿਹਤ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸਮੇਂ ਅਤੇ ਕੁਝ ਪੈਸੇ ਦੀ ਬੱਚਤ ਲਈ ਲੋਕ ਆਪਣੀ ਮਰਜ਼ੀ ਨਾਲ ਦਵਾਈ ਇਸ ਲਈ ਖਾ ਲੈਂਦੇ ਹਨ, ਕਿਉਂਕਿ ਅੱਜ ਕਲ ਸੈਲਫ ਮੈਡੀਕੇਸ਼ਨ ਦਾ ਰੁਝਾਨ ਕਾਫੀ ਵਧ ਗਿਆ ਹੈ। ਅਜਿਹੇ 'ਚ ਲੋਕਾਂ ਨੂੰ ਇਸ ਗੱਲ ਦਾ ਜ਼ਰਾ ਵੀ ਗਿਆਨ ਨਹੀਂ ਹੁੰਦਾ ਕਿ ਮਾਹਿਰ ਡਾਕਟਰ ਦੀ ਮਰਜ਼ੀ ਤੋਂ ਬਿਨਾਂ ਦਵਾਈ ਖਾਣਾ ਕਦੀ ਕਦੀ ਖਤਰਨਾਕ ਸਾਬਿਤ ਹੋ ਸਕਦਾ ਹੈ। ਸੈਲਫ ਮੈਡੀਕੇਸ਼ਨ ਬਾਰੇ ਮਾਹਿਰ ਕੀ ਕਹਿੰਦੇ ਹਨ। ਆਓ, ਉਨ੍ਹਾਂ ਦੇ ਵਿਚਾਰ ਪੜ੍ਹੀਏ
► ਡਾ. ਰਿਤੂ ਜੇ. ਨੰਦਾ ਗਾਇਨੀ ਐਂਡ ਫਰਟੀਲਿਟੀ ਸੈਂਟਰ ਦੇ ਬਾਂਝਪਨ ਤੇ ਮਹਿਲਾ ਰੋਗ ਮਾਹਿਰ ਡਾ. ਰਿਤੂ ਜੇ. ਨੰਦਾ ਦਾ ਕਹਿਣਾ ਹੈ ਕਿ ਕੁਝ ਔਰਤਾਂ ਗਰਭ ਦੌਰਾਨ ਬੁਖਾਰ ਤੇ ਦਰਦ ਦੀ ਕੋਈ ਅਜਿਹੀ ਦਵਾਈ ਆਪਣੀ ਮਰਜ਼ੀ ਨਾਲ ਖਾ ਲੈਂਦੀਆਂ ਹਨ ਜੋ ਕਿ ਕਈ ਵਾਰ ਇੰਨੀ ਖਤਰਨਾਕ ਸਾਬਿਤ ਹੁੰਦੀ ਹੈ ਕਿ ਉਨ੍ਹਾਂ ਦੇ ਪੇਟ 'ਚ ਪਲ ਰਹੇ ਬੱਚੇ 'ਚ ਕਈ ਪ੍ਰਕਾਰ ਦੇ ਵਿਕਾਰ ਪੈਦਾ ਹੋ ਜਾਂਦੇ ਹਨ। ਉਥੇ ਗਰਭਪਾਤ ਤਕ ਹੋਣ ਦੀ ਨੌਬਤ ਆ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗਰਭ ਦੌਰਾਨ ਆਪਣੀ ਮਰਜ਼ੀ ਨਾਲ ਕਿਸੇ ਵੀ ਦਵਾਈ ਦਾ ਸੇਵਨ ਨਾ ਕਰੋ।
► ਕਪੂਰ ਬੋਨ ਐਂਡ ਚਿਲਡਨ ਹਸਪਤਾਲ ਦੀ ਬਾਲ ਰੋਗ ਮਾਹਿਰ ਡਾ. ਪੂਜਾ ਕਪੂਰ ਦਾ ਕਹਿਣਾ ਹੈ ਕਿ ਜਿੱਥੇ ਵੱਡੇ ਲੋਕ ਆਪਣੀ ਮਰਜ਼ੀ ਨਾਲ ਦਵਾਈ ਖਾ ਲੈਂਦੇ ਹਨ, ਉਥੇ ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵੀ ਬੁਖਾਰ ਆਦਿ 'ਚ ਘਰ 'ਚ ਪਈ ਕੋਈ ਦਵਾਈ ਚੁੱਕ ਕੇ ਦਿੰਦੇ ਹਨ ਜੋ ਕਿ ਗਲਤ ਹੈ।
► ਟੈਗੋਰ ਹਾਰਟ ਕੇਅਰ ਦੇ ਸੀਨੀਅਰ ਕਾਰਡੀਅਕ ਸਰਜਨ ਡਾ. ਅਸ਼ਵਿਨੀ ਸੂਰੀ ਦਾ ਕਹਿਣਾ ਹੈ ਕਿ ਜਿੱਥੇ ਹਰ ਦਵਾਈ ਦਾ ਚੰਗਾ ਪ੍ਰਭਾਵ ਹੁੰਦਾ ਹੈ, ਉਥੇ ਕੁਝ ਦਾ ਸਾਈਡ ਇਫੈਕਟ ਵੀ ਹੁੰਦਾ ਹੈ, ਜਿਸ ਬਾਰੇ ਆਮ ਆਦਮੀ ਜਾਗਰੂਕ ਨਹੀਂ ਹੁੰਦਾ। ਕਈ ਵਾਰ ਰੋਗੀ ਨੂੰ ਬੀਮਾਰੀ ਤਾਂ ਗੰਭੀਰ ਹੁੰਦੀ ਹੈ ਪਰ ਲੱਛਣ ਨਾਰਮਲ ਹੁੰਦੇ ਹਨ। ਉਦਾਹਰਣ ਲਈ ਕਈ ਵਾਰ ਰੋਗੀ ਨੂੰ ਪੇਟ ਦੇ ਉੱਪਰੀ ਹਿੱਸੇ 'ਚ ਦਰਦ ਜਾਂ ਛਾਤੀ 'ਚ ਜਲਨ ਹੁੰਦੀ ਹੈ ਜਿਸ ਨੂੰ ਉਹ ਪੇਟ ਗੈਸ ਦੀ ਸਮੱਸਿਆ ਸਮਝ ਖੁਦ ਹੀ ਦਵਾਈ ਖਾਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਕਿ ਇਹ ਹਾਰਟ ਅਟੈਕ ਦੀ ਨਿਸ਼ਾਨੀ ਵੀ ਹੋ ਸਕਦੀ ਹੈ।
► ਸਿਵਲ ਹਸਪਤਾਲ ਨੇ ਨੇਤਰ ਰੋਗ ਮਾਹਿਰ ਡਾ. ਸੁਨੀਲ ਬੱਤਰਾ ਦਾ ਕਹਿਣਾ ਹੈ ਕਿ ਜਿਸ ਪ੍ਰਕਾਰ ਮਰਜ਼ੀ ਨਾਲ ਦਵਾਈ ਖਾਣ ਦਾ ਪ੍ਰਚਲਨ ਵਧ ਗਿਆ ਹੈ, ਉਸੇ ਪ੍ਰਕਾਰ ਕਈ ਵਾਰ ਅੱਖਾਂ 'ਚ ਕੋਈ ਸਮੱਸਿਆ ਹੋਣ 'ਤੇ ਘਰ 'ਚ ਪਈ ਦਵਾਈ ਪਾ ਲੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਦਾਹਰਨ ਦੇ ਤੌਰ 'ਤੇ ਜਦੋਂ ਕਿਸੇ ਦੀ ਅੱਖ 'ਚ ਲਾਲੀ ਆ ਜਾਵੇ ਤਾਂ ਕਈ ਲੋਕ ਉਸ ਨੂੰ ਸਲਾਹ ਦਿੰਦੇ ਹਨ ਕਿ ਮੇਰੀਆਂ ਅੱਖਾਂ 'ਚ ਜਦੋਂ ਲਾਲੀ ਆਈ ਸੀ ਤਾਂ ਮੈਂ ਜਿਹੜੀ ਦਵਾਈ ਪਾਈ ਸੀ ਉਹ ਤੁਸੀਂ ਵੀ ਪਾ ਲਓ। ਜਦਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਆਖਿਰ ਅੱਖਾਂ ਲਾਲ ਹੋਣ ਦਾ ਕਾਰਨ ਕੀ ਹੈ? ਡਾ. ਬੱਤਰਾ ਨੇ ਦੱਸਿਆ ਕਿ ਲਗਾਤਾਰ ਸਟੀਰਾਇਡ ਪਾਉਣ ਨਾਲ ਅੱਖਾਂ 'ਚ ਕਾਲਾ ਮੋਤੀਆ ਵੀ ਹੋ ਸਕਦਾ ਹੈ। ਇਸ ਲਈ ਅੱਖਾਂ 'ਚ ਕੋਈ ਵੀ ਦਵਾਈ ਪਾਉਣ ਤੋਂ ਪਹਿਲਾਂ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲਿਓ।
► ਨਾਸਾ ਨਿਊਰੋ ਕੇਅਰ ਦੇ ਪ੍ਰਮੁੱਖ ਨਿਊਰੋ ਸਰਜਰ ਡਾ. ਨਵੀਨ ਚਿਟਕਾਰਾ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਸਿਰ ਦਰਦ ਤੇ ਪਿੱਠ ਦਰਦ ਹੋਣ 'ਤੇ ਰੋਗੀ ਆਪਣੀ ਮਰਜ਼ੀ ਨਾਲ ਦਰਦ ਨਿਵਾਰਕ ਦਵਾਈਆਂ ਸ਼ੁਰੂ ਕਰ ਦਿੰਦੇ ਹਨ ਜੋ ਕਿ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਕਾਰ ਕਈ ਵਾਰ ਸਿਰ ਦਰਦ ਦਾ ਕਾਰਨ ਦਿਮਾਗ ਦੀਆਂ ਨਾੜੀਆਂ 'ਚ ਖੂਨ ਜੰਮ ਜਾਣਾ ਜਾ ਬ੍ਰੇਨ ਹੈਮਰੇਜ ਹੋਣਾ ਵੀ ਹੁੰਦਾ ਹੈ। ਉਥੇ ਇਸੇ ਤਰ੍ਹਾਂ ਪਿੱਠ 'ਚ ਦਰਦ ਦਾ ਕਾਰਨ ਰੀੜ੍ਹ ਦੀ ਹੱਡੀ 'ਚ ਕੋਈ ਨੁਕਸ ਜਾਂ ਮਣਕਾ ਦੱਬ ਜਾਣਾ ਵੀ ਹੋ ਸਕਦਾ ਹੈ। ਡਾ. ਚਿਟਕਾਰਾ ਨੇ ਕਿਹਾ ਕਿ ਦਵਾਈ ਹਮੇਸ਼ਾ ਡਾਕਟਰ ਦੀ ਮਰਜ਼ੀ ਦੇ ਮੁਤਾਬਕ ਹੀ ਖਾਣੀ ਚਾਹੀਦੀ ਹੈ।
ਪੇਸ਼ਕਸ਼ : ਭੁਪਿੰਦਰ ਰੱਤਾ
ਦਿਨ 'ਚ ਤਿੰਨ ਵਾਰ ਚਾਹ ਪੀਣ ਦਾ ਹੈ ਇਹ ਵੱਡਾ ਫਾਇਦਾ
NEXT STORY