ਦਸਵੀਂ ਜਮਾਤ ਵਿੱਚ ਸਾਡੇ ਨਾਲ ਤਿੰਨ ਬਲਦੇਵ ਪੜ੍ਹਦੇ ਸਨ। ਇੱਕ ਬਲਦੇਵ ਜਿਸਨੂੰ ਬਲਦੇਵ ਦੇਵੀ ਆਖਦੇ ਸਨ। ਉਹ ਸਾਡੇ ਨਾਲ ਦੇ ਪਿੰਡ ਲੋਹਾਰੇ ਦਾ ਰਹਿਣ ਵਾਲਾ ਸੀ ਤੇ ਪਹਿਲਾ ਸਹਿਰ ਚ ਪੜ੍ਹਦਾ ਸੀ ।ਵਾਹਵਾ ਫੈਸ਼ਨ ਕਰਦਾ ਸੀ ਬਾਕੀ ਲੰਬਾ ਲੀਝਾਂ ਸੀ ਤੇ ਸੋਹਣਾ ਵੀ ਬਹੁਤ ਸੀ ਇਸ ਲਈ ਕਈ ਕੁੜੀਆਂ ਦਾ ਚਹੇਤਾ ਸੀ । ਉਹ ਛੇਵੀ ਸੱਤਵੀ ਚ ਹੀ ਸਾਡੇ ਨਾਲ ਰਲਿਆ ਸੀ ਪਰ ਪੜਾਈ ਵਿੱਚ ਹੁਸ਼ਿਆਰ ਹੋਣ ਕਰਕੇ ਸਾਡੀ ਜੁੰਡਲੀ ਵਿੰਚ ਜਲਦੀ ਰਚ ਮਿਚ ਗਿਆ । ਦੂਜਾ ਬਲਦੇਵ ਜੋ ਸਾਡੇ ਸਾਇੰਸ ਮਾਸਟਰ ਦਰਸ਼ਨ ਸਿੰਘ ਦਾ ਭਤੀਜਾ ਸੀ ਜੋ ਸਿੰਘੇਵਾਲੇ ਤੋਂ ਆਉੱਦਾ ਸੀ। ਉਸ ਦਾ ਵਿਚਾਲੜਾ ਦੰਦ ਟੁਟਿਆ ਹੋਣ ਕਰਕੇ ਸਾਰੇ ਉਸ ਨੂੰ ਬਲਦੇਵ ਬੋੜਾ ਕਹਿੰਦੇ ਸੀ। ਉਹ ਸਾਡੇ ਸਾਇੰਸ ਮਾਸਟਰ ਦਾ ਭਤੀਜਾ ਹੋਣ ਦੇ ਬਾਵਜੂਦ ਵੀ ਪੜਾਈ ਵਿੱਚ ਠੀਕ ਠੀਕ ਹੀ ਸੀ। ਕਈ ਵਾਰੀ ਬੋਲਦਾ ਤਾਂ ਉਸ ਦੀ ਸਮਝ ਨਾ ਆਉਂਦੀ। Àਸਦੇ ਦੱਸਣ ਮੁਤਾਬਿਕ ਬੋਲਣ ਵੇਲੇ ਉਸਦੇ ਮੂੰਹ 'ਚੋਂ ਫੂਕ ਨਿਕਲ ਜਾਂਦੀ ਹੈ। ਉਹ ਬਹੁਤ ਮਿਹਨਤ ਕਰਦਾ ਪਰ ਗੱਲ ਉਸਦੇ ਪੱਲੇ ਨਾ ਪੈਦੀ ਪਰ ਉਹ ਯਾਰਾਂ ਦਾ ਯਾਰ ਸੀ । ਤੀਜਾ ਬਲਦੇਵ ਕੱਛੂ ਸੀ ਜੋ ਕੱਚੀ ਪੱਕੀ ਤੋ ਹੀ ਮੇਰੇ ਨਾਲ ਪੜ੍ਹਦਾ ਸੀ ਉਹ ਸਾਡੇ ਪਿੰਡ ਆਲੇ ਮਾਸਟਰ ਕਰਤਾਰ ਸਿੰਘ ਦਾ ਮੁੰਡਾ ਸੀ। ਕਰਤਾਰ ਸਿੰਘ ਜੋ ਜੇ ਬੀ ਟੀ ਮਾਸਟਰ ਸੀ ਉਸਨੇ ਸਾਰੀ ਉਮਰ ਸਾਡੇ ਪਿੰਡ ਆਲੇ ਸਕੂਲ ਵਿੱਚ ਹੀ ਨੌਕਰੀ ਕੀਤੀ । ਕਰਤਾਰ ਮਾਸਟਰ ਵੀ ਮੇਰੇ ਚਾਚਾ ਮੰਗਲ ਚੰਦ ਦਾ ਸਹਿਪਾਠੀ ਵੀ ਰਿਹਾ ਸੀ ਜਿਸ ਕਰਕੇ ਮੈ ਵੀ ਉਸ ਨੂੰ ਚਾਚਾ ਹੀ ਆਖਦਾ ਸੀ । ਬਲਦੇਵ ਜਿਸਨੂੰ ਕੱਛੂ ਆਖਦੇ ਸਨ ਦੇ ਦਾਦਾ ਪ੍ਰੀਤਮ ਸਿੰਘ ਸੀ ਜੋ ਬਜੁਗਰ ਅਵਸਥਾ ਤੱਕ ਸਾਈਕਲ 'ਤੇ ਹੀ ਖੇਤ ਜਾਂਦੇ ਅਤੇ ਚਿੱਟੀ ਦਾਹੜੀ ਵਾਲਾ ਬਾਬਾ ਪ੍ਰੀਤਾ ਜਦੋ ਸਾਈਕਲ ਦੇ ਬਰੇਕ ਲਾਉਣ ਦੀ ਬਜਾਏ ਆਪਣੀਆਂ ਲੰਬੀਆਂ ਲੱਤਾਂ ਨਾਲ ਹੀ ਸਾਈਕਲ ਰੋਕ ਲੈੱਦਾ ਤਾਂ ਲੋਕੀ ਬਹੁਤ ਹੱਸਦੇ। ਉਹ ਵੀ ਮੇਰੇ ਦਾਦਾ ਜੀ ਦਾ ਪਾਗੀ ਸੀ ਇਸੇ ਕਰਕੇ ਸਾਡਾ ਬਲਦੇਵ ਕੇ ਪਰਿਵਾਰ ਨਾਲ ਸ਼ੁਰੂ ਤੋਂ ਹੀ ਚੰਗਾ ਸਹਿਚਾਰ ਸੀ। ਸਾਡੀ ਦੋਸਤੀ ਦਾ ਮੂਲ ਆਧਾਰ ਵੀ ਸਾਡਾ ਪਾਰਵਾਰਿਕ ਸਾਂਝ ਹੀ ਸੀ।
ਬਲਦੇਵ ਕੱਛੂ ਨੂੰ ਮਾਸਟਰ ਦਾ ਮੁੰਡਾ ਹੋਣ ਕਰਕੇ ਤੇ ਘਰੋ ਮਿਲੇ ਸੰਸਕਾਰਾਂ ਕਰਕੇ ਬੋਲਣ ਦੀ ਤਹਿਜੀਬ ਸੀ। ਉਹ ਮੇਰੇ ਮੰਮੀ ਨੂੰ ਤਾਈ ਜੀ ਤੇ ਪਾਪਾ ਨੂੰ ਤਾਇਆ ਜੀ ਆਖਦਾ। ਕਿਉਂਕਿ ਸਾਡੇ ਪਿੰਡ ਵਿੱਚ ਜੀ ਜੀ ਆਖਣ ਦਾ ਬਹੁਤਾ ਰਿਵਾਜ ਨਹੀ ਸੀ ਅਤੇ ਨਾਲ ਦੇ ਮੁੰਡੇ ਉਸ ਨੂੰ ਚੇੜ ਪਾਉਂਦੇ ਪਰ ਉਹ ਪੂਰੇ ਅਦਬ ਨਾਲ ਹੀ ਗੱਲ ਕਰਦਾ । ਪੜ੍ਹਾਈ ਵਿੱਚ ਅਸੀ ਦੋਵੇ ਇੱਕੋ ਜਿਹੇ ਹੀ ਸੀ। ਸਕੂਲ ਵਿੱਚ ਵੀ ਸਾਡੀ ਦੋਹਾਂ ਦੀ ਇੱਕੋ ਜਿੰਨੀ ਹੀ ਟੋਹਰ ਸੀ। ਹਰ ਸਾਲ ਸਕੂਲ ਵਿੱਚ ਹੁੰਦੀ ਗਰੁੱਪ ਫੋਟੋ ਵਿੱਚ ਸਾਨੂੰ ਦੋਹਾਂ ਨੂੰ ਜਰੂਰ ਬੈਠਾਇਆ ਜਾਂਦਾ। ਅਸੀ ਦੋਨੇ ਜਮੀਨ ਵਾਲੀ ਕਤਾਰ ਵਿੱਚ ਕੁੜੀਆਂ ਦੇ ਬਰਾਬਰ ਬੈਠਦੇ। ਨਾਲ ਦੇ ਜਮਾਤੀ ਸਾਡੇ ਤੇ ਈਰਖਾ ਕਰਦੇ ਪਰ ਸਾਨੂੰ ਸਕੂਲ ਦੇ ਹੈਡ ਮਾਸਟਰ ਸਾਹਿਬ ਦੀ ਸ਼ਹਿ ਪ੍ਰਪਾਤ ਸੀ । ਇਸ ਲਈ ਸਾਡੀ ਦੋਹਾਂ ਦੀ ਗੁੱਡੀ ਸਦਾ ਅਸਮਾਨੀ ਚੜ੍ਹੀ ਰਹਿੰਦੀ।
ਬਲਦੇਵ ਦਾ ਨਾਮ ਕੱਛੂ ਕਿਵੇ ਪਿਆ ਬਾਰੇ ਵੀ ਇੱਕ ਦਿਨ ਉਸਦੀ ਮੰਮੀ ਨੇ ਮੇਰੀ ਮਾਂ ਨੂੰ ਦੱਸਿਆ ਕਿ ਸਰਦੀਆਂ ਦੇ ਦਿਨ ਸਨ ਤੇ ਇਹ ਧੁੱਪੇ ਮੰਜੀ ਤੇ ਖੁਲ੍ਹੀ ਜਿਹੀ ਕੋਟੀ ਪਾਈ ਮੂਧਾ ਪਿਆ ਸੀ ਜਦੋ ਇਹ ਆਪਣੀਆਂ ਛੋਟੀਆਂ ਛੋਟੀਆਂ ਲੱਤਾਂ ਬਾਹਵਾਂ ਹਿਲਾਉਂਦਾ ਹੋਇਆ ਇਸ ਦੇ ਦਾਦੇ ਨੇ ਦੇਖਿਆ ਤਾਂ ਕੱਛੂ ਕੁੰਮਾਂ ਜਿਹਾ ਆਖਕੇ ਉਹ ਬਹੁਤ ਜੋਰ ਦੀ ਹੱਸਿਆ ਅਤੇ ਉਸ ਦਿਨ ਤੋ ਬਾਆਦ ਸਾਰੇ ਇਸ ਨੂੰ ਕੱਛੂ ਆਖਣ ਲੱਗ ਪਏ। ਸਕੂਲ ਵਿੱਚ ਬਲਦੇਵ ਕੱਛੂ ਕਿਸੇ ਨਾ ਕਿਸੇ ਹਰਕਤ ਕਰਕੇ ਅਕਸਰ ਚਰਚਾ ਵਿੱਚ ਆ ਜਾਂਦਾ। ਇੱਕ ਵਾਰੀ ਪੰਜਾਬੀ ਵਾਲੇ ਮਾਸਟਰ ਜੀ ਨੇ ਕੁਝ ਸ਼ਬਦ ਅਰਥ ਲਿੱਖਣੇ ਦਿੱਤੇ। ਕਾਪੀ ਤੇ ਸਬਦ ਅਰਥ ਦਾ ਸਿਰਲੇਖ ਲਾਲ ਸਿਆਹੀ ਨਾਲ ਲਿੱਖਣਾ ਹੁੰਦਾ ਸੀ । ਬਲਦੇਵ ਕੋਲ ਲਾਲ ਸਿਆਹੀ ਨਹੀ ਸੀ। ਇਸ ਨੇ ਬੋਕਰ ਦੇ ਡੱਕੇ ਨਾਲ ਆਪਣੀ ਜਾੜ੍ਹ ਦੇ ਜਖਮ ਵਿੱਚੋ ਖੂਨ ਕੱਢਕੇ ਸਬਦ ਅਰਥ ਲਿੱਖ ਦਿੱਤਾ। ਅਗਲੇ ਦਿਨ ਕਾਪੀ ਚੈਕ ਕਰਵਾਉਦੇ ਸਮੇ ਮਾਸਟਰ ਜੀ ਨੂੰ ਫਿੱਕੀ ਜਿਹੀ ਸਿਆਹੀ ਤੇ ਸੱਕ ਪੈ ਗਿਆ। ਪੁਛਣ ਤੇ ਇਹ ਝੂਠ ਨਾ ਬੋਲ ਸਕਿਆ। ਫਿਰ ਇਸ ਦੀ ਇਸ ਕਾਰਵਾਈ ਦੀ ਚਰਚਾ ਕਈ ਦਿਨ ਸਕੂਲ ਵਿੱਚ ਚਲਦੀ ਰਹੀ।
ਇਸੇ ਤਰਾਂ ਜਦੋ ਸਾਡਾ ਛੇਵੀ ਦਾ ਨਤੀਜਾ ਆਉਣ ਵਾਲਾ ਸੀ ਤਾਂ ਅਸੀ ਇੱਕ ਦੂਜੇ ਨੂੰ ਟੀ ਪਾਰਟੀ ਦੇਣ ਦੀ ਸਲਾਹ ਬਨਾਈ। ਪਰ ਮੋਕੇ ਤੇ ਆ ਕੇ ਬਲਦੇਵ ਸੰਗ ਮੰਨ ਗਿਆ ਤੇ ਮੇਰੇ ਘਰ ਪਾਰਟੀ ਤੋ ਆਉਣ ਤੋ ਮੁਕਰ ਗਿਆ। ਬੜੀ ਜੱਦੋ ਜਹਿਦ ਤੋ ਬਾਅਦ ਇਹ ਮਸਾਂ ਚਾਹ ਪੀਣ ਲਈ ਮੰਨਿਆ ਤੇ ਸੰਗਕਰਕੇ ਹੀ ਮੈਨੂੰ ਇਹ ਬਦਲੇ ਵਿੱਚ ਚਾਹ ਪਾਰਟੀ ਨਾ ਦੇ ਸਕਿਆ। ਤੇ ਮੇਰੇ ਘਰੇ ਭੂਜੀਆ ਬਦਾਨਾ ਪੇਂ ਕੇ ਵੀੜ੍ਹੀ ਉਤਾਰ ੱਦਤੀ।“ਸ ਸਮੇ ਤੇ ਅੱਜ ਦੀ ਪਨੀਰੀ ਵਿੱਚ ਇਹੀ ਫਰਕ ਹੈ। ਅਸੀ ਪੜ੍ਹੇ ਲਿਖੇ ਮਾਂ ਪਿਉ ਦੀ ਸੰਤਾਨ ਹੋਕੇ ਵੀ ਇੰਨੇ ਅਗਾਹ ਵਧੂ ਨਹੀ ਸੀ। ਤੇ ਅੱਜ ਦੀ ਪਨੀਰੀ ਪੂਰੀ ਵਾਈ ਫਾਈ ਹੈ ਤੇ ਇਹਨਾ ਗੱਲਾਂ ਵਿੱਚ ਸਾਡੇ ਨਾਲੋ ਕਿਤੇ ਅੱਗੇ। ਇਕੀਵੀ ਸਦੀ ਦੀ ਜਨਰੇਸ਼ਨ ਪੂਰੀ ਤਰਾਂ ਇੰਟਰਨੈਟ ਨਾਲ ਜੁੜੀ ਹੋਈ ਹੈ ਅਤੇ ਅਸੀ ਪੰਜ ਪੈਸੇ ਵਾਲਾ ਪੋਸਟ ਕਾਰਡ ਲਿਖਣਾ ਹੀ ਸ਼ਾਨ ਸਮਝਦੇ ਸੀ । ਬਲਦੇਵ ਕੱਛੂ ਨੂੰ ਯਾਦ ਕਰਦਿਆਂ ਉਸ ਦੀ ਹਲੀਮੀ ਨੂੰ ਵੀ ਅੱਖ ਪਰੋਖੇ ਨਹੀ ਕੀਤਾ ਜਾ ਸਕਦਾ। ਆਪਣੀ ਕਾਲੇਂ ਪੜਾਈ ਦੇ ਦੋਰਾਨ ਜਦੋ ਮੈ ਉਸ ਨੂੰ ਮਿਲਣ ਗਿਆ ਤਾਂ ਉਸ ਨੇ ਆਪਣੇ ਛੋਟੇ ਭਰਾ ਭੋਪੀ ਨੂੰ ਕੁਝ ਪੈਸੇ ਦੇ ਕੇ ਪਿੰਡ ਦੀ ਕਰਿਆਨੇ ਦੀ ਦੁਕਾਨ ਤੋ ਸੋਡਾ (ਕੋਲਡ ਡਰਿੰਕ) ਲਿਆਉਣ ਲਈ ਆਖਿਆ। ਉਸ ਸਮੇ ਪਿੰਡਾਂ ਵਿੱਚ ਮੋਰਿੰਡਾ, ਫੈੱਟਾ, ਕੋਕਾ ਕੋਲਾ ਨਾਮ ਦੇ ਦੇਸੀ ਕੋਲਡ ਡਰਿੰਕ ਮਿਲਦੇ ਹੁੰਦੇ ਸਨ। ਪਰ ਕੱਛੂ ਦਾ ਭਰਾ ਲਾਲ ਸੋਡਾ ਲਿਆਉਣਾ ਚਾਹੁੰਦਾ ਸੀ ਜਿਸਨੂੰ ਦੁੱਧ ਵਿੱਚ ਪਾਕੇ ਪੀਤਾ ਜਾਂਦਾ ਸੀ।ਤੇ ਭੋਪੀ ਆਪਣੇ ਸਵਾਦ ਲਈ ਲਾਲ ਸੋਡਾ ਲੈ ਆਇਆ ਤ। ਬਲਦੇਵ ਨੇ ਹੱਸ ਕੇ ਗੱਲ ਟਾਲ ਦਿੱਤੀ। ਛੋਟੇ ਭਰਾ ਦੀ ਜਿੱਦ ਨੂੰ ਸਹਿਜ ਰੂਪ ਵਿੱਚ ਲੈ ਗਿਆ ਤੇ ਇਹੀ ਉਸ ਦੀ ਖਾਸੀਅਤ ਸੀ। ਬਲਦੇਵ ਕੱਛੂ ਦੱਸਵੀ ਕਰਨ ਤੋ ਬਾਅਦ ਤਿੰਨ ਸਾਲਾ ਡਿਪਲੋਮਾਂ ਕਰਕੇ ਬਿਜਲੀ ਬੋਰਡ ਵਿੱਚ ਜੇ ਈ ਲੱਗ ਗਿਆ । ਸਰਕਾਰੀ ਸਕੂਲ ਵਿੱਚ ਲੱਗੀ ਆਧਿਆਪਿਕਾ ਨਾਲ ਉਸ ਦਾ ਵਿਆਹ ਹੋ ਗਿਆ । ਅਜੇ ਪਰਵਾਰਿਕ ਜੀਵਨ ਦੀ ਸੁਰੂਆਤ ਹੀ ਕੀਤੀ ਸੀ ਕਿ ਭਰ ਜਵਾਨੀ ਵਿੱਚ ਉਹ ਇੱਕ ਸੜਕ ਦੁਰਘਟਨਾ ਵਿੱਚ ਇਸ ਸੰਸਾਰ ਤੋ ਅਲੋਪ ਹੋ ਗਿਆ। ਮਾਂ ਪਿਉ ਦਾ ਹੋਣ ਹਾਰ ਹੀਰਾ ਆਪਣੀ ਚਮਕ ਬਿਖੇਰਣ ਤੋ ਪਹਿਲਾ ਹੀ ਸਭ ਨੂੰ ਅਲਵਿਦਾ ਆਖ ਗਿਆ। ਤੇ ਉਸ ਦਿਨ ਤੋ ਬਾਅਦ ਮੈ ਕਦੇ ਪਿੰਡ ਨਾ ਗਿਆ। ਕਿਉਕਿ ਉਸ ਤੋ ਬਿਨਾ ਉਸਦੇ ਸੁੰਨੇ ਘਰ ਅੱਗੋ ਲੰਘਣਾ ਮੇਰੇ ਵੱਸ ਦਾ ਰੋਗ ਨਹੀ ।
ਰਮੇਸ਼ ਸੇਠੀ ਬਾਦਲ
ਅਰਜੁਨ ਦੇ ਤੀਰ: ਇਹ ਮੁਫਤੀ ਦਾ ਦਾਅ ਮੁਫਤ ਦੀ ਬਦਨਾਮੀ ਦਿਵਾਏਗਾ ਭਾਜਪਾ ਨੂੰ
NEXT STORY