ਆਲਸ ਮਨੁੱਖ ਦੀ ਨੰਬਰ ਇੱਕ ਦੁਸ਼ਮਣ ਹੈ । ਆਲਸ ਮਨੁੱਖ ਦੇ ਖੁਸ਼ੀਆਂ ਖੇੜਿਆਂ ਨੂੰ ਮੁਰਝਾ ਕੇ ਰੱਖਦੀ ਹੈ । ਆਲਸ ਦੀ ਲਤ ਨਸ਼ੇ ਤੋਂ ਵੀ ਭੈੜੀ ਹੈ । ਆਲਸੀ ਅੱਜ ਦਾ ਕੰਮ ਕੱਲ੍ਹ ਛੱਡ ਕੇ ਉਲਟ ਜੀਵਨ ਜਿਉਂਦਾ ਹੈ । ਆਲਸੀ ਅੱਜ ਦਾ ਕੰਮ ਕੱਲ੍ਹ ਕਰਾਂਗੇ ਸੋਚ ਕੇ ਮਨ ਥੰਮ ਲੈਂਦਾ ਹੈ । ਜਿਸ ਨਾਲ ਉਸ ਦੀ ਅਤੇ ਪ੍ਰੀਵਾਰ ਦੇ ਵਿਕਾਸ ਦੀ ਰਫਤਾਰ ਮੱਧਮ ਪੈਂਦੀ ਹੈ । ਮਨੁੱਖ ਦੀ ਪ੍ਰਵਿਰਤੀ ਹੈ ,ਕਿ ਜਦੋਂ ਤੱਕ ਸਾਹ ਰੱਖਦਾ ਹੈ ਉਦੋਂ ਤੱਕ ਆਸ ਲਗਾਈ ਬੈਠਦਾ ਹੈ ਪਰ ਆਲਸੀ ਮੋਇਆ ਦੀ ਮੂਰਤ ਹੁੰਦੀ ਹੈ । ਨਾ ਕੋਈ ਸ਼ੌਕ ਰੱਖਦਾ ਹੈ । ਨਾ ਹੀ ਕੋਈ ਆਸ ਰੱਖਦਾ ਹੈ । ਆਲਸ ਮਨੁੱਖਤਾ ਲਈ ਵੰਗਾਰ, ਚਣੌਤੀ ਅਤੇ ਸ਼ਰਾਪ ਹੈ । ਨਸ਼ਾ ਡੋਜ ਲੈਣ ਤੋਂ ਬਾਅਦ ਪ੍ਰਭਾਵ ਪਾਉਂਦਾ ਹੈ । ਜਦੋਂ ਕਿ ਆਲਸ ਸਦਾ ਹੀ ਪ੍ਰਭਾਵ ਪਾ ਕੇ ਰੱਖਦੀ ਹੈ ।
ਆਲਸ ਮਨੁੱਖ ਦਾ ਆਤਮਘਾਣ ਕਰ ਦੇਂਦੀ ਹੈ । ਆਲਸੀ ਦਾ ਨਾ ਕੋਈ ਮਿੱਤਰ ਨਾ ਹੀ ਕੋਈ ਦੁਸ਼ਮਣ ਹੁੰਦਾ ਹੈ । ਸਿਰਫ ਧਰਤੀ ਤੇ ਬੋਝ ਹੀ ਹੰਦਾ ਹੈ । ਆਲਸੀ ਮਨੁੱਖ ਕੁਵੇਲੇ ਦੀਆ ਟੱਕਰਾਂ ਮਾਰਦਾ ਰਹਿੰਦਾ ਹੈ ਕਿਉਂਕਿ ਵੇਲੇ ਦਾ ਰਾਗ ਅਲਾਪਣਾ ਉਸ ਦਾ ਸੁਭਾਅ ਹੀ ਨਹੀਂ ਹੁੰਦਾ । ਵੇਲਾ ਬੀਤਣ ਤੋਂ ਪਛਤਾਉਣਾ ਆਲਸੀ ਦੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ। ਕਿਹਾ ਜਾਂਦਾ ਹੈ, ਕਿ ਹਿੰਮਤ ਅੱਗੇ ਲੱਛਮੀ , ਪੱਖੇ ਪੌਣ । ਮਤਲਬ ਹਿੰਮਤੀ ਵਿਅਕਤੀ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਹਿੰਮਤ ਅੱਗੇ ਪੈਸਾ ਇਉਂ ਦੋੜਦਾ ਹੈ ਜਿਵੇਂ ਪੱਖ ਅੱਗੇ ਹਵਾ ।ਇਸ ਦੇ ਉਲਟ ਆਲਸ ਮਨੁੱਖ ਦੇ ਚਰਿੱਤਰ ਨੂੰ ਬਲਹੀਣ ਅਤੇ ਬੇਜਾਨ ਕਰ ਕੇ ਰੱਖ ਦਿੰਦੀ ਹੈ । ਆਲਸੀ ਉੱਤੇ ਉਦਾਸੀ ਦੇ ਪਲਾਂ ਦਾ ਛਾਇਆਂ ਆਮ ਹੀ ਪਿਆ ਰਹਿੰਦਾ ਹੈ । ਜਿਸ ਨਾਲ ਉਸ ਦਾ ਚਿਹਰਾ ਮੁਰਝਾਇਆਂ ਰਹਿੰਦਾ ਹੈ । ਗੁਰਬਾਣੀ ਵਿਚ ਮਿਹਨਤ ਦਾ ਸਬਕ ਸਿਖਾਇਆ ਗਿਆ ਹੈ “ ਘਾਲ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ “
ਆਲਸੀ ਬੰਦੇ ਦਾ ਮਨ ਕਮਜੋਰ ਅਤੇ ਇੱਛਾ ਸ਼ਕਤੀ ਦੀ ਘਾਟ ਵਾਲਾ ਹੁੰਦਾ ਹੈ । ਅਜਿਹਾ ਵਿਆਕਤੀ ਕਿਸੇ ਮੁਸੀਬਤ ਦਾ ਸਾਹਮਣਾ ਨਹੀਂ ਕਰ ਸਕਦਾ । ਸਿੱਟੇ ਵਜੋਂ ਆਤਮ ਹੱਤਿਆਂ ਵੱਲ ਨੂੰ ਦੋੜਦਾ ਹੈ । ਆਲਸ ਬੰਦੇ ਦੇ ਪੱਲੇ ਰੋਗ ਅਤੇ ਬਿਮਾਰੀਆਂ ਪਾਉਂਦੀ ਹੈ । ਆਲਸੀ ਤਨ ਅਤੇ ਮਨ ਦਾ ਰੋਗੀ ਹੋ ਬੈਠਦਾ ਹੈ । ਅੱਜ ਲੋੜ ਹੈ ਆਲਸ ਤਿਆਗ ਕੇ ਫੁਰਤੀ ਅਤੇ ਚੁਸਤੀ ਵਾਲਾ ਜੀਵਨ ਜਿਉਣ ਦੀ ਤਾਂ ਜੋ ਆਲਸ ਦੇ ਸ਼ਰਾਪ ਨੂੰ ਪਰੇ ਹਟਾ ਕੇ ਘਰ ,ਸਮਾਜ ਅਤੇ ਦੇਸ਼ ਲਈ ਕੁਝ ਕਰ ਸਕੀਏ । ਜਿੰਦਗੀ ਅਜਾਈਂ ਨਾ ਗੁਵਾਈਏ ।ਆਓ ਆਪਣੀ ਨੰਬਰ ਇੱਕ ਦੁਸ਼ਮਣ ਤੇ ਮਨੁੱਖਤਾ ਦੇ ਸ਼ਰਾਪ ਆਲਸ ਨੂੰ ਪਰੇ ਧੱਕੀਏ । ਜਿੰਦਗੀ ਦੇ ਪੰਧ ਅਗਿਓ ਆਲਸ ਦਾ ਰੋੜ੍ਹਾ ਹਟਾਈਏ । ਸਮਾਜ ਵਿੱਚ ਆਪਣਾ ਯੋਗਦਾਨ ਪਾਉਣ ਦੇ ਨਾਲ ਆਪਣੀ ਸ਼ਖਸ਼ੀਅਤ ਦਾ ਨਿਖਾਰ ਕਰੀਏ ਅਤੇ ਮੁਰਝਾਈ ਜਿੰਦਗੀ ਜਿਉਣ ਨਾਲੋਂ ਖੁਸ਼ਹਾਲ ਜਿੰਦਗੀ ਜਿਉਣ ਦੀ ਜਾਂਚ ਸਿੱਖੀਏ
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੁਆਵਜ਼ੇ ਦੀ ਰਾਹ....
NEXT STORY