ਸਕੂਲ ਪੂਰਾ ਕਰਨ ਤੋਂ ਬਾਅਦ ਕਾਲੇਜ ਦੀ ਪੜਾਈ ਸ਼ੁਰੂ ਹੋ ਗਈ। ਕਈ ਦੋਸਤਾਂ ਤੋਂ ਦੂਰੀ 'ਤੇ ਕਈ ਨਵੇਂ ਦੋਸਤ ਬਣੇ। ਕਾਲੇਜ ਦੇ ਸਾਰੇ ਲੜਕੇ ਲੜਕੀਆਂ 'ਚੋਂ ਗੁਰਲੀਨ ਇਕ ਵੱਖਰੀ ਸੋਚ ਵਾਲੀ ਲੜਕੀ ਸੀ। ਗੁਰਲੀਨ ਨੂੰ ਕਿਸੇ ਨਾਲ ਦੋਸਤੀ ਜਾਂ ਹਮਦਰਦੀ ਦੀ ਕੋਈ ਜ਼ਰੂਰਤ ਨਹੀਂ ਸੀ। ਉਹ ਇਕੱਲੀ ਹੀ ਆਪਣੇ ਆਪ 'ਚ ਮਸ਼ਰੂਫ਼ ਰਹਿੰਦੀ ਸੀ। ਯੁਵਰਾਜ ਇਕ ਸ਼ਰੀਫ ਪਰ ਮਜ਼ਾਕੀਆ ਕਿਸਮ ਦਾ ਲੜਕਾ ਸੀ। ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਗੁਰਲੀਨ ਕੋਲ ਜਾਂਦਾ ਤੇ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਪਰ ਗੁਰਲੀਨ ਦੇ ਕੋਰੇ ਜਵਾਬ ਯੁਵਰਾਜ ਦਾ ਦਿਲ ਖੱਟਾ ਕਰ ਦਿੰਦੇ। ਉਸ ਦੀ ਸੋਚ ਸੀ ਕਿ ਮਰਦ ਹਮੇਸ਼ਾਂ ਮਤਲਵੀ ਹੁੰਦੇ ਹਨ।
ਕਾਲੇਜ ਖਤਮ ਹੋਈ ਤਾਂ ਸਾਰੇ ਵਿਦਿਆਰਥੀ ਆਪੋ-ਆਪਣੀ ਨਵੀਂ ਜ਼ਿੰਦਗੀ ਦੀ ਤਲਾਸ਼ ਲਈ ਆਪਣੀਆਂ ਲੀਹਾਂ ਤੇ ਤੁਰ ਗਏ। ਯੁਵਰਾਜ ਦਾ ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਸਰਕਾਰੀ ਨੌਕਰੀ ਮਿਲਣ ਨਾਲ ਪੂਰਾ ਹੋਇਆ। ਨੌਕਰੀ ਦੇ ਪਹਿਲੇ ਦਿਨ ਆਫਿਸ ਜਾ ਕੇ ਨਵੇਂ ਦੋਸਤਾਂ ਨੂੰ ਮਿਲਣ ਦੀ ਖੁਸ਼ੀ ਉਦੋਂ ਹੈਰਾਨੀ ਵਿੱਚ ਬਦਲ ਗਈ ਜਦੋਂ ਯੁਵਰਾਜ ਦੀ ਕਾਲੇਜ ਵਾਲੀ ਕੁੜੀ ਗੁਰਲੀਨ ਉਸ ਦੇ ਸਾਹਮਣੇ ਆ ਕੇ ਖੜੀ ਹੋ ਗਈ। ਯੁਵਰਾਜ ਨੂੰ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਹੋਈ ਜਦੋਂ ਪਤਾ ਲੱਗਾ ਕਿ ਉਸ ਦਾ ਵਿਚਾਰ ਮੇਰੇ ਪ੍ਰਤੀ ਹਾਲੇ ਵੀ ਪਹਿਲਾਂ ਵਾਲਾ ਹੀ ਹੈ ਪਰ ਯੁਵਰਾਜ ਨੇ ਕਾਲੇਜ ਸਮੇਂ ਆਪਣੇ ਵੱਲੋਂ ਕੀਤੀਆਂ ਮਜ਼ਾਕੀਆ ਟਿੱਪਣੀਆਂ ਦੀ ਮੁਆਫੀ ਮੰਗ ਲਈ।
ਹੁਣ ਯੁਵਰਾਜ ਦੇ ਘਰ ਵਿੱਚ ਵਿਆਹ ਬਾਰੇ ਵੀ ਗੱਲਾਂ ਹੋਣ ਲੱਗੀਆਂ ਪਰ ਯੁਵਰਾਜ ਦਿਲੋਂ ਗੁਰਲੀਨ ਨਾਲ ਪਿਆਰ ਕਰਨ ਲੱਗ ਪਿਆ ਸੀ। ਉਹ ਸੋਚਦਾ ਸੀ ਕਿ ਮੈਂ ਗੁਰਲੀਨ ਨੂੰ ਇਹ ਗੱਲ ਕਿਵੇਂ ਦੱਸਾਂ, ਕਿਤੇ ਉਹ ਮੇਰੇ ਨਾਲ ਹੀ ਨਾ ਲੜ ਪਵੇ ਤੇ ਮੈਂ ਬੇ-ਇਜ਼ੱਤੀ ਕਰਵਾ ਬੈਠਾਂ। ਪੁੱਠੇ ਸਿਧੇ ਖਿਆਲ ਯੁਵਰਾਜ ਦੇ ਮਨ ਵਿੱਚ ਘੁੰਮਦੇ ਰਹਿੰਦੇ। ਸੌਣ ਦਾ ਮਹੀਨਾ, ਠੰਢੀ ਹਵਾ ਚਲਦੀ ਸੀ ਅਤੇ ਆਕਾਸ਼ 'ਚ ਬੱਦਲ ਛਾਏ ਸੀ। ਯੁਵਰਾਜ ਨੇ ਵੇਖਿਆ ਕਿ ਗੁਰਲੀਨ ਅੱਜ ਕਾਫੀ ਖੁਸ਼ ਨਜ਼ਰ ਆ ਰਹੀ ਹੈ ਤੇ ਹਿੰਮਤ ਕਰਕੇ ਯੁਵਰਾਜ ਨੇ ਗੁਰਲੀਨ ਨੂੰ ਕਿਹਾ ਆਪਾਂ ਇਕ-ਇਕ ਕੱਪ ਚਾਹ ਪੀਂਦੇ ਹਾਂ ਕੰਟੀਨ ਤੇ ਜਾ ਕੇ। ਗੁਰਲੀਨ ਝੱਟ ਤਿਆਰ ਹੋਈ ਤੇ ਉਹ ਕੰਟੀਨ ਤੇ ਚਲੇ ਗਏ। ਦੋ ਕੱਪ ਚਾਹ ਦਾ ਆਰਡਰ ਦਿੱਤਾ। ਪੁਰਾਣੀਆਂ ਗੱਲਾਂ ਕਰਦੇ ਰਹੇ ਤੇ ਯੁਵਰਾਜ ਨੇ ਹਿੰਮਤ ਕਰਕੇ ਉਸ ਨਾਲ ਵਿਆਹ ਕਰਾਉਣ ਦੀ ਪੇਸ਼ਕਸ਼ ਕਰ ਦਿੱਤੀ। ਗੁਰਲੀਨ ਨੇ ਜਦੋਂ ਆਪਣੀਆਂ ਨੀਲੀਆਂ ਅੱਖਾਂ ਯੁਵਰਾਜ ਦੀਆਂ ਅੱਖਾਂ ਵਿੱਚ ਪਾ ਕੇ ਦੇਖਣਾ ਸ਼ੁਰੂ ਕੀਤਾ ਤਾਂ ਯੁਵਰਾਜ ਘਬਰਾ ਗਿਆ ਤੇ ਉਸ ਨੇ ਨੀਵੀਂ ਪਾ ਲਈ ਕਿ ਕਿਤੇ ਗੁਰਲੀਨ ਗਲ ਹੀ ਨਾ ਪੈ-ਜਾਵੇ। ਉਸੇ ਵੇਲੇ ਵੇਟਰ ਆਇਆ ਤੇ ਟੇਬਲ ਉੱਤੇ ਦੋ ਗਰਮਾ-ਗਰਮ ਚਾਹ ਦੇ ਕੱਪ ਰੱਖ ਗਿਆ।
ਯੁਵਰਾਜ ਨੇ ਗੁਰਲੀਨ ਨੂੰ ਇਸ਼ਾਰਾ ਕਰਦੇ ਹੋਏ ਕਿਹਾ ਕਿ ਚਾਹ ਪੀਵੋ ਤੇ ਚੱਲੀਏ ਦਫਤਰ ਦੀ ਛੁੱਟੀ ਦਾ ਸਮਾਂ ਵੀ ਹੋਣ ਵਾਲਾ ਹੈ। ਦੋਵਾਂ ਨੇ ਹੱਥ ਵਧਾਏ ਗੁਰਲੀਨ ਨੇ ਕੱਪ ਪਹਿਲਾਂ ਚੁੱਕਿਆ ਇਕ ਦਮ ਹੱਥ ਚੋਂ ਛੁੱਟ ਗਿਆ ਸਾਰੀ ਚਾਹ ਯੁਵਰਾਜ ਦੇ ਹੱਥ ਤੇ ਪੈ ਗਈ। ਗੁਰਲੀਨ ਘਬਰਾ ਗਈ। ਯੁਵਰਾਜ ਦਾ ਹੱਥ ਜਲ ਗਿਆ ਸੀ ਉਸ ਨੇ ਕਾਹਲੀ 'ਚ ਹੱਥ ਪਾਣੀ ਵਾਲੇ ਜੱਗ 'ਚ ਪਾ ਦਿੱਤਾ ਤੇ ਯੁਵਰਾਜ ਦੇ ਹੱਥ ਵਿੱਚ ਛਾਲੇ ਪੈ ਗਏ। ਗੁਰਲੀਨ ਨੇ ਰੁਮਾਲ ਨਾਲ ਯੁਵਰਾਜ ਦਾ ਹੱਥ ਲਪੇਟਿਆ ਤੇ ਗੁਰਲੀਨ ਨੇ ਜਵਾਬ ਵਿੱਚ ਹਾਂ ਕਿਹਾ ਤੇ ਆਪਣੇ ਘਰ ਚਲੇ ਗਏ। ਯੁਵਰਾਜ ਹੈਰਾਨ ਸੀ ਕਿ ਉਸ ਨੇ ਬਿਨਾਂ ਕੁੱਝ ਪੁੱਛਿਆਂ ਹੀ ਹਾਂ ਕਰ ਦਿੱਤੀ ਸੀ ਤੇ ਗੁਰਲੀਨ ਨੇ ਘਰ ਜਾ ਕੇ ਆਪਣੀ ਛੋਟੀ ਭੈਣ ਦੀਪੂ ਨਾਲ ਗੱਲ ਕੀਤੀ ਤੇ ਕਿਹਾ ਮੈਂ ਯੁਵਰਾਜ ਨੂੰ ਵਿਆਹ ਲਈ ਹਾਂ ਕਰ ਦਿੱਤੀ ਹੈ। ਦੀਪੂ ਨੇ ਕਿਹਾ ਦੀਦੀ ਇਸ ਮੁਲਾਕਾਤ ਵਿੱਚ ਕੀ ਖ਼ਾਸ ਸੀ। ਗੁਰਲੀਨ ਨੇ ਕਿਹਾ 'ਇਕ ਕੱਪ ਚਾਹ'।
ਰਣਜੀਤ ਕੌਰ ਸਵੀ
ਮਾਲੇਰਕੋਟਲਾ
ਜੇ ਰਾਜ ਸਰਕਾਰ ਨੇ ਵਿਦਿਆਰਥੀਆਂ ਦੀ ਬਾਹ ਨਹੀਂ ਫੜਨੀ....
NEXT STORY