ਚੰਡੀਗੜ੍ਹ - ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਨੇ ਤਲਖ ਟਿੱਪਣੀ ਦਿੱਤੀ ਹੈ। ਹਾਈਕੋਟ ਨੇ ਕਿਹਾ ਕਿ ਕਦੇ ਕੋਈ ਅਜਿਹੀ ਘਟਨਾ ਸੁਣੀ ਹੈ, ਜਿਸ ਵਿਚ 1 ਸਾਲ ਤੋਂ ਵੱਧ ਸਮੇਂ ਤੱਕ ਕੋਈ ਵਿਅਕਤੀ ਫਰਿੱਜ ਵਿਚ ਰੱਖਿਆ ਗਿਆ ਹੋਵੇ ਤੇ ਉਹ ਜ਼ਿੰਦਾ ਹੋ ਜਾਵੇ। ਜਦ ਪੰਜਾਬ ਸਰਕਾਰ ਆਸ਼ੂਤੋਸ਼ ਮਹਾਰਾਜ ਨੂੰ ਕਲੀਨੀਕਲੀ ਡੈੱਡ ਮੰਨ ਚੁੱਕੀ ਹੈ ਤਾਂ ਕਿਉਂ ਉਸਦੀ ਲਾਸ਼ ਨੂੰ ਫਰਿੱਜ ਵਿਚ ਰੱਖ ਕੇ ਉਸਦੇ ਸਰੀਰ ਦਾ ਅਪਮਾਨ ਕੀਤਾ ਜਾ ਰਿਹਾ ਹੈ। ਹਾਈਕੋਰਟ ਨੇ ਇਹ ਟਿੱਪਣੀ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਰਨ ਦੇ ਸਿੰਗਲ ਬੈਂਚ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ 4 ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਦਿੱਤੀ।
ਜਸਟਿਸ ਐਸ.ਕੇ. ਮਿੱਤਲ ਦੀ ਡਵੀਜ਼ਨ ਬੈਂਚ ਨੇ ਤਲਖ ਟਿੱਪਣੀ ਕਰਦੇ ਹੋਏ ਕਿਹਾ ਕਿ ਕਈ ਬਾਬਿਆਂ ਦੀ ਮੌਤ ਤੋਂ ਬਾਅਦ ਸਨਮਾਨਜਨਕ ਢੰਗ ਨਾਲ ਸੰਸਕਾਰ ਹੋਇਆ ਤਾਂ ਇਸ ਮਾਮਲੇ 'ਚ ਸਰੀਰ ਨੂੰ ਪਿਛਲੇ ਡੇਢ ਸਾਲ ਤੋਂ ਫਰਿੱਜ 'ਚ ਕਿਉਂ ਰੱਖਿਆ ਗਿਆ ਹੈ।
ਹਾਈਕੋਰਟ ਨੇ ਬਹਿਸ ਨੂੰ 18 ਅਗਸਤ ਤੱਕ ਟਾਲਦਿਆਂ ਉਨ੍ਹਾਂ ਅੰਤਰਿਮ ਹੁਕਮਾਂ ਨੂੰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਤਹਿਤ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ 'ਤੇ ਰੋਕ ਲਗਾਈ ਗਈ ਸੀ।
ਸੋਮਵਾਰ ਨੂੰ ਸੁਣਵਾਈ ਆਰੰਭ ਹੁੰਦਿਆਂ ਪੰਜਾਬ ਸਰਕਾਰ ਨੇ ਸਿੰਗਲ ਬੈਂਚ ਵਲੋਂ ਜਾਰੀ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਪੰਜਾਬ ਸਰਕਾਰ ਨੂੰ ਕਰਵਾਉਣ ਦੇ ਹੁਕਮ 'ਤੇ ਕਿਹਾ ਕਿ ਰਾਜ ਸਰਕਾਰ ਤੇ ਐੱਮ. ਸੀ. ਸਿਰਫ਼ ਤਾਂ ਹੀ ਇਸ ਤਰ੍ਹਾਂ ਦੇ ਮਾਮਲੇ ਵਿਚ ਜ਼ਿੰਮੇਵਾਰ ਹੋ ਸਕਦੇ ਹਨ, ਜਦ ਲਾਸ਼ ਲਾਵਾਰਿਸ ਹੋਵੇ। ਇਸ ਦੌਰਾਨ ਸੰਸਥਾਨ ਤੇ ਭਗਤਾਂ ਵਲੋਂ ਦਲੀਲ ਦਿੱਤੀ ਗਈ ਕਿ ਰਾਮ ਕ੍ਰਿਸ਼ਨ ਪਰਮਹੰਸ ਤੇ ਸ਼ੰਕਰਾਚਾਰਿਆ ਵੀ ਸਮਾਧੀ ਮਗਰੋਂ ਵਾਪਸ ਪਰਤੇ ਸਨ। ਜਿਸ ਨੂੰ ਹਾਈਕੋਰਟ ਨੇ ਖਾਰਿਜ ਕੀਤਾ। ਇਸ ਦੌਰਾਨ ਦਲੀਪ ਝਾਅ ਦੇ ਵਕੀਲ ਨੇ ਆਸ਼ੂਤੋਸ਼ ਮਹਾਰਾਜ ਦਾ ਡੀ. ਐੱਨ. ਏ. ਕਰਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਬੇਟੇ ਦਾ ਹੱਕ ਹੈ ਕਿ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰੇ।
ਗਰੀਬਣੀ ਮਾਂ ਦੀਆਂ ਅੱਖਾਂ 'ਚ ਸੰਜੋਏ ਸੁਪਨੇ ਨੂੰ ਪੁੱਤ ਨੇ ਲਾਏ ਚਾਰ ਚੰਨ, ਲੋਕੀ ਦੇਣ ਵਧਾਈਆਂ
NEXT STORY