ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਅੱਜ ਅਸੀਂ ਜਿਸ ਆਤਮਾ ਦੀ ਸਾਂਤੀ ਲਈ ਇੱਥੇ ਇੱਕਠੇ ਹੋਏ ਹਾਂ ਉਹ ਵੀ ਸਾਡੇ ਵਰਗੀ ਆਮ ਆਤਮਾ ਸੀ। ਇਸ ਲਈ ਇੱਥੇ ਮਹਾਨ ਆਤਮਾ ਜਿਹਾ ਸਬਦ ਵਰਤਣਾ ਉਨ੍ਹਾਂ ਲੱਖਾਂ ਮਹਾਨ ਆਤਮਾਵਾਂ ਦਾ ਅਪਮਾਨ ਹੋਵੇਗਾ ਜੋ ਵਾਕਿਆ ਹੀ ਮਹਾਨ ਸਨ। ਹਰ ਰੋਜ ਸੈਕੜਾਂ ਲੋਕ ਇਸ ਸੰਸਾਰ ਤੋਂ ਜਾਂਦੇ ਹਨ ਅਤੇ ਇਨ੍ਹਾਂ ਦੀ ਆਤਮਾ ਦੀ ਸਾਂਤੀ ਲਈ ਸਮਾਗਮ ਕਰਵਾਏ ਜਾਂਦੇ ਹਨ। ਅਜਿਹੇ ਸਮਾਗਮ ਕਰਨਾ ਇੱਕ ਆਮ ਜਿਹੀ ਗੱਲ ਹੈ। ਇਸ ਸਮਾਗਮ ਦੀ ਕਾਰਵਾਈ ਸੁਰੂ ਕਰਨ ਤੋਂ ਪਹਿਲਾਂ ਘਰ ਵਾਲਿਆਂ ਵਲੋਂ ਬੇਨਤੀ ਹੈ ਕਿ ਹਰ ਇੱਕ ਨੇ ਚਾਹ ਪਾਣੀ ਪ੍ਰਸਾਦੇ ਦਾ ਲੰਗਰ ਛੱਕ ਕੇ ਜਾਣਾ ਹੈ। ਇਹ ਸਭ ਨੂੰ ਪਤਾ ਹੀ ਹੈ ਕਿ ਥੋੜੀ ਜਿਹੀ ਨਾ ਨੁਕਰ ਤੋਂ ਬਾਅਦ ਇਹ ਹਰ ਇੱਕ ਨੇ ਛੱਕਣਾ ਹੀ ਹੁੰਦਾ ਹੈ ਅਤੇ ਸਿਖਰ ਦੁਪਿਹਰੇ ਘਰੇ ਜਾ ਕੇ ਵੀ ਖਾਣਾ ਬਨਾਉਣਾ ਕੋਈ ਸੋਖਾ ਨਹੀਂ। ਘਰ ਆਲਿਆਂ ਵਲੋਂ ਸਭ ਮਾਈ ਭਾਈ ਦਾ ਇਸ ਸਮਾਗਮ 'ਚ ਪਹੁੰਚਣ ਤੇ ਸ਼ੁੱਕਰੀਆ ਅਦਾ ਕੀਤਾ ਜਾਂਦਾ ਹੈ।
ਅੱਜ ਕੱਲ ਕਿਸੇ ਕੋਲ ਇੰਨਾ ਸਮਾਂ ਨਹੀ ਪਰ ਫਿਰ ਵੀ ਅਸੀਂ ਪਹੁੰਚਣ ਦੀ ਵੱਧ ਤੋ ਵੱਧ ਕੋਸ਼ਿਸ਼ ਕਰਦੇ ਹਾਂ। ਕਈ ਤਾਂ ਮੋਕੇ ਤੇ ਹੀ ਪਹੁੰਚਦੇ ਹਨ ਜੋ ਕੁਝ ਪਹਿਲਾਂ ਆ ਗਏ ਸਨ ਹੁਣ ਉਹ ਵਾਰ-ਵਾਰ ਘੜੀਆਂ ਦੇਖ ਰਹੇ ਹਨ। ਬਸ ਤੁਹਾਡਾ ਜਿਆਦਾ ਸਮਾਂ ਨਹੀ ਲੈਂਦੇ। ਕਾਰਵਾਈ ਨੂੰ ਜਲਦੀ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗੇ।
ਹਾਂ ਗੱਲ ਕਰ ਰਹੇ ਸੀ ਉਸ ਆਤਮਾ ਦੀ। ਉਹ ਆਮ ਲੋਕਾਂ ਵਾਂਗ ਸਿੱਧਾ ਇਨਸਾਨ ਸੀ। ਮੈ ਦੇਖ ਰਿਹਾ ਹਾਂ ਕਿ ਉਸ ਦੇ ਬਹੁਤੇ ਨਜ਼ਦੀਕੀ ਸ਼ਰੀਕਾ ਕਬੀਲਾ ਤੇ ਹੋਰ ਖਾਸ ਰਿਸ਼ਤੇਦਾਰ ਮੇਰਾ ਮਤਲਬ ਸਹੁਰਾ ਪੱਖ ਵੀ ਕੋਈ ਖਾਸ ਨਹੀ ਆਇਆ ਇਸ ਸਮਾਗਮ ਤੇ। ਇਸ ਦਾ ਸਾਫ ਅਰਥ ਹੈ ਕਿ ਉਹ ਵੀ ਆਮ ਲੋਕਾਂ ਵਾਂਗੂ ਰਿਸ਼ਤੇਦਾਰੀਆਂ ਵਿੱਚ ਰੁਸਦਾ ਸੀ ਤੇ ਲੜਾਈ ਝਗੜੇ ਕਰਦਾ ਸੀ ਅਤੇ ਆਪ ਖੁੱਦ ਬਹੁਤ ਘੱਟ ਲੋਕਾਂ ਦੇ ਅਜਿਹੇ ਸਮਾਗਮਾਂ ਵਿੱਚ ਸ਼ਰੀਕ ਹੁੰਦਾ ਸੀ। ਸੋ ਦੂਜਿਆਂ ਨੇ ਵੀ ਉਹ ਵੱਟਾ ਲਾਹ ਲਿਆ। ਸਾਡਾ ਸਮਾਜ ਕਿੰਨਾ ਸਾਫ-ਸੁਧਰਾ ਦਿਲ ਰੱਖਦਾ ਹੈ। ਅਸੀਂ ਅਜਿਹੇ ਦੁੱਖ ਅਤੇ ਮੌਤ ਵਰਗੇ ਖੌਫਨਾਕ ਮੌਕਿਆਂ ਤੇ ਵੀ ਆਪਣਾ ਬਦਲਾ ਲੈਣ ਦੀ ਕੋਤਾਹੀ ਨਹੀ ਕਰਦੇ। ਸਹੀ ਗੱਲ ਹੈ ਜੇ ਕਿਸੇ ਦੇ ਅਫਸੋਸ ਕਰਨ ਆਉਣਾ ਹੈ ਤਾਂ ਸੱਚੇ ਦਿਲੋ ਆਓ। ਐਵੈ ਮਨ ਵਿੱਚ ਮੈਲ ਲੈ ਕੇ ਲੋਕਾਂ ਨੁੰ ਦਿਖਾਉਣ ਦਾ ਕੀ ਫਾਇਦਾ।
ਅੱਜ ਦੇ ਇਸ ਸਮਾਗਮ ਲਈ ਸਾਨੂੰ ਬਹੁਤ ਸਾਰੀਆਂ ਸੰਸਥਾਂਵਾਂ, ਕਲੱਬਾਂ, ਨੇਤਾਵਾਂ ਅਤੇ ਸਮਾਜਿਕ ਜਥੇਬੰਦੀਆਂ ਵਲੋ ਸੋਕ ਪ੍ਰਸਤਾਵ ਆਏ ਹਨ। ਦਰਅਸਲ ਇਹ ਵੀ ਇੱਕ ਫਾਰਮੈਲਟੀ ਹੀ ਹੁੰਦੀ ਹੈ। ਇਹ ਸੋਕ ਪ੍ਰਸਤਾਵ ਅਗਲਿਆਂ ਨੇ ਇਕੱਠੇ ਛਪਵਾ ਕੇ ਰੱਖੇ ਹੁੰਦੇ ਹਨ। ਬਸ ਨਾਂ ਹੀ ਭਰਨਾ ਬਾਕੀ ਹੁੰਦਾ ਹੈ। ਸੋਕ ਪ੍ਰਸਤਾਵ ਦੀ ਭਾਸ਼ਾ ਤਕਰੀਬਨ ਸਭ ਦੀ ਇਕੋਂ ਜਿਹੀ ਹੀ ਹੁੰਦੀ ਹੈ। ਕਈ ਸੰਸਥਾਵਾਂ ਤਾਂ ਸੋਕ ਪ੍ਰਸਤਾਵ ਦੀ ਖਾਲੀ ਕਾਪੀ ਭੇਜ ਦਿੰਦੀਆਂ ਹਨ ਇਹ ਕਹਿ ਕਿ ਨਾਂ ਤੁਸੀਂ ਆਪੇ ਭਰ ਲਿਉ। ਖੈਰ ਮੈ ਜ਼ਿਆਦਾ ਸਮਾਂ ਨਹੀ ਲੈਂਦਾ ਹਰ ਇਕ ਦਾ ਸੋਕ ਪ੍ਰਸਤਾਵ ਨਹੀ ਪੜ੍ਹਾਂਗਾ। ਸਿਰਫ ਸੰਸਥਾਵਾਂ ਦੇ ਨਾਂ ਹੀ ਬੋਲਾਂਗਾ। ਮੈ ਪ੍ਰਬੰਧਕਾ ਨੂੰ ਬੇਨਤੀ ਕਰਾਂਗਾ ਕਿ ਅੱਗੇ ਤੋ ਪੱਕੇ ਸੋਕ ਪ੍ਰਸਤਾਵ ਭੇਜਣ ਵਾਲੀਆਂ ਸੰਸਥਾਵਾਂ ਦੇ ਨਾਂ ਇਕ ਬੋਰਡ ਤੇ ਲਿਖਕੇ ਲਾ ਦਿੱਤੇ ਜਾਣ ਤਾਂ ਕਿ ਨਾਂ ਬੋਲਣ ਤੇ ਲੱਗਦਾ ਸਮਾਂ ਬਚਾਇਆ ਜਾ ਸਕੇ।
ਪਹਿਲਾਂ ਸਰਧਾਂਜਲੀ ਸਮਾਗਮ ਦੀ ਇਹ ਕਾਰਵਾਈ ਸਾਡੇ ਵੱਡੇ ਭਾਈ ਰੂਪ ਚੰਦ ਜੀ ਕਰਿਆ ਕਰਦੇ ਸਨ ਪਰ ਉਨਾਂ ਦੇ ਸਰਧਾਂਜਲੀ ਸਮਾਗਮ ਤੋਂ ਬਾਅਦ ਇਸ ਕੰਮ ਲਈ ਦਾਸ ਦੀ ਡਿਊਟੀ ਲਾਈ ਗਈ ਹੈ। ਹੁਣ ਮੈ ਬਾਹਰੋ ਆਏ 1-2 ਸੱਜਣਾ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ। ਫਿਰ ਇਕ ਸਿਰੋ ਗੰਜਾ ਪਰ ਉਸ ਨੇ ਆਪਣਾ ਸਿਰ ਪੀਲੇ ਪਟਕੇ ਨਾਲ ਢੱਕਿਆ ਹੋਇਆ ਸੀ ਮਾਇਕ ਦੇ ਮੂਹਰੇ ਆਣ ਖਲੋਤਾ। ਉਸ ਨੇ ਆਪਣੀ ਜੇਬ 'ਚੋਂ ਪਤਲੀ ਜਿਹੀ ਐਨਕ ਕੱਢ ਕੇ ਲਾਈ। ਜੇਬ 'ਚੋਂ ਹੀ ਹੱਥ ਨਾਲ ਲਿਖਿਆ ਕਾਗਜ ਕੱਢਿਆ। ਲੱਗਦਾ ਸੀ ਕਿ ਉਹ ਘਰੋਂ ਪੂਰੀ ਤਿਆਰੀ ਕਰਕੇ ਹੀ ਆਇਆ ਸੀ। ਉਸ ਨੇ ਦੋ-ਤਿੰਨ ਵਾਰ ਖੰਗਾਰਾ ਜਿਹਾ ਮਾਰਕੇ ਗਲਾ ਸਾਫ ਕਰਨ ਦੀ ਅਧੂਰੀ ਜਿਹੀ ਕੋਸ਼ਿਸ਼ ਕੀਤੀ ਅਤੇ ਬੋਲਣਾ ਸ਼ੁਰੂ ਕੀਤਾ। ਬਹੁਤ ਹੀ ਬਰੀਕ ਜਿਹੀ ਆਵਾਜ 'ਚ ਉਸ ਨੇ ਆਦਤਨ ਉਸ ਆਤਮਾ ਦੇ ਚਲੇ ਜਾਣ ਤੇ ਅਫਸੋਸ ਜਾਹਿਰ ਕੀਤਾ ਅਤੇ ਇਸ ਨੂੰ ਰੱਬ ਦਾ ਭਾਣਾ, ਉਸ ਮਾਲਿਕ ਦੀ ਰਜਾ ਤੇ ਸਵਾਸਾਂ ਦੀ ਪੂੰਜੀ ਦੇ ਵੇਰਵੇ ਨਾਲ ਜੋੜਿਆ। ਫਿਰ ਉਸ ਨੇ ਕਿਹਾ ਮਰਨਾ ਅਟੱਲ ਹੈ। ਅਸੀਂ ਹਰ ਕਿਸੇ ਦੇ ਮਰਨ ਤੋਂ ਬਾਅਦ ਉਸ ਦੇ ਗੁਣ ਗਾਉਂਦੇ ਹਾਂ ਜੋ ਹਰਗਿਜ ਠੀਕ ਨਹੀਂ ਹੈ ।ਸਾਨੂੰ ਉਸ ਸ਼ਖਸ ਬਾਰੇ ਬਿਲਕੁਲ ਸੱਚ ਬੋਲਣਾ ਚਾਹੀਦਾ ਹੈ। ਉਸ ਬਾਰੇ ਜੋ ਸਾਡੇ ਵਿਚਾਰ ਹਨ ਉਹ ਹੀ ਸੰਗਤ ਨਾਲ ਸਾਂਝੇ ਕਰਨੇ ਚਾਹੀਦੇ ਹਨ। ਸੋ ਮੈ ਇਹ ਕਹਿਣਾ ਚਹਾਉਦਾ ਹਾਂ ਕਿ ਇਹ ਆਤਮਾ ਕੋਈ ਬਹੁਤੀ ਮਹਾਨ ਆਤਮਾ ਨਹੀ ਸੀ। ਇਹਨਾ ਨੇ ਆਪਣੀ ਸਾਰੀ ਉਮਰ ਗਿਲ੍ਹੇ, ਸ਼ਿਕਵੇ, ਰੁੱਸਾ ਰਸਾਈ ਤੇ ਲੜਾਈ ਝਗੜੇ 'ਚ ਹੀ ਪੂਰੀ ਕਰ ਦਿੱਤੀ । ਇਹ ਨਾ ਚੰਗਾ ਪਤੀ ਸਾਬਿਤ ਹੋਏ ਤੇ ਨਾ ਹੀ ਇਕ ਚੰਗਾ ਪਿਤਾ। ਫਿਰ ਇਹ ਇਕ ਚੰਗਾ ਭਾਈ ਦੋਸਤ ਵੀ ਨਾ ਬਣ ਸਕੇ। ਫਿਰ ਇਹਨਾ ਤੋਂ ਇਕ ਚੰਗੇ ਜਵਾਈ, ਜੀਜੇ ਜਾਂ ਚੰਗੇ ਫੁਫੱੜ ਬਨਣ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ। ਸ਼ਰੀਕੇ ਤੇ ਸਹੁਰਾ ਪਰਿਵਾਰ ਦਾ ਕੋਈ ਵੀ ਵਿਆਹ ਇਨ੍ਹਾਂ ਨੇ ਸੁੱਕਾ ਨਹੀ ਜਾਣ ਦਿੱਤਾ। ਜਿੱਥੇ ਇਸ ਨੇ ਗੰਦ ਨਾ ਘੋਲਿਆ ਹੋਵੇ। ਉਹ ਕਿਹੜਾ ਰਿਸ਼ਤੇਦਾਰ ਸਕਾ ਸਬੰਧੀ ਹ,ੈ ਜਿਸ ਨੂੰ ਇਨ੍ਹਾਂ ਨੇ ਆਪਣੀ ਅੜਬ ਭਾਸ਼ਾ ਨਾਲ ਨਾ ਨਿਵਾਜਿਆ ਹੋਵੇ। ਮੈ ਕੋਈ ਇਨ੍ਹਾਂ ਦੇ ਚਲੇ ਜਾਣ ਤੇ ਖੁਸ਼ ਨਹੀ ਹਾਂ ।ਦੁੱਖ ਮੈਨੂੰ ਵੀ ਹੈ ਪਰ ਇਨਸਾਨ ਨੂੰ ਇਨਸਾਨੀ ਚੋਲੇ 'ਚ ਆ ਕੇ ਕੋਈ ਤਾਂ ਚੰਗਾ ਕੰਮ ਕਰਨਾ ਚਾਹੀਦਾ ਹੈ। ਹਰ ਇਕ ਨੂੰ ਉਸ ਦੇ ਮੂੰਹ ਤੇ ਹੀ ਚੋਰ, ਚੀਪੜ, ਵੇਹਵਤੀ ਘਤਿੱਤੀ ਆਖ ਦੇਣਾ ਬਹੁਤੀ ਸਿਆਣਪ ਵਾਲੀ ਗੱਲ ਨਹੀ। ਬੰਦੇ ਨੂੰ ਇੰਨਾ ਸੱਚ ਵੀ ਨਹੀ ਬੋਲਣਾ ਚਾਹੀਦਾ ਕਿ ਉਸ ਨਾਲ ਚਾਰ ਬੰਦੇ ਵੀ ਨਾ ਰਹਿਣ। ਘਰੇ ਆਏ ਹਰ ਇਕ ਦੇ ਗੱਲ੍ਹ ਪੈ ਜਾਣਾ। ਗਲਤ ਬੋਲਣਾ ਪੜ੍ਹੇ ਲਿਖੇ ਇਨਸਾਨ ਨੂੰ ਨਹੀ ਸ਼ੋਭਦਾ। ਸਾਨੂੰ ਅਜਿਹੇ ਆਦਮੀਆਂ ਕੋਲੋ ਮੱਤ ਲੈਣੀ ਚਾਹੀਦੀ ਹੈ ਕਿ ਘੱਟੋਂ ਘੱਟ ਅਸੀਂ ਤਾਂ ਅਜਿਹਾ ਵਿਵਹਾਰ ਨਾ ਕਰੀਏ। ਬਾਕੀ ਮੈ ਜ਼ਿਆਦਾ ਨਾ ਬੋਲਦਾ ਹੋਇਆ ਆਪਣੇ ਦੁਆਰਾ ਵੱਧ ਘੱਟ ਬੋਲੇ ਗਏ ਸਬਦਾਂ ਦੀ ਸਭ ਤੋਂ ਮੁਆਫੀ ਚਾਹੁੰਦਾ ਹਾਂ।
ਸਮਾਗਮ ਦੀ ਕਾਰਵਾਈ ਸਮਾਪਤ ਹੁੰਦੇ ਸਾਰ ਹੀ ਲੋਕ ਲੰਗਰ ਵੱਲ ਨੂੰ ਹੋ ਤੁਰੇ। ਬਿਨਾਂ ਕਿਸੇ ਲਾਗ ਲਪੇਟ ਦੇ ਆਪਣੀਆਂ-ਆਪਣੀਆਂ ਪਲੇਟਾਂ ਨੂੰ ਲੈ ਕੇ ਰੋਟੀ ਸਬਜੀ ਦੇ ਦੁਆਲੇ ਹੋ ਗਏ। ਕਿਸੇ ਦੇ ਮਨ 'ਚ ਕੋਈ ਅਫਸੋਸ ਨਹੀ ਸੀ। ਬਸ ਸਭ ਆਪਣੇ ਖਾਣੇ ਚ ਹੀ ਮਸਤ ਸਨ ਅਤੇ ਜਿੰਨਾ ਨੇ ਪਹਿਲਾਂ ਛੱਕ ਲਿਆ ਸੀ ਉਹ ਇੱਕ ਦੂਜੇ ਨੂੰ ਰਾਮ-ਰਾਮ ਜੀ ਕਹਿ ਕੇ ਆਪਣੇ-ਆਪਣੇ ਘਰਾਂ ਨੂੰ ਤੁਰ ਪਏ ਪਰ ਮੈ ਉਥੇ ਹੀ ਅਡੋਲ ਖੜਾ ਸੀ। ਬੁਲਾਰਿਆਂ ਵਲੋਂ ਬੋਲੇ ਗਏ ਇਕ-ਇਕ ਸ਼ਬਦ ਅਤੇ ਗੋਰ ਕਰ ਰਿਹਾ ਸੀ। ਕੀ ਇਹ ਵਾਕਿਆ ਹੀ ਸਰਧਾਂਜਲੀ ਸਮਾਰੋਹ ਸੀ ਪਰ ਉਥੇ ਮੇਰਾ ਪੱਖ ਰੱਖਣ ਵਾਲਾ ਕੋਈ ਵੀ ਨਹੀ ਸੀ। ਗੱਲਾਂ ਭਾਵੇਂ ਸੱਚੀਆਂ ਸਨ ਪਰ ਦੂਜੀ ਧਿਰ ਨੂੰ ਵੀ ਸੁਨਣਾ ਲਾਜ਼ਮੀ ਹੁੰਦਾ ਹੈ। ਕਿਵੇਂ ਵੀ ਸੀ ਮੈਨੂੰ ਮੇਰਾ ਇਹ ਸਮਾਰੋਹ ਕੁਝ ਹਕੀਕਤ ਨਾਲ ਜਿੜਆ ਪ੍ਰਤੀਤ ਹੋਇਆ। ਸ਼ਾਇਦ ਹੁਣ ਸਾਰੇ ਸਰਧਾਂਜਲੀ ਸਮਾਰੋਹਾਂ ਤੇ ਇਹੀ ਸੱਚ ਬੋਲਿਆ ਜਾਇਆ ਕਰੇ।
ਰਮੇਸ਼ ਸੇਠੀ ਬਾਦਲ
ਛੁੱਟੀਆਂ ਦੇ ਵਿੱਚ ਅਸੀਂ ਪਿੰਡ ਗਏ....
NEXT STORY