ਵਿਸ਼ਵ ਸਿਹਤ ਸੰਗਠਨ ਦੀ ਅਗਵਾਈ 'ਚ 'ਵਿਸ਼ਵ ਤੰਬਾਕੂ ਮੁਕਤ ਦਿਵਸ' ਪਹਿਲੀ ਵਾਰ 7 ਅਪ੍ਰੈਲ 1988 ਨੂੰ ਮਨਾਇਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ 'ਚ ਇਹ ਦਿਵਸ ਮਨਾਇਆ ਜਾਣ ਲੱਗਾ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ 'ਚ ਜਾਗਰੂਕਤਾ ਲਿਆ ਕੇ ਤੰਬਾਕੂ ਦੀ ਹਰ ਤਰ੍ਹਾਂ ਦੀ ਖਪਤ ਨੂੰ ਘਟਾਉਣਾ ਅਤੇ ਰੋਕਣਾ ਹੈ। ਵਿਸ਼ਵ 'ਚ ਹਰ ਸਾਲ ਮਰਨ ਵਾਲੇ 10 ਵਿਅਕਤੀਆਂ 'ਚੋਂ 1 ਵਿਅਕਤੀ ਤੰਬਾਕੂਨੋਸ਼ੀ ਕਾਰਨ ਮਰਦਾ ਹੈ। ਜਦਕਿ ਵਿਸ਼ਵ 'ਚ 1.3 ਬਿਲੀਅਨ ਤੋਂ ਜਿਆਦਾ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ। ਸਾਲ 2020ਤੱਕ 20 ਤੋਂ 25 ਪ੍ਰਤੀਸ਼ਤ ਤੱਕ ਤੰਬਾਕੂ ਦੀ ਵਰਤੋਂ ਘੱਟ ਕਰਕੇ ਅਸੀਂ ਲਗਭਗ 100 ਮਿਲੀਅਨ ਲੋਕਾਂ ਨੂੰ ਮੌਤ ਤੋਂ ਬਚਾ ਸਕਦੇ ਹਾਂ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਤੰਬਾਕੂਨੋਸ਼ੀ ਦੇ ਵਿਰੁੱਧ ਲਾਮਬੰਦ ਹੋ ਕੇ ਇਕ ਵੱਡੀ ਲਹਿਰ ਖੜੀ ਕਰੀਏ ਅਤੇ ਰੇਡਿਓ ਤੇ ਟੈਲੀਵਿਜ਼ਨ 'ਤੇ ਤੰਬਾਕੂ ਦੀ ਹੁੰਦੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਕੇ ਤੰਬਾਕੂ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰੀਏ। ਭਾਵੇਂ ਸਰਕਾਰ ਵਲੋਂ ਸਰਵਜਨਕ ਸਥਾਨਾਂ 'ਤੇ ਤੰਬਾਕੂ ਦੀ ਵਰਤੋਂ ਦੀ ਮਨਾਹੀ ਕੀਤੀ ਹੋਈ ਹੈ ਪਰ ਫਿਰ ਵੀ ਇਹ ਅਜੇ ਤੱਕ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੀ ਹੈ, ਅਸੀਂ ਵੀ ਆਪਣਾ ਨੈਤਿਕ ਫਰਜ਼ ਸਮਝ ਕੇ ਅਜਿਹੇ ਵਿਅਕਤੀਆਂ ਨੂੰ ਸਰਵਜਨਕ ਥਾਂਵਾਂ ਤੇ ਅਜਿਹਾ ਕਰਨ ਤੋਂ ਰੋਕੀਏ। ਸਾਡੇ ਦੇਸ਼ 'ਚ ਭਾਵੇਂ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਲਈ ਤੰਬਾਕੂ ਵੇਚਣ ਵਿਰੋਧੀ ਕਾਨੂੰਨ ਬਣਿਆ ਹੋਇਆ ਹੈ ਪਰ ਲੋੜ ਹੈ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ।
ਤੰਬਾਕੂਨੋਸ਼ੀ ਕਾਰਨ ਹਰ ਸਾਲ ਵਿਸ਼ਵ 'ਚ ਲਗਭਗ 6 ਮਿਲੀਅਨ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ ਇਨ੍ਹਾਂ 'ਚ 6 ਲੱਖ ਲੋਕ ਅਜਿਹੇ ਹਨ, ਜਿਹੜੇ ਆਪ ਤੰਬਾਕੂ ਦਾ ਸੇਵਨ ਨਹੀਂ ਕਰਦੇ ਪਰ ਉਹ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਸੰਪਰਕ 'ਚ ਆਉਣ ਕਰਕੇ ਲੱਗਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਜੇਕਰ ਇਸ ਮਹਾਮਾਰੀ ਨੂੰ ਨਾ ਰੋਕਿਆ ਗਿਆ ਤਾਂ ਸਾਲ 2030 ਤੱਕ ਹਰ ਸਾਲ ਤੰਬਾਕੂਨੋਸ਼ੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8 ਮਿਲੀਅਨ ਤੱਕ ਪਹੁੰਚ ਜਾਵੇਗੀ। ਇਨ੍ਹਾਂ 'ਚ 80 ਫੀਸਦੀ ਮਰਨ ਵਾਲੇ ਲੋਕ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਹੋਣਗੇ।
ਵਿਸ਼ਵ ਸਿਹਤ ਸੰਗਠਨ ਵਲੋਂ ਪਿਛਲੇ ਸਾਲ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਉਣ ਸਮੇਂ 'ਤੰਬਾਕੂ 'ਤੇ ਟੈਕਸ ਵਧਾਓ ਦਾ ਨਾਹਰਾ ਦਿੱਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਵਲੋਂ ਸਾਰੇ ਦੇਸ਼ਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਉਹ ਤੰਬਾਕੂ ਵਾਲੀਆਂ ਵਸਤਾਂ ਤੇ ਟੈਕਸ ਵਧਾਉਣ ਤਾਂ ਕਿ ਇਸ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ। ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕਾਂ 'ਤੇ ਕੀਤੇ ਗਏ ਇਕ ਸਰਵੇਖਣ 'ਚ ਦੇਖਿਆ ਗਿਆ ਹੈ ਕਿ ਤੰਬਾਕੂ ਵਸਤਾਂ ਤੇ ਟੈਕਸ ਵਧਾਉਣ ਨਾਲ ਗਰੀਬ ਤਬਕੇ ਦੇ ਲੋਕਾਂ 'ਚ ਤੰਬਾਕੂ ਦੀ ਖਪਤ 'ਚ ਕਮੀ ਆਈ ਹੈ ਅਤੇ ਨੌਜਵਾਨ ਵਰਗ ਦਾ ਝੁਕਾਅ ਤੰਬਾਕੂਨੋਸ਼ੀ ਵਾਲੇ ਪਾਸੇ ਤੋਂ ਘਟਿਆ ਹੈ। ਜੇਕਰ ਤੰਬਾਕੂ ਦੀ ਕੀਮਤ 10 ਫੀਸਦੀ ਵਧਾ ਦਿੱਤੀ ਜਾਵੇ ਤਾਂ ਵਿਕਸਤ ਦੇਸ਼ਾਂ 'ਚ 4 ਫੀਸਦੀ ਤੱਕ ਅਤੇ ਵਿਕਾਸਸ਼ੀਲ ਤੇ ਗਰੀਬ ਦੇਸ਼ਾਂ 'ਚ 8 ਫੀਸਦੀ ਤੱਕ ਤੰਬਾਕੂ ਦੀ ਖਪਤ ਨੂੰ ਘਟਾਇਆ ਜਾ ਸਕਦਾ ਹੈ।
ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਉਣ ਦਾ ਮੁੱਖ ਨਿਸ਼ਾਨਾ ਸਿਰਫ ਵਰਤਮਾਨ ਅਤੇ ਆਉਣ ਵਾਲੀ ਪੀੜੀ ਨੂੰ ਤੰਬਾਕੂਨੋਸ਼ੀ ਦੇ ਸਰੀਰ 'ਤੇ ਪੈਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਸੁਚੇਤ ਕਰਨਾ ਹੀ ਨਹੀਂ ਸਗੋਂ ਤੰਬਾਕੂਨੋਸ਼ੀ ਕਾਰਨ ਹੁੰਦੇ ਸਮਾਜਿਕ, ਵਾਤਾਵਰਨਿਕ ਅਤੇ ਆਰਥਿਕ ਨੁਕਸਾਨ ਬਾਰੇ ਵੀ ਸੁਚੇਤ ਕਰਨਾ ਹੈ। ਤੰਬਾਕੂ ਦੀ ਵਰਤੋਂ ਕਰਨ ਨਾਲ ਦਿਲ ਦੀ ਧੜਕਨ ਅਤੇ ਲਹੂ ਦੇ ਦਬਾਅ 'ਚ ਵਾਧਾ ਹੁੰਦਾ ਹੈ, ਜਿਸ ਨਾਲ ਕੁਝ ਸਮੇਂ ਲਈ ਸਰੀਰ ਦੀ ਸਮਰੱਥਾ ਤਾਂ ਵਧ ਜਾਂਦੀ ਹੈ ਪਰ ਇਸ ਦੀ ਵਰਤੋਂ ਕਾਰਨ ਸਰੀਰ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਵਿਸ਼ਵ 'ਚ ਤੰਬਾਕੂ ਦੀ ਵਰਤੋਂ ਰਾਹੀਂ ਹਰ 6 ਸੈਕਿੰਡ ਬਾਅਦ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ। ਇਕ ਅਧਿਐਨ ਮੁਤਾਬਕ ਸੰਸਾਰ 'ਚ ਮਰਨ ਵਾਲੇ 10 ਬਾਲਗ ਵਿਅਕਤੀਆਂ 'ਚ ਮਰਨ ਵਾਲਾ 1 ਵਿਅਕਤੀ ਸਿੱਧੇ ਜਾਂ ਅਸਿੱਧੇ ਰੂਪ 'ਚ ਤੰਬਾਕੂਨੋਸ਼ੀ ਦਾ ਸ਼ਿਕਾਰ ਹੁੰਦਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲਿਆਂ 'ਚੋਂ ਲਗਭਗ 50 ਫੀਸਦੀ ਵਿਅਕਤੀ ਤੰਬਾਕੂ ਰਾਹੀਂ ਹੁੰਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਕਈ ਦੇਸ਼ਾਂ 'ਚ ਗਰੀਬ ਘਰਾਂ ਦੇ ਬੱਚੇ ਮਾੜੀ ਆਰਥਿਕ ਹਾਲਤ ਕਾਰਨ ਪਰਿਵਾਰ ਦੇ ਗੁਜ਼ਾਰੇ ਲਈ ਤੰਬਾਕੂ ਬਣਾਉਣ ਵਾਲੇ ਕਾਰਖਾਨਿਆਂ 'ਚ ਮਜ਼ਦੂਰੀ ਕਰਨ ਜਾਂਦੇ ਹਨ। ਕਾਰਖਾਨਿਆਂ 'ਚ ਨੰਗੇ ਹੱਥਾਂ ਨਾਲ ਕੰਮ ਕਰਨ ਸਮੇਂ ਤੰਬਾਕੂ ਦੇ ਗਿੱਲੇ ਪੱਤਿਆਂ ਰਾਹੀਂ ਨਿਕੋਟੀਨ ਇਨ੍ਹਾਂ ਬੱਚਿਆਂ ਦੀ ਚਮੜੀ 'ਚ ਚਲੀ ਜਾਂਦੀ ਹੈ, ਜਿਸ ਨਾਲ ਉਹ ਖਤਰਨਾਕ ਬੀਮਾਰੀਆਂ ਦੀ ਜਕੜ 'ਚ ਆ ਜਾਂਦੇ ਹਨ।
ਤੰਬਾਕੂ ਦੇ ਧੂਏ 'ਚ 4 ਹਜ਼ਾਰ ਰਸਾਇਣਕ ਤੱਤ ਹੁੰਦੇ ਹਨ, ਇਨ੍ਹਾਂ 'ਚ 250 ਰਸਾਇਣ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੁੰਦੇ ਹਨ ਅਤੇ 50 ਤੋਂ ਜ਼ਿਆਦਾ ਰਸਾਇਣ ਕੈਂਸਰ ਵਰਗੀ ਲਾ-ਇਲਾਜ ਅਲਾਮਤ ਦਾ ਮੁੱਖ ਕਾਰਨ ਬਣਦੇ ਹਨ। ਤੰਬਾਕੂ ਦਾ ਧੂਆਂ ਛੋਟੇ ਬੱਚਿਆਂ ਨੂੰ ਬੜੀ ਜਲਦੀ ਪ੍ਰਭਾਵਿਤ ਕਰਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਹੈ। ਸਰਵਜਨਕ ਥਾਂਵਾਂ 'ਤੇ ਲਗਭਗ 50 ਫੀਸਦੀ ਬੱਚੇ ਤੰਬਾਕੂ ਦੇ ਧੂਏ ਕਾਰਨ ਪ੍ਰਦੂਸ਼ਿਤ ਹੋਈ ਹਵਾ 'ਚ ਸਾਹ ਲੈਣ ਲਈ ਮਜ਼ਬੂਰ ਹਨ। 40 ਫੀਸਦੀ ਤੋਂ ਵੱਧ ਬੱਚਿਆਂ ਦੇ ਮਾਤਾ-ਪਿਤਾ 'ਚੋਂ ਕੋਈ ਇਕ ਤੰਬਾਕੂ ਦਾ ਸੇਵਨ ਕਰਨ ਵਾਲਾ ਹੈ।
ਤੰਬਾਕੂ ਦੀ ਵਰਤੋਂ ਸਬੰਧੀ ਬਣੇ ਹੋਏ ਕਾਨੂੰਨਾਂ ਰਾਹੀਂ ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀਆਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕਦੀ ਹੈ। ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਤੰਬਾਕੂ ਦੇ ਗੰਭੀਰ ਸਿੱਟਿਆਂ ਬਾਰੇ ਦੱਸ ਕੇ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਚੀਨ 'ਚ ਕੀਤੇ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਬਹੁਤ ਹੀ ਥੋੜੇ ਲੋਕਾਂ ਨੂੰ ਇਹ ਪਤਾ ਹੈ ਕਿ ਤੰਬਾਕੂ ਸਰੀਰ ਲਈ ਨੁਕਸਾਨਦੇਹ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਕੈਂਸਰ, ਟੀ. ਬੀ, ਦਿਲ ਦਾ ਦੌਰਾ ਅਤੇ ਹੋਰ ਭਿਆਨਕ ਬੀਮਾਰੀਆਂ ਲੱਗ ਜਾਂਦੀਆਂ ਹਨ। ਤੰਬਾਕੂਨੋਸ਼ੀ ਕਰਨ ਵਾਲੀ ਵੱਡੀ ਗਿਣਤੀ ਅਜੇ ਇਸ ਦੀ ਵਰਤੋਂ ਤੋਂ ਹੋਣ ਵਾਲੇ ਰੋਗਾਂ ਤੋਂ ਅਣਜਾਣ ਹਨ। ਇਸ ਲਈ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਬੜੀ ਜ਼ਰੂਰਤ ਹੈ। ਤੰਬਾਕੂਨੋਸ਼ੀ ਕਰਨ ਵਾਲੇ ਜਿਹੜੇ ਵਿਅਕਤੀ ਇਸ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹਨ ਅਤੇ ਉਹ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਇਆ ਜਾਣਾ ਚਾਹੀਦਾ ਹੈ।
ਤੰਬਾਕੂ ਵੇਚਣ ਵਾਲੀਆਂ ਕੰਪਨੀਆਂ ਹਰ ਸਾਲ ਲਗਭਗ 10 ਬਿਲੀਅਨ ਡਾਲਰ ਤੰਬਾਕੂ ਦੀ ਇਸ਼ਤਿਹਾਰਬਾਜ਼ੀ, ਪ੍ਰਚਾਰ ਲਈ ਖਰਚ ਕਰਦੀਆਂ ਹਨ। ਕੰਪਨੀਆਂ ਦੁਆਰਾ ਤੰਬਾਕੂ ਦੀ ਖੁੱਲ੍ਹੇ ਰੂਪ 'ਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਕਾਰਨ ਵਿਸ਼ਵ ਦੀ ਲਗਭਗ ਇਕ ਤਿਹਾਈ ਜਵਾਨੀ ਸ਼ੌਂਕ-ਸ਼ੌਕ ਵਿਚ ਹੀ ਤੰਬਾਕੂ ਦੀ ਵਰਤੋਂ ਕਰਨ ਦੀ ਆਦੀ ਹੋ ਰਹੀ ਹੈ।
ਤੰਬਾਕੂਨੋਸ਼ੀ ਕਰਨ ਵਾਲੇ 10 ਵਿਅਕਤੀਆਂ 'ਚੋਂ 9 ਵਿਅਕਤੀ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ ਅਤੇ ਇਨ੍ਹਾਂ 'ਚੋਂ 80 ਅਜਿਹੇ ਹੁੰਦੇ ਹਨ, ਜਿਹੜੇ ਤੰਬਾਕੂ ਦੇ ਮਸ਼ਹੂਰ ਤਿੰਨ ਬਰਾਂਡਾਂ 'ਚ ਕਿਸੇ ਇਕ ਨੂੰ ਚੁਣਦੇ ਹਨ। ਬਾਜ਼ਾਰ 'ਚ ਉਪਲਬਧ ਤੰਬਾਕੂ ਵਾਲੀਆਂ ਵਸਤਾਂ 'ਚ ਵੱਖ-ਵੱਖ ਫਲਾਂ ਦੇ ਸੁਆਦ, ਸਿਗਰਟਾਂ ਦੇ ਦਿਲ ਖਿੱਚਵੇਂ ਆਕਾਰ ਅਤੇ ਆਕਰਸ਼ਕ ਪੈਕਿੰਗ ਕਰ ਕੇ ਬਾਜ਼ਾਰ 'ਚ ਉਤਾਰਿਆ ਜਾਂਦਾ ਹੈ ਤਾਂ ਕਿ ਲੋਕ ਇਨ੍ਹਾਂ ਤੋਂ ਆਕਰਸ਼ਿਤ ਹੋ ਕੇ ਵਰਤੋਂ ਕਰਨ। 20ਵੀਂ ਸਦੀ 'ਚ ਤੰਬਾਕੂ ਦੇ ਮਾੜਾਂ ਪ੍ਰਭਾਵਾਂ ਕਾਰਨ ਕਰੀਬ 100 ਮਿਲੀਅਨ ਮੌਤਾਂ ਹੋਈਆਂ ਸਨ ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ 21ਵੀਂ ਸਦੀ 'ਚ ਲਗਭਗ 1 ਬਿਲੀਅਨ ਮੌਤਾਂ ਤੰਬਾਕੂ ਕਾਰਨ ਹੋਣਗੀਆਂ।
ਤੰਬਾਕੂ ਦੀ ਖੇਤੀ ਕਰਨ ਵਾਲੇ ਕਿਸਾਨ ਇਹ ਮਹਿਸੂਸ ਕਰਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਕੀਤੇ ਜਾ ਰਹੇ ਤੰਬਾਕੂ ਵਿਰੋਧੀ ਯਤਨਾਂ ਨਾਲ ਉਨ੍ਹਾਂ ਦੇ ਰੁਜਗਾਰ ਧੰਦੇ ਖੁੱਸ ਜਾਣਗੇ। ਅੰਤਰ ਰਾਸ਼ਟਰੀ ਤੰਬਾਕੂ ਉਤਪਾਦਕ ਸੰਘ ਦਾ ਮੰਨਣਾ ਹੈ ਕਿ ਜੇਕਰ ਵਿਸ਼ਵ ਸਿਹਤ ਸੰਗਠਨ ਵਲੋਂ ਚਲਾਈ ਜਾ ਰਹੀ ਤੰਬਾਕੂ ਵਿਰੋਧੀ ਮੁਹਿੰਮ ਕਾਮਯਾਬ ਹੋ ਜਾਂਦੀ ਹੈ ਤਾਂ ਅਫਰੀਕਾਂ ਦੇ ਗਰੀਬ ਕਿਸਾਨ ਇਸ ਮੁਹਿੰਮ ਦੇ ਸਿੱਟਿਆਂ ਤੋਂ ਬਹੁਤ ਪ੍ਰਭਾਵਿਤ ਹੋਣਗੇ।
ਤੰਬਾਕੂਨੋਸ਼ੀ ਕਾਰਨ ਇਕ ਸਾਲ 'ਚ ਇਕੱਲੇ ਭਾਰਤ 'ਚ ਹੀ 10 ਲੱਖ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਇਕ ਸਰਵੇ ਅਨੁਸਾਰ ਸਾਲ 2013 ਤੱਕ ਤੰਬਾਕੂ ਵਿਰੋਧੀ ਲੜਾਈ 'ਚ ਭਾਰਤ 123 ਵੇਂ ਨੰਬਰ ਤੇ ਸੀ। ਵਿਸ਼ਵ ਸਿਹਤ ਸੰਗਠਨ ਵਲੋਂ ਤੰਬਾਕੂ ਦੀ ਵਰਤੋਂ ਵਿਰੁੱਧ ਸ਼ੁਰੂ ਕੀਤੀ ਗਈ ਲੜਾਈ 'ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਹਰਜੀਤ ਸਿੰਘ ਜੋਗਾ
ਮੇਰਾ ਸਰਧਾਂਜਲੀ ਸਮਾਰੋਹ....
NEXT STORY