ਬਾਬਾ ਲੱਸੀ ਸ਼ਾਹ ਜੀ ਦੀ ਚੜ੍ਹਤ ਨੂੰ ਦੇਖ ਕੇ ਕੁਝ ਵੇਹਲੜ ਜਿਹੇ ਮਰਦਾਂ ਦਾ ਝੁਕਾਅ ਵੀ ਬਾਬਾ ਜੀ ਦੇ ਡੇਰੇ ਵੱਲ ਨੂੰ ਹੋਣ ਲੱਗ ਪਿਆ। ਮੇਰਾ ਗੁਆਂਢੀ ਰਣਜੀਤ ਸਿੰਘ ਅਤੇ ਉਸ ਦੀ ਪਤਨੀ ਕਸ਼ਮੀਰ ਕੌਰ ਦੀ ਸ਼ਰਧਾ ਵੀ ਬਾਬਾ ਲੱਸੀ ਸ਼ਾਹ ਜੀ ਦੇ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਸੀ। ਉਨ੍ਹਾਂ ਦਾ ਵਿਆਹ ਉਰਫ ਖਾਨਾ ਆਬਾਦੀ ਨੂੰ ਤਕਰੀਬਨ ਸੱਤ ਸਾਲ ਹੋ ਚੁੱਕੇ ਸਨ ਪਰ ਅਜੇ ਤੱਕ ਕੋਈ ਔਲਾਦ ਨਹੀਂ ਸੀ ਹੋਈ। ਇਸ ਗੱਲ ਨੂੰ ਲੈ ਕੇ ਦੋਹਾਂ ਜੀਆਂ ਦੀ ਚਿੰਤਾ ਦਾ ਲੈਵਲ ਵੀ ਕੁਝ ਵੱਧ ਗਿਆ ਸੀ।
ਇਕ ਦਿਨ ਬਾਜ਼ਾਰ 'ਚ ਮੇਰੀ ਮੁਲਕਾਤ ਰਣਜੀਤ ਸਿੰਘ ਨਾਲ ਹੋ ਗਈ। ਗੱਲਾਂ-ਗੱਲਾਂ 'ਚ ਬਾਬਾ ਲੱਸੀ ਸ਼ਾਹ ਦੀ ਗੱਲ ਵੀ ਚੱਲ ਪਈ। ਰਣਜੀਤ ਸਿੰਘ ਕਹਿਣ ਲੱਗਾ, 'ਲੱਸੀ ਸ਼ਾਹ ਬੜੀ ਕਰਨੀ ਵਾਲਾ ਫਕੀਰ ਹੈ ਜੀ ਉਸ ਨੇ ਤੁਹਾਡੀ ਭਰਜਾਈ (ਰਣਜੀਤ ਸਿੰਘ ਦੀ ਪਤਨੀ) ਨੂੰ ਪੰਜ ਚੌਂਕੀਆਂ ਭਰਨ ਲਈ ਕਿਹਾ ਹੈ। ਨਾਲ ਹੀ ਰਣਜੀਤ ਸਿੰਘ ਨੇ ਮੈਨੂੰ ਰਾਖ ਦੀਆਂ ਕੁਝ ਪੁੜੀਆਂ ਜਿਹੀਆਂ ਵੀ ਦਿਖਾਈਆਂ, ਜਿਨ੍ਹਾਂ ਦੇ ਸੇਵਨ ਤੋਂ ਪੁੱਤਰ ਪ੍ਰਾਪਤੀ ਦੀ ਆਸ ਜ਼ਰੂਰ ਬੱਝ ਜਾਂਦੀ ਸੀ।
ਬਾਬਾ ਜੀ ਦੀ ਸੋਭਾ ਸੁਣ ਕੇ ਮੇਰੇ ਆਪਣੇ ਮਨ 'ਚ ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਉਤਪਨ ਹੋ ਗਈ। ਇਕ ਦਿਨ ਮੈਂ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ- ਦੀਦਾਰੇ ਕਰਨ ਲਈ ਉਨ੍ਹਾਂ ਘਰ (ਜੋ ਕਿ ਡੇਰੇ 'ਚ ਹੀ ਬਣਿਆ ਹੋਇਆ ਸੀ) ਗਿਆ। ਬਾਬਾ ਲੱਸੀ ਸ਼ਾਹ ਜੀ ਬਾਹਰ ਕਿਸੇ ਕੰਮ ਲਈ ਗਏ ਹੋਏ ਸਨ। ਘਰ 'ਚ ਉਨ੍ਹਾਂ ਦਾ ਇਕ ਸੇਵਕ, ਦੋ ਔਰਤਾਂ ਅਤੇ ਇਕ ਚਾਰ ਕੁ ਸਾਲ ਦੀ ਕੁੜੀ ਸੀ। ਬਾਬਾ ਜੀ ਦੇ ਸੇਵਕ ਨੇ ਜਲ ਪਾਨ ਕਰਵਾਇਆ। ਜਦੋਂ ਮੈਂ ਸੇਵਕ ਨੂੰ ਬਾਬਾ ਲੱਸੀ ਸ਼ਾਹ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ, 'ਇਹ ਦੋਵੇਂ ਔਰਤਾਂ ਬਾਬਾ ਜੀ ਦੀਆਂ 'ਧਰਮ ਪਤਨੀਆਂ' ਹਨ, ਪਹਿਲੀ ਪਤਨੀ 'ਚੋਂ ਕੋਈ ਔਲਾਦ ਨਾ ਹੋਣ ਕਰਕੇ ਬਾਬਾ ਜੀ ਨੇ ਆਪਣਾ ਦੂਜਾ ਵਿਆਹ ਕਰਵਾਇਆ ਹੋਇਆ ਹੈ, ਜਿਸ 'ਚੋਂ ਚਾਰ ਸਾਲ ਬਾਅਦ ਇਕ ਲੜਕੀ ਹੋਈ ਹੈ।
ਰਮੇਸ਼ ਬੱਗਾ ਚੋਹਲਾ
ਉਸ ਦੇ ਆਉਣ ਦੀ ਉਡੀਕ ਬਸ 'ਉਡੀਕ' ਬਣ ਕੇ ਰਹਿ ਗਈ
NEXT STORY