* ਤੁਸੀਂ ਕਾਫੀ ਸਲਿੱਮ ਤੇ ਫਿੱਟ ਲੱਗ ਰਹੇ ਹੋ। ਆਖਿਰ ਕੀ ਰਾਜ਼ ਹੈ?
- ਇਸ ਦੇ ਲਈ ਮੈਨੂੰ ਕਾਫੀ ਕੁਰਬਾਨੀ ਦੇਣੀ ਪੈਂਦੀ ਹੈ। ਡਾਈਟਿੰਗ ਦੇ ਮਾਮਲੇ 'ਚ ਮੈਂ ਮੰਨਦੀ ਹਾਂ ਕਿ ਤੁਹਾਨੂੰ ਮਨ ਤਾਂ ਮਾਰਨਾ ਹੀ ਪੈਂਦਾ ਹੈ, ਤਾਂ ਹੀ ਗੱਲ ਬਣਦੀ ਹੈ। ਆਪਣੇ ਖਾਣੇ 'ਚ ਮੈਂ ਕੋਸ਼ਿਸ਼ ਕਰਦੀ ਹਾਂ ਕਿ ਢੇਰ ਸਾਰਾ ਪ੍ਰੋਟੀਨ ਸ਼ਾਮਲ ਕਰਾਂ। ਹਾਲਾਂਕਿ ਪੰਜਾਬੀ ਹੋਣ ਦੇ ਨਾਤੇ ਮੈਂ ਬਹੁਤ ਜ਼ਿਆਦਾ ਫੂਡੀ ਹਾਂ। ਆਲੂ ਦੇ ਪਰੌਂਠੇ ਅਤੇ ਆਲੂ-ਗੋਭੀ ਦੀ ਸਬਜ਼ੀ ਮੇਰੀ ਕਮਜ਼ੋਰੀ ਹੈ। ਇਨ੍ਹਾਂ ਦੋਹਾਂ ਚੀਜ਼ਾਂ ਦੇ ਮੈਂ ਸੁਪਨੇ ਦੇਖਦੀ ਰਹਿੰਦੀ ਹਾਂ। ਹਾਲਾਂਕਿ ਜਦੋਂ ਮੈਨੂੰ ਕਿਸੇ ਖਾਣੇ ਦੀ ਯਾਦ ਸਤਾਉਂਦੀ ਹੈ ਤਾਂ ਮੈਂ ਇਕ ਗਰਾਹੀ ਖਾ ਲੈਂਦੀ ਹਾਂ ਤਾਂ ਕਿ ਮੇਰਾ ਮਨ ਉਥੇ ਅਟਕਿਆ ਨਾ ਰਹੇ। ਮੈਂ 4-5 ਕਿਲੋ ਭਾਰ ਘਟਾਇਆ ਹੈ। ਹਰ ਦਿਨ ਵਰਕਆਊਟ ਕਰਦੀ ਹਾਂ।
* ਹੁਣ ਤੁਸੀਂ ਚੰਗੀ ਹਿੰਦੀ ਬੋਲਣ ਲੱਗੇ ਹੋ?
- ਹਾਂ, ਰੋਜ਼ ਪ੍ਰੈਕਟਿਸ ਵੀ ਕਰ ਰਹੀ ਹਾਂ। ਮੈਂ ਆਪਣੇ ਸਟਾਫ ਨਾਲ ਹਿੰਦੀ 'ਚ ਗੱਲ ਕਰਦੀ ਹਾਂ ਪਰ ਇਸ ਦੇ ਬਾਵਜੂਦ ਅਜੇ ਤਕ ਮੇਰੀ ਹਿੰਦੀ ਸੁਧਰੀ ਨਹੀਂ। ਕੋਸ਼ਿਸ਼ ਕਰ ਰਹੀ ਹਾਂ। ਉਂਝ ਮੈਨੂੰ ਹਿੰਦੀ 'ਚ ਬੋਲਣਾ ਚੰਗਾ ਲੱਗਦੈ। ਮੈਂ ਅਮਰੀਕਾ ਅਤੇ ਕੈਨੇਡਾ 'ਚ ਪਲੀ ਹਾਂ ਤਾਂ ਮੈਨੂੰ ਉਥੇ ਹਿੰਦੀ ਬੋਲਣ ਦੀ ਲੋੜ ਨਹੀਂ ਸੀ। ਘਰ 'ਚ ਮਾਤਾ-ਪਿਤਾ ਪੰਜਾਬੀ ਬੋਲਦੇ ਸਨ ਤਾਂ ਮੈਨੂੰ ਪੰਜਾਬੀ ਆਉਂਦੀ ਹੈ। ਹਾਂ, ਉਥੇ ਹਿੰਦੀ ਫ਼ਿਲਮਾਂ ਦੇਖਦੀ ਸੀ ਪਰ ਅਜੇ ਮੈਨੂੰ ਚੰਗੀ ਹਿੰਦੀ ਬੋਲਣ ਲਈ ਹੋਰ ਮਿਹਨਤ ਕਰਨੀ ਪਏਗੀ।
* ਹੁਣ ਤਕ ਬਾਲੀਵੁੱਡ 'ਚ ਤੁਸੀਂ ਕਿਸੇ ਵੀ ਚੋਟੀ ਦੇ ਅਦਾਕਾਰ ਨਾਲ ਕੰਮ ਨਹੀਂ ਕੀਤਾ। ਕਿਉਂ?
- ਕਿਉਂਕਿ ਕਿਸੇ ਵੀ ਫ਼ਿਲਮਕਾਰ ਨੇ ਮੈਨੂੰ ਹੁਣ ਤਕ ਇਥੋਂ ਦੇ ਚੋਟੀ ਦੇ ਅਦਾਕਾਰ ਨਾਲ ਕਾਸਟ ਨਹੀਂ ਕੀਤਾ ਪਰ ਮੇਰੀ ਇੱਛਾ ਇਥੋਂ ਦੇ ਸਾਰੇ ਚੋਟੀ ਦੇ ਅਦਾਕਾਰਾਂ ਨਾਲ ਕੰਮ ਕਰਨ ਦੀ ਹੈ। ਮੈਂ ਬਾਲੀਵੁੱਡ 'ਚ ਕਿਸੇ ਨਾਲ ਟੱਕਰ ਲੈਣ ਲਈ ਨਹੀਂ ਆਈ, ਸਗੋਂ ਇਕੱਠੇ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾਉਣ ਆਈ ਹਾਂ। ਮੈਂ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕਰਨਾ ਚਾਹੁੰਦੀ ਹਾਂ।
* ਤੁਸੀਂ ਬਾਲੀਵੁੱਡ 'ਚ ਆਈਟਮ ਨੰਬਰ ਅਤੇ ਛੋਟੇ ਰੋਲ ਨਾਲ ਸ਼ੁਰੂਆਤ ਕੀਤੀ, ਹੁਣ ਤੁਹਾਡੇ ਲਈ ਰੋਲ ਲਿਖੇ ਜਾ ਰਹੇ ਹਨ। ਕਿਵੇਂ ਦੇਖਦੇ ਹੋ ਇਸ ਸਫਰ ਨੂੰ?
- ਮੈਂ ਜੇਕਰ ਇਥੇ ਹਾਂ ਤਾਂ ਸਿਰਫ ਆਪਣੇ ਪ੍ਰਸ਼ੰਸਕਾਂ ਦੀ ਬਦੌਲਤ ਹਾਂ। ਬਾਲੀਵੁੱਡ 'ਚ ਅਜਿਹੇ ਕਈ ਲੋਕ ਅਤੇ ਕੰਪਨੀਆਂ ਹਨ, ਜੋ ਨਹੀਂ ਚਾਹੁੰਦੀਆਂ ਕਿ ਮੈਂ ਇਥੇ ਰਹਾਂ ਜਾਂ ਇੰਡਸਟਰੀ 'ਚ ਕੰਮ ਕਰਾਂ। ਮੇਰੇ ਪ੍ਰਸ਼ੰਸਕ ਮੇਰੀਆਂ ਫ਼ਿਲਮਾਂ ਦੇਖਣ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਫ਼ਿਲਮਾਂ ਨੂੰ ਬਾਕਸ ਆਫਿਸ 'ਤੇ ਸਫਲਤਾ ਦਿਵਾਈ। ਦੇਖੋ, ਫ਼ਿਲਮਾਂ ਕਲਾਕਾਰ ਲਈ ਇਕ ਅਜਿਹੀ ਤਾਕਤ ਹਨ, ਜਿਨ੍ਹਾਂ ਰਾਹੀਂ ਉਹ ਆਪਣੀ ਕਲਾ, ਖੂਬਸੂਰਤੀ, ਸੈਕਸ ਅਪੀਲ ਅਤੇ ਸਫਲਤਾ ਦਾ ਪ੍ਰਦਰਸ਼ਨ ਕਰਦਾ ਹੈ। ਮੇਰੇ ਪ੍ਰਸ਼ੰਸਕਾਂ ਨੇ ਜਤਾ ਦਿੱਤਾ ਕਿ ਉਹ ਮੇਰੀਆਂ ਫ਼ਿਲਮਾਂ ਦੇਖਣਾ ਚਾਹੁੰਦੇ ਹਨ। ਅੱਜ ਤੋਂ ਲੱਗਭਗ ਦੋ ਸਾਲ ਪਹਿਲਾਂ ਜਦੋਂ ਮੈਨੂੰ ਇੰਡੀਆ ਦੀ 'ਮੋਸਟ ਸਰਚਡ ਪਰਸਨ' ਦਾ ਖਿਤਾਬ ਮਿਲਿਆ ਸੀ ਤਾਂ ਇਕ ਕਲਾਕਾਰ ਦੇ ਰੂਪ 'ਚ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਸੀ। ਮੈਂ ਆਪਣੇ ਪ੍ਰਸ਼ੰਸਕਾਂ ਦੀ ਸ਼ੁਕਰਗੁਜ਼ਾਰ ਹਾਂ।
* ਅਸਲ ਜੀਵਨ 'ਚ ਤੁਸੀਂ ਕਿਹੋ ਜਿਹੀ ਪਤਨੀ ਹੋ?
- ਮੈਂ ਕਿਹੋ ਜਿਹੀ ਪਤਨੀ ਹਾਂ, ਇਸ ਤੋਂ ਵਧੇਰੇ ਮੇਰੇ ਲਈ ਇਹ ਗੱਲ ਅਹਿਮੀਅਤ ਰੱਖਦੀ ਹੈ ਕਿ ਮੇਰੇ ਪਤੀ ਡੇਨੀਅਲ ਬਹੁਤ ਹੀ ਚੰਗੇ ਪਤੀ ਹਨ। ਰੋਜ਼ ਸਵੇਰੇ ਮੈਂ ਅਤੇ ਡੇਨੀਅਲ ਇਕੱਠੇ ਬ੍ਰੇਕਫਾਸਟ ਬਣਾਉਂਦੇ ਹਾਂ। ਅਸੀਂ ਕਈ ਸਾਲਾਂ ਤੋਂ ਹੀ ਇੰਝ ਕਰਦੇ ਆ ਰਹੇ ਹਾਂ। ਅਸੀਂ ਦੋਵੇਂ ਬੈਸਟ ਫ੍ਰੈਂਡ ਹਾਂ। ਸਾਡੇ ਵਿਚਾਲੇ ਝਗੜੇ ਵੀ ਹੁੰਦੇ ਹਨ ਅਤੇ ਕਦੇ-ਕਦੇ ਇਹ ਝਗੜੇ ਬੇਹੱਦ ਮਾਮੂਲੀ ਗੱਲ 'ਤੇ ਵੀ ਹੋ ਜਾਂਦੇ ਹਨ। ਪਹਿਲਾਂ ਝਗੜੇ ਦੌਰਾਨ ਅਸੀਂ ਇਕ-ਦੂਜੇ 'ਤੇ ਚੀਕਦੇ ਸੀ ਪਰ ਹੁਣ ਅਸੀਂ ਤੈਅ ਕੀਤਾ ਹੈ ਕਿ ਅਸੀਂ ਲੜਾਈ-ਝਗੜੇ 'ਚ ਇਕ-ਦੂਜੇ 'ਤੇ ਚੀਕਾਂਗੇ ਨਹੀਂ। ਸਾਡੇ ਵਿਆਹ ਨੂੰ ਸੱਤ ਸਾਲ ਹੋ ਚੁੱਕੇ ਹਨ। ਕਈ ਵਾਰ ਝਗੜੇ ਤੋਂ ਬਾਅਦ ਅਸੀਂ ਪੰਜ ਮਿੰਟ 'ਚ ਹੀ ਸੁਲਾਹ ਕਰ ਲੈਂਦੇ ਹਾਂ ਅਤੇ ਇਕ-ਦੂਜੇ ਨੂੰ ਸੌਰੀ ਕਹਿ ਦਿੰਦੇ ਹਾਂ।
- ਨੂਪੁਰ ਝਾਅ
ਜ਼ੁਲਮ ਦਾ ਖਾਤਮਾ ਕਰੇਗੀ 'ਪੁਲਸ ਵਾਲੀ' ਪ੍ਰਿਯੰਕਾ
NEXT STORY