ਪਿਛਲੇ ਚਾਰ ਕੁ ਦਹਾਕਿਆਂ ਦੌਰਾਨ ਭਾਰਤੀ ਲੋਕਾਂ ਨੇ ਪੂੰਜੀਵਾਦ ਅਤੇ ਪੱਛਮੀ ਸੱਭਿਆਚਾਰ ਨੂੰ ਅਚੇਤ ਅਤੇ ਸੁਚੇਤ ਮਨ ਨਾਲ ਲਗਾਤਾਰ ਕਬੂਲਿਆ ਹੈ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਜੀਵਨ ਦੀ ਅਸਲ ਲੋਕਾਇਤੀ ਤੇ ਮਾਨਵੀ ਪਛਾਣ ਗੁਆਚਦੀ ਜਾ ਰਹੀ ਹੈ। 21ਵੀਂ ਸਦੀ 'ਚ ਆਉਣ 'ਤੇ ਤਾਂ ਪੂੰਜੀਵਾਦ ਦੇ ਵਿਕਸਿਤ ਰੂਪ ਨੇ ਮਨੇੱਖੀ ਸੋਚ, ਅਮਲ ਤੇ ਵਰਤੋਂ ਵਿਵਹਾਰ ਨੂੰ ਪੂਰੀ ਤਰਾਂ ਆਪਣੀ ਜਕੜ੍ਹ 'ਚ ਲੈ ਲਿਆ ਹੈ। ਅਜਿਹੇ ਵੇਲੇ ਸਮਾਜ ਦੇ ਜਾਗਰੂਕ ਕਹਾਉਂਦੇ ਵਰਗ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਖਾਸ ਫਰਜ ਬਣਦਾ ਹੈ ਕਿ ਉਹ ਮਨੁੱਖਤਾ ਵਿਰੋਧੀ ਕਾਰਨਾਮਿਆਂ ਦਾ ਵਿਰੋਧ ਕਰਨ ਲਈ ਅੱਗੇ ਆਉਣ। ਭਾਵੇ ਪੱਛਮੀ ਸੱਭਿਆਚਾਰ ਦੇ ਮਨ ਲਭਾਉਣੇ ਪ੍ਰਲੋਭਣਾ ਨੇ ਕੁਝ ਕੁ ਲੇਖਕਾਂ ਨੂੰ ਆਪਣੇ ਸ਼ਿਕੰਜੇ 'ਚ ਲੈ ਲਿਆ ਹੈ ਪਰ ਜਾਗਦੀ ਜਮੀਰ ਵਾਲੇ ਲੇਖਕ ਅਜੇ ਵੀ ਇਸ ਦੇ ਵਿਰੋਧ 'ਚ ਸਰਗਰਮ ਹਨ। ਂੋ ਮਾਨਵੀ ਸੱਭਿਆਚਾਰ, ਮਾਨਵੀ ਸਾਹਿਤ ਤੇ ਮਾਨਵੀ ਹਿੱਤਾਂ ਤੇ ਮਾਨਵੀ ਪਛਾਣ ਨੂੰ ਬਚਾਉਣ ਦੀ ਕੋਸ਼ਿਸ਼ ਪੂਰੀ ਈਮਾਨਦਾਰੀ ਨਾਲ ਕਰ ਰਹੇ ਹਨ। ਇਨ੍ਹਾਂ ਲੇਖਕਾਂ ਦੀ ਸ਼੍ਰੇਣੀ ਉਭਰਦੇ ਕਹਾਣੀਕਾਰ ਰਮੇਸ਼ ਸੇਠੀ ਬਾਦਲ ਵੀ ਸ਼ਾਮਲ ਹਨ। ਉਸ ਦੀਆਂ ਕਹਾਣੀਆਂ ਵਿਸਵੀਕਰਨ ਦਾ ਪੱਖ ਪੂਰਦੀਆਂ ਸਾਹਿਤਕ ਸਗਰਮੀਆਂ ਤੇ ਝੁਕਾਵਾਂ ਨੂੰ ਅਪਣਾਉਣ ਦੀ ਥਾਂ ਅਜੇ ਵੀ ਮਾਨਵੀ ਰਿਸ਼ਤਿਆਂ ਤੇ ਲੋਕ ਹਿਤੈਸੀ ਧਾਰਾ ਨਾਲ ਜੁੜੀਆਂ ਹੋਈਆਂ ਹਨ।
ਹਥਲਾ ਕਹਾਣੀ ਸੰਗ੍ਰਹਿ ਲੇਖਕ ਦਾ ਦੂਸਰਾ ਕਹਾਣੀ ਸੰਗ੍ਰਹਿ ਹੈ ਇਸ ਤੋ ਪਹਿਲਾ ਇਹ ਇੱਕ ਗੰਧਾਰੀ ਹੋਰ ਨਾਮਕ ਕਹਾਣੀ ਸੰਗ੍ਰਹਿ ਪਾਠਕਾਂ ਦੇ ਰੂਬਰੂ ਕਰ ਚੁਕੇ ਹਨ। ਇਸ ਸੰਗ੍ਰਹਿ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਨੂੰ ਵਿਸਵੀਕਰਨ ਦੀ ਮਾਰ ਤੋ ਬਚਾਉਣ ਲਈ ਗੰਭੀਰ ਸੰਵਾਦ ਦੀ ਸਿਰਜਣਾ ਕਰਦੀਆਂ ਹਨ। ਪਰਵਾਰਿਕ ਰਿਸ਼ਤਿਆਂ 'ਚ ਆਇਆ ਸ਼ਨਿਘਾਰ ਇਸ ਹੱਦ ਤੱਕ ਪੁੱਜ ਗਿਆ ਹੈ ਕਿ ਸਾਡੀ ਬਜ਼ੁਰਗ ਪੀੜ੍ਹੀ ਦੇ ਲੋਕ ਆਪਣੇ ਘਰ 'ਚ ਰਹਿੰਦਿਆਂ ਬਿਗਾਨਗੀ ਦਾ ਅਹਿਸਾਸ ਹੰਡਾ ਰਹੇ ਹਨ। ਨਾਨਕੇ-ਦਾਦਕੇ ਤੇ ਪੇਕੇ ਘਰ ਦਾ ਪਿਆਰ ਵੀ ਹੁਣ ਬੀਤੇ ਯੁਗ ਦੀ ਗੱਲ ਬਣ ਗਿਆ ਹੈ ਅਤੇ ਇਹ ਨਾਨਕਿਆਂ ਦੀਆਂ ਮੋਜਾਂ ਵੀ ਖਤਮ ਹੋਣ ਕਿਨਾਰੇ ਹਨ। ਪੇਇੰਗ ਗੈਸਟ ਕਹਾਣੀ ਇਸੇ ਗੱਲ ਦੀ ਪੁਸ਼ਟੀ ਕਰਦੀ ਹੈ। ਕਹਾਣੀ ਕੰਧਾਂ ਬੋਲਦੀਆਂ ਹਨ ਇਸੇ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਜਦੋ ਕੰਧਾਂ ਕੱਚੀਆਂ ਸਨ ਰਿਸ਼ਤੇ ਪੱਕੇ ਸਨ ਅਤੇ ਅਜੋਕੋ ਯੁੱਗ 'ਚ ਜਦੋਂ ਕੱਚੇ ਢਾਰੇ ਪੱਕੀਆਂ ਕੋਠੀਆਂ ਚ ਬਦਲ ਗਏ ਤਾਂ ਉਹ ਰਿਸ਼ਤੇ ਕੱਚੇ ਹੋ ਗਏ। ਭਾਵੇਂ ਇਨ੍ਹਾਂ ਕੋਠੀਆਂ 'ਚ ਸੁੱਖ ਸੁਵਿਧਾਵਾਂ 'ਚ ਅਥਾਅ ਵਾਧਾ ਹੋਇਆ ਹੈ ਪਰ ਰਿਸ਼ਤਿਆ ਦੀ ਭਰੋਸੇਯੋਗਤਾ ਗੁਆਚ ਗਈ ਹੈ। ਸਾਰੀ ਜ਼ਿੰਦਗੀ ਘਰ ਪਰਿਵਾਰ ਦੇ ਲੇਖੇ ਲਾਉਣ ਵਾਲੇ ਬਜ਼ੁਰਗ ਮਾਪੇ ਬੇਵੱਸ ਹੋਏ ਕੋਠੀਆਂ ਤੇ ਕਾਰਾਂ ਦੇ ਮਾਲਿਕ ਬਣੇ ਆਪਣੇ ਪੁੱਤ ਪੋਤਿਰਿਆਂ ਦੇ ਹੱਥਾਂ ਵੱਲ ਦੇਖਦੇ ਹਨ। ਸੱਚ ਹੈ ਬਹੁਤੇ ਘਰਾਂ 'ਚ ਉਨ੍ਹਾਂ ਨੂੰ ਰੋਟੀ ਪੈਨਸ਼ਨ ਦੇ ਬਦਲੇ ਜਾ ਸਾਂਝੇ ਘਰ ਦਾ ਕਿਰਾਇਆ ਸਮਝ ਕੇ ਦਿੱਤੀ ਜਾਂਦੀ ਹੈ।
ਵੇ ਮੈਂ ਕਿਉਂ ਜੰਮੀ ਧੀ ਤੇ ਕਰੇਲਿਆਂ ਵਾਲੀ ਆਂਟੀ ਕਹਾਣੀ ਅਨੁਸਾਰ ਛੋਟੇ ਛੋਟੇ ਅਹੰ ਤੇ ਸਵਾਰਥ ਸਾਡੇ ਪਾਰਵਾਰਿਕ ਰਿਸ਼ਤਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਇਹ ਕਹਾਣੀਆਂ ਸਾਡੀ ਤਵਜੋ ਇਸ ਗੱਲ ਵੱਲ ਦਿਵਾਉਂਦੀਆਂ ਹਨ ਕਿ ਆਪਣੇ ਅਹਿਮ ਦਾ ਤਿਆਗ ਕਰਕੇ ਪਹਿਲ ਕਦਮੀ ਕਰਕੇ ਇਨ੍ਹਾਂ ਦਮ ਤੋੜਦੇ ਰਿਸ਼ਤਿਆਂ ਨੂੰ ਟੁਟਣ ਤੌ ਬਚਾਇਆ ਜਾਵੇ। ਇਨ੍ਹਾਂ ਪਹਿਲ ਕਦਮੀਆਂ ਦੀ ਅਣਹੋਂਦ ਕਰਕੇ ਹੀ ਕਹਾਣੀ ਵਿਚਲੇ ਭਰਾ ਆਪਣੀ ਭੈਣ ਨਾਲ ਟੁਟਿਆ ਰਿਸਸ਼ਤਾ ਤੋੜ ਨਹੀ ਪਾਉਂਦੇ ਅਤੇ ਉਨ੍ਹਾਂ ਦੀ ਮਾਂ ਨੂੰ ਡੂੰਘਾ ਸੰਤਾਪ ਭੋਗਣਾ ਪੈਂਦਾ ਹੈ। ਕਹਾਣੀ ਧੀਆਂ ਬੇਗਾਨੀਆਂ ਤੇ ਮੇਰੀ ਬਰਸੀ ਨਾ ਮਨਾਇਉ ਵੀ ਧੀ ਨੂੰ ਬੇਗਾਨਾ ਧਨ ਸਮਝਣ ਵਾਲੀ ਵਿਅਕਤੀਵਾਦੀ ਸੋਚ ਪਾਰਵਾਰਿਕ ਰਿਸ਼ਤਿਆਂ ਨੂੰ ਖੇਰੂ-ਖੇਰੂ ਕਰਨ 'ਚ ਵੱਡਾ ਯੋਗਦਾਨ ਪਾ ਰਹੀ ਹੈ। ਇਹ ਕਹਾਣੀਆਂ ਉਨ੍ਹਾਂ ਮਾਪਿਆਂ ਦੀ ਮਨੋ ਸੰਵੇਦਨਾ ਨੂੰ ਸਜੀਵਤਾ ਸਹਿਤ ਰੂਪਮਾਨ ਕਰਦੀਆਂ ਹਨ, ਜਿਨਾ ਦੀਆਂ ਧੀਆਂ ਸੋਹਰੇ ਤੁਰ ਜਾਣ ਤੋ ਬਾਅਦ ਬੇਗਾਨੀਆਂ ਹੋ ਜਾਂਦੀਆਂ ਹਨ। ਜਦੋ ਭਰਾਵਾਂ ਤੇ ਭਰਜਾਈਆਂ ਵਲੋ ਸਹੁਰੇ ਗਈਆਂ ਭੈਣਾਂ ਨੂੰ ਪਰਵਾਰਿਕ ਤੇ ਸਮਾਜਿਕ ਸਮਾਗਮਾਂ ਤੇ ਬੁਲਾਉਣ ਤੋ ਹੀ ਪਾਸਾ ਵੱਟਿਆ ਜਾਂਦਾ ਹੈ ਤਾਂ ਮਾਂ ਦਾ ਦਿਲ ਹੀ ਪੁੱਛਿਆ ਲੋੜੀਦਾ ਹੈ। ਵਰੋਲੇ ਵਾਂਗੂ ਉਡਦੇ ਰਿਸ਼ਤੇ ਕਹਾਣੀ ਵੀ ਆਪਣੇ ਘਰੋਂ ਵਿਸਾਰੀ ਗਈ ਧੀ ਦੀ ਪੀੜਾ ਨੂੰ ਦਰਸਾਉਂਦੀ ਹੈ ਅਤੇ ਭੂਆ ਬੋਲਦੀ ਹੈ ਕਹਾਈ ਵੀ ਦਿਲ ਦੀਆਂ ਗਹਿਰਾਈਆਂ 'ਚੋ ਨਿਕਲੀ ਆਵਾਜ ਨੂੰ ਬਿਆਨ ਕਰਦੀ ਹੈ।
ਕਹਾਣੀਕਾਰ ਪੂੰਜੀਵਾਦੀ ਚੇਤਨਾ ਵੱਲੋ ਸਮਾਜਿਕ ਰਿਸ਼ਤਿਆਂ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੀ ਭਰਪੂਰਤੀ ਮਾਨਵੀ ਧਰਾਤਲ ਤੇ ਨਵੇ ਰਿਸ਼ਤੇ ਕਾਇਮ ਕਰਕੇ ਕਰਦਾ ਹੈ। ਕਹਾਣੀ ਗੰਗਾ 'ਚ ਗੰਗਾ ਨੁੰ ਨੋਕਰਾਣੀ ਹੋਣ ਦੇ ਬਾਵਜੂਦ ਵੀ ਬਣਦਾ ਮਾਣ ਸਨਮਾਨ ਦੇ ਕੇ ਇਸ ਮਾਨਵੀ ਰਿਸ਼ਤੇ ਦੀ ਪਰੰਪਰਾ ਨੂੰ ਕਾਇਮ ਰੱਖਦਾ ਹੈ ਤੇ ਉਸ ਦੇ ਵਿਆਹੇ ਜਾਣ ਤੇ ਉਸ ਨੂੰ ਆਪਣੀ ਧੀ ਦੇ ਸਹੁਰੇ ਚਲੇ ਜਾਣ ਦੀ ਪੀੜਾ ਦੇ ਬਰਾਬਰ ਦਾ ਹੀ ਅਹਿਸਾਸ ਹੁੰਦਾ ਹੈ। ਪੈਡੂ ਜਿਹਾ ਨਾ ਹੋਵੇ ਤਾਂ ਕਹਾਣੀ 'ਚ ਪੱਛੜੇ ਹੋਏ ਲੋਕਾਂ ਨੂੰ ਅਗਾਂਹ ਵਧੂ ਤੇ ਤਰੱਕੀ ਪਸੰਦ ਦੇ ਰੂਪ 'ਚ ਪੇਸ਼ ਕਰਦਾ ਹੈ ਅਤੇ ਇਹ ਵੀ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਪੈਂਡੂ ਲੋਕ ਜਿਆਦਾ ਮਿਲਾਪੜੇ ਤੇ ਮਿਲਣਸਾਰ ਹੁੰਦੇ ਹਨ। ਕਹਾਣੀ ਦੇ ਪਾਤਰ ਨੂੰ ਛੋਟੀ ਉਮਰੇ ਮਿਲੀ ਸੰਸਕਾਰਾਂ ਦੀ ਸਿੱਖਿਆ ਉਸ ਦੇ ਚੱਰਿਤਰ ਨੂੰ ਸਾਰਥਿਕ ਕਰਦੀ ਹੈ। ਤੇ ਮਾਸੀ ਤਾਰੋ ਵਿੱਚਲੀ ਮਾਸੀ ਇਕ ਉਘੜਵੀ ਮਿਸਾਲ ਬਣਕੇ ਸਾਹਮਣੇ ਆਉਦੀ ਹੈ। ਰਮੇਸ਼ ਸੇਠੀ ਬਾਦਲ ਦੀਆਂ ਸਾਰੀਆਂ ਕਹਾਣੀਆਂ ਨਾਰੀ ਵੇਦਨਾ ਤੇ ਸੰਵੇਦਨਾ ਨੂੰ ਸੰਘਰਸੀ ਜਜਬਿਆਂ 'ਚ ਪ੍ਰਵਰਤਿਤ ਕਰਕੇ ਸਮਾਜਿਕ ਰਿਸ਼ਤਿਆਂ 'ਚ ਨਵੇ ਰੰਗ ਭਰਦੀਆਂ ਹਨ। ਧੀਆਂ ਵਰਗੀ ਧੀ ਦੇ ਸੰਵਾਦ ਸੁਣ ਕੇ ਹਰ ਇਨਸਾਨ ਦਾ ਦਿਲ ਝੰਝੋੜਿਆ ਜਾਂਦਾ ਹੈ। ਅਖੇ ਮਾਂ ਵਰਗੀ ਨਾ ਆਖੋ ਕਹਾਣੀ ਜਜਬਾਤੀ ਵਹਿਣ ਵਿਚ ਵਹਿ ਕੇ ਪਿਆਹ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਨੂੰ ਅਜਿਹੇ ਵਿਆਹਾਂ ਦੇ ਘਾਤਕ ਨਤੀਜਿਆਂ ਤੋ ਸੁਚੇਤ ਕਰਦੀ ਹੈ। ਇਕ ਬਾਲੜੀ ਕਹਾਣੀ ਧੀਆਂ ਨੂੰ ਕੁੱਖ 'ਚ ਨਾ ਮਾਰਨ ਵਾਲੇ ਮਾਪਿਆ ਨੂੰ ਅਜਿਹੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦਾ ਇਸਾਰਾ ਕਰਦੀ ਹੈ।ਸੇਵ ਦ ਗਰਲ ਚਾਈਲਡ ਕਹਾਣੀ ਵੀ ਵੱਡੀ ਉਮਰ ਦੀਆਂ ਧੀਆਂ ਭੈਣਾ ਬਾਰੇ ਮਨੁੱਖੀ ਫਰਜਾਂ ਤੇ ਚਾਨਣਾ ਪਾਉਦੀ ਹੈ। ਮਾਸਟਰਾਂ ਦਾ ਟੱਬਰ ਕਹਾਣੀ ਪੜ੍ਹਾਈ ਦੀ ਮਹੱਤਤਾ ਨੂੰ ਉਜਾਗਰ ਕਰਕੇ ਮਾਸਟਰਾਂ ਦੇ ਟੱਬਰ ਵਾਂਗ ਧੀਆਂ ਨੂੰ ਉਚ ਸਿਖਿਆ ਦਿਵਾਉਣ ਸਬੰਧੀ ਯਤਨਸੀਲ ਹੈ।
ਅੰਤ 'ਚ ਇਹ ਕਹਾਣੀਆਂ ਟੁਟ ਗਏ ਰਿਸ਼ਤਿਆਂ ਦੀ ਪੁਨਰ ਉਸਾਰੀ ਕਰਨ 'ਚ ਵੀ ਆਪਣੀ ਬਣਦੀ ਭੁਮਿਕਾ ਨਿਭਾਉਂਦੀਆਂ ਹਨ। ਰਮੇਸ਼ ਸੇਠੀ ਬਾਦਲ ਦੀਆਂ ਕਹਾਣੀਆਂ ਰਾਹੀ ਪੇਸ਼ ਹੋਈਆਂ ਮਨੋ ਸਮਾਜਿਕ ਸਮੱਸਿਆਵਾਂ ਭਾਵੇਂ ਸਾਡੀਆਂ ਜਾਣੀਆਂ ਪਹਿਚਾਣੀਆਂ ਹਨ ਪਰ ਇਨ੍ਹਾਂ ਦਾ ਹੱਲ ਵੀ ਲੇਖਕ ਨੇ ਆਪਣੇ ਵਿਚਾਰਧਾਰਕ ਨਜ਼ਰੀਏ ਨਾਲ ਤੇ ਬੁੱਧੀ ਵਿਵੇਕ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀਆਂ ਕਹਾਣੀਆਂ ਸਮਾਜਿਕ ਵਿਕਾਸ ਤੇ ਜੀਵਨ ਗਤੀ 'ਚ ਬਾਧਕ ਮਿੱਥਾਂ ਨੂੰ ਤੋੜਦੀਆਂ ਵੀ ਹਨ ਅਤੇ ਲੋੜ ਪੈਣ ਤੇ ਮਾਨਵਤਾਵਾਦੀ ਪੈਤੜੇ ਤੋਂ ਨਵੀਆਂ ਸਥਾਪਨਾਵਾਂ ਵੀ ਕਾਇਮ ਕਰਦੀਆਂ ਹਨ। ਇਨ੍ਹਾਂ ਵਿਚਲਾ ਕਹਾਣੀਰਸ ਇਨ੍ਹਾਂ ਦੇ ਪਾਠਕਾਂ ਦੀ ਦਿਲਚਸਪੀ ਨੁੰ ਲਗਾਤਾਰ ਬਰਕਰਾਰ ਰੱਖਦਾ ਹੈ। ਕਹਾਣੀਆਂ ਦੇ ਪਾਤਰਾਂ ਦਾ ਆਪਸੀ ਵਾਰਤਾਲਾਪ ਉਨ੍ਹਾਂ ਦੀ ਮਾਨਸਿਕ ਉਧੇੜ ਬੁਣ ਨੂੰ ਸਹਿਜੇ ਹੀ ਰੂਪਮਾਨ ਕਰ ਜਾਂਦਾ ਹੈ।
ਉਮੀਦ ਹੈ ਇਹ ਕਹਾਣੀ ਸੰਗ੍ਰਹਿ ਸਾਡੇ ਟੁਟਦੇ ਸਮਾਜਿਕ ਰਿਸ਼ਤਿਆਂ ਲਈ ਇਕ ਆਸ ਦੀ ਕਿਰਨ ਸਾਬਿਤ ਹੋਵੇਗਾ।
ਨਿਰੰਜਨ ਬੋਹਾ
ਹੁੰਦੀ ਜਾ ਰਹੀ ਹੈ ਸ਼ਬਦਾਂ ਦੀ ਮੌਤ
NEXT STORY