ਸੂਰਜ ਅੱਗ ਵਰ੍ਹਾ ਰਿਹਾ ਹੈ, ਧਰਤੀ ਲਪਟਾਂ ਛੱਡ ਰਹੀ ਹੈ, ਕੂਲਰਾਂ ਪੱਖਿਆਂ ਦੇ ਹੱਥ ਖੜ੍ਹੇ ਹੋ ਗਏ ਹਨ, ਅਜਿਹੇ ਦੁਖਦਾਈ ਮਾਹੌਲ 'ਚ ਰਾਹਤ ਦੇਣ ਵਾਲੀ ਬਿਜਲੀ-ਪਾਣੀ ਦੀ ਸਪਲਾਈ ਵੀ ਨਹੀਂ ਮਿਲ ਰਹੀ। ਤਾਪਮਾਨ ਦਾ ਦਰਜ਼ਾ ਬਾਲ ਦਰਜ਼ੇ ਦੇ ਲਗਭਗ ਅੱਧ 'ਚ ਪਹੁੰਚ ਚੁੱਕਾ ਹੈ ਪਰ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਜਿਹੜੇ ਕਿ ਆਮ ਤੌਰ 'ਤੇ ਦਫਤਰਾਂ 'ਚ ਏ. ਸੀ. ਅਤੇ ਕੂਲਰ ਦੀ ਠੰਢਕ ਮਾਣ ਕੇ ਵਿਦਿਅਕ ਨੀਤੀਆਂ ਦਾ ਨਿਰਮਾਣ ਕਰਦੇ ਹਨ, ਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ 'ਚ ਭੱਠੀ ਦੇ ਦਾਣਿਆਂ ਵਾਂਗ ਭੁੱਜ ਰਹੇ ਤਲਿਬਇਲਮਾਂ ਅਤੇ ਕੌਮ ਦੇ ਨਿਰਮਾਤਿਆਂ ਉਪਰ ਬਹੁਤਾ ਤਰਸ ਨਹੀਂ ਆ ਰਿਹਾ। ਰਸਮੀ ਤੌਰ 'ਤੇ ਭਾਵੇਂ ਇਕ ਮਹੀਨੇ (ਆਮ ਤੌਰ 'ਤੇ ਜੂਨ ਦੇ) ਲਈ ਸਕੂਲ ਬੰਦ ਕਰਕੇ ਸਫ਼ਤ ਗਰਮੀ ਤੋਂ ਰਾਹਤ ਦਿਵਾਉਣ ਦਾ ਸਰਕਾਰੀ ਉਪਰਾਲਾ ਕੀਤਾ ਜਾਂਦਾ ਹੈ ਪਰ ਇਸ ਤੋਂ ਬਾਅਦ ਦੇ ਸਮੇਂ 'ਚ ਵੀ ਸੂਰਜ ਦੇ ਗਰਮ ਸੁਭਾਅ 'ਚ ਬਹੁਤਾ ਫਰਕ ਨਹੀਂ ਪੈਂਦਾ। ਜੁਲਾਈ,ਅਗਸਤ ਅਤੇ ਸਤੰਬਰ ਦੇ ਮਹੀਨਿਆਂ ਤੱਕ ਵੀ ਧਰਤੀ ਪਿੰਡਾ ਸੜ੍ਹਦਾ ਹੀ ਰਹਿੰਦਾ ਹੈ।
ਪਿਛਲੇ ਸਮੇਂ ਦੌਰਾਨ ਉਸ ਵਕਤ ਦੇ ਸਿੱਖਿਆ ਮੰਤਰੀ ਜੀ ਨੇ ਅਖ਼ਬਾਰੀ ਕਾਗਜ਼ਾਂ ਦਾ ਸ਼ਿੰਗਾਰ ਬਣਨ ਵਾਲੇ ਬਿਆਨਾਂ 'ਚ ਇਕ ਬਿਆਨ ਇਹ ਵੀ ਦਿੱਤਾ ਸੀ ਕਿ ਸਕੂਲਾਂ 'ਚ ਗਰਮੀਆਂ-ਸਰਦੀਆਂ ਦੀਆਂ ਛੁੱਟੀਆਂ ਮੌਸਮਾਂ ਦਾ ਮਿਜ਼ਾਜ ਦੇਖ ਹੀ ਕੀਤੀਆਂ ਜਾਇਆ ਕਰਨਗੀਆਂ। ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਕੁਝ ਸੂਝਵਾਨ ਹਲਕਿਆਂ ਨੇ ਇਸ ਬਿਆਨ ਦਾ ਭਰਪੂਰ ਸਵਾਗਤ ਕੀਤਾ ਸੀ ਕਿ ਚੱਲੋ ਸਿੱਖਿਆ ਵਿਭਾਗ ਨੂੰ ਵੀ ਥੋੜ੍ਹੀ-ਬਹੁਤੀ ਅਕਲ ਆਉਣ ਲੱਗੀ ਹੈ, ਜਿਸ ਤਹਿਤ ਉਸ ਨੇ ਗਰਮੀਆਂ-ਸਰਦੀਆਂ ਦੀਆਂ ਛੁੱਟੀਆਂ ਨੂੰ ਲੋੜ ਅਨੁਸਾਰੀ ਅਤੇ ਸਾਰਥਿਕ ਬਣਾਉਣ ਦੀ ਠਾਣੀ ਹੈ ਪਰ ਜਦੋਂ ਇਸ ਪਰਉਪਕਾਰੀ ਬਿਆਨ ਨੂੰ ਅਮਲ ਦੀ ਕਸਵੱਟੀ ਉਪਰ ਪਰਖਣ ਦਾ ਵਕਤ ਆਇਆ ਤਾਂ ਇਹ ਕੇਵਲ ਇਕ 'ਸਰਕਾਰੀ' ਬਿਆਨ ਹੀ ਹੋ ਨਿਬੜਿਆ, ਜਿਸ 'ਤੇ ਆਮ ਲੋਕਾਈ ਬਹੁਤਾ ਯਕੀਨ ਹੀ ਨਹੀਂ ਕਰਦੀ।
ਜਦੋਂ ਤੋਂ ਪੰਜਾਬ 'ਚ ਦੇਸੀ ਮਹੀਨਾ ਜੇਠ ਚੜ੍ਹਦਾ ਹੈ ਉਸ ਦਿਨ ਤੋਂ 'ਸੂਰਜ ਦੇਵਤਾ' ਦਾ ਸੁਭਾਅ ਵੀ ਅਤਿ ਦਾ ਗਰਮੀਲਾ ਹੋਣ ਲੱਗ ਪੈਂਦਾ ਹੈ ਭਾਵ ਗਰਮੀ ਆਪਣਾ ਰੰਗ ਦਿਖਾਉਣ ਲੱਗ ਪੈਂਦੀ ਹੈ। ਇਸ ਗਰਮੀ ਦਾ ਅਸਰ ਉਨ੍ਹਾਂ ਲੋਕਾਂ 'ਤੇ ਹੋਰ ਵੀ ਵਧੇਰੇ ਹੁੰਦਾ ਹੈ ਜੋ ਰੋਜ਼ਾਨਾ ਆਪਣੇ ਕਾਰੋਬਾਰੀ ਸਿਲਸਲੇ 'ਚ ਅਕਸਰ ਦੂਰ-ਨੇੜੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਵਰਗ ਵਿਚ ਦਫਤਰੀ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਪ੍ਰਮੁੱਖ ਰੂਪ 'ਚ ਆਉਂਦੇ ਹਨ। ਦਫਤਰਾਂ ਦੀ ਛੱੱਟੀ ਦਾ ਸਮਾਂ 5 ਵਜੇ ਹੋਣ ਕਰਕੇ ਕੁਝ ਗਰਮੀ ਦੇ ਕਹਿਰ ਵਲੋਂ ਰਾਹਤਜਨਕ ਹਲਾਤ ਬਣ ਸਕਦੀ ਹੈ ਪਰ ਪਾੜ੍ਹੇ-ਪਾੜ੍ਹੀਆਂ ਅਤੇ ਮਾਸਟਰ-ਭੈਣਜੀਆਂ ਦੇ ਘਰਾਂ ਨੂੰ ਮੌੜਾ ਪਾਉਣ ਦਾ ਵਕਤ ਆਮ ਤੌਰ 'ਤੇ ਸਿਖਰ ਦੁਪਿਹਰ ਦਾ ਹੁੰਦਾ ਹੈ। ਇਸ ਸਮੇਂ ਦੌਰਾਨ ਸੂਰਜ ਭਰ ਜੋਬਨ 'ਤੇ ਹੋਣ ਕਰਕੇ ਅੱਗ ਵਰਸਾ ਰਿਹਾ ਹੁੰਦਾ ਹੈ। ਇਸ ਤਰ੍ਹਾਂ ਇਸ ਭਾਈਚਾਰੇ ਦੀ ਘਰ-ਵਾਪਸੀ ਕਾਫੀ ਕਸ਼ਟਦਇਕ ਹੋ ਨਿਬੜਦੀ ਹੈ। ਇਸ ਕਸ਼ਟ ਨੂੰ ਨਿਵਾਰਣ ਲਈ ਸਰਕਾਰੀ ਸਕੂਲਾਂ ਵਿਚਲੀਆਂ ਮੌਸਮ (ਸਰਦੀ-ਗਰਮੀ) ਦੀਆਂ ਛੁੱਟੀਆਂ ਰਿਵਾਇਤੀ ਹੋਣ ਦੀ ਬਜਾਏ ਤਰਕਸੰਗਤ(ਲੋੜ ਅਨੁਸਾਰੀ) ਹੋਣੀਆਂ ਚਾਹੀਦੀਆਂ ਹਨ।
ਜੂਨ ਮਹੀਨੇ ਨੂੰ ਮੁਕੰਮਲ ਛੁੱਟੀਆਂ ਲਈ ਰਾਖਵਾਂ ਰੱਖ ਕੇ ਬਾਕੀ ਦੇ ਮਹੀਨਿਆਂ 'ਚ ਸਿੱਖਿਆ ਵਿਭਾਗ ਅਜਿਹੀ ਕਹਿਰਵਾਨ ਗਰਮੀ ਦਾ ਮੁਕਾਬਲਾ ਸਕੂਲੀ ਸਮੇਂ 'ਚ ਥੋੜ੍ਹਾ-ਬਹੁਤਾ ਹੇਰ-ਫੇਰ (ਘੱਟ) ਕਰਕੇ ਕਰਨ ਦੀ ਅਧੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਆਧਾਰ-ਸਰੰਚਨਾ (ਬਿਜਲੀ,ਪਾਣੀ ਅਤੇ ਬੈਠਣ) ਦਾ ਕੱਚਾ-ਪੱਕਾ ਪ੍ਰਬੰਧ ਸਕੂਲਾਂ ਦੀਆਂ ਕੰਮ-ਕਾਜੀ ਘੜੀਆਂ ਨੂੰ ਕੋਈ ਸੰਤੋਖਜਨਕ ਮਾਹੌਲ ਪ੍ਰਦਾਨ ਨਹੀਂ ਕਰਦਾ। ਅਜਿਹੇ ਮਾਹੌਲ ਦੀ ਘਾਟ ਕਾਰਨ ਹੀ ਸਰਕਾਰੀ ਸਕੂਲ ਵੱਡੀ ਗਿਣਤੀ ਲੋਕਾਂ ਦੀ ਤਰਜੀਹ ਦਾ ਕੇਂਦਰ ਨਹੀਂ ਬਣ ਸਕੇ।
ਪੜ੍ਹਣ-ਪੜ੍ਹਾਉਣ ਦੀ ਪ੍ਰਕਿਰਿਆ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਨੂੰ ਅਰਥ ਭਰਪੂਰ ਬਣਾਉਣ ਲਈ ਸਾਫ-ਸੁਥਰਾ ਅਤੇ ਸੁਖਾਵਾਂ ਵਾਤਾਵਰਣ ਬਹੁਤ ਹੀ ਲਾਜ਼ਮੀ ਹੈ। ਸਰਕਾਰੀ ਘੇਰੇ 'ਚ ਪੈਂਦੇ ਬਹੁਤ ਸਾਰੇ ਸਰਕਾਰੀ ਸਕੂਲ ਅਜੇ ਵੀ ਅਜਿਹਾ ਵਾਤਾਵਰਣ ਸਿਰਜਣ ਵਿਚ ਅਸਮਰਥ ਹਨ। ਅਜਿਹੀ ਅਸਮਰਥਾ ਕਾਰਨ ਹੀ ਇਹ ਸਕੂਲ ਅਤਿ ਗਰਮੀ/ਸਰਦੀ ਦੇ ਮੌਸਮ ਦਾ ਟਾਕਰਾ ਸਹੀ ਅਤੇ ਸੰਤੋਖਜਨਕ ਪਹੁੰਚ ਨਾਲ ਨਹੀਂ ਕਰ ਸਕਦੇ। ਇਕ ਹਫਤੇ ਜਾਂ ਮਹੀਨੇ ਲਈ ਸਕੂਲ ਬੰਦ ਕਰਨ ਨਾਲ ਕੁਝ ਵਕਤੀ ਰਾਹਤ ਤਾਂ ਜ਼ਰੂਰ ਮਿਲ ਜਾਂਦੀ ਹੈ ਪਰ ਮੌਸਮੀ ਸਮੱਸਿਆਵਾਂ ਦਾ ਸਥਾਈ ਹੱਲ ਇਨ੍ਹਾਂ (ਸਰਕਾਰੀ) ਸਕੂਲਾਂ ਦੇ ਬੁਨਿਆਦੀ-ਢਾਂਚੇ ਨੂੰ ਸਮੇਂ ਦਾ ਹਾਣੀ ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਅਜਿਹੇ ਹੱਲ ਜਿੱਥੇ ਸਿੱਕੇਬੰਦ ਸੋਚ ਦੀ ਮੰਗ ਕਰਦੇ ਹਨ ਉੱਥੇ ਇਮਾਨਦਾਰਾਨਾ ਅਮਲ ਦੀ ਆਸ ਵੀ ਰੱਖਦੇ ਹਨ ਜੋ ਕਿ ਨੇੜੇ ਭਵਿੱਖ ਘੱਟ ਹੀ ਪੂਰੀ ਹੋਣ ਦੀ ਆਸ ਹੈ। ਇਸ ਆਸ ਨੂੰ ਪੂਰਾ ਕਰਨ ਤੋਂ ਬਗ਼ੈਰ (ਕੇਵਲ ਛੁੱਟੀਆਂ ਨਾਲ ਹੀ) ਮੌਸਮ ਦੇ ਕਹਿਰਵਾਨ ਸੁਭਾਅ ਤੋਂ ਨਹੀਂ ਬਚਿਆ ਜਾ ਸਕਦਾ।
ਰਮੇਸ਼ ਬੱਗਾ ਚੋਹਲਾ
ਕੀਤੇ ਜਾ ਰਹੇ ਹਨ ਨਸ਼ਾ ਮੁਕਤੀ ਦੇ ਉਪਰਾਲੇ
NEXT STORY