ਅੱਜ ਜਦੋਂ ਅਸੀਂ ਆਪਣੀ ਆਜ਼ਾਦੀ ਦਾ 68ਵਾਂ ਵਰ੍ਹਾ ਮਾਣ ਰਹੇ ਹਾਂ ਅਤੇ ਫਖਰ ਕਰ ਰਹੇ ਹਾਂ ਕਿ ਹਿੰਦੁਸਤਾਨ ਨੇ ਬਹੁਤ ਉਨਤੀ ਕੀਤੀ ਹੈ, ਸਾਡਾ ਸਮਾਜ ਬਹੁਤ ਕੁਰੀਤੀਆਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਦੇ ਕਾਰਨ ਭਾਰਤ ਨੂੰਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡਾ ਪੜ੍ਹਿਆ ਲਿਖਿਆ ਵਰਗ ਇਨ੍ਹਾਂ ਸਮੱਸਿਆਵਾਂ ਤੇ ਸਮਾਜਿਕ ਬੁਰਾਈਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।
ਇਨ੍ਹਾਂ ਸਮਾਜਿਕ ਕੁਰੀਤੀਆਂ ਦਾ ਇਕੋ ਇਕ ਹੱਲ ਹੈ 'ਅਧਿਆਪਕ'। ਅਧਿਆਪਕ ਸਮਾਜ ਦਾ ਉਹ ਅੰਗ ਹੈ, ਜਿਸ ਦਾ ਜਨਸੰਖਿਆ ਦੀ ਬਹੁ ਗਿਣਤੀ ਨਾਲ ਵਾਸਤਾ ਪੈਂਦਾ ਹੈ ਅਤੇ ਸਮਾਜ ਵਲੋਂ ਸਤਿਕਾਰਿਆ ਜਾਂਦਾ ਹੈ। ਪੇਂਡੂ ਲੋਕਾਂ 'ਚ ਵੀ ਅਧਿਆਪਕ ਦੀ ਕਹੀ ਗੱਲ ਨੂੰ ਸਿਰ-ਮੱਥੇ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਸਮਾਜਿਕ ਕੁਰੀਤੀਆਂ ਜਿਨ੍ਹਾਂ 'ਚ ਦਹੇਜ ਪ੍ਰਥਾ, ਜਾਤੀਵਾਦ, ਬਾਲ ਵਿਆਹ, ਨਸ਼ਿਆਂ ਦੀ ਵਰਤੋਂ, ਲੜਕੀ ਨੂੰ ਭਾਰ ਸਮਝਣਾ ਆਦਿ ਬੁਰਾਈਆਂ ਸ਼ਾਮਲ ਹਨ ਦੇ ਖਾਤਮੇ ਲਈ ਅਧਿਆਪਕ ਅੰਦੋਲਨ ਛੇੜ ਸਕਦੇ ਹਨ ਅਤੇ ਲੇਖਾ, ਕਹਾਣੀਆਂ, ਕਵਿਤਾਵਾਂ ਤੇ ਪ੍ਰਤੀ ਯੋਗਤਾਵਾਂ ਰਾਹੀਂ ਵਿਦਿਆਰਥੀਆਂ ਨੂੰ ਇਸ ਅੰਦੋਲਨ 'ਚ ਸ਼ਾਮਲ ਕਰ ਸਕਦੇ ਹਨ। ਭਾਵੇਂ ਇਸ ਸਬੰਧ 'ਚ ਬਹੁਤ ਕੁਝ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਇਨ੍ਹਾਂ ਸਮਾਜਿਕ ਬੁਰਾਈਆਂ ਨਾਲ ਹੀ ਜੁੜੀਆਂ ਹਨ ਸਾਡੀਆਂ ਅਨੇਕ ਸਮੱਸਿਆਵਾਂ ਜਿਨ੍ਹਾਂ 'ਚ ਵੱਧ ਰਹੀ ਜਨਸੰਖਿਆ, ਅਨਪੜ੍ਹਤਾ, ਗਰੀਬੀ, ਬੇਰੁਜ਼ਗਾਰੀ ਅਤੇ ਘਾਤਕ ਬਿਮਾਰੀਆਂ।
ਮੁੱਕਦੀ ਗੱਲ ਕਿ ਅਧਿਆਪਕ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਬੀੜਾ ਉਠਾਉਣ ਦੀ ਲੋੜ ਹੈ ਅਤੇ ਇਸ ਸੰਬੰਧ 'ਚ ਸਰਕਾਰ ਨੂੰ ਵੀ ਅਧਿਆਪਕ ਦੇ ਪਾਸ ਨਤੀਜਿਆਂ ਦੇ ਨਾਲ-ਨਾਲ ਉਸ ਦੀ ਸਮਾਜ-ਸੁਧਾਰ ਲਹਿਰ ਨੂੰ ਦੇਖਣਾ ਚਾਹੀਦਾ ਹੈ। ਅਧਿਆਪਕਾਂ ਲਈ ਸਮਾਜ-ਸੁਧਾਰ ਦਾ ਵੱਖਰਾ ਸਿਲੇਬਸ ਚਾਹੀਦਾ ਹੈ ਤਾਂ ਕਿ ਅਧਿਆਪਕ ਇਸ ਕੰਮ ਨੂੰ ਹੋਰ ਵੀ ਦ੍ਰਿੜਤਾ ਨਾਲ ਨੇਪਰੇ ਚਾੜ੍ਹ ਸਕੇ। ਅੱਜ ਵੀ ਸਾਨੂੰ ਡਾਕਟਰ ਰਾਧਾ ਕ੍ਰਿਸ਼ਨਨ ਅਤੇ ਰਾਜਾ ਰਾਮ ਮੋਹਨ ਰਾਇ ਵਰਗੇ ਅਧਿਆਪਕਾਂ ਦੀ ਲੋੜ ਹੈ। ਅਧਿਆਪਕ ਇਕ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ।
ਅਧਿਆਪਕ ਦੂਜੇ ਸਰਕਾਰੀ ਕਰਮਚਾਰੀਆਂ ਤੋਂ ਭਿੰਨ ਹੈ ਕਿਉਂਕਿ ਉਸ ਦਾ ਵਾਹ ਫਾਇਲਾਂ ਨਾਲ ਨਹੀਂ ਸਗੋਂ ਭਵਿੱਖ ਦੇ ਇਨਸਾਨਾਂ ਅਤੇ ਦੇਸ ਦੇ ਨਿਰਮਾਤਾਵਾਂ ਨਾਲ ਪੈਂਦਾ ਹੈ। ਇਸ ਲਈ ਅਧਿਆਪਕ ਨੂੰ ਆਪਣੀ ਜ਼ਿੰਮੇਵਾਰੀ ਤੋਂ ਕਦੇ ਮੂੰਹ ਨਹੀਂ ਮੋੜਨਾ ਚਾਹੀਦਾ ਤੇ ਉਸ ਦਾ ਰੁਤਬਾ ਇਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ-ਨਾਲ ਸਮਾਜ ਨਿਰਮਾਤਾ ਦਾ ਵੀ ਹੈ। ਇਕ ਚੰਗਾ ਅਧਿਆਪਕ ਆਪਣੇ ਪੜ੍ਹਾਉਣ ਵਾਲੇ ਸਿਲੇਬਸ ਅਤੇ ਜਮਾਤ ਵਿਚਲੀ ਪੜ੍ਹਾਈ ਤੋਂ ਬਾਹਰ ਜਾ ਕੇ ਆਪਣੇ ਚੰਗੇ ਜੀਵਨ ਦੀ ਬੱਚਿਆਂ ਉਪਰ ਮੋਹਰ ਲਾ ਦਿੰਦਾ ਹੈ। ਬੱਚੇ ਉਸ ਦੇ ਗੁਣਾਂ ਦੀ ਕਦਰ ਕਰਦੇ ਹਨ, ਉਸਦੇ ਹਰ ਚੰਗੇ ਗੁਣ ਨੂੰ ਆਪਣੇ ਜੀਵਨ 'ਚ ਅਪਨਾਉਣ ਦਾ ਉਪਰਾਲਾ ਕਰਦੇ ਹਨ ਅਤੇ ਇਸੇ ਤਰ੍ਹਾਂ ਜੇਕਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਪ੍ਰਤੀ ਲੜਨ ਲਈ ਪ੍ਰੇਰਦਾ ਹੈ ਤਾਂ ਇਹ ਗੱਲ ਉਨ੍ਹਾਂ ਦੇ ਦਿਲਾਂ ਤੇ ਅਮਿੱਟ ਛਾਪ ਬਣਾ ਦਿੰਦੀ ਹੈ ਅਤੇ ਬੱਚਾ ਆਪਣੇ ਜੀਵਨ 'ਚ ਇਨ੍ਹਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ।
ਬਹਾਦਰ ਸਿੰਘ ਗੋਸਲ
ਅਵਾਰਾ ਕੁੱਤੇ ਹਨ ਪੰਜਾਬ ਦੀ ਧਰਤੀ ਤੇ ਇਕ ਗੰਭੀਰ ਸਮੱਸਿਆ
NEXT STORY