ਜੇਕਰ ਤੁਹਾਨੂੰ ਕੋਈ ਖਾਸ ਕੰਮ ਕਰਨ 'ਚ ਮਜ਼ਾ ਆਉਂਦਾ ਹੈ ਤਾਂ ਜ਼ਾਹਿਰ ਹੈ ਕਿ ਤੁਸੀਂ ਉਸ ਨੂੰ ਵਾਰ-ਵਾਰ ਕਰਨਾ ਚਾਹੋਗੇ। ਕਰੂਜ਼ ਜਹਾਜ਼ ਦੀ ਰੋਮਾਂਚਕ ਸੈਰ ਕਰਨ ਵਾਲਿਆਂ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ। ਹਰ ਕਰੂਜ਼ ਕੰਪਨੀ ਦੇ ਕੁਝ ਅਜਿਹੇ ਪੱਕੇ ਮੁਸਾਫਿਰ ਹੁੰਦੇ ਹਨ, ਜੋ ਉਨ੍ਹਾਂ 'ਚ ਵਾਰ-ਵਾਰ ਯਾਦਗਾਰ ਸਫਰ ਕਰਨਾ ਪਸੰਦ ਕਰਦੇ ਹਨ।
ਕਰੂਜ਼ ਇੰਡਸਟਰੀ ਦੀ ਭਾਸ਼ਾ 'ਚ 'ਰਿਪੀਟਰਸ' ਦੇ ਨਾਂ ਨਾਲ ਬੁਲਾਏ ਜਾਂਦੇ ਅਜਿਹੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਰੂਜ਼ ਸ਼ਿਪਸ ਲਈ ਵੀ ਇਸ ਤੋਂ ਬਿਹਤਰ ਹੋਰ ਕੀ ਹੋਵੇਗਾ ਕਿ ਉਨ੍ਹਾਂ ਦੇ ਅਜਿਹੇ ਪੱਕੇ ਗਾਹਕ ਬਣਨ, ਜੋ ਵਾਰ-ਵਾਰ ਸਫਰ ਕਰਨ ਲਈ ਖੁਦ ਉਨ੍ਹਾਂ ਕੋਲ ਜਾਣ।
ਜਰਮਨ ਸ਼ਹਿਰ ਸਟੁਟਗਾਰਟ ਦੇ ਹੇਂਜ ਗੋਲਰ ਵੀ ਅਜਿਹੇ ਹੀ ਇਕ ਸੈਲਾਨੀ ਹਨ, ਜਿਨ੍ਹਾਂ ਨੂੰ ਕਰੂਜ਼ ਦੇ ਰੋਮਾਂਚਕ ਸਫਰ ਦੀ ਆਦਤ ਪੈ ਚੁੱਕੀ ਹੈ। ਉਨ੍ਹਾਂ ਦੀ ਮਨਪਸੰਦ ਕਰੂਜ਼ ਕੰਪਨੀ ਹੈ 'ਕੂਨਾਰਡ'। ਪਿਛਲੇ 20 ਸਾਲਾਂ 'ਚ ਉਹ 30 ਵਾਰ ਕਰੂਜ਼ ਜਹਾਜ਼ 'ਚ ਸੈਰ ਕਰ ਚੁੱਕੇ ਹਨ। ਉਨ੍ਹਾਂ ਨੇ ਸਮੁੰਦਰ 'ਚ 450 ਦਿਨ ਬਿਤਾਏ ਹਨ।
75 ਸਾਲਾ ਹੇਂਜ ਦਾ ਪਹਿਲਾ ਕਰੂਜ਼ ਸਫਰ ਤਾਸ਼ ਖੇਡਣ ਵਾਲੇ ਆਪਣੇ ਕੁਝ ਦੋਸਤਾਂ ਨਾਲ 'ਐਲਿਜ਼ਾਬੇਥ-2' ਨਾਮੀ ਜਹਾਜ਼ 'ਤੇ ਸਾਊਥਹੈਂਪਟਨ ਤੋਂ ਨਿਊਯਾਰਕ ਤੱਕ ਸੀ। ਉਹ ਇਹ ਸੋਚ ਕੇ ਗਏ ਸਨ ਕਿ ਜਹਾਜ਼ 'ਤੇ ਉਨ੍ਹਾਂ ਕੋਲ ਤਾਸ਼ ਖੇਡਣ ਦਾ ਕਾਫੀ ਸਮਾਂ ਹੋਵੇਗਾ ਪਰ ਸਫਰ ਇੰਨਾ ਰੋਮਾਂਚਕ ਸਿੱਧ ਹੋਇਆ ਕਿ ਉਨ੍ਹਾਂ ਨੇ ਇਕ ਵਾਰ ਵੀ ਤਾਸ਼ ਨਹੀਂ ਖੇਡੀ। ਉਦੋਂ ਤੋਂ ਹੀ ਹੇਂਜ ਨੂੰ ਕਰੂਜ਼ ਦੇ ਸਫਰ ਦੀ ਅਜਿਹੀ ਆਦਤ ਪਈ ਕਿ ਉਹ ਜ਼ਿਆਦਾਤਰ ਉਸੇ ਕੰਪਨੀ ਦੇ ਜਹਾਜ਼ਾਂ 'ਚ ਸੈਰ ਕਰਨੀ ਪਸੰਦ ਕਰਦੇ ਹਨ।
ਉਨ੍ਹਾਂ ਅਨੁਸਾਰ ਕਰੂਜ਼ ਸ਼ਿਪ 'ਤੇ ਸਵਾਰ ਹੁੰਦਿਆਂ ਹੀ ਤੁਸੀਂ ਆਪਣੇ ਫਿਕਰਾਂ ਅਤੇ ਸਮੱਸਿਆਵਾਂ ਨੂੰ ਪਿਛਾਂਹ ਛੱਡ ਕੇ ਇਕ ਨਵੀਂ ਦੁਨੀਆ 'ਚ ਪਹੁੰਚ ਜਾਂਦੇ ਹੋ।
ਹੇਂਜ ਨੂੰ ਕੂਨਾਰਡ ਕਰੂਜ਼ ਦੀ ਸਭ ਤੋਂ ਚੰਗੀ ਗੱਲ ਲੱਗਦੀ ਹੈ ਕਿ ਇਸ ਵਿਚ ਅੰਗਰੇਜ਼ ਸਮੁੰਦਰੀ ਰਵਾਇਤ ਦੀ ਪਾਲਣਾ ਅਤੇ ਖਾਸ ਸਟਾਈਲ ਅਪਣਾਇਆ ਜਾਂਦਾ ਹੈ, ਜਿਵੇਂ ਕਿ ਇਸ 'ਤੇ ਡਿਨਰ ਸਮੇਂ ਡਿਨਰ ਜੈਕੇਟ ਪਹਿਨੀ ਜਾਂਦੀ ਹੈ। ਮਹਿਲਾ ਵੇਟਰ ਵੀ ਸੂਟ ਪਹਿਨਦੀ ਹੈ। ਉਥੇ ਮਨਮਰਜ਼ੀ ਦੇ ਚਮਕੀਲੇ ਰੰਗਾਂ ਵਾਲੇ ਕੱਪੜੇ ਪਹਿਨੇ ਲੋਕ ਨਜ਼ਰ ਨਹੀਂ ਆਉਂਦੇ। ਹਾਪੈਗ ਲਿਓਡ ਕਰੂਜ਼ ਕੰਪਨੀ ਦੇ ਵੀ ਕਈ ਪੱਕੇ ਗਾਹਕ ਹਨ। ਹੈਂਬਰਗ ਦੀ ਇਸ ਕਰੂਜ਼ ਲਾਈਨ ਕੋਲ ਚਾਰ ਜਹਾਜ਼ ਹਨ, ਜਿਨ੍ਹਾਂ 'ਚ 'ਐੱਮ. ਐੱਸ. ਯੂਰੋਪਾ' ਵੀ ਇਕ ਹੈ। ਇਸ ਨੂੰ ਲਗਾਤਾਰ 15 ਸਾਲਾਂ ਤੋਂ '5 ਸਟਾਰ ਪਲੱਸ' ਰੈਂਕਿੰਗ ਮਿਲਦੀ ਰਹੀ ਹੈ।
'ਯੂਰੋਪਾ' ਵਿਚ 400 ਮੁਸਾਫਿਰਾਂ ਲਈ ਥਾਂ ਹੈ, ਜਦਕਿ 'ਯੂਰੋਪਾ-2' ਵਿਚ 500 ਮੁਸਾਫਿਰ ਸਫਰ ਕਰ ਸਕਦੇ ਹਨ।
ਹੋਰ ਕਰੂਜ਼ ਲਾਈਨਸ ਵਾਂਗ ਹੀ ਹਾਪੈਗ ਲਿਓਡ ਵੀ ਆਪਣੇ ਪੱਕੇ ਗਾਹਕਾਂ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਦੇ ਜਹਾਜ਼ਾਂ 'ਚ 75 ਦਿਨ ਬਿਤਾਉਣ ਵਾਲਿਆਂ ਨੂੰ ਸਿਲਵਰ ਪਿਨ ਅਤੇ 150 ਦਿਨ ਬਿਤਾਉਣ ਵਾਲਿਆਂ ਨੂੰ ਗੋਲਡਨ ਪਿਨ ਨਾਲ ਨਿਵਾਜਿਆ ਜਾਂਦਾ ਹੈ। ਉਥੇ ਹੀ ਜਹਾਜ਼ 'ਤੇ 1 ਸਾਲ ਤੋਂ ਵਧੇਰੇ ਸਮਾਂ ਬਿਤਾਉਣ ਵਾਲਿਆਂ ਨੂੰ ਡਾਇਮੰਡ ਪਿਨ ਮਿਲਦੀ ਹੈ। ਹਾਲਾਂਕਿ ਇਹ ਸਿਰਫ ਇਕ ਪ੍ਰਤੀਕਾਤਮਕ ਸਰਾਹਨਾ ਹੈ, ਜਹਾਜ਼ ਦੇ ਪੱਕੇ ਮੁਸਾਫਿਰ ਇਸ ਨੂੰ ਖੂਬ ਪਸੰਦ ਕਰਦੇ ਹਨ।
ਕਰੂਜ਼ ਲਾਈਨ 'ਤੇ 1 ਹਜ਼ਾਰ ਦਿਨ ਬਿਤਾਉਣ ਵਾਲਿਆਂ ਨੂੰ ਕੰਪਨੀ 14 ਦਿਨ ਦਾ ਫ੍ਰੀ ਟ੍ਰਿਪ ਇਨਾਮ 'ਚ ਦਿੰਦੀ ਹੈ, ਉਥੇ ਹੀ 1500 ਦਿਨ ਬਿਤਾਉਣ ਵਾਲਿਆਂ ਨੂੰ ਹੈਂਬਰਗ 'ਚ ਕੰਪਨੀ ਦੇ ਐਗਜ਼ੀਕਿਊਟਿਵ ਬੋਰਡ ਦੇ ਮੈਂਬਰਾਂ ਨਾਲ ਡਿਨਰ ਲਈ ਸੱਦਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਲਗਜ਼ਰੀ ਹੋਟਲ 'ਵੀਏਰ ਯਾਰੇਸਜੇਇਟੇਨ' ਵਿਚ ਠਹਿਰਾਇਆ ਜਾਂਦਾ ਹੈ।
ਬਿਨਾਂ ਸ਼ੱਕ ਜਹਾਜ਼ 'ਤੇ ਇੰਨੇ ਜ਼ਿਆਦਾ ਦਿਨ ਬਿਤਾਉਣਾ ਔਖਾ ਲੱਗੇ ਪਰ ਕਈ ਲੋਕ ਇਸ ਤੋਂ ਕਿਤੇ ਵਧੇਰੇ ਦਿਨ ਕਰੂਜ਼ ਸ਼ਿਪਸ 'ਤੇ ਬਿਤਾ ਚੁੱਕੇ ਹਨ। ਪਿਛਲੇ ਸਾਲ 'ਯੂਰੋਪਾ' ਵਿਚ ਸਫਰ ਕਰਨ ਵਾਲਾ ਜੋੜਾ 3 ਹਜ਼ਾਰ ਦਿਨ ਸਮੁੰਦਰ 'ਚ ਬਿਤਾ ਚੁੱਕਾ ਹੈ। ਮੰਨੋ ਜਾਂ ਨਾ ਮੰਨੋ, ਇਹ ਕੁਲ 10 ਸਾਲ ਬਣਦੇ ਹਨ।
ਕਈ ਹੋਰ ਲੋਕ ਜਹਾਜ਼ 'ਤੇ 3 ਹਜ਼ਾਰ ਦਿਨ ਬਿਤਾ ਚੁੱਕੇ ਹਨ। ਉਂਝ ਵੀ ਕਰੂਜ਼ ਦੀ ਸੈਰ ਦੇ ਸ਼ੌਕੀਨਾਂ ਲਈ ਕਈ ਦਿਨ ਜਹਾਜ਼ਾਂ 'ਤੇ ਬਿਤਾਉਣਾ ਆਮ ਗੱਲ ਹੈ ਕਿਉਂਕਿ ਅਜਿਹੇ ਜਹਾਜ਼ਾਂ 'ਤੇ ਦੁਨੀਆ ਦੀ ਸੈਰ ਦੇ ਇਕ ਟ੍ਰਿਪ 'ਚ ਲੱਗਭਗ 160 ਦਿਨ ਤਾਂ ਲੱਗਦੇ ਹੀ ਹਨ। ਕਈ ਲੋਕ ਹਨ, ਜੋ ਹਰ ਸਾਲ ਅਜਿਹੇ ਟ੍ਰਿਪਸ 'ਤੇ ਜਾਂਦੇ ਹਨ।
ਕੂਨਾਰਡ ਵੀ ਆਪਣੇ ਅਜਿਹੇ ਮੁਸਾਫਿਰਾਂ ਨੂੰ ਉਤਸ਼ਾਹਿਤ ਕਰਦਾ ਹੈ, ਜੋ ਵਾਰ-ਵਾਰ ਇਸ 'ਤੇ ਸਫਰ ਕਰਦੇ ਹਨ। ਕੰਪਨੀ ਦੇ ਬੁਲਾਰੇ ਇੰਗੋ ਥਿਏਲ ਦਾ ਕਹਿਣੈ, ''ਕਈ ਮੁਸਾਫਿਰ ਹਨ, ਜੋ ਜੀਵਨ ਦਾ ਪਹਿਲਾ ਕਰੂਜ਼ ਸਾਡੇ ਜਹਾਜ਼ 'ਕੁਈਨ ਮੈਰੀ-2' 'ਤੇ ਲੈਂਦੇ ਹਨ ਅਤੇ ਹਮੇਸ਼ਾ ਲਈ ਇਸ ਦੇ ਹੋ ਜਾਂਦੇ ਹਨ। ਉਹ ਵਾਰ-ਵਾਰ ਇਸੇ 'ਚ ਸਫਰ ਕਰਨਾ ਚਾਹੁੰਦੇ ਹਨ।
ਕੁਝ ਹੋਰ ਕੂਨਾਰਡ ਕੰਪਨੀ ਦੇ ਸ਼ਿਪਸ 'ਚ ਹੀ ਸਫਰ ਕਰਦੇ ਹਨ ਪਰ ਜਹਾਜ਼ ਬਦਲਣਾ ਪਸੰਦ ਕਰਦੇ ਹਨ।'' ਕੰਪਨੀ ਦੇ 'ਰਿਪੀਟਰ' ਮੁਸਾਫਿਰਾਂ ਦੀ ਵੀ ਕਾਫੀ ਗਿਣਤੀ ਹੈ। ਇਸ ਦੇ ਕੁਝ ਮੁਸਾਫਿਰ ਉਨ੍ਹਾਂ ਦੇ ਜਹਾਜ਼ਾਂ 'ਤੇ 2700 ਦਿਨ ਬਿਤਾ ਚੁੱਕੇ ਹਨ ਭਾਵ ਲੱਗਭਗ ਸਾਢੇ ਸੱਤ ਸਾਲ, ਜੋ ਉਨ੍ਹਾਂ ਦੇ ਕੁਝ ਸਟਾਫ ਵਲੋਂ ਬਿਤਾਏ ਦਿਨਾਂ ਤੋਂ ਵੀ ਵਧੇਰੇ ਬਣਦਾ ਹੈ। 'ਸੀ ਕਲਾਊਡ ਕਰੂਜ਼' ਕੰਪਨੀ ਕੋਲ ਵੀ 'ਰਿਪੀਟਰਸ' ਦੀ ਕਮੀ ਨਹੀਂ ਹੈ, ਜੋ ਪਤਵਾਰ ਵਾਲੇ ਉੱਚੇ ਆਕਾਰ ਦੇ ਇਸ ਦੇ ਜਹਾਜ਼ਾਂ ਨੂੰ ਖਾਸ ਤੌਰ 'ਤੇ ਪਸੰਦ ਕਰਦੇ ਹਨ। ਇਸੇ ਤਰ੍ਹਾਂ 'ਸਟਾਰ ਕਲਿਪਰਸ ਕਰੂਜ਼' 'ਤੇ ਵੀ ਲੋਕ ਵਾਰ-ਵਾਰ ਸਫਰ ਕਰ ਰਹੇ ਹਨ। ਇਨ੍ਹਾਂ ਕੋਲ ਪੰਜ ਪਤਵਾਰ ਵਾਲਾ 'ਰਾਇਲ ਕਲੀਪਰ' ਨਾਮੀ ਜਹਾਜ਼ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਪਤਵਾਰ ਵਾਲਾ ਸਮੁੰਦਰੀ ਜਹਾਜ਼ ਹੈ। ਇਨ੍ਹਾਂ ਦੇ ਜਹਾਜ਼ਾਂ 'ਤੇ ਕਈ ਵਾਰ ਤਾਂ 80 ਫੀਸਦੀ ਮੁਸਾਫਿਰ 'ਰਿਪੀਟਰਸ' ਹੁੰਦੇ ਹਨ।
ਵਿਲੱਖਣ ਵਾਸਤੂਕਲਾ ਦਾ ਨਮੂਨਾ ਕੋਪਨਹੇਗਨ
NEXT STORY