ਧਰਮ ਕੋਈ ਵੀ ਹੋਵੇ ਮਨੁੱਖ ਨੂੰ ਮਨੁੱਖਤਾ ਦਾ ਸਬਕ ਪੜ੍ਹਾ ਕੇ ਜਿੱਥੇ ਉਸ (ਮਨੁੱਖ) ਦੇ ਮਨਵਾਵਾਦੀ ਬਣਨ ਦੀ ਹਾਮੀ ਭਰਦਾ ਹੈ, ਉਥੇ ਨਾਲ ਹੀ ਰੱਬੀ ਸੰਦੇਸ਼ ਅਤੇ ਰੂਹਾਨੀ ਉਪਦੇਸ਼ ਸਦਕਾ ਮਨੁੱਖ ਦੇ ਆਤਮਿਕ ਜੀਵਨ ਵਿਚ ਨਿਖਾਰ ਲਿਆਉਣ ਦਾ ਯਤਨ ਵੀ ਕਰਦਾ ਹੈ। ਹਰੇਕ ਧਰਮ ਆਪੋ ਆਪਣੀ ਧਾਰਮਿਕ-ਮਰਿਆਦਾ ਅਤੇ ਪੂਜਾ-ਪੱਧਤੀ ਅਨੁਸਾਰ ਆਤਮਾ ਅਤੇ ਪਰਮਾਤਮਾ ਵਿਚ ਨੇੜਤਾ ਸਥਾਪਿਤ ਕਰਕੇ ਆਪਸੀ ਭੇਦਾਂ ਦੀ ਅਜਿਹੀ ਅਵਸਥਾ ਪੈਦਾ ਕਰਦਾ ਹ,ੈ ਜਿਸ ਤੱਕ ਪਹੁੰਚ ਕਿ ਕੋਈ ਵੀ ਸਾਧਕ ਆਵਾਗਮਨ (ਜਨਮ-ਮਰਨ) ਦੇ ਚੱਕਰ ਤੋਂ ਛੁਟਕਾਰਾ ਪਾ ਸਕਦਾ ਹੈ ਪਰ ਇਲਾਹੀ ਆਨੰਦ ਦੀ ਇਹ ਉੱਚਤਮ ਅਵਸਥਾ ਕੁਝ ਵਿਰਲਿਆਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੁੰਦੀ। ਰੂਹਾਨੀਅਤ ਦੀ ਇਸ ਉਚਤਮ ਅਤੇ ਆਨੰਦਵਰਧਕ ਅਵਸਥਾ ਦੀ ਪ੍ਰਾਪਤੀ ਦਾ ਲਈ ਸਾਡੇ ਗੁਰੂ, ਪੀਰ ਪੈਗੰਬਰ, ਮੁਰਸ਼ਦ ਅਤੇ ਰਹਿਬਰ ਸਮੇਂ-ਸਮੇਂ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਦੇ ਇਸ ਬੇਸ਼ਕੀਮਤੀ ਅਤੇ ਮਹੱਤਵਪੂਰਨ ਯੋਗਦਾਨ ਬਦਲੇ ਲੋਕਾਈ (ਵਿਸ਼ੇਸ਼ ਕਰਕੇ ਉਨ੍ਹਾਂ ਦੇ ਪੈਰੋਕਾਰਾਂ) ਵਲੋਂ ਉਨ੍ਹਾਂ ਮਹਾਪੁਰਖਾਂ ਨੂੰ ਰੱਜਵਾਂ ਮਾਣ ਅਤੇ ਸੱਤਿਕਾਰ ਦਿੱਤਾ ਜਾਂਦਾ ਰਿਹਾ ਹੈ। ਮਨੁੱਖੀ ਮਾਰਗ ਨੂੰ ਰੁਸ਼ਨਾਉਣ ਵਾਲੀਆਂ ਆਪਣੀਆਂ ਸਦੀਵੀ ਸਿੱਖਿਆਵਾਂ ਕਾਰਨ ਉਹ ਇਸ ਫਾਨੀ ਦੁਨੀਆਂ ਤੋਂ ਵਫਾਤ ਪਾ ਜਾਣ ਤੋਂ ਬਾਅਦ ਵੀ ਆਪਣੇ ਮੁਰੀਦਾਂ ਦੇ ਮਨਾਂ ਉਪਰ ਸਦੀਆਂ ਤੱਕ ਆਪਣਾ ਪ੍ਰਭਾਵ ਬਣਾਈ ਰੱਖਦੇ ਹਨ। ਇਸ ਤਰ੍ਹਾਂ ਦਾ ਹੀ ਪ੍ਰਭਾਵ ਬਣਾਉਣ ਵਾਲਿਆਂ ਵਿਚ ਸ਼ਾਮਿਲ ਹੈ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦਾ ਨਾਮ। ਏਸ਼ੀਆ ਦੇ ਵੱਡੇ ਧਰਮਾਂ ਵਿਚ ਸ਼ੁਮਾਰ ਕੀਤੇ ਜਾਂਦੇ ਇਸਲਾਮ ਧਰਮ ਦੀ ਸੱਤਿਕਰਯੋਗ ਹਸਤੀ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ੫੭੦ ਈ: ਨੂੰ ਮੱਕੇ ਦੇ ਇਕ ਪੁਜਾਰੀ ਬਨੀ ਹਾਸ਼ਮ ਦੇ ਖਾਨਦਾਨ ਨਾਲ ਸਬੰਧ ਰੱਖਣ ਵਾਲੇ ਅਬਦੁੱਲਾ ਕੁਰੈਸ਼ੀ ਅਤੇ ਬੀਬੀ ਆਮਨਾ ਦੇ ਗ੍ਰਹਿ ਵਿਖੇ ਹੋਇਆ।ਮੁਹੰਮਦ ਸਾਹਿਬ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਕਰਕੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਨ੍ਹਾਂ ਦਾਦਾ ਅਬਦੁੱਲ ਮੁਤਲਿਬ ਨੂੰ ਨਿਭਾਉਣੀ ਪਈ। ਜਦੋਂ ਮੁਹੰਮਦ ਸਾਹਿਬ ਦੀ ਉਮਰ ਛੇ ਸਾਲ ਦੀ ਹੋਈ ਤਾਂ ਬੀਬੀ ਆਮਨਾ ਉਨ੍ਹਾਂ ਨੂੰ ਆਪਣੇ ਪੇਕੇ ਮਦੀਨੇ ਲੈ ਗਈ ਪਰ ਮਦੀਨੇ ਤੋਂ ਵਾਪਸੀ ਦੇ ਸਮੇਂ ਅਬੋਹਾ ਨਾਮ ਦੇ ਇਕ ਪਿੰਡ ਕੋਲ ਬੀਬੀ ਆਮਨਾ ਅੱਲ੍ਹਾ ਨੂੰ ਪਿਆਰੀ ਹੋ ਗਈ। ਮਾਤਾ ਦੀ ਮੌਤ ਹੋ ਜਾਣ ਨਾਲ ਹਜ਼ਰਤ ਮੁਹੰਮਦ ਸਾਹਿਬ ਯਤੀਮ ਹੋ ਗਏੇ।
ਅੱਠ ਸਾਲ ਦੀ ਉਮਰ ਤੱਕ ਪਹੁੰਚਦਿਆਂ ਦਾਦਾ ਅਬਦੁਲ ਮੁਤਲਿਬ ਦਾ (ਮੌਤ ਹੋ ਜਾਣ ਕਾਰਨ) ਸਾਥ ਵੀ ਛੁੱਟ ਗਿਆ। ਇਨ੍ਹਾਂ ਦੁਖਾਂਤਕ ਵਰਤਾਰਿਆਂ ਤੋਂ ਬਾਅਦ ਮੁਹੰਮਦ ਸਾਹਿਬ ਦੀ ਦੇਖਭਾਲ ਦਾ ਜਿੰਮਾ ਚਾਚਾ ਅਬੂ ਤਾਲਿਬ ਨੇ ਲੈ ਲਿਆ, ਜਿਸ ਨੂੰ ਉਨ੍ਹਾਂ ਵਲੋਂ ਬਾਖ਼ੂਬੀ ਨਾਲ ਨਿਭਾਇਆ ਗਿਆ। ਚਾਚਾ ਅਬੂ ਤਾਲਿਬ ਇਕ ਚੰਗੇ ਵਪਾਰੀ ਸਨ ਅਤੇ ਉਹ ਵਪਾਰ ਲਈ ਆਪਣੇ ਭਤੀਜੇ ਮੁਹੰਮਦ ਸਾਹਿਬ ਨੂੰ ਵੀ ਨਾਲ ਲੈ ਜਾਂਦੇ ਸਨ। ਚਾਚੇ ਨਾਲ ਜਾਣ ਕਰਕੇ ਜਿੱਥੇ ਉਨ੍ਹਾਂ ਨੂੰ ਵਪਾਰ ਦੀਆਂ ਬਰੀਕੀਆਂ ਦੀ ਸਮਝ ਆ ਗਈ ਉੱਥੇ ਨਾਲ ਹੀ ਦੂਸਰੇ ਦੇਸ਼ਾਂ ਦੇ ਧਰਮ ਅਤੇ ਰੀਤੀ-ਰਿਵਾਜ਼ਾਂ ਨੂੰ ਜਾਣਨ ਦਾ ਸੁਨਿਹਰੀ ਮੌਕਾ ਵੀ ਮਿਲ ਗਿਆ। ਇਸ ਸਮੇਂ ਦੌਰਾਨ ਉਨ੍ਹਾਂ ਨੇ ਈਸਾਈ ਪਾਦਰੀਆਂ ਨਾਲ ਵੀਚਾਰ-ਗੋਸ਼ਟੀਆਂ ਕੀਤੀਆਂ ਅਤੇ ਉਨ੍ਹਾਂ ਦੇ ਨਿਸਚਿਆਂ ਅਤੇ ਸਿਧਾਤਾਂ ਦੀ ਵਾਕਫ਼ੀਅਤ ਹਾਸਲ ਕੀਤੀ।ਈਸਾਈ ਅਤੇ ਮੂਸਾਈ ਪ੍ਰਚਾਰਕਾਂ ਤੋਂ ਹਜ਼ਰਤ ਨੇ ਬਹੁਤ ਸਾਰੇ ਧਾਰਮਿਕ ਨੁਕਤਿਆਂ ਨੂੰ ਹਾਸਲ ਕੀਤਾ ਜਿਹੜੇ ਬਾਅਦ ਵਿਚ ਇਸਲਾਮ ਵਿਚ ਰੂਪਾਂਤਰਿਤ ਹੋਏ ਹਨ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਤੀਖਣ ਬੁੱਧੀ ਅਤੇ ਚੰਗਾ ਤਜਰਬਾ ਰੱਖਦੇ ਸਨ।ਭਲੇ ਪੁਰਸ਼ ਅਤੇ ਇਮਾਨਦਾਰ ਵੀ ਪੂਰੇ ਸਨ।ਇਸ ਕਰਕੇ ਲੋਕ ਉਨਾਂ ਨੂੰ 'ਸਾਦਕ' ਜਾਂ ਅਮੀਨ ਕਹਿੰਦੇ ਸਨ। ਇਕ ਚੰਗੇ ਵਪਾਰੀ ਵਜੋਂ ਹਜ਼ਰਤ ਸਾਹਿਬ ਦਾ ਨਾਮ ਕਾਫ਼ੀ ਚਰਚਿਤ ਹੋ ਗਿਆ, ਜਿਸ ਕਰਕੇ ਮੱਕੇ ਦੀ ਇਕ ਅਮੀਰ ਵਿਧਵਾ ਖਦੀਜਾ ਨੇ ਉਨ੍ਹਾਂ ਨਾਲ ਸ਼ਾਦੀ ਕਰ ਲਈ। ਉਸ ਸਮੇਂ ਖਦੀਜਾ ਦੀ ਉਮਰ ੪੦ ਸਾਲ ਅਤੇ ਉਨ੍ਹਾਂ ਦੀ ਉਮਰ ੨੫ ਸਾਲ ਸੀ।
ਖਦੀਜਾ ਦੀ ਕੁੱਖੋਂ ਚਾਰ ਲੜਕੀਆਂ ਅਤੇ ਚਾਰ ਲੜਕੇ ਪੈਦਾ ਹੋਏ।ਹਜ਼ਰਤ ਮੁਹੰਮਦ ਸਾਹਿਬ ਅੱਲ੍ਹਾ ਦੀ ਬੰਦਗੀ ਕਰਨ ਵਾਲੇ ਪੁਰਖ ਸਨ।ਬੰਦਗੀ ਦੇ ਸਮੇਂ ਉਹ ਇੱਕ ਪਹਾੜ ਉਪਰ ਬਣੀ ਹੋਈ ਹਿਰਾ ਨਾਮੀ ਗ਼ੁਫ਼ਾ ਵਿਚ ਚਲੇ ਜਾਂਦੇ ਸਨ ਅਤੇ ਗੁਜ਼ਾਰੇ ਲਈ ਕੁਝ ਸਤੂ ਅਤੇ ਪਾਣੀ ਵੀ ਆਪਣੇ ਨਾਲ ਲੈ ਜਾਂਦੇ ਸਨ। ਲਗਾਤਾਰ ਕਈ ਸਾਲਾਂ ਦੀ ਸਾਧਨਾ ਦੇ ਬਾਅਦ ਇੱਕ ਰੋਜ਼ ਅਚਨਚੇਤ ਉਨ੍ਹਾਂ ਨੂੰ ਇੱਕ ਫ਼ਰਿਸ਼ਤੇ ਦੇ ਦਰਸਨ ਹੋਏ ਜਿਸ ਨੇ ਮੁਹੰਮਦ ਸਾਹਿਬ ਨੂੰ ਅੱਲ੍ਹਾ ਦੇ (੨) ਰਸੂਲ਼ ਹੋਣ 'ਤੇ ਮੁਬਾਰਕਬਾਦ ਦਿੱਤੀ। ਉਸ ਸਮੇਂ ਉਨ੍ਹਾਂ ਦੀ ਉਮਰ ਚਾਲੀ ਸਾਲ ਦੇ ਨੇੜੇ ਸੀ। ਜਦੋਂ ਉਹ ਆਪਣੇ ਘਰ ਆਏ ਤਾਂ ਉਨ੍ਹਾਂ ਦੇ ਚਿਹਰੇ 'ਤੇ ਕੁਝ ਘਬਰਾਹਟ ਸੀ। ਜਦੋਂ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਖਦੀਜਾ ਨੇ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, “ਮੈਂ ਪਹਾੜ ਦੀ ਕੰਦਰਾ ਵਿਚ ਬੈਠਾ ਹੋਇਆ ਸੀ ਕਿ ਇਕ ਫਰਿਸ਼ਤਾ ਮੇਰੇ ਸਾਹਮਣੇ ਆ ਗਿਆ ਅਤੇ ਉਸ ਨੇ ਜ਼ੋਰ ਨਾਲ ਘੁੱਟ ਕੇ ਮੈਨੂੰ ਕਿਹਾ, “ਪੜ੍ਹ।'' ਮੈਂ ਉਸ ਫਰਿਸ਼ਤੇ ਨੂੰ ਕਿਹਾ “ਮੈ ਅਨਪੜ੍ਹ ਹਾਂ।'' ਉਸ ਨੇ ਮੈਨੂੰ ਫਿਰ ਹਿਲਾਇਆ ਅਤੇ ਕਿਹਾ,“ਪੜ੍ਹ, ਆਪਣੇ ਪਾਲਣਹਾਰ ਦੇ ਨਾਮ ਨਾਲ, ਜਿਸ ਨੇ ਸਿੱਖਾਇਆ ਆਦਮ ਨੂੰ ਜੋ ਕੁਝ ਨਹੀਂ ਜਾਣਦਾ ਸੀ।'' ਸਾਰੀ ਵਾਰਤਾ ਸੁਣ ਕੇ ਉਨ੍ਹਾਂ ਦੀ ਪਤਨੀ ਖਦੀਜਾ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਇਸ ਵਿਚ ਘਬਰਾਉਣ ਵਾਲੀ ਕੋਈ ਗੱਲ ਨਹੀਂ। ਖਦੀਜਾ ਦੇ ਹੌਂਸਲੇ ਨਾਲ ਮੁਹੰਮਦ ਸਾਹਿਬ ਦੀ ਤਸੱਲੀ ਨਹੀਂ ਹੋਈ। ਆਖੀਰ ਉਹ ਉਨ੍ਹਾਂ ਨੂੰ ਆਪਣੇ ਚਾਚੇ ਦੇ ਲੜਕੇ ਵਰਕਾ ਕੋਲ ਲੈ ਗਈ।ਵਰਕਾ ਇਸਾਈ ਸੀ।ਉਸ ਨੇ ਮੁਹੰਮਦ ਸਾਹਿਬ ਨੂੰ ਕਿਹਾ,“ਰੱਬ ਤਹਾਨੂੰ ਪੈਗੰਬਰ ਬਣਾਉਣ ਲੱਗਾ ਹੈ।'' ਇਹ ਗੱਲ ਸੁਣ ਕੇ ਉਨ੍ਹਾਂ ਨੂੰ ਕੁਝ ਧੀਰਜ ਹੋ ਗਿਆ। ਇਕ ਦਿਨ ਹਜ਼ਰਤ ਸਾਹਿਬ ਫਿਰ ਦੌੜੇ ਹੋਏ ਬਾਹਰੋਂ ਆਏ।ਖਦੀਜਾ ਨੇ ਕੱਪੜੇ ਪਾ ਕੇ ਛੁਪਾ ਦਿੱਤਾ ਅਤੇ ਪੁੱਛਿਆ, “ਅੱਜ ਕੀ ਭਾਣਾ ਵਰਤਿਆ ਹੈ।'' ਮੁਹੰਮਦ ਸਾਹਿਬ ਨੇ ਦੱਸਿਆ,“ਅੱਜ ਫਿਰ ਉਸੇ ਤਰ੍ਹਾਂ ਦੀਆਂ ਆਵਾਜਾਂ ਆਉਂਦੀਆਂ ਸਨ।'' ਫਰਿਸ਼ਤੇ ਨੇ ਕਿਹਾ, ''ਮੈਂ ਆਪਣੇ ਉਪਰ ਕਪੜਾ ਲੈਣ ਵਾਲਿਆ! ਖੜਾ ਹੋ ਤੇ ਆਪਣੇ ਪਾਲਣਹਾਰ ਦੀ ਵਡਿਆਈ ਕਰ।ਗੰਦਗੀ ਛੱਡ ਕੇ ਆਪਣੇ ਕਪੜਿਆਂ ਨੂੰ ਪਵਿੱਤਰ ਕਰ।'' ਇਹ ਸੁਣ ਕੇ ਖ਼ਦੀਜਾ ਉਨ੍ਹਾਂ ਨੂੰ ਫਿਰ ਆਪਣੇ ਚਾਚੇ ਦੇ ਪੂੱਤਰ ਵਰਕਾ ਪਾਸ ਲੈ ਗਈ।ਮੁਹੰਮਦ ਸਾਹਿਬ ਨੇ ਉਸ ਨੂੰ ਸਾਰੀ ਵਿਥਿਆ ਕਹਿ ਸੁਣਾਈ। ਵਰਕਾ ਨੇ ਕਿਹਾ, “ਅਜਿਹੇ ਫਰਿਸ਼ਤੇ ਸਿਰਫ ਪੈਗ਼ੰਬਰਾਂ ਕੋਲ ਹੀ ਆਉਂਦੇ ਹਨ।'' ਪੈਗੰਬਰੀ ਦਾ ਯਕੀਨ ਹੋ ਜਾਣ 'ਤੇ ਹਜ਼ਰਤ ਮੁਹੰਮਦ ਸਾਹਿਬ ਨੇ ਇਸਲਾਮ ਦਾ ਪ੍ਰਚਾਰ ਆਰੰਭ ਕਰ ਦਿੱਤਾ।ਸਭ ਤੋਂ ਪਹਿਲਾਂ ਜ਼ੈਦ ਨਾਮੇ ਗ਼ੁਲਾਮ ਨੇ ਇਸਲਾਮ ਕਬੂਲ ਕੀਤਾ।ਉਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਮੋਮਨ ਬਣੀ।
ਇਸ ਤੋਂ ਪਿੱਛੋਂ ਵਰਕਾ ਦੀਨ ਵਿਚ ਆਇਆ। ਫਿਰ ਚਾਚੇ ਦੇ ਪੁੱਤਰ ਅਲੀ ਨੇ ਵੀ ਉਨ੍ਹਾਂ ਉਪਰ ਈਮਾਨ ਲੈ ਆਂਦਾ। ਤਿੰਨ ਸਾਲ ਤੱਕ ਹਜ਼ਰਤ ਮੁਹੰਮਦ ਸਾਹਿਬ ਨੂੰ ਕੋਈ ਆਇਤ ਨਹੀਂ ਉਤਰੀ। ਤਰਤਾਲੀ ਸਾਲ ਦੇ ਹੋਣ 'ਤੇ ਉਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ।ਤਿੰਨ ਸਾਲ ਤੱਕ ਕੇਵਲ ੪੦ ਆਦਮੀ ਹੀ ਮੁਸਲਮਾਨ ਹੋਏ। ਹਜ਼ਰਤ ਮੁਹੰਮਦ ਦੇ ਆਪਣੇ ਘਰਾਣੇ ਦਾ ਮਜ੍ਹਬ ਮੂਰਤੀ-ਪੂਜਾ ਸੀ।ਮੱਕਾ ਕੁਰੈਸ਼ ਦਾ ਧਾਰਮਿਕ ਮੰਦਰ ਸੀ ਜਿਥੇ ੩੬੦ ਦੇਵਤਿਆਂ ਦੀਆਂ ਮੂਰਤੀਆਂ ਤੇ ਕਿਸੇ ਟੁੱਟੇ ਹੋਏ ਤਾਰੇ ਦਾ ਇਕ ਟੁਕੜਾ ਕਾਲੇ ਰੰਗ ਦਾ ਪੱਥਰ (ਸੰਗ-ਏ-ਅਸਵਦ) ਸਨ, ਜਿੰਨ੍ਹਾ ਦੀ ਪੂਜਾ-ਅਰਚਨਾ ਕੀਤੀ ਜਾਂਦੀ ਸੀ।ਮੱਕੇ ਦੇ 'ਮਜਾਵਰ' ਆਪਣੀ ਪੂਜਾ-ਭੇਟਾ ਕਾਇਮ ਰੱਖਣ ਲਈ ਪੁਰਾਣੇ ਮਜ਼੍ਹਬ ਵਿਚ ਕਿਸੇ ਤਬਦੀਲੀ ਲਈ ਤਿਆਰ ਨਹੀਂ ਸਨ ਪਰ ਹਜ਼ਰਤ ਮੁਹੰਮਦ ਸਾਹਿਬ ਇਕ ਈਸ਼ਵਰਵਾਦੀ ਹੋਣ ਕਰਕੇ ਚਾਹੁੰਦੇ ਸਨ ਕਿ ਉੱਥੇ ਇਕ ਖੁਦਾ ਦੀ ਬੰਦਗੀ ਕੀਤੀ ਜਾਵੇ।ਇਹ ਕਾਰਜ ਹੀ ਉਨ੍ਹਾਂ ਦਾ ਜੀਵਨ-ਉਦੇਸ਼ ਬਣ ਗਿਆ।ਪਰ ਇਹ ਇਕ ਔਖਾ ਅਤੇ ਸੰਵੇਦਨਸ਼ੀਲ ਕਾਰਜ ਸੀ। ਇਸ ਨੂੰ ਨੇਪਰ੍ਹੇ ਚਾੜਨ ਲਈ ਸਭ ਤੋਂ ਵੱਧ ਵਿਰੋਧ ਉਨ੍ਹਾਂ ਨੂੰ ਆਪਣੇ ਕਬੀਲੇ ਕੁਰੈਸ਼ ਦਾ ਹੀ ਸਹਿਣਾ ਪਿਆ। ਉਨ੍ਹਾਂ ਦੇ ਇਸ ਅੜੀਅਲ ਰਵੱਈਏ ਕਾਰਨ ਮੁਹੰਮਦ ਸਾਹਿਬ ਨੂੰ ਉਨ੍ਹਾਂ ਨਾਲ ਧਰਮ-ਯੁੱਧ ਵੀ ਕਰਨੇ ਪਏ। ਇਨ੍ਹਾਂ ਯੁੱਧਾਂ ਤੋਂ ਬਾਅਦ ਆਖੀਰ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਗਏ।ਇਸ ਕਾਮਯਾਬੀ ਕਾਰਨ ਇਸਲਾਮ ਜਗਤ ਵਿਚ ਉਨ੍ਹਾਂ ਦਾ ਨਾਂ ਬਹੁਤ ਹੀ ਅਦਬ ਨਾਲ ਲਿਆ ਜਾਂਦਾ ਹੈ। ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਇਹ ਮਹਾਂਪੁਰਖ ੬੩੨ ਈ. ਵਿਚ (ਕੁਝ ਸਮਾਂ ਬਿਮਾਰ ਰਹਿਣ ਕਾਰਨ) ਅੱਲ੍ਹਾ ਨੂੰ ਪਿਆਰੇ ਹੋ ਗਏ। ਰਮਜ਼ਾਨ ਦੇ ਮਹੀਨੇ ਵਿਚ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਰੋਜ਼ੇ ਦਾ ਜੋ ਮੂਲ ਮੰਤਵ ਬਿਆਨ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹੈ:-
ਮੁਹੰਮਦ ਸਾਹਿਬ ਨੇ ਫਰਮਾਇਆ ਕਿ ਰਮਜ਼ਾਨ ਦੇ ਮਹੀਨੇ ਵਿਚ ਇਕ ਸੱਚੇ ਮੁਸਲਮਾਨ ਦੁਆਰਾ ਰੱਖੇ ਰੋਜ਼ੇ ਦਾ ਮੂਲ ਮੰਤਵ ਪ੍ਰਹੇਜ਼ਗਾਰੀ ਹੁੰਦਾ ਹੈ।ਇਸ ਮਨੋਰਥ ਨੂੰ ਅਣਡਿੱਠ ਕਰਕੇ ਭੁੱਖੇ-ਪਿਆਸੇ ਰਹਿਣ ਨਾਲ ਕਿਸੇ ਖੁਦਾਈ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ ਜਾ ਸਕਦਾ।ਉਨ੍ਹਾਂ ਅਨੁਸਾਰ 'ਜੇਕਰ ਕਿਸੇ ਮੁਸਲਮਾਨ ਨੇ ਝੂਠ ਬੋਲਣਾ ਅਤੇ ਉਸ ਉਪਰ ਅਮਲ ਕਰਨਾ ਨਹੀਂ ਤਿਆਗਿਆ ਤਾਂ ਉਸ ਦਾ ਖਾਣ-ਪੀਣ ਛੱਡਿਆ ਵੀ ਕਿਸੇ ਅਰਥ ਵਿਚ ਨਹੀਂ ਹੈ।'' ਮੁਹੰਮਦ ਸਾਹਿਬ ਅਨੁਸਾਰ ਮੁਸਲਮਾਨ ਨੇ ਰੋਜ਼ਾ ਈਮਾਨ ਅਤੇ ਆਪਾ-ਪੜਚੋਲ ਨਾਲ ਰੱਖਣਾ ਹੈ। ਈਮਾਨ ਤੋਂ ਭਾਵ ਹੈ ਕਿ ਇੱਕ ਮੁਸਲਮਾਨ ਦਾ ਜੋ ਰੱਬੀ ਵਿਸ਼ਵਾਸ ਹੈ ਉਹ ਸਦਾ ਵਾਸਤੇ ਕਾਇਮ ਰਹਿਣਾ ਚਾਹੀਦਾ ਹੈ।ਆਪਾ-ਪੜਚੋਲ ਤੋਂ ਭਾਵ ਹੈ ਕਿ ਮਨੁੱਖ ਰੱਬੀ ਰਜ਼ਾ ਦਾ ਅਨੁਸਾਰੀ ਹੋ ਕੇ ਰਹੇ। ਹਰ ਵਕਤ ਆਪਣੇ ਵਿਚਾਰਾਂ ਅਤੇ ਅਮਲਾਂ ਦੀ ਪੜਚੋਲ ਕਰਦਾ ਰਹੇ ਕਿ ਕਿਧਰੇ ਉਹ ਅੱਲਾਹ ਦੀ ਮਰਜ਼ੀ ਦੇ ਖ਼ਿਲਾਫ਼ ਤਾਂ ਨਹੀਂ ਜਾ ਰਹੇ।ਇਨ੍ਹਾਂ ਦੋਵਾਂ ਗੱਲਾਂ ਨੂੰ ਸਨਮੁੱਖ ਰੱਖ ਕੇ ਜਿਹੜਾ ਮੁਸਲਮਾਨ ਰਮਜ਼ਾਨ ਦੇ ਪੂਰੇ ਰੋਜ਼ੇ ਰੱਖੇਗਾ ਉਹ ਆਪਣੇ ਪਿਛਲੇ ਗੁਨਾਹ ਮੁਆਫ਼ ਕਰਵਾ ਲਵੇਗਾ।
ਪੈਗੰਬਰ ਹਜ਼ਰਤ ਮੁਹੰਮਦ ਨੇ ਰੋਜ਼ੇ ਨੂੰ ਪਾਪ ਤੋਂ ਬਚਣ ਦੀ ਢਾਲ ਕਿਹਾ ਹੈ।ਉਨ੍ਹਾਂ ਦੇ ਅਨੁਸਾਰ 'ਜਿਸ ਤਰ੍ਹਾਂ ਢਾਲ ਦੁਸ਼ਮਣ ਦੇ ਵਾਰ ਤੋਂ ਬਚਣ ਲਈ ਹੈ ਉਸੇ ਤਰ੍ਹਾਂ ਰੋਜ਼ਾ ਸ਼ੈਤਾਨ ਦੇ ਵਾਰ ਤੋਂ ਬਚਣ ਲਈ ਹੈ।ਇਸ ਲਈ ਜਿਸ ਵਿਅਕਤੀ ਨੇ ਰੋਜ਼ਾ ਰੱਖਿਆ ਹੋਵੇ ਉਸ ਨੂੰ ਚਾਹੀਦਾ ਹੈ ਕਿ ਇਸ ਢਾਲ ਦੀ ਵਰਤੋਂ ਕਰਕੇ ਉਹ ਲੜਾਈ-ਝਗੜੇ ਅਤੇ ਦੰਗਾ-ਫ਼ਸਾਦ ਤੋਂ ਬਚ ਕੇ ਰਹੇ।
ਰਮਜ਼ਾਨ ਦੇ ਮਹੀਨੇ ਵਿਚ ਰੋਜ਼ਾ ਰੱਖਣ ਵਾਲੇ ਮਨੁੱਖ ਨੂੰ ਵੱਧ ਤੋਂ ਵੱਧ ਨੇਕ ਅਤੇ ਭਲੇ ਕਾਰਜ ਕਰਨੇ ਚਾਹੀਦੇ ਹਨ।ਉਹ ਆਪ ਭੁੱਖਾ-ਪਿਆਸਾ ਅਤੇ ਕਸ਼ਟ ਵਿਚ ਹੋਣ ਕਰਕੇ ਭਲੀ ਭਾਂਤ ਮਹਿਸੂਸ ਕਰ ਸਕਦਾ ਹੈ ਕਿ ਅੱਲਾਹ ਦੇ ਹੋਰਨਾਂ ਬੰਦਿਆਂ 'ਤੇ ਗਰੀਬੀ ਤੇ ਮੁਸੀਬਤ ਵਿਚ ਕਿਸ ਤਰ੍ਹਾਂ ਬੀਤਦੀ ਹੋਵੇਗੀ।ਯਾਦ ਰਹੇ ਕਿ ਰਮਜ਼ਾਨ ਦੇ ਮਹੀਨੇ ਵਿਚ ਮੁਹੰਮਦ ਸਾਹਿਬ ਆਪ ਵੀ ਆਮ ਦਿਨਾਂ ਨਾਲੋ ਵਧੇਰੇ ਦਿਆਲੂ ਅਤੇ ਹਮਦਰਦ ਬਣ ਜਾਂਦੇ ਸਨ।ਕੋਈ ਮੰਗਤਾ ਅਤੇ ਫ਼ਕੀਰ ਉਨ੍ਹਾਂ ਦੇ ਦਰ ਤੋਂ ਕਦੇ ਨਿਰਾਸ਼ ਨਹੀਂ ਮੁੜਦਾ ਸੀ ਅਤੇ ਕੈਦੀ, ਕੈਦ ਵਿਚ ਨਹੀਂ ਰਹਿੰਦਾ ਸੀ।ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਰਮਜ਼ਾਨ ਦਾ ਮਹੀਨਾ ਕੇਵਲ ਰੋਜ਼ੇ ਰੱਖਣ ਦਾ ਹੀ ਮਹੀਨਾ ਨਹੀਂ ਹੁੰਦਾ ਸਗੋਂ ਇਹ ਗ਼ਰੀਬਾਂ,ਅਨਾਥਾਂ ਅਤੇ ਲੋੜਵੰਦਾਂ ਦਾ ਮਹੀਨਾ ਹੈ ਜਿਸ ਵਿਚ ਇਕ ਮੁਸਲਮਾਨ ਵੱਲੋਂ ਇਨ੍ਹਾਂ ਸਾਰਿਆਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਅਤੇ ਵਿਤ ਮੁਤਾਬਿਕ ਮਦਦ (ਦਾਨ-ਪੁੰਨ ਦੇ ਦੁਆਰਾ) ਕੀਤੀ ਜਾਂਦੀ ਹੈ।
ਰਮੇਸ਼ ਬੱਗਾ ਚੋਹਲਾ
ਕਦਰ ਨਾ ਪਾਵੇ ਕੁੜੀਆਂ ਦੀ ਇਨਸਾਨ...
NEXT STORY