ਜਗਰਾਓਂ/ਹਠੂਰ (ਜਸਬੀਰ ਸ਼ੇਤਰਾ, ਭੱਟੀ) : ਜਵਾਨ ਪੁੱਤਾਂ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੀ ਮਾਂ ਦਾ ਪਿੰਡ ਦੇ ਹੀ ਇਕ ਨੌਜਵਾਨ ਨਾਲ ਨਾਜਾਇਜ਼ ਰਿਸ਼ਤਾ ਹੈ ਤਾਂ ਦੋਹਾਂ ਪੁੱਤਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪੁੱਜ ਗਿਆ। ਇਸ ਤੋਂ ਬਾਅਦ ਉਹ ਵਾਪਰਿਆ, ਜੋ ਕਿਸੇ ਨੇ ਸੋਚਿਆ ਨਹੀਂ ਸੀ। ਦੋਹਾਂ ਪੁੱਤਾਂ ਨੇ ਮਿਲ ਕੇ ਆਪਣੀ ਮਾਂ ਨੂੰ ਦਾਤਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ।
ਜਾਣਕਾਰੀ ਮੁਤਾਬਕ ਇਸ ਘਟਨਾ ਦਾ ਪਤਾ ਕਤਲ ਦੀ ਅਗਲੀ ਸਵੇਰ ਉਸ ਸਮੇਂ ਲੱਗਿਆ, ਜਦੋਂ ਦੋਵੇਂ ਸਕੇ ਭਰਾ ਜਗਸੀਰ ਸਿੰਘ ਅਤੇ ਸੁਖਪਾਲ ਸਿੰਘ ਖੁਦ ਹੀ ਥਾਣੇ ਪਹੁੰਚ ਗਏ ਤੇ ਇਕਬਾਲ-ਏ-ਜ਼ੁਰਮ ਕਰ ਲਿਆ। ਉਨ੍ਹਾਂ ਨੂੰ ਆਪਣੀ ਮਾਂ ਕਰਮਜੀਤ ਕੌਰ ਦੇ ਪਿੰਡ ਦੇ ਹੀ ਇਕ ਨੌਜਵਾਨ ਨਾਲ ਪ੍ਰੇਮ ਸੰਬੰਧਾਂ ਬਾਰੇ ਸ਼ੱਕ ਸੀ ਅਤੇ ਉਹ ਕਈ ਵਾਰ ਮਾਂ ਨੂੰ ਅਜਿਹਾ ਕਰਨ ਤੋਂ ਰੋਕ ਚੁੱਕੇ ਸਨ ਪਰ ਇਕ ਰਾਤ ਉਨ੍ਹਾਂ ਦਾ ਸਬਰ ਜਵਾਬ ਦੇ ਗਿਆ, ਜਿਸ ਤੋਂ ਬਾਅਦ ਦੋਹਾਂ ਨੇ ਇਹ ਖੌਫਨਾਕ ਕਦਮ ਚੁੱਕਿਆ।
ਇਨ੍ਹਾਂ ਭਰਾਵਾਂ 'ਚੋਂ ਵੱਡੇ ਦੀ ਉਮਰ 20 ਸਾਲ ਦੇ ਕਰੀਬ ਹੈ, ਜਦੋਂ ਕਿ ਦੂਜਾ ਅਜੇ 18 ਸਾਲ ਤੋਂ ਘੱਟ ਹੈ। ਫਿਲਹਾਲ ਦੋਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਹਾਂ ਦਾ ਪਿਤਾ ਭਿੰਦਰ ਸਿੰਘ ਪਿਛਲੇ ਪੰਜ ਸਾਲ ਤੋਂ ਮਿਹਨਤ ਮਜ਼ਦੂਰੀ ਲਈ ਅਰਬ ਦੇਸ਼ ਗਿਆ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਭਿੰਦਰ ਸਿੰਘ ਨੇ 2012 'ਚ ਕਰਮਜੀਤ ਕੌਰ ਨੂੰ ਬੇਦਖਲ ਕਰ ਦਿੱਤਾ ਸੀ ਤੇ ਉਹ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗੀ ਸੀ।
ਭਿੰਦਰ ਸਿੰਘ ਦੇ ਵਿਦੇਸ਼ ਚਲੇ ਜਾਣ ਤੋਂ ਬਾਅਦ ਕਰਮਜੀਤ ਕੌਰ ਮੁੜ ਸਹੁਰੇ ਘਰ ਪਰਤ ਆਈ ਅਤੇ ਆਪਣੇ ਦੋਹਾਂ ਪੁੱਤਾਂ ਨਾਲ ਰਹਿਣ ਲੱਗੀ। ਹੁਣ ਦੋਵੇਂ ਪੁੱਤ ਵੱਡੇ ਹੋ ਗਏ ਸਨ ਅਤੇ ਜਦੋਂ ਉਨ੍ਹਾਂ ਨੂੰ ਮਾਂ ਦੇ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਤਾਂ ਉਨ੍ਹਾਂ ਝਗੜਾ ਸ਼ੁਰੂ ਕਰ ਦਿੱਤਾ। ਫਿਰ ਦੋਹਾਂ ਭਰਾਵਾਂ ਨੇ ਦਾਤਰ ਮਾਰ-ਮਾਰ ਕੇ ਬੇਰਹਿਮੀ ਨਾਲ ਕਰਮਜੀਤ ਕੌਰ ਨੂੰ ਕਤਲ ਕਰ ਦਿੱਤਾ। ਬਾਅਦ 'ਚ ਉਹ ਕਤਲ ਲਈ ਵਰਤਿਆ ਦਾਤ ਪਿੰਡ ਦੇ ਛੱਪੜ 'ਚ ਸੁੱਟ ਕੇ ਖੁਦ ਹੀ ਥਾਣੇ ਜਾ ਕੇ ਪੇਸ਼ ਹੋ ਗਏ। ਕਤਲ ਤੋਂ ਬਾਅਦ ਜਦੋਂ ਪੁਲਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਕਰਮਜੀਤ ਕੌਰ ਦੀ ਖੂਨ ਨਾਲ ਲਥਪਥ ਲਾਸ਼ ਵਿਹੜੇ 'ਚ ਪਈ ਸੀ।
ਮੋਦੀ ਟੀਮ ਦੇ ਪੰਜਾਬ ਯੂਥ ਮੋਰਚਾ ਪ੍ਰਧਾਨ ਹਨੀ ਨੇ ਦਿੱਤਾ ਅਸਤੀਫਾ
NEXT STORY