ਚੰਡੀਗੜ੍ਹ (ਬਿਊਰੋ) : ਪੰਜਾਬ ’ਚ ਇਸ ਵਾਰ ਸਿਰਫ ਰਾਜਨੇਤਾ ਹੀ ਨਹੀਂ, ਸਗੋਂ ਹਰ ਖੇਤਰ ਤੋਂ ਲੋਕ ਵਿਧਾਨਸਭਾ ਚੋਣਾਂ ਲੜ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ 30 ਡਾਕਟਰ ਵੀ ਪੰਜਾਬ ਦੀ ਰਾਜਨੀਤਕ ਸਿਹਤ ਸੁਧਾਰਨ ਲਈ ਮੈਦਾਨ ’ਚ ਉਤਰੇ ਹਨ। ਇਨ੍ਹਾਂ ਵਿਚ ਕੁੱਝ ਐੱਮ. ਬੀ. ਬੀ. ਐੱਸ. ਕਰ ਚੁੱਕੇ ਹਨ ਤਾਂ ਕੁੱਝ ਪੀ. ਐੱਚ. ਡੀ.। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਹਰ ਦਲ ਤੋਂ ਡਾਕਟਰ ਨੂੰ ਚੋਣ ਲੜਾਈ ਜਾ ਰਹੀ ਹੈ। ਇਹ ਡਾਕਟਰ ਵੋਟਰਾਂ ਦੀ ਨਬਜ਼ ਕਿੰਨੀ ਸਮਝ ਪਾਉਂਦੇ ਹਨ, ਇਹ ਨਤੀਜੇ ਆਉਣ ’ਤੇ ਹੀ ਸਾਹਮਣੇ ਆ ਪਾਵੇਗਾ। ਇਨ੍ਹਾਂ ਡਾਕਟਰ ਉਮੀਦਵਾਰਾਂ ਅਤੇ ਇਨ੍ਹਾਂ ਦੀ ਪਾਰਟੀਆਂ ਨਾਲ ਜੁੜੀ ਜਾਣਕਾਰੀ ਪੇਸ਼ ਕਰ ਰਹੇ ਹਨ ਜਗਬਾਣੀ ਦੇ ਹਰੀਸ਼ਚੰਦਰ :
‘ਆਪ’ ਨੇ ਸਭ ਤੋਂ ਜ਼ਿਆਦਾ 10 ਡਾਕਟਰਾਂ ਨੂੰ ਦਿੱਤੀ ਟਿਕਟ
ਰਾਜਨੀਤੀ ’ਚ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਸਭ ਤੋਂ ਜ਼ਿਆਦਾ 10 ਡਾਕਟਰਾਂ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਟਿਕਟ ਦਿੱਤੀ ਹੈ। ਇਨ੍ਹਾਂ ’ਚ ਅੰਮਿ੍ਤਸਰ (ਪੱਛਮੀ) ਤੋਂ ਡਾ. ਜਸਬੀਰ ਸਿੰਘ, ਅੰਮਿ੍ਤਸਰ (ਸੈਂਟਰਲ) ਤੋਂ ਡਾ. ਅਜੇ ਗੁਪਤਾ, ਅੰਮਿ੍ਤਸਰ (ਦੱਖਣੀ) ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਤਰਨਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ ਅਤੇ ਸ਼ਾਮ ਚੁਰਾਸੀ ਤੋਂ ਡਾ. ਰਵਜੋਤ ਪਾਰਟੀ ਉਮੀਦਵਾਰ ਹਨ। ‘ਆਪ’ ਦੇ ਹੋਰ ਡਾਕਟਰ ਉਮੀਦਵਾਰਾਂ ’ਚ ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ, ਮਲੋਟ ਤੋਂ ਡਾ. ਬਲਜੀਤ ਕੌਰ, ਮਾਨਸਾ ਤੋਂ ਡਾ. ਵਿਜੇ ਸਿੰਗਲਾ, ਮਾਲੇਰਕੋਟਲਾ ਤੋਂ ਡਾ. ਮੁਹੰਮਦ ਜਮੀਲ ਉਰ ਰਹਿਮਾਨ ਅਤੇ ਪਟਿਆਲਾ (ਦਿਹਾਤੀ) ਤੋਂ ਡਾ. ਬਲਬੀਰ ਸਿੰਘ ਸ਼ਾਮਲ ਹਨ।
ਅਕਾਲੀ-ਬਸਪਾ ਤੋਂ 5 ਡਾਕਟਰ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ 5 ਡਾਕਟਰਾਂ ਨੂੰ ਟਿਕਟ ਦਿੱਤੀ ਹੈ। ਅਕਾਲੀ ਦਲ ਨੇ ਡਾ. ਦਲਬੀਰ ਸਿੰਘ ਵੇਰਕਾ ਨੂੰ ਅੰਮਿ੍ਤਸਰ (ਪਛਮੀ), ਡਾ. ਸੁਖਵਿੰਦਰ ਸੁੱਖੀ ਨੂੰ ਬੰਗਾ ਅਤੇ ਡਾ. ਦਲਜੀਤ ਸਿੰਘ ਚੀਮਾ ਨੂੰ ਰੋਪੜ ਤੋਂ ਉਮੀਦਵਾਰ ਬਣਾਇਆ ਹੈ, ਜਦ ਕਿ ਉਸ ਦੇ ਸਾਥੀ ਬਸਪਾ ਨੇ ਡਾ. ਨਛੱਤਰ ਪਾਲ ਨੂੰ ਨਵਾਂ ਸ਼ਹਿਰ ਤੋਂ ਅਤੇ ਡਾ. ਜਸਪ੍ਰੀਤ ਸਿੰਘ ਨੂੰ ਪਾਇਲ ਤੋਂ ਟਿਕਟ ਦਿੱਤੀ ਹੈ। ਸੂਬੇ ’ਚ ਸਭ ਤੋਂ ਜ਼ਿਆਦਾ 14 ਵਿਧਾਨ ਸਭਾ ਹਲਕਿਆਂ ਵਾਲਾ ਜ਼ਿਲਾ ਲੁਧਿਆਣਾ ਹੈ। ਇਸ ਜ਼ਿਲੇ ’ਚ ਪੰਜੇ ਪ੍ਰਮੁੱਖ ਪਾਰਟੀਆਂ ਦੇ ਕੁਲ 70 ਉਮੀਦਵਾਰਾਂ ’ਚ ਇਕਮਾਤਰ ਪਾਇਲ ਹਲਕੇ ’ਚ ਹੀ ਅਕਾਲੀ ਦਲ ਨੇ ਡਾਕਟਰ ਨੂੰ ਉਮੀਦਵਾਰ ਬਣਾਇਆ ਹੈ। ਹੋਰ ਕਿਸੇ ਵੀ ਦਲ ਤੋਂ ਜ਼ਿਲੇ ਵਿਚ ਕੋਈ ਵੀ ਡਾਕਟਰ ਉਮੀਦਵਾਰ ਨਹੀਂ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਦਾਅਵਾ, ਡਰ ਕਾਰਨ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ ਬਿਕਰਮ ਮਜੀਠੀਆ
ਐੱਸ. ਐੱਸ. ਐੱਮ. ਦੇ 7 ਡਾਕਟਰ
ਕਿਸਾਨ ਸੰਗਠਨਾਂ ਵੱਲੋਂ ਚੋਣ ਲੜਨ ਲਈ ਗਠਿਤ ਕੀਤੇ ਗਏ ਸੰਯੁਕਤ ਸਮਾਜ ਮੋਰਚਾ ਡਾਕਟਰ ਉਮੀਦਵਾਰਾਂ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ। ਉਸ ਨੇ 7 ਡਾਕਟਰਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਐੱਸ. ਐੱਸ. ਐੱਮ. ਨੇ ਡਾ. ਕਮਲਜੀਤ ਸਿੰਘ ਕੇ. ਜੇ. ਨੂੰ ਸ੍ਰੀ ਹਰਗੋਬਿੰਦਪੁਰ, ਡਾ. ਸਤਨਾਮ ਸਿੰਘ ਅਜਨਾਲਾ ਨੂੰ ਰਾਜਾਸਾਂਸੀ, ਡਾ. ਸੁਖਮਨਦੀਪ ਸਿੰਘ ਨੂੰ ਤਰਨਤਾਰਨ, ਡਾ. ਜਗਤਾਰ ਸਿੰਘ ਚੰਦੀ ਨੂੰ ਸ਼ਾਹਕੋਟ, ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਗੜਸ਼ੰਕਰ, ਡਾ. ਅਮਨਦੀਪ ਕੌਰ ਨੂੰ ਬੱਸੀ ਭੇਜਣਾ, ਡਾ. ਅਮਰਜੀਤ ਸਿੰਘ ਮਾਨ ਨੂੰ ਸੁਨਾਮ ਤੋਂ ਟਿਕਟ ਦਿੱਤੀ ਹੈ।
ਇਹ ਵੀ ਪੜ੍ਹੋ : ਮੇਰਾ ਚੋਣ ਲੜਨ ਦਾ ਮਨ ਨਹੀਂ ਸੀ ਪਰ ਪਾਰਟੀ ਦਾ ਹੁਕਮ ਸਿਰ ਮੱਥੇ : ਪ੍ਰਕਾਸ਼ ਸਿੰਘ ਬਾਦਲ
ਭਾਜਪਾ-ਕੈਪਟਨ ਦੇ 6, ਢੀਂਡਸਾ ਦਾ ਕੋਈ ਨਹੀਂ
ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ 6 ਉਮੀਦਵਾਰ ਡਾਕਟਰ ਹਨ ਜਦ ਕਿ ਇਸ ਗਠਜੋੜ ਵਿਚ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੋਂ ਕੋਈ ਡਾਕਟਰ ਚੋਣ ਮੈਦਾਨ ਵਿਚ ਨਹੀਂ ਹੈ। ਭਾਜਪਾ ਨੇ ਡਾ. ਰਾਮ ਚਾਵਲਾ ਨੂੰ ਅੰਮ੍ਰਿਤਸਰ (ਸੈਂਟਰਲ), ਡਾ. ਜਗਮੋਹਨ ਸਿੰਘ ਰਾਜੂ ਨੂੰ ਅੰਮ੍ਰਿਤਸਰ (ਪੂਰਬੀ), ਡਾ. ਪਰਮਿੰਦਰ ਸ਼ਰਮਾ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਡਾ. ਹਰਜੋਤ ਕਮਲ ਨੂੰ ਮੋਗਾ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਸਹਿਯੋਗੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਬੱਸੀ ਪਠਾਣਾ ਤੋਂ ਡਾ. ਦੀਪਕ ਜਯੋਤੀ ਅਤੇ ਰਾਮਪੁਰਾ ਫੂਲ ਤੋਂ ਡਾ. ਅਮਰਜੀਤ ਸ਼ਰਮਾ ਉਮੀਦਵਾਰ ਹਨ।
ਸਭ ਤੋਂ ਘੱਟ 2 ਡਾਕਟਰ ਹਨ ਕਾਂਗਰਸ ਉਮੀਦਵਾਰ
ਡਾਕਟਰਾਂ ਨੂੰ ਟਿਕਟ ਦੇਣ ’ਚ ਕਾਂਗਰਸ ਸਭ ਤੋਂ ਪਿੱਛੇ ਰਹੀ ਹੈ। ਉਸ ਨੇ ਸਿਰਫ ਦੋ ਡਾਕਟਰ ਉਮੀਦਵਾਰ ਬਣਾਏ ਹਨ, ਜਿਨ੍ਹਾਂ ’ਚ ਡਾ. ਨਵਜੋਤ ਦਾਹੀਆ ਨਕੋਦਰ ਅਤੇ ਡਾ. ਰਾਜ ਕੁਮਾਰ ਚੱਬੇਵਾਲ ਤੋਂ ਚੋਣ ਮੈਦਾਨ ਵਿਚ ਹਨ। ਪੰਜਾਬ ਵਿਚ 5 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ’ਤੇ 2 ਡਾਕਟਰ ਵੱਖ-ਵੱਖ ਪਾਰਟੀਆਂ ਤੋਂ ਆਹਮਣੇ-ਸਾਹਮਣੇ ਹੋਣਗੇ। ਇਨ੍ਹਾਂ ਵਿਚ ਅੰਮ੍ਰਿਤਸਰ (ਪੱਛਮੀ), ਅੰਮ੍ਰਿਤਸਰ (ਸੈਂਟਰਲ), ਤਰਨਤਾਰਨ, ਮੋਗਾ ਅਤੇ ਬੱਸੀ ਪਠਾਣਾ ਵਿਧਾਨਸਭਾ ਹਲਕੇ ਸ਼ਾਮਲ ਹਨ। ਅੰਮ੍ਰਿਤਸਰ ਸ਼ਹਿਰ ਅਜਿਹਾ ਹੈ ਜਿਥੇ 6 ਡਾਕਟਰ 3 ਪਾਰਟੀਆਂ ਵੱਲੋਂ ਚੋਣ ਲੜ ਰਹੇ ਹਨ। ਇਥੇ ‘ਆਪ’ ਨੇ 3, ਭਾਜਪਾ ਨੇ 2 ਅਤੇ ਅਕਾਲੀ ਦਲ ਵੱਲੋਂ 1 ਡਾਕਟਰ ਨੂੰ ਟਿਕਟ ਦਿੱਤੀ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ 'ਚ ਨੌਜਵਾਨ 'ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ, ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ
NEXT STORY