ਹੁਸ਼ਿਆਰਪੁਰ(ਘੁੰਮਣ)— ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫਸਰ ਵਿਪੁਲ ਉੱਜਵਲ ਨੇ ਦੱਸਿਆ ਕਿ ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਅਤੇ ਵੋਟ ਦੀ ਦਰੁਸਤੀ ਲਈ 31 ਜੁਲਾਈ ਤੱਕ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਕਰੀਬ 3603 ਨੌਜਵਾਨਾਂ ਵੱਲੋਂ ਵੋਟਰ ਬਣਨ ਲਈ ਰਜਿਸਟਰੇਸ਼ਨ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ 18 ਤੋਂ 19 ਸਾਲ ਦੇ 1110 ਨੌਜਵਾਨਾਂ, ਜਦਕਿ 19 ਸਾਲ ਤੋਂ ਵੱਧ ਦੇ 2493 ਸਮੇਤ 3603 ਨੌਜਵਾਨਾਂ ਨੇ ਸੰਬੰਧਤ ਬੀ. ਐੱਲ. ਓਜ਼ ਕੋਲ ਆਪਣੇ ਫਾਰਮ ਨੰਬਰ 6 ਭਰ ਕੇ ਜਮ੍ਹਾ ਕਰਵਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵੋਟ ਕੱਟਣ ਨਾਲ ਸੰਬੰਧਤ ਫਾਰਮ ਨੰਬਰ 7 ਵੀ 1545 ਵੋਟਰਾਂ ਵੱਲੋਂ ਜਮ੍ਹਾ ਕਰਵਾਇਆ ਗਿਆ ਹੈ, ਜਦਕਿ ਵੋਟ ਦੀ ਦਰੁਸਤੀ ਲਈ ਫਾਰਮ ਨੰਬਰ 8 ਭਰਨ ਵਾਲਿਆਂ ਦੀ ਗਿਣਤੀ 1151 ਰਹੀ।
ਜ਼ਿਲਾ ਚੋਣ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ 31 ਜੁਲਾਈ ਤੱਕ ਨਵੀਆਂ ਵੋਟਾਂ ਬਣਾਉਣ, ਕੱਟਣ ਅਤੇ ਕਿਸੇ ਵੀ ਪ੍ਰਕਾਰ ਦੀ ਦਰੁਸਤੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਹਰੇਕ ਵਿਅਕਤੀ ਨੂੰ ਲਾਹਾ ਲੈਣਾ ਚਾਹੀਦਾ ਹੈ।
ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਇਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਉਹ ਪਹਿਲ ਦੇ ਆਧਾਰ 'ਤੇ ਆਪਣੀ ਵੋਟ ਬਣਵਾਉਣ ਨੂੰ ਤਰਜੀਹ ਦੇਣ। ਉਨ੍ਹਾਂ ਦੱਸਿਆ ਕਿ ਉਕਤ ਸਮੇਂ ਦੌਰਾਨ ਵੋਟਰ ਸੂਚੀ ਵਿਚ ਸ਼ਾਮਲ ਹੋਣ ਤੋਂ ਰਹਿ ਗਏ ਕਿਸੇ ਵੀ ਉਮਰ ਦੇ ਯੋਗ ਵਿਅਕਤੀਆਂ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ, ਇਸ ਲਈ ਯੋਗ ਵਿਅਕਤੀ ਫਾਰਮ ਨੰਬਰ 6 ਭਰ ਕੇ ਸੰਬੰਧਿਤ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਜਾਂ ਸੰਬੰਧਿਤ ਬੂਥ ਲੈਵਲ ਅਫਸਰ ਕੋਲ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ 23 ਜੁਲਾਈ ਨੂੰ ਬੂਥ ਲੈਵਲ ਅਫ਼ਸਰ ਸੰਬੰਧਿਤ ਪੋਲਿੰਗ ਸਟੇਸ਼ਨਾਂ 'ਤੇ ਤਾਇਨਾਤ ਰਹਿ ਕੇ ਵੋਟਰਾਂ ਪਾਸੋਂ ਫਾਰਮ ਪ੍ਰਾਪਤ ਕਰਨਗੇ।
ਸ਼੍ਰੀ ਉੱਜਵਲ ਨੇ ਦੱਸਿਆ ਕਿ ਇਹ ਫਾਰਮ ਡਾਕ ਦੁਆਰਾ ਜਾਂ ਐੱਨ. ਵੀ. ਐੱਸ. ਪੀ. ਪੋਰਟਲ 'ਤੇ ਜਾਂ ਸੀ. ਐੱਸ. ਸੀ. ਸੈਂਟਰ (ਕਾਮਨ ਸਰਵਿਸ ਸੈਂਟਰ) 'ਤੇ ਜਾ ਕੇ ਆਨਲਾਈਨ ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੁਹਿੰਮ ਦੌਰਾਨ ਪ੍ਰਾਪਤ ਹੋਣ ਵਾਲੇ ਸਾਰੇ ਫਾਰਮਾਂ ਦਾ ਨਿਪਟਾਰਾ ਚੋਣ ਕਮਿਸ਼ਨ ਵਲੋਂ ਤਿਆਰ ਵੈੱਬ ਪੋਰਟਲ ਈ. ਆਰ. ਓ. ਨੈੱਟ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਕਰਨ ਅਤੇ ਵੋਟਰਾਂ ਦੀ ਸੁਵਿਧਾ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰਾਂ ਨੂੰ ਉਨ੍ਹਾਂ ਵੱਲੋਂ ਭਰੇ ਗਏ ਫਾਰਮਾਂ ਦੀ ਸਥਿਤੀ ਸਬੰਧੀ ਜਾਣਕਾਰੀ ਮੋਬਾਈਲ 'ਤੇ ਐੱਸ. ਐੱਮ. ਐੱਸ. ਰਾਹੀਂ ਨਾਲ ਦੀ ਨਾਲ ਮਿਲਦੀ ਰਹੇਗੀ।
ਕਾਰ ਦੀ ਟੱਕਰ ਨਾਲ ਇਨੋਵਾ ਸਵਾਰ ਬੀਮਾਰ ਵਿਅਕਤੀ ਨੇ ਤੋੜਿਆ ਦਮ
NEXT STORY