ਚੰਡੀਗੜ੍ਹ, (ਰਾਏ)- ਅੱਜ ਚੰਡੀਗੜ੍ਹ 51 ਸਾਲਾਂ ਦਾ ਹੋਣ ਜਾ ਰਿਹਾ ਹੈ। ਬੀਤੇ ਇਨ੍ਹਾਂ ਸਾਲਾਂ ਵਿਚ ਚੰਡੀਗੜ੍ਹ ਨੇ ਬਹੁਤ ਕੁਝ ਖੋਹਿਆ ਤੇ ਬਹੁਤ ਕੁਝ ਪਾਇਆ ਪਰ ਨਹੀਂ ਬਦਲੀ ਇਸ ਦੀ ਆਬੋ-ਹਵਾ ਤੇ ਸੈਲਾਨੀਆਂ ਦਾ ਆਉਣਾ। ਇਸ ਵਾਰ ਸਿਟੀ ਬਿਊਟੀਫੁੱਲ ਦੇ ਜਨਮ ਦਿਨ ਨੂੰ ਇਕ ਖਾਸ ਅੰਦਾਜ਼ ਵਿਚ ਮਨਾਇਆ ਜਾ ਰਿਹਾ ਹੈ ਪਰ ਸੈਲੀਬ੍ਰੇਸ਼ਨ ਤੋਂ ਪਹਿਲਾਂ ਦੀ ਰਾਤ ਸ਼ਹਿਰ ਵਿਚ ਹਨੇਰਾ ਪਸਰਿਆ ਹੋਇਆ ਮਿਲਿਆ।
ਕਿਤੇ ਵੀ ਨਹੀਂ ਦਿਸਿਆ ਕਿ ਬੁੱਧਵਾਰ ਨੂੰ ਚੰਡੀਗੜ੍ਹ ਦਾ ਜਨਮ ਦਿਨ ਹੈ। 'ਜਗ ਬਾਣੀ' ਦੀ ਟੀਮ ਨੇ ਮੰਗਲਵਾਰ ਦੀ ਰਾਤ ਤਿੰਨ ਘੰਟੇ ਚੰਡੀਗੜ੍ਹ ਦੀਆਂ ਮੁੱਖ ਥਾਵਾਂ ਦਾ ਦੌਰਾ ਕੀਤਾ, ਤਾਂ ਕਿ ਸੈਲੀਬ੍ਰੇਸ਼ਨ ਤੋਂ ਪਹਿਲਾਂ ਦੀਆਂ ਤਿਆਰੀਆਂ ਨੂੰ ਕੈਮਰੇ ਵਿਚ ਕੈਦ ਕੀਤਾ ਜਾ ਸਕੇ ਪਰ ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਦੀ ਮੁੱਖ ਇਮਾਰਤ ਜਾਂ ਚੰਡੀਗੜ੍ਹ ਦੀ ਪਛਾਣ ਕਰਵਾਉਂਦੇ ਸਮਾਰਕਾਂ 'ਤੇ ਹਨੇਰਾ ਪਸਰਿਆ ਹੋਇਆ ਸੀ।
ਸਕੱਤਰੇਤ, ਰੇਲਵੇ ਸਟੇਸ਼ਨ, ਸਿਟਕੋ ਦੇ ਹੋਟਲ, ਸੁਖਨਾ ਝੀਲ, ਰਾਕ ਗਾਰਡਨ, ਰੋਜ਼ ਗਾਰਡਨ, ਨਗਰ ਨਿਗਮ ਤੇ ਬਾਜ਼ਾਰਾਂ ਵਿਚ ਕਿਸੇ ਵੀ ਤਰ੍ਹਾਂ ਦੇ ਸੈਲੀਬ੍ਰੇਸ਼ਨ ਦਾ ਅਹਿਸਾਸ ਤਕ ਨਹੀਂ ਹੋਇਆ। ਇਹ ਸੈਲੀਬ੍ਰੇਸ਼ਨ 1 ਤੋਂ 5 ਨਵੰਬਰ ਤਕ ਸੈਕਟਰ-17 ਦੀ ਪਰੇਡ ਗਰਾਊਂਡ ਵਿਚ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੋਅਬਿਜ਼ ਸੈਲੀਬ੍ਰੇਸ਼ਨ ਪ੍ਰਾਈਵੇਟ ਲਿਮਟਿਡ ਇਸ ਨੂੰ ਆਯੋਜਿਤ ਕਰ ਰਿਹਾ ਹੈ।
ਇਕ ਪਾਸੇ ਜਿਥੇ ਚੰਡੀਗੜ੍ਹ ਦੀ ਵਿਰਾਸਤ ਦਾ ਉਤਸਵ ਮਨਾਇਆ ਜਾਵੇਗਾ, ਉਥੇ ਹੀ ਦੂਸਰੇ ਪਾਸੇ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਰਾਹੀਂ ਸ਼ਹਿਰ ਦੇ ਯੰਗਸਟਰਜ਼ ਨਾਲ ਕੁਨੈਕਸ਼ਨ ਵਧਾਇਆ ਜਾਵੇਗਾ। ਮੰਗਲਵਾਰ ਨੂੰ ਹੋਟਲ ਜੇ. ਡਬਲਿਊ. ਮੈਰੀਅਟ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਟੂਰਿਜ਼ਮ ਡਾਇਰੈਕਟਰ ਜਤਿੰਦਰ ਯਾਦਵ ਤੇ ਸ਼ੋਅਬਿਜ਼ ਸੈਲੀਬ੍ਰੇਸ਼ਨ ਤੋਂ ਮਨਮੀਤ ਸਿੰਘ, ਨਰਬੀਰ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਚੰਡੀਗੜ੍ਹ ਨੂੰ ਸਮਰਪਿਤ ਗੀਤ ਲਾਂਚ ਕਰਕੇ ਈਵੈਂਟ ਦੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੁਰਾਣੀਆਂ ਤੇ ਲਗਜ਼ਰੀ ਕਾਰਾਂ ਦੀਆਂ ਰੈਲੀਆਂ ਤੇ ਸੀਨੀਅਰ ਔਰਤਾਂ ਦੀ ਮੈਰਾਥਾਨ 1 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਆਯੋਜਨ ਵਿਚ ਸ਼ਹਿਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੀ ਦਿਲਚਸਪ ਕਹਾਣੀ ਨੂੰ ਦਿਖਾਉਂਦੀ ਹੋਈ ਪਿਕਚਰ ਇਕ ਗੈਲਰੀ ਰਾਹੀਂ ਪ੍ਰਦਰਸ਼ਿਤ ਕੀਤੀ ਜਾਵੇਗਾ। ਚੰਡੀਗੜ੍ਹ ਆਈਕਾਨ ਪੁਰਸਕਾਰ ਦੇ ਰਾਹੀਂ ਉਨ੍ਹਾਂ ਲੋਕਾਂ ਦਾ ਉਤਸਵ ਮਨਾਇਆ ਜਾਵੇਗਾ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਚੰਡੀਗੜ੍ਹ ਦਾ ਮਾਣ ਵਧਾਇਆ ਹੈ।
ਇਸ ਤੋਂ ਇਲਾਵਾ ਲਗਜ਼ਰੀ ਲਾਈਫ ਸਟਾਈਲ ਐਗਜ਼ੀਬਿਸ਼ਨ, ਲਗਜ਼ਰੀ ਆਟੋ ਸ਼ੋਅ ਚੰਡੀਗੜ੍ਹ, ਆਟੋ ਐਕਸਪੋ ਸਮੇਤ ਕਈ ਨਵੇਂ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਦਿਖਾਉਂਦਾ ਰੀਅਲ ਅਸਟੇਟ ਐਕਸਪੋ ਵੀ ਹੋਵੇਗਾ। ਜਤਿੰਦਰ ਯਾਦਵ ਨੇ ਦੱਸਿਆ ਕਿ ਅਸੀਂ ਢਾਈ ਮਹੀਨੇ ਪਹਿਲਾਂ ਹੀ ਇਸ ਈਵੈਂਟ ਦਾ ਐਲਾਨ ਕਰ ਦਿੱਤਾ ਸੀ। ਅਸੀਂ ਸ਼ਹਿਰ ਵਾਸੀਆਂ ਦੀ ਸਲਾਹ ਦਾ ਸਵਾਗਤ ਕਰਦੇ ਹਾਂ ਕਿ ਉਹ ਇਸ ਸੈਲੀਬ੍ਰੇਸ਼ਨ ਨੂੰ ਕਿਹੋ ਜਿਹਾ ਚਾਹੁੰਦੇ ਹਨ। ਇਹ ਈਵੈਂਟ ਹਰ ਸ਼ਹਿਰ ਵਾਸੀ ਨੂੰ ਸਮਰਪਿਤ ਹੈ। ਕੋਸ਼ਿਸ਼ ਹੈ ਕਿ ਲੀ ਕਾਰਬੂਜ਼ੀਏ ਦੇ ਪਰਿਵਾਰ ਤੋਂ ਵੀ ਕੋਈ ਇਥੇ ਆਵੇ, ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲਾਂ-ਕਾਲਜਾਂ ਦੇ ਬੱਚਿਆਂ ਲਈ ਕਈ ਤਰ੍ਹਾਂ ਦੇ ਮੁਕਾਬਲੇ ਆਯੋਜਿਤ ਹੋਣਗੇ।
ਨਸ਼ੀਲੇ ਕੈਪਸੂਲਾਂ ਸਮੇਤ ਕਾਬੂ
NEXT STORY