ਲਹਿਰਾਗਾਗਾ, (ਜਿੰਦਲ, ਪ.ਪ.)— ਜਾਖਲ-ਸੁਨਾਮ ਮੁੱਖ ਮਾਰਗ 'ਤੇ ਪਿੰਡ ਚੋਟੀਆਂ ਤੇ ਗੁਰਨੇ ਕੋਲ ਇਕ ਬੰਦ ਬਾਡੀ ਟਰਾਲੇ (ਕੰਟੇਨਰ) ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਵਿਅਕਤੀ ਝੁਲਸ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ।
ਜਾਣਕਾਰੀ ਅਨੁਸਾਰ ਉਕਤ ਟਰਾਲਾ ਹੈਦਰਾਬਾਦ ਤੋਂ ਲੁਧਿਆਣਾ ਮੋਟਰਸਾਈਕਲ ਦੇ ਟਾਇਰ ਲੈ ਕੇ ਜਾ ਰਿਹਾ ਸੀ। ਜਾਖਲ-ਸੁਨਾਮ ਨੇੜੇ ਢਿੱਲੀ ਰਫਤਾਰ ਨਾਲ ਬਣ ਰਹੇ ਪੁਲ ਕੋਲ ਹੈਵੀ ਵਾਹਨਾਂ ਲਈ ਰਸਤਾ ਠੀਕ ਨਾ ਹੋਣ ਕਰ ਕੇ ਵਾਹਨ ਚਾਲਕਾਂ ਨੇ ਪਿੰਡਾਂ ਵਿਚੋਂ ਦੀ ਲਿੰਕ ਰੋਡ ਰਾਹੀਂ ਟਰਾਲਾ ਲਿਜਾਣ ਦੀ ਕੋਸ਼ਿਸ਼ ਕੀਤੀ ਅਤੇ ਰਸਤੇ ਵਿਚ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟਕਰਾਉਣ ਕਾਰਨ ਟਰਾਲੇ ਨੂੰ ਦੇਰ ਰਾਤ ਅੱਗ ਲੱਗ ਗਈ । ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ।
ਬੁਝਾਉਣ 'ਤੇ ਫਿਰ ਭੜਕ ਉੱਠੀ ਅੱਗ
ਘਟਨਾ ਦਾ ਪਤਾ ਲੱਗਦੇ ਹੀ ਚੌਕੀ ਚੋਟੀਆਂ ਦੇ ਪੁਲਸ ਮੁਲਾਜ਼ਮਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਬੁਲਾਇਆ ਜਿਨ੍ਹਾਂ ਇਕ ਵਾਰ ਤਾਂ ਅੱਗ ਬੁਝਾ ਦਿੱਤੀ ਪਰ ਇਹ ਦੁਬਾਰਾ ਫਿਰ ਅੱਗ ਭੜਕ ਗਈ, ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਦੁਬਾਰਾ ਬੁਲਾਉਣਾ ਪਿਆ ।
ਪੁਲ ਦੇ ਸੁਸਤ ਰਫਤਾਰ ਕੰਮ ਕਾਰਨ ਵਾਪਰਿਆ ਹਾਦਸਾ
ਸਤਿਗੁਰੂ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਚੋਟੀਆਂ ਕੋਲ ਡਰੇਨ ਉਪਰ ਪੁਲ ਢਿੱਲੀ ਰਫਤਾਰ ਨਾਲ ਬਣ ਰਿਹਾ ਹੈ ਅਤੇ ਉਸ ਕੋਲ ਦੀ ਜੋ ਰਸਤਾ ਹੈ, ਉਹ ਕੱਚਾ ਹੈ, ਜਿਸ ਕਾਰਨ ਹੈਵੀ ਵਾਹਨ ਨਹੀਂ ਲੰਘਦਾ। ਆਉਣ-ਜਾਣ ਵਾਲੇ ਵਾਹਨਾਂ ਨੂੰ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਲੰਘਣਾ ਪੈਂਦਾ ਹੈ, ਜੇ ਇਹ ਮੇਨ ਰੋਡ ਚੱਲਦਾ ਹੁੰਦਾ ਤਾਂ ਇੰਨਾ ਵੱਡਾ ਹਾਦਸਾ ਨਾ ਵਾਪਰਦਾ। ਲੋਕਾਂ ਨੇ ਮੰਗ ਕੀਤੀ ਕਿ ਇਸ ਪੁਲ ਦਾ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਹਾਦਸਾ ਨਾ ਵਾਪਰ ਸਕੇ ।
ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਠੇਕੇ 'ਚ ਚੋਰੀ; 2 ਗ੍ਰਿਫਤਾਰ
NEXT STORY