ਜਲੰਧਰ (ਚੋਪੜਾ) : ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕਥਨ ਕਿ ਨਵਜੋਤ ਸਿੱਧੂ ਵਲੋਂ ਪ੍ਰਧਾਨ ਦਾ ਅਹੁਦਾ ਸੰਭਾਲਣ ਉਪਰੰਤ ਹੁਣ ਪੰਜਾਬ ਕਾਂਗਰਸ ਵਿਚ ਸਭ ਕੁਝ ਠੀਕ ਹੋ ਗਿਆ ਹੈ। ਸ਼ਾਇਦ ਰਾਹੁਲ ਗਾਂਧੀ ਵਲੋਂ ਹੁਣ ਜਲਦਬਾਜ਼ੀ ਵਿਚ ਦਿੱਤਾ ਗਿਆ ਜ਼ਮੀਨੀ ਹਕੀਕਤ ਤੋਂ ਉਲਟ ਬਿਆਨ ਸਾਬਤ ਹੋ ਰਿਹਾ ਹੈ। 23 ਜੁਲਾਈ ਨੂੰ ਕਾਂਗਰਸ ਭਵਨ, ਚੰਡੀਗੜ੍ਹ ’ਚ ਨਵਜੋਤ ਸਿੱਧੂ ਵਲੋਂ ਅਹੁਦਾ ਗ੍ਰਹਿਣ ਕਰਨ ਦੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਦੇ ਨਾਲ ਪੰਜਾਬ ਭਵਨ ਵਿਚ ਚਾਹ ਪਾਰਟੀ ਤੋਂ ਲੈ ਕੇ ਕਾਂਗਰਸ ਭਵਨ ਦੇ ਮੰਚ ’ਤੇ ਪੈਦਾ ਹੋਈ ਤਲਖੀ ਦਾ ਮਾਹੌਲ ਕਿਸੇ ਤੋਂ ਲੁਕਿਆ ਨਹੀਂ। ਲਗਭਗ 18 ਦਿਨਾਂ ਉਪਰੰਤ ਪੰਜਾਬ ਵਿਚ ਅੰਦਰੂਨੀ ਕਲੇਸ਼ ਦੇ ਹਾਲਾਤ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਵਾਂਗ ਬਣੇ ਹੋਏ ਹਨ। ਕਾਂਗਰਸ ਹਾਈਕਮਾਨ ਭਾਵੇਂ ਵਿਚ ਹੋਵੇ ਪਰ ਰੈਂਕ ਤੇ ਫਾਈਲ ਦਰਮਿਆਨ ਸਿੱਧੂ ਤੇ ਮੁੱਖ ਮੰਤਰੀ ਅਜੇ ਵੀ ਇਕ-ਦੂਜੇ ਦੇ ਵਿਰੋਧੀ ਹੀ ਨਜ਼ਰ ਆ ਰਹੇ ਹਨ।ਸਿੱਧੂ ਵਲੋਂ ਐੱਸ. ਆਈ. ਟੀ. ਦੀ ਢਾਈ ਸਾਲਾਂ ਤੋਂ ਸੀਲਬੰਦ ਰਿਪੋਰਟ ਜਨਤਕ ਨਾ ਕਰਨ ’ਤੇ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਚਿਤਾਵਨੀ ਦੇ ਕੇ ਕੈਪਟਨ ਨੂੰ ਘੇਰਨ ਦੀ ਕੀਤੀ ਗਈ ਕੋਸ਼ਿਸ਼ ਨੇ ਅੱਗ ਵਿਚ ਘਿਉ ਪਾਉਣ ਦਾ ਕੰਮ ਕੀਤਾ ਹੈ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਵਿਚ ਕੈਪਟਨ-ਸਿੱਧੂ ਵਾਰ ਨਾਲ ਪੈਦਾ ਹੋਇਆ ਸੰਕਟ ਅਜੇ ਪਹਿਲਾਂ ਵਾਂਗ ਹੀ ਨਹੀਂ, ਸਗੋਂ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਵੀ ਹੁਣ ਖੁਲ੍ਹੇਆਮ ਮੁੱਖ ਮੰਤਰੀ ਤੇ ਸੂਬਾ ਪ੍ਰਧਾਨ ਦੇ ਖੇਮਿਆਂ ਵਿਚ ਵੰਡੇ ਨਜ਼ਰ ਆਉਂਦੇ ਹਨ। ਜੋ ਵੀ ਹੋਵੇ, ਵਿਰੋਧੀ ਧਿਰ ਨੇ ਦੋਵਾਂ ਧੜ੍ਹਿਆਂ ਦਰਮਿਆਨ ਚੱਲ ਰਹੀ ਖਿੱਚੋਤਾਣ ’ਤੇ ਪੈਨੀ ਨਜ਼ਰ ਰੱਖੀ ਹੋਈ ਹੈ ਅਤੇ ਸੂਬੇ ਵਿਚ ਆਪਣੀ ਤਾਕਤ ਵਧਾਉਣ ਦੇ ਮੌਕੇ ਲੱਭ ਰਹੀ ਹੈ। ਸਾਲ 2007 ਤੋਂ ਲੈ ਕੇ 10 ਸਾਲ ਤਕ ਪੰਜਾਬ ਵਿਚ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਸਿਰਫ 15 ਸੀਟਾਂ ਤਕ ਸਿਮਟ ਕੇ ਰਹਿ ਗਈ ਸੀ। ਕੇਂਦਰ ਸਰਕਾਰ ਦੇ 3 ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਭਾਜਪਾ ਨਾਲੋਂ ਨਾਤਾ ਤੋੜਨ ਵਾਲੀ ਅਕਾਲੀ ਦਲ ਬਾਦਲ ਨੇ ਹੁਣ 2022 ਦੀਆਂ ਚੋਣਾਂ ਲਈ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਨਾਲ ਗਠਜੋੜ ਕਰਦਿਆਂ ਸੀਟਾਂ ਤਕ ਦੀ ਵੰਡ ਕਰ ਲਈ ਹੈ।
ਇਹ ਵੀ ਪੜ੍ਹੋ : ਦਿੱਲੀ ਕਮੇਟੀ ਨੇ 125 ਬੈੱਡਾਂ ਦੇ ਹਸਪਤਾਲ ਦੀ ਰਾਹ ’ਚ ਸਰਨਾ ਵੱਲੋਂ ਅੜਿੱਕੇ ਡਾਹੁਣ ਦੇ ਮਾਮਲੇ ’ਚ ਦਖਲ ਮੰਗਿਆ
ਕੈਪਟਨ ਵਿਰੋਧੀਆਂ ਨਾਲ ਘਿਰੇ ਸਿੱਧੂ ਅੱਜ ਵੀ ਵਰਕਰਾਂ ਦੀ ਪਹੁੰਚ ਤੋਂ ਦੂਰ
ਉਂਝ ਤਾਂ ਸੂਬਾ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਨਵਜੋਤ ਸਿੱਧੂ ਨੇ ਸੂਬੇ ਭਰ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਪਰ ਅਕਸਰ ਕੈਪਟਨ ਵਿਰੋਧੀਆਂ ਨਾਲ ਘਿਰੇ ਰਹਿਣ ਕਾਰਨ ਵਰਕਰਾਂ ਦੀ ਪਹੁੰਚ ਤੋਂ ਕਾਫੀ ਦੂਰ ਨਜ਼ਰ ਆਉਂਦੇ ਹਨ।
ਉਹ ਪਿਛਲੇ ਲੰਮੇ ਸਮੇਂ ਤੋਂ ਜਨਤਕ ਤੌਰ ’ਤੇ ਕੈਪਟਨ ’ਤੇ ਬਾਦਲਾਂ ਨਾਲ ਮਿਲੀਭੁਗਤ, ਰੇਤ ਤੇ ਸ਼ਰਾਬ ਮਾਫੀਆ ਨਾਲ ਗਠਜੋੜ ਅਤੇ ਪ੍ਰਮੁੱਖ ਚੋਣ ਮੁੱਦੇ ਪੂਰੇ ਨਾ ਕਰ ਸਕਣ ਦਾ ਦੋਸ਼ ਲਾਉਂਦੇ ਰਹੇ ਹਨ ਪਰ ਹੁਣ ਸੂਬਾ ਪ੍ਰਧਾਨ ਬਣਨ ਪਿੱਛੋਂ ਉਹ ਪਾਰਟੀ ਅਗਵਾਈ, ਅਸੰਤੁਸ਼ਟ ਵਿਧਾਇਕਾਂ ਸਮੇਤ ਹੋਰ ਉਮੀਦਾਂ ਪੂਰੀਆਂ ਕਰਨ ਦਾ ਦਬਾਅ ਝੱਲ ਰਹੇ ਹਨ। ਉਹ ਹੁਣ ਕਾਂਗਰਸ ਹਾਈਕਮਾਨ ਵਲੋਂ ਮੁੱਖ ਮੰਤਰੀ ਨੂੰ ਸੌਂਪੇ ਗਏ 18 ਸੂਤਰੀ ਏਜੰਡੇ ’ਤੇ ਕਾਰਵਾਈ ਲਈ ਜ਼ੋਰ ਦੇ ਰਹੇ ਹਨ, ਜਿਸ ਸਬੰਧੀ ਸੋਨੀਆ-ਰਾਹੁਲ ਦਰਬਾਰ ਵਿਚ ਸਿੱਧੂ ਤੇ ਹੋਰ ਅਸੰਤੁਸ਼ਟ ਵਿਧਾਇਕਾਂ ਨੇ ਏਜੰਡੇ ਵਿਚ ਸ਼ਾਮਲ ਮੁੱਦਿਆਂ ਦਾ ਸਮਰਥਨ ਕੀਤਾ ਸੀ। ਇਸ ਏਜੰਡੇ ਵਿਚ 2015 ਦਾ ਬੇਅਦਬੀ ਕਾਂਡ, ਨਸ਼ਾ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਦੀ ਗ੍ਰਿਫਤਾਰੀ ਅਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨਾ ਸ਼ਾਮਲ ਹੈ। ਦੂਜੇ ਪਾਸੇ ਸਿੱਧੂ ਵਲੋਂ ਮੁੱਖ ਮੰਤਰੀ ਖਿਲਾਫ ਮੁੱਦਿਆਂ ਦੀ ਲੜਾਈ ਨੂੰ ਲੈ ਕੇ ਵਿਰੋਧ ਕਰਨਾ ਵਿਰੋਧੀ ਧਿਰ ਨੂੰ ਤਾਕਤ ਦੇ ਰਿਹਾ ਹੈ।
ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਜਾ ਰਹੇ ਵਾਅਦਿਆਂ ਦੀ ਚਾਰ ਖੱਬੇ ਪੱਖੀਆਂ ਪਾਰਟੀਆਂ ਵਲੋਂ ਨਿੰਦਾ
ਕੇਜਰੀਵਾਲ, ਸੁਖਬੀਰ ਨੇ ਵੀ ਮਾਹੌਲ ਕੈਸ਼ ਕਰਨ ਲਈ ਲਾਈ ਵਾਅਦਿਆਂ ਦੀ ਝੜੀ
ਪੰਜਾਬ ਕਾਂਗਰਸ ’ਚ ਪੈਦਾ ਹੋਏ ਕਲੇਸ਼ ਦੇ ਮਾਹੌਲ ਨੂੰ ਕੈਸ਼ ਕਰਨ ਲਈ ‘ਆਪ’ ਨੇ ਵੀ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਵਾਅਦਿਆਂ ਦੇ ਦਮ ’ਤੇ ਦਿੱਲੀ ਫਤਿਹ ਕੀਤੀ ਸੀ, ਠੀਕ ਉਸੇ ਤਰ੍ਹਾਂ ਦੇ ਵਾਅਦਿਆਂ ਦਾ ਐਲਾਨ ਉਨ੍ਹਾਂ ਨੇ ਚੋਣਾਂ ਤੋਂ ਲਗਭਗ 6 ਮਹੀਨੇ ਪਹਿਲਾਂ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਤੋਂ ਇਲਾਵਾ ਪੈਂਡਿੰਗ ਬਿੱਲਾਂ ਦੀ ਮੁਆਫੀ ਅਤੇ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਦੂਜੇ ਪਾਸੇ ਸ਼ੋਅਦ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ 400 ਯੂਨਿਟ ਤਕ ਮੁਫਤ ਬਿਜਲੀ, ਔਰਤਾਂ ਤੇ ਸਥਾਨਕ ਲੋਕਾਂ ਲਈ ਨੌਕਰੀ ਕੋਟਾ, ਕਿਸਾਨਾਂ ਲਈ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਸਮੇਤ ਕਈ ਵਾਅਦੇ ਕੀਤੇ ਹਨ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਖ਼ੁਦ ਨੂੰ ਕੁਆਰਾ ਦੱਸ ਪਿਆਰ ਦੇ ਜਾਲ 'ਚ ਫਸਾ 17 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਇੰਝ ਖੁੱਲ੍ਹੀ ਪੋਲ
NEXT STORY