ਮੋਗਾ (ਕਸ਼ਿਸ਼ ਸਿੰਗਲਾ) : ਸ਼ਹਿਰ ਵਿਚ ਇਕ ਵਾਰ ਫਿਰ ਸ਼ੱਕੀ ਹਾਲਾਤ ਵਿਚ ਲਾਸ਼ ਮਿਲਣ ਦੀ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਦਾ ਪੈਦਾ ਕਰ ਦਿੱਤੀ ਹੈ। ਤਾਜ਼ਾ ਮਾਮਲਾ ਮੋਗਾ ਦੇ ਕੋਟਕਪੂਰਾ ਬਾਈਪਾਸ ਨੇੜੇ ਸਾਹਮਣੇ ਆਇਆ ਹੈ, ਜਿੱਥੇ ਇਕ ਗੱਡੀ ਵਿਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇਹ ਘਟਨਾ ਸਵੇਰੇ ਕਰੀਬ 9:30 ਵਜੇ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਪੁੱਲ ਥੱਲੇ ਪ੍ਰੇਮ ਦੀ ਚੱਕੀ ਕੋਲ ਖੜੀ ਇਕ ਕਾਰ ਵਿਚ ਇਕ ਵਿਅਕਤੀ ਬੇਸੁੱਧ ਹਾਲਤ ਵਿਚ ਪਿਆ ਮਿਲਿਆ। ਇਸ ਮੌਕੇ ਜਦੋਂ ਆਸ-ਪਾਸ ਦੇ ਲੋਕਾਂ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਹ ਮ੍ਰਿਤਕ ਨਿਕਲਿਆ। ਇਸ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਸਮਾਜ ਸੇਵਾ ਸੁਸਾਇਟੀ (ਰਜਿ.) ਮੋਗਾ ਨੂੰ ਸੂਚਿਤ ਕੀਤਾ ਗਿਆ, ਜਿਸ ਦੀ ਟੀਮ ਮੌਕੇ ‘ਤੇ ਪਹੁੰਚੀ।
ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪੁਲਸ ਦੇ ਸਹਿਯੋਗ ਨਾਲ ਮੌਕੇ 'ਤੇ ਕਾਰਵਾਈ ਪੂਰੀ ਕੀਤੀ ਅਤੇ ਲਾਸ਼ ਨੂੰ ਆਪਣੀ ਐਮਰਜੈਂਸੀ ਗੱਡੀ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਡਾਕਟਰਾਂ ਵੱਲੋਂ ਮ੍ਰਿਤਕ ਦੀ ਪਛਾਣ ਨਾ ਹੋਣ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ ਤਾਂ ਜੋ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਕੀਤੀ ਜਾ ਸਕੇ। ਉੱਧਰ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿਚ ਮੌਤ ਦੇ ਕਾਰਨਾਂ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨ ਸਾਹਮਣੇ ਆਉਣਗੇ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਮੋਗਾ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਚਿੰਤਾ ਵੱਧ ਰਹੀ ਹੈ। ਪੁਲਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਮ੍ਰਿਤਕ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਸੂਚਿਤ ਕੀਤਾ ਜਾਵੇ।
ਰੇਲਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
NEXT STORY