ਸੰਗਰੂਰ (ਬੇਦੀ)—'ਸੂਬੇ 'ਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸੰਗਰੂਰ 'ਚ ਮਨਜ਼ੂਰ ਹੋਏ 110 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦਾ ਸਿਹਰਾ ਅੱਜ ਕਾਂਗਰਸ ਦੀ ਸਰਕਾਰ ਅਤੇ ਉਸ ਦੇ ਆਗੂ ਆਪਣੇ ਸਿਰ ਲੈਣਾ ਚਾਹੁੰਦੇ ਹਨ। ਜਦੋਂਕਿ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਉਕਤ ਪ੍ਰਾਜੈਕਟ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਮਨਜ਼ੂਰ ਹੋਇਆ ਸੀ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਇਕ ਹੋਟਲ 'ਚ ਬੁਲਾਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝਾ ਕੀਤਾ।
ਗਰਗ ਨੇ ਕਿਹਾ ਕਿ ਉਸ ਸਮੇਂ 110 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ 'ਚ ਪਾਏ ਜਾਣ ਵਾਲੇ ਇਸ ਸੀਵਰੇਜ ਪ੍ਰਾਜੈਕਟ 'ਚੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਵੀ ਸ਼ੁਰੂ ਹੋ ਚੁੱਕਾ ਸੀ ਪਰ ਇਸ ਦੌਰਾਨ ਚੋਣਾਂ ਆ ਜਾਣ ਕਾਰਨ ਉਕਤ ਪ੍ਰਾਜੈਕਟ ਅੱਧ ਵਿਚਕਾਰ ਹੀ ਰਹਿ ਗਿਆ। ਚੋਣਾਂ ਤੋਂ ਬਾਅਦ ਸੱਤਾ 'ਚ ਆਈ ਕਾਂਗਰਸ ਸਰਕਾਰ ਇਸ ਪ੍ਰਾਜੈਕਟ ਨੂੰ ਹਜ਼ਮ ਨਹੀਂ ਕਰ ਸਕੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਅੱਖੋਂ-ਪਰੋਖੇ ਕਰ ਕੇ ਇਸ ਪ੍ਰਾਜੈਕਟ ਨੂੰ ਠੱਪ ਕਰ ਕੇ ਰੱਖ ਦਿੱਤਾ। ਕਾਂਗਰਸੀ ਆਗੂ ਅਕਾਲੀ ਦਲ ਵੱਲੋਂ ਸੰਗਰੂਰ ਵਿਚ ਲਿਆਂਦੇ ਸੀਵਰੇਜ ਪ੍ਰਾਜੈਕਟ 'ਤੇ ਆਪਣੀ ਮੋਹਰ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਵਿਜੇਇੰਦਰ ਸਿੰਗਲਾ ਵੱਲੋਂ ਸੀਵਰੇਜ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਅਤੇ ਗ੍ਰਾਂਟ ਜਾਰੀ ਕਰਨ ਸਬੰਧੀ ਗਰਗ ਨੇ ਕਿਹਾ ਕਿ ਇਹ ਸਾਰਾ ਕੁਝ ਸਿਆਸੀ ਡਰਾਮਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਜੀਵਨ ਕੁਮਾਰ ਜਿੰਦਲ, ਭਗਵੰਤ ਸਿੰਘ, ਸੰਦੀਪ ਦਾਨੀਆ, ਇੰਦਰਪਾਲ ਸਿੰਘ ਸੀਬੀਆ ਅਤੇ ਕੇਵਲ ਕ੍ਰਿਸ਼ਨ ਹੈਪੀ ਠੇਕੇਦਾਰ, ਅਮਰਜੀਤ ਬਡਰੁੱਖਾਂ ਵੀ ਮੌਜੂਦ ਸਨ।
ਅਕਾਲੀ ਦਲ ਇਕ ਵਾਰ ਫੇਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ 'ਚ : ਮੋਫਰ
NEXT STORY