ਅੰਮ੍ਰਿਤਸਰ (ਦਲਜੀਤ) - ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਉਣ ਵਾਲੇ ਪੁਲਸ ਕਰਮਚਾਰੀ ਆਮ ਮਰੀਜ਼ਾਂ ਲਈ ਸਿਹਤ ਸੇਵਾਵਾਂ ਪ੍ਰਭਾਵਿਤ ਕਰ ਰਹੇ ਹਨ। ਜ਼ਿਆਦਾਤਰ ਕਰਮਚਾਰੀ ਵਰਦੀ ਦਾ ਰੋਹਬ ਵਿਖਾ ਕੇ ਜਿੱਥੇ ਸਿਹਤ ਕਰਮਚਾਰੀਆਂ ਨੂੰ ਆਮ ਮਰੀਜ਼ਾਂ ਤੋਂ ਪਹਿਲਾਂ ਸੇਵਾਵਾਂ ਦੇਣ ਦਾ ਦਬਾਅ ਪਾ ਰਹੇ ਨੇ, ਉਥੇ ਕਈ ਪੁਲਸ ਕਰਮਚਾਰੀ ਡਾਕਟਰਾਂ ਦੇ ਕਮਰਿਆਂ ਅੱਗੇ ਭਾਰੀ ਇਕੱਠ ਕਰ ਆਮ ਮਰੀਜ਼ਾਂ ਨੂੰ ਡਾਕਟਰ ਦੇ ਕਮਰੇ ਤੱਕ ਨਹੀਂ ਪੁੱਜਣ ਦੇ ਰਹੇ। ਵਰਦੀ ’ਚ ਸਾਹਿਬ ਬਣੇ ਇਹ ਪੁਲਸ ਕਰਮਚਾਰੀ ਨਾ ਤਾਂ ਖ਼ੁਦ ਮਾਸਕ ਲਗਾਉਂਦੇ ਹਨ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਨਾ ਕਰਦੇ ਹਨ। ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਵਲੋਂ ਪੁਲਸ ਕਮਿਸ਼ਨਰ ਨੂੰ ਇਸ ਸਬੰਧ ’ਚ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਤੁਹਾਡੇ ਪੁਲਸ ਕਰਮਚਾਰੀਆਂ ਕਾਰਨ ਸਿਹਤ ਸੇਵਾਵਾਂ ਰੁਕੀਆਂ ਹੋਈਆਂ ਹਨ। ਇਸ ਲਈ ਨਿਰਧਾਰਤ ਮਾਤਰਾ ’ਚ ਮੈਡੀਕਲ ਕਰਵਾਉਣ ਵਾਲੇ ਕਰਮਚਾਰੀਆਂ ਨੂੰ ਭੇਜਿਆ ਜਾਵੇ।
ਜਾਣਕਾਰੀ ਅਨੁਸਾਰ ਪੰਜਾਬ ਪੁਲਸ ’ਚ ਕੰਮ ਕਰਨ ਵਾਲੇ ਜਵਾਨਾਂ ਦਾ ਹਰ 3 ਸਾਲ ਬਾਅਦ ਮੈਡੀਕਲ ਕਰਵਾਉਣਾ ਅਤੇ ਫਿਟਨੈੱਸ ਸਰਟੀਫ਼ਿਕੇਟ ਲਾਜ਼ਮੀ ਹੈ। ਤਰੱਕੀ ਦੀ ਟ੍ਰੇਨਿੰਗ ਦੇ ਸਬੰਧ ’ਚ ਜਾਣ ਵਾਲੇ ਪੁਲਸ ਕਰਮਚਾਰੀਆਂ ਦਾ ਨਿਯਮਾਂ ਮੁਤਾਬਕ ਮੈਡੀਕਲ ਕਰਵਾਇਆ ਜਾਂਦਾ ਹੈ। ਸਿਹਤ ਵਿਭਾਗ ਵਲੋਂ ਹਫ਼ਤੇ ’ਚ ਸੋਮਵਾਰ, ਵੀਰਵਾਰ, ਸ਼ੁੱਕਰਵਾਰ 3 ਦਿਨ ਆਮ ਲੋਕਾਂ ਸਮੇਤ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੇ ਮੈਡੀਕਲ ਕੀਤੇ ਜਾਂਦੇ ਹਨ। ਇਸ ਦਿਨ ਵੱਡੀ ਤਾਦਾਦ ’ਚ ਆਮ ਲੋਕ ਅਤੇ ਕਰਮਚਾਰੀ ਮੈਡੀਕਲ ਕਰਵਾਉਣ ਲਈ ਆਉਂਦੇ ਹਨ। ਸੋਮਵਾਰ ਨੂੰ ਤਾਂ ਹੱਦ ਹੋ ਗਈ 150 ਤੋਂ ਜ਼ਿਆਦਾ ਪੁਲਸ ਕਰਮਚਾਰੀ ਅਤੇ ਅਧਿਕਾਰੀ ਮੈਡੀਕਲ ਕਰਵਾਉਣ ਲਈ ਇਕਦਮ ਸਿਵਲ ਹਸਪਤਾਲ ’ਚ ਪਹੁੰਚ ਗਏ।
ਸਰਕਾਰੀ ਪਰਚੀ ਬਣਾਉਣ ਵਾਲਿਆਂ ਦੀ ਲੱਗੀ ਲਾਈਨ ਤੋਂ ਬਾਹਰ ਹੁੰਦੇ ਹੋਏ ਜ਼ਿਆਦਾਤਰ ਪੁਲਸ ਕਰਮਚਾਰੀਆਂ ਅਤੇ ਅਧਿਕਾਰੀ ਪਰਚੀ ਬਣਾਉਣ ਵਾਲੀਆਂ ਜਨਾਨੀਆਂ ਦੇ ਕੈਬਿਨ ’ਚ ਵੜ ਗਏ। ਉਸ ਨੂੰ ਜ਼ਬਰਦਸਤੀ ਪਹਿਲ ਦੇ ਆਧਾਰ ’ਤੇ ਪਰਚੀ ਬਣਾਉਣ ਲਈ ਦਬਾਅ ਪਾਇਆ। ਅਜਿਹਾ ਮੰਜਰ ਮੈਡੀਕਲ ਕਰ ਰਹੇ ਡਾਕਟਰਾਂ ਦੇ ਦਫ਼ਤਰ ਦੇ ਬਾਹਰ ਵੀ ਵਿਖਾਈ ਦਿੱਤਾ, ਉੱਥੇ ਵੀ ਆਮ ਲੋਕ ਲਾਈਨ ’ਚ ਲੱਗੇ ਹੋਏ ਸਨ ਅਤੇ ਪੁਲਸ ਕਰਮਚਾਰੀ ਅਤੇ ਅਧਿਕਾਰੀ ਬਿਨ੍ਹਾਂ ਲਾਈਨ ਦੇ ਵਰਦੀ ’ਚ ਡਾਕਟਰ ਦੇ ਕਮਰੇ ’ਚ ਵੜ ਰਹੇ ਸਨ। ਆਲਮ ਇਹ ਸੀ ਕਿ ਸਿਵਲ ਹਸਪਤਾਲ ਘੱਟ ਸਗੋਂ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਵੱਡੀ ਹਾਜ਼ਰੀ ਕਾਰਨ ਇਹ ਹਸਪਤਾਲ ਪੁਲਸ ਛਾਉਣੀ ਲੱਗ ਰਿਹਾ ਸੀ। ਇਸ ਦੌਰਾਨ ਪੁਲਸ ਕਰਮਚਾਰੀਆਂ ਨੇ ਨਾ ਤਾਂ ਮਾਸਕ ਲਾਏ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਨਾ ਕਰ ਰਹੇ ਸਨ। ਇਸ ਦੌਰਾਨ ਕਈ ਮਰੀਜ਼ਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੁਲਸ ਕਰਮਚਾਰੀਆਂ ਕਾਰਨ ਸੇਵਾਵਾਂ ਹੋਈਆਂ ਪ੍ਰਭਾਵਿਤ : ਅਧਿਕਾਰੀ
ਸੀਨੀਅਰ ਮੈਡੀਕਲ ਅਧਿਕਾਰੀ ਡਾ. ਚੰਦਰ ਮੋਹਨ ਨੇ ਦੱਸਿਆ ਕਿ ਹਸਪਤਾਲ ’ਚ 150 ਤੋਂ ਜ਼ਿਆਦਾ ਪੁਲਸ ਕਰਮਚਾਰੀ ਮੈਡੀਕਲ ਕਰਵਾਉਣ ਲਈ ਇਕਦਮ ਨਾਲ ਆ ਗਏ, ਜਿਸ ਕਾਰਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕਈ ਕਰਮਚਾਰੀ ਤਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਕੇ ਜਬਰੀ ਉਨ੍ਹਾਂ ਨੂੰ ਸੇਵਾਵਾਂ ਦੇਣ ਲਈ ਕਹਿ ਰਹੇ ਸਨ। ਉਨ੍ਹਾਂ ਪੁਲਸ ਕਮਿਸ਼ਨਰ ਨੂੰ ਪੱਤਰ ਲਿਖਿਆ ਕਿ ਜੇਕਰ ਆਪਣੇ ਕਰਮਚਾਰੀਆਂ ਦਾ ਮੈਡੀਕਲ ਕਰਵਾਉਣਾ ਹੈ ਤਾਂ 10 ਤੋਂ 15 ਦਰਮਿਆਨ ਪੁਲਸ ਕਰਮਚਾਰੀਆਂ ਨੂੰ ਨਿਰਧਾਰਤ ਤਾਰੀਖ਼ ’ਤੇ ਭੇਜਿਆ ਜਾਵੇ ਤਾਂ ਕਿ ਸ਼ਹਿਰ ਸੇਵਾਵਾਂ ਪ੍ਰਭਾਵਿਤ ਨਾ ਹੋ ਸਕੇ। ਉੱਧਰ ਦੂਜੇ ਪਾਸੇ ਸਿਹਤ ਵਿਭਾਗ ਇੰਪਾਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਵਲੋਂ ਹਸਪਤਾਲ ਨੂੰ ਮਰੀਜ਼ਾਂ ਦੀਆਂ ਸੇਵਾਵਾਂ ਲਈ ਖੋਲ੍ਹਿਆ ਗਿਆ ਹੈ, ਨਾ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ। ਪੁਲਸ ਪ੍ਰਸ਼ਾਸਨ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਉਨ੍ਹਾਂ ਦੇ ਕਰਮਚਾਰੀ ਵੀ ਪ੍ਰੇਸ਼ਾਨ ਨਾ ਹੋਵੇ ਅਤੇ ਆਮ ਮਰੀਜ਼ਾਂ ਨੂੰ ਵੀ ਸਿਹਤ ਸੇਵਾਵਾਂ ਸਮੇਂ ’ਤੇ ਮਿਲੇ ।
ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਂਗਰਸ ’ਚ ਵੱਡੀ ਬਗਾਵਤ, ਮੁੱਖ ਮੰਤਰੀ ਬਦਲਣ ਦੀਆਂ ਤਿਆਰੀਆਂ
NEXT STORY