ਅੰਮ੍ਰਿਤਸਰ (ਦਲਜੀਤ) - ਜ਼ਿਲ੍ਹਾ ਪ੍ਰਸ਼ਾਸਨ ਦੇ ਦਾਅਵਿਆਂ ਦੇ ਬਾਵਜੂਦ ਅੰਮ੍ਰਿਤਸਰ ’ਚ ਆਕਸੀਜਨ ਦਾ ਸੰਕਟ ਵੱਧਦਾ ਹੀ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਆਕਸੀਜਨ ਲੈਣ ਲਈ ਜਿਥੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਗੁਰੂ ਨਾਨਕ ਦੇਵ ਹਸਪਤਾਲ ’ਚ 7 ਘੰਟੇ ਦੀ ਆਕਸੀਜਨ ਬਾਕੀ ਬਚੀ ਹਨ। ਲਿਕੁਇਡ ਆਕਸੀਜਨ ਪਲਾਂਟ ’ਚ 6 ਟਨ ਆਕਸੀਜਨ ਦਾ ਸਟਾਕ ਹੈ, ਜਦ ਕਿ 130 ਆਕਸੀਜਨ ਸਿਲੰਡਰ ਲੱਗੇ ਹਨ। ਦੋਵਾਂ ਹੀ ਸਰੋਤਾਂ ਨਾਲ ਆਕਸੀਜਨ ਮਰੀਜ਼ਾਂ ਤੱਕ ਪਹੁੰਚਾਈ ਜਾ ਰਹੀ ਹੈ। ਹਸਪਤਾਲ ’ਚ 140 ਮਰੀਜ਼ਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਵੱਲੋਂ ਕਈ ਮਰੀਜ਼ਾਂ ਨੂੰ ਦਾਖਲ ਨਾ ਕਰਨ ਕਾਰਨ ਉਹ ਮਰੀਜ਼ ਸਿੱਧੇ ਤੌਰ ’ਤੇ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖਲ ਹੋਣ ਲਈ ਆ ਰਹੇ ਹਨ। ਐਤਵਾਰ ਦੇਰ ਰਾਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਆਕਸੀਜਨ ਪਲਾਂਟ ’ਚ ਪੁੱਜੇ ਅਤੇ ਹਲਾਤ ਦਾ ਜਾਇਜ਼ਾ ਲਿਆ। ਗੁਰੂ ਨਾਨਕ ਦੇਵ ਹਸਪਤਾਲ ’ਚ ਸਭ ਤੋਂ ਜ਼ਿਆਦਾ ਆਕਸੀਜਨ ਦੀ ਸਪਲਾਈ ਹੋ ਰਹੀ ਹੈ, ਕਿਉਂਕਿ ਇਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ।
ਹਾਲਾਂਕਿ ਇਕ ਸਿਲੰਡਰ 10 ਤੋਂ 15 ਮਿੰਟਾਂ ’ਚ ਖਪਤ ਹੋ ਰਿਹਾ ਹੈ। ਲਿਕੁਇਡ ਆਕਸੀਜਨ ਦਾ 6 ਟਨ ਦਾ ਪਲਾਂਟ ਕੁਝ ਘੰਟਿਆਂ ’ਚ ਖਾਲੀ ਹੋ ਜਾਂਦਾ ਹੈ। ਇਧਰ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਮੋਹਾਲੀ ਅਤੇ ਪਾਣੀਪਤ ’ਚ ਆਕਸੀਜਨ ਯੂਨਿਟਸ ਦੇ ਸੰਚਾਲਕਾਂ ਨਾਲ ਸੰਪਰਕ ਕਰ ਕੇ ਗੈਸ ਸਪਲਾਈ ਦੀ ਮੰਗ ਕਰ ਰਿਹਾ ਹੈ। ਮੋਹਾਲੀ ਤੋਂ ਇਕ ਟੈਂਕਰ ਆਕਸੀਜਨ ਦਾ ਭੇਜਿਆ ਗਿਆ ਹੈ ਪਰ ਇਹ ਦੇਰ ਰਾਤ ਤੱਕ ਅੰਮ੍ਰਿਤਸਰ ਪਹੁੰਚੇਗਾ। ਪ੍ਰਸ਼ਾਸਨ ਨੇ ਨੇੜਲੇ ਜ਼ਿਲਿਆਂ ਦੇ ਹਸਪਤਾਲਾਂ ਤੋਂ ਆਕਸੀਜਨ ਦੇ ਸਿਲੰਡਰ ਮੰਗੇ ਹਨ ਤਾਂ ਕਿ ਗੁਰੂ ਨਾਨਕ ਦੇਵ ਹਸਪਤਾਲ ’ਚ ਸਪਲਾਈ ਪੂਰੀ ਕੀਤੀ ਜਾ ਸਕੇ। ਇਥੇ ਦੱਸਣਾ ਜ਼ਰੂਰੀ ਹੈ ਕਿ 19 ਅਪ੍ਰੈਲ ਨੂੰ ਇਸ ਹਸਪਤਾਲ ’ਚ ਸਵਾ ਦੋ ਘੰਟੇ ਤੱਕ ਆਕਸੀਜਨ ਦੀ ਸਪਲਾਈ ਠੱਪ ਰਹੀ । ਇਸ ਨਾਲ ਮਰੀਜ਼ਾਂ ਦੇ ਸਾਹ ਰੁਕੇ ਰਹੇ ਸਨ ।
ਸਮਰਾਲਾ 'ਚ ਸਰਕਾਰੀ ਕਣਕ ਨਾਲ ਭਰਿਆ ਟਰੱਕ ਲੁੱਟਣ ਵਾਲਾ ਗਿਰੋਹ ਕਾਬੂ
NEXT STORY