ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ 'ਚ ਇਕ ਗਰਭਵਤੀ ਔਰਤ ਇਲਾਜ ਲਈ ਦਰਦ ਨਾਲ ਤੜਫਦੀ ਰਹੀ ਤੇ ਡਾਕਟਰਾਂ ਨੇ ਉਸ ਨੂੰ ਦਾਖਲ ਕਰਨ ਦੀ ਬਜਾਏ ਹਸਪਤਾਲ ਤੋਂ ਬਾਹਰ ਜਾਣ ਲਈ ਕਹਿ ਦਿੱਤਾ। ਪਿਛਲੇ 3 ਦਿਨਾਂ ਤੋਂ ਇਹ ਔਰਤ ਲੇਬਰ ਰੂਮ ਦੇ ਬਾਹਰ ਇਲਾਜ ਲਈ ਕਹਿੰਦੀ ਰਹੀ ਕਿ ਉਸ ਨੂੰ ਦਾਖਲ ਕਰ ਲਿਆ ਜਾਵੇ ਪਰ ਡਾਕਟਰਾਂ ਨੇ ਉਸ ਦੀ ਇਕ ਨਾ ਸੁਣੀ, ਜਦੋਂ ਕਿ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਔਰਤ ਗਾਇਨੀ ਵਾਰਡ 'ਚ ਐਡਮਿਟ ਸੀ ਅਤੇ ਸ਼ਨੀਵਾਰ ਨੂੰ ਅਚਾਨਕ ਉਠ ਕੇ ਲੇਬਰ ਰੂਮ ਦੇ ਬਾਹਰ ਲੇਟ ਗਈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਰਹੱਦੀ ਜ਼ਿਲੇ ਅਜਨਾਲਾ ਦੇ ਪਿੰਡ ਨੇਪਾਲ ਦੀ ਰਹਿਣ ਵਾਲੀ ਮਮਤਾ 9 ਮਹੀਨੇ ਤੋਂ ਗਰਭਵਤੀ ਹੈ, ਉਸ ਦਾ ਇਲਾਜ ਪਿਛਲੇ ਕਈ ਮਹੀਨਿਆਂ ਤੋਂ ਸਿਵਲ ਹਸਪਤਾਲ ਅਜਨਾਲਾ 'ਚ ਚੱਲ ਰਿਹਾ ਸੀ। ਬੀਤੇ ਬੁੱਧਵਾਰ ਉਸ ਦੀ ਹਾਲਤ ਵਿਗੜ ਗਈ। ਸਿਵਲ ਹਸਪਤਾਲ ਦੇ ਡਾਕਟਰ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਉਹ ਰੈਫਰ ਸਲਿਪ ਲੈ ਕੇ ਇਥੇ ਪੁੱਜਾ। ਇਥੇ ਗਾਇਨੀ ਵਾਰਡ ਵਿਚ ਸਲਿਪ ਜਮ੍ਹਾ ਕਰਵਾਈ ਅਤੇ ਫਾਈਲ ਬਣਵਾਈ। ਜਦੋਂ ਮਮਤਾ ਨੂੰ ਲੈ ਕੇ ਵਾਰਡ 'ਚ ਗਏ ਤਾਂ ਡਾਕਟਰ ਨੇ ਐਡਮਿਟ ਕਰਨ ਤੋਂ ਮਨ੍ਹਾ ਕਰ ਦਿੱਤਾ।
ਮਮਤਾ ਦੇ ਭਰਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਡਾਕਟਰ ਨੇ ਦੋ ਟੁਕ ਕਿਹਾ ਕਿ ਇਥੇ ਇਸ ਦਾ ਇਲਾਜ ਨਹੀਂ ਹੋ ਸਕਦਾ, ਇਸ ਨੂੰ ਕਿਤੇ ਹੋਰ ਲੈ ਜਾਓ। ਡਾਕਟਰ ਨੂੰ ਮਮਤਾ ਦੀ ਵਿਗੜਦੀ ਹਾਲਤ ਦਾ ਹਵਾਲਾ ਵੀ ਦਿੱਤਾ ਗਿਆ ਪਰ ਉਹ ਨਹੀਂ ਪਸੀਜਿਆ। ਆਖ਼ਿਰਕਾਰ ਬੁੱਧਵਾਰ ਦੀ ਰਾਤ ਉਨ੍ਹਾਂ ਨੇ ਗਾਇਨੀ ਵਾਰਡ ਦੇ ਬਾਹਰ ਕੱਟੀ, ਫਿਰ ਵੀਰਵਾਰ ਨੂੰ ਮਮਤਾ ਨੂੰ ਲੈ ਕੇ ਲੇਬਰ ਰੂਮ ਦੇ ਵੱਲ ਆਏ। ਲੇਬਰ ਰੂਮ 'ਚ ਵੀ ਸਟਾਫ ਨੇ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ। ਮਮਤਾ ਦੀ ਤਕਲੀਫ ਵੱਧ ਰਹੀ ਸੀ। ਅਜਿਹੇ 'ਚ ਉਹ ਲੇਬਰ ਰੂਮ ਦੇ ਬਾਹਰ ਹੀ ਫਰਸ਼ 'ਤੇ ਲੇਟ ਗਈ। ਮਮਤਾ ਦੀ ਮਾਂ ਨਿੰਮਾ ਨੇ ਦੱਸਿਆ ਕਿ ਡਾਕਟਰਾਂ ਨੇ ਸਾਡੇ ਨਾਲ ਬੇਇਨਸਾਫ਼ੀ ਕੀਤੀ ਹੈ। ਇਕ ਗਰਭਵਤੀ ਔਰਤ ਤੜਫਦੀ ਰਹੀ ਅਤੇ ਕਿਸੇ ਨੇ ਉਸ ਦੀ ਪੁਕਾਰ ਨਹੀਂ ਸੁਣੀ।
ਉਧਰ ਦੂਜੇ ਪਾਸੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਸ਼ਿਵਚਰਨ ਨੇ ਕਿਹਾ ਕਿ ਇਹ ਔਰਤ 3 ਦਿਨ ਪਹਿਲਾਂ ਨਹੀਂ, ਸਗੋਂ ਵੀਰਵਾਰ ਦੀ ਸ਼ਾਮ ਇਥੇ ਆਈ ਸੀ। ਉਸ ਦੀ ਡਲਿਵਰੀ 'ਚ ਅਜੇ ਕਾਫ਼ੀ ਵਕਤ ਸੀ। ਪਰਿਵਾਰ ਵਾਲੇ ਚਾਹੁੰਦੇ ਸਨ ਕਿ ਛੇਤੀ ਤੋਂ ਛੇਤੀ ਆਪ੍ਰੇਸ਼ਨ ਕਰ ਦਿੱਤਾ ਜਾਵੇ ਪਰ ਡਾਕਟਰ ਨੇ ਸਮੇਂ 'ਤੇ ਹੀ ਡਲਿਵਰੀ ਕਰ ਸਕਦੇ ਹਨ। ਔਰਤ ਨੂੰ ਵਾਰਡ 'ਚ ਐਡਮਿਟ ਕਰਵਾਇਆ ਗਿਆ ਸੀ ਪਰ ਉਹ ਆਪ ਹੀ ਲੇਬਰ ਰੂਮ ਦੇ ਬਾਹਰ ਜਾ ਕੇ ਲੇਟ ਗਈ ਤਾਂ ਕਿ ਛੇਤੀ ਤੋਂ ਛੇਤੀ ਡਲਿਵਰੀ ਕਰਵਾ ਸਕੇ।
ਲੋਕ ਇਨਸਾਫ਼ ਪਾਰਟੀ ਨੇ ਪਟਵਾਰਖਾਨੇ ਤੇ ਹਸਪਤਾਲ ਦੀਆਂ ਖਾਮੀਆਂ ਦੀ ਖੋਲ੍ਹੀ 'ਪੋਲ'
NEXT STORY