ਅੰਮ੍ਰਿਤਸਰ (ਦਲਜੀਤ ਸ਼ਰਮਾ): ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਅਧੀਨ ਚੱਲਣ ਵਾਲੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ 'ਚ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਦੀ ਸੇਵਾ ਮੁਕਤੀ 30 ਸਤੰਬਰ ਤੱਕ ਵਧਾ ਦਿੱਤੀ ਹੈ। ਵਿਭਾਗ ਵੱਲੋਂ ਇਹ ਫੈਸਲਾ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਗਿਆ ਹੈ। ਸਰਕਾਰੀ ਮੈਡੀਕਲ ਕਾਲਜ 'ਚ ਅੱਜ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਵਿਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਹਰ ਤਰਾਂ ਦੇ ਸਾਜ਼ੋ-ਸਾਮਾਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਮਰੀਜਾਂ ਦੇ ਨਾਲ-ਨਾਲ ਪੈਰਾ ਮੈਡੀਕਲ ਸਟਾਫ ਤੇ ਡਾਕਟਰਾਂ ਦੀ ਸੁਰੱਖਿਆ ਵੀ ਸਾਡੀ ਪਹਿਲੀ ਤਰਜੀਹ ਹੈ ਅਤੇ ਇਸ ਕੰਮ ਲਈ ਵੀ ਸਾਡੇ ਹਸਪਤਾਲਾਂ ਵਿਚ ਦਸਤਾਨੇ, ਇੰਫਰਾ ਰੈਡ ਥਰਮਾਮੀਟਰ, ਸੈਨੀਟਾਈਜਰ, ਹਾਈਪੋਕਲੋਰਾਈਟ ਘੋਲ ਅਤੇ ਪੀ ਪੀ ਈ ਕਿੱਟਾਂ ਦੀ ਵੀ ਘਾਟ ਨਹੀਂ ਹੈ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਫੀਸਾਂ ਮੰਗਣ ਵਾਲੇ ਸਕੂਲਾਂ 'ਤੇ ਸਿੱਖਿਆ ਮੰਤਰੀ ਸਖਤ, ਜਾਰੀ ਕੀਤੇ ਕਾਰਨ ਦੱਸੋ ਨੋਟਿਸ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਨੀ ਨੇ ਕਿਹਾ ਕਿ ਸਾਡੇ ਕੋਲ ਐਂਟੀ-ਵਾਇਰਲ ਡਰੱਗਜ਼, 2500 ਪੀ.ਪੀ.ਈ. ਕਿੱਟਾਂ, 25000 ਐੱਨ 95 ਮਾਸਕ ਅਤੇ 7 ਲੱਖ ਟ੍ਰਿਪਲ ਲੇਅਰ ਮਾਸਕ ਅਤੇ ਐਂਟੀਬਾਇਓਟਿਕਸ ਆਦਿ ਮੌਜੂਦਾ ਸਮੇਂ ਦੀ ਮੰਗ ਤੋਂ ਕਿਤੇ ਜ਼ਿਆਦਾ ਹਨ ।ਸੋਨੀ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਚੰਡੀਗੜ੍ਹ ਤੋਂ ਪੁੱਜੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਵੀ ਭਰੋਸਾ ਦਿੱਤਾ ਹੈ ਕਿ ਸਪਲਾਈ 'ਚ ਕੋਈ ਕਮੀ ਨਹੀਂ ਆ ਰਹੀ ਅਤੇ ਸਰਕਾਰ ਵਲੋਂ ਵੱਡੇ ਪੱਧਰ ਤੇ ਪੀ.ਪੀ.ਈ.ਕਿੱਟਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ, ਜਿਸ ਦੀ ਡਿਲਵਰੀ ਵੀ ਸਾਨੂੰ ਛੇਤੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਅਤੇ ਸਿਹਤ ਵਿਭਾਗ ਪੰਜਾਬ ਮਿਲ ਕੇ ਇਸ ਜੰਗ ਨੂੰ ਲੜ ਰਹੇ ਹਨ, ਪਰ ਕਾਮਯਾਬੀ ਤਾਂ ਹੀ ਮਿਲੇਗੀ ਜੇਕਰ ਲੋਕ, ਮੀਡੀਆ ਤੇ ਸਾਰਾ ਸਟਾਫ ਇਕ ਟੀਮ ਵਜੋਂ ਕੰਮ ਕਰੇ।
ਇਹ ਵੀ ਪੜ੍ਹੋ: ਕੋਰੋਨਾ ਮੁਸੀਬਤ: 5ਵੀਂ ਕਲਾਸ ਦੀ ਪ੍ਰੀਖਿਆ ਲਈ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ
ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਵਿਚ ਸਟਾਕ ਦੀ ਭਰਪਾਈ ਹਰ ਦੂਜੇ ਦਿਨ ਕੀਤੀ ਜਾ ਰਹੀ ਹੈ। ਜਿਵੇਂ ਹੀ ਸਪਲਾਈ ਕੇਂਦਰੀ ਸਟੋਰਾਂ ਵਿੱਚ ਆਉਂਦੀ ਹੈ, ਉਵੇਂ ਹੀ ਇਹ ਸਪਲਾਈ ਅੱਗੇ ਭੇਜ ਦਿੱਤੀ ਜਾਂਦੀ ਹੈ। ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੈਡੀਕਲ ਕਾਲਜ ਦੇ ਪ੍ਰਿੰਸੀਪਲਾਂ ਨੂੰ ਇਸ ਐਮਰਜੈਂਸੀ ਲਈ ਵਾਧੂ ਖਰੀਦ ਸਕਦੀਆਂ ਦਿੱਤੀਆਂ ਗਈਆਂ ਹਨ ਅਤੇ ਇਸ ਖਰੀਦ ਲਈ ਤਕਰੀਬਨ 4 ਕਰੋੜ ਰੁਪਏ ਦੀ ਰਾਸ਼ੀ ਵੀ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿਚ ਸੇਵਾ ਮੁਕਤੀ ਅੱਗੇ ਪਾ ਦਿੱਤੀ ਗਈ ਹੈ ਅਤੇ ਫਿਲਹਾਲ ਕਿਸੇ ਕਰਮਚਾਰੀ ਨੂੰ ਸੇਵਾ ਮੁਕਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਇਕ ਕਰੋੜ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਮੈਡੀਕਲ ਕਾਲਜ ਨੂੰ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਕਰਦੇ ਕਿਹਾ ਕਿ ਸਾਡੇ ਦੋਵੇਂ ਆਗੂ ਇਸ ਜੰਗ ਵਿਚ ਸਾਡਾ ਸਰੀਰਕ ਤੌਰ 'ਤੇ ਸਾਥ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਡਾਕਟਰਾਂ ਦੇ ਨਾਲ-ਨਾਲ ਪੈਰਾ ਮੈਡੀਕਲ ਸਟਾਫ, ਜੋ ਕਿ ਕੋਰੋਨਾ ਵਿਰੁੱਧ ਜੰਗ 'ਚ ਲੱਗਾ ਹੈ, ਦੇ ਰਹਿਣ ਤੇ ਖਾਣੇ ਦਾ ਇੰਤਜ਼ਾਮ ਵੀ ਕੀਤਾ ਜਾਵੇ।ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜ ਵਿਖੇ ਹੁਣ ਤੱਕ 633 ਲੋਕਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ 'ਚੋਂ 609 ਲੋਕਾਂ ਦੀ ਰਿਪੋਰਟ ਨੈਗੇਟਿਵ ਅਤੇ 24 ਲੋਕਾਂ ਦੀ ਰਿਪੋਰਟ ਪਾਜਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰ ਵਿਖੇ ਆਈਸੋਲੇਸ਼ਨ ਵਾਰਡ ਵਿਚ 4 ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 4 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੋਵਿਡ 19 ਵੱਡੀ ਚੁਣੌਤੀ ਹੈ, ਇਸ ਉਤੇ ਅਸੀਂ ਕਾਮਯਾਬੀ ਤਾਂ ਹੀ ਪ੍ਰਾਪਤ ਕਰ ਸਕਦੇ ਹਾਂ, ਜੇਕਰ ਅਸੀਂ ਸਾਰੇ ਵਿਭਾਗ ਇਕਮੁੱਠ ਹੋਈਏ। ਡਾਕਟਰਾਂ ਦੇ ਨਾਲ-ਨਾਲ ਪੈਰਾ ਮੈਡੀਕਲ ਸਟਾਫ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਜੰਗ ਵਿਚ ਯੋਗਦਾਨ ਪਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਦੀ ਸੁਰੱਖਿਆ ਦਾ ਫ਼ਿਕਰ ਹੈ। ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਇਸ ਬੀਮਾਰੀ ਦੇ ਟਾਕਰੇ ਲਈ ਲਾਗੂ ਸਟੇਟ ਪ੍ਰੋਟੋਕੋਲ ਜਿਸ ਅਨੁਸਾਰ ਮਰੀਜਾਂ ਦੀ ਵੰਡ, ਟੈਸਟਿੰਗ, ਖੁਰਾਕ, ਬਾਇਓਮੈਡੀਕਲ ਕੂੜੇ ਅਤੇ ਮੌਤ ਤੋਂ ਬਾਅਦ ਤੱਕ ਦੇ ਪ੍ਰੋਟੋਕੋਲ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਮੁੱਚੇ ਭਾਰਤ ਵਿਚ ਇਕ ਸਮਾਨ ਹੈ ਚਾਹੇ ਉਹ ਨਿੱਜੀ ਹਸਪਤਾਲ ਹੋਣ ਜਾਂ ਸਰਕਾਰੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਏ ਬਹਾਦਰ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ,ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਕੋਮਲ ਮਿਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਪਲਵੀ ਚੌਧਰੀ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਸੁਜਾਤਾ ਸ਼ਰਮਾ, ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ
ਫਰੀਦਕੋਟ ਤੋਂ ਜਾਰੀ ਜ਼ਿਲਾ ਮੈਜਿਸਟ੍ਰੇਟ ਦੀ ਚਿੱਠੀ ਨੇ 'ਮੋਗਾ' 'ਚ ਮਚਾਈ ਹੱਲਚੱਲ
NEXT STORY