ਜਗਰਾਓਂ (ਜਸਬੀਰ ਸ਼ੇਤਰਾ)–ਇਥੇ ਕੱਚਾ ਮਲਕ ਰੋਡ 'ਤੇ ਦੋ ਬੱਚੀਆਂ (ਸਕੀਆਂ ਭੈਣਾਂ) ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਨਕਾਬਪੋਸ਼ਾਂ ਵੱਲੋਂ ਲੱਖਾਂ ਰੁਪਏ ਦੀ ਕੀਤੀ ਡਕੈਤੀ ਦੇ ਮਾਮਲੇ 'ਚ ਪੁਲਸ ਵੱਲੋਂ 5 ਮੁਲਜ਼ਮ ਕਾਬੂ ਕਰ ਲਏ ਜਾਣ ਦੀ ਚਰਚਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਸ ਨੂੰ ਛੇਵੇਂ ਮੁਲਜ਼ਮ ਤੇ ਲੁੱਟੀ ਗਈ ਨਕਦੀ ਤੇ ਸੋਨੇ ਦੇ ਗਹਿਣਿਆਂ ਦੀ ਬਰਾਮਦਗੀ ਲਈ ਯਤਨਸ਼ੀਲ ਹੈ। ਜਿਵੇਂ ਹੀ ਇਹ ਬਰਾਮਦਗੀ ਹੋ ਜਾਂਦੀ ਹੈ ਤਾਂ ਪੁਲਸ ਵੱਲੋਂ ਬਹੁਤ ਜਲਦ ਪ੍ਰੈੱਸ ਕਾਨਫਰੰਸ ਸੱਦ ਕੇ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ ਪਰ ਹਾਲੇ ਤਕ ਕੋਈ ਵੀ ਪੁਲਸ ਅਧਿਕਾਰੀ ਇਸ ਮਾਮਲੇ 'ਚ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ। ਵੱਖ-ਵੱਖ ਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਜਾਂਚ ਚਲਦੀ ਹੋਣ ਤੇ ਜਲਦ ਹੀ ਗੁੱਥੀ ਸੁਲਝ ਜਾਣ ਦੀ ਗੱਲ ਆਖੀ। ਸੋਮਵਾਰ ਨੂੰ ਹੋਈ ਡਕੈਤੀ ਤੋਂ ਬਾਅਦ ਮੰਗਲਵਾਰ ਨੂੰ ਡੀ. ਆਈ. ਜੀ. ਯੁਰਿੰਦਰ ਸਿੰਘ ਹੇਅਰ ਡਕੈਤੀ ਵਾਲੀ ਕੋਠੀ 'ਚ ਪਹੁੰਚੇ ਸਨ ਤੇ ਜਾਇਜ਼ਾ ਲੈਣ ਤੋਂ ਬਾਅਦ ਜਲਦ ਹੀ ਗੁੱਥੀ ਸੁਲਝ ਜਾਣ ਦਾ ਦਾਅਵਾ ਕੀਤਾ ਸੀ। ਹੁਣ ਉਨ੍ਹਾਂ ਦਾ ਦਾਅਵਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਗਲੇ ਦੋ-ਚਾਰ ਦਿਨਾਂ 'ਚ ਪੁਲਸ ਵੱਲੋਂ ਇਸ ਸਬੰਧ 'ਚ ਪ੍ਰੈੱਸ ਕਾਨਫਰੰਸ ਸੱਦੇ ਜਾਣ ਦੀ ਸੰਭਾਵਨਾ ਹੈ। ਇਸ 'ਚ ਦੇਰੀ ਲੁੱਟ ਦੇ ਮਾਲ ਦੀ ਰਹਿੰਦੀ ਬਰਾਮਦਗੀ ਕਰਕੇ ਹੋ ਰਹੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਮੁਲਜ਼ਮ ਵੀ ਹਾਲੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਇਹ ਸਫਲਤਾ ਸੀ. ਸੀ. ਟੀ. ਵੀ. ਫੁਟੇਜ ਅਤੇ ਮੋਬਾਇਲਾਂ ਰਾਹੀਂ ਮਿਲੀ, ਜਿਸ 'ਤੇ ਐੱਸ. ਐੱਸ. ਪੀ. ਸੁਰਜੀਤ ਸਿੰਘ ਵਲੋਂ ਬਣਾਈਆਂ 5 ਟੀਮਾਂ 'ਚ ਸ਼ਾਮਲ ਅਧਿਕਾਰੀ ਤੇ ਕਰਮਚਾਰੀ ਪਿਛਲੇ 5 ਦਿਨ ਤੋਂ ਲਗਾਤਾਰ ਦਿਨ-ਰਾਤ ਕੰਮ ਕਰ ਰਹੇ ਹਨ। ਭਰੋਸੇਯੋਗ ਵਸੀਲਿਆਂ ਅਨੁਸਾਰ ਡਕੈਤੀ ਸਬੰਧੀ ਜਿਹੜੇ 5 ਮੁਲਜ਼ਮ ਪੁਲਸ ਨੇ ਕਾਬੂ ਕੀਤੇ ਹਨ ਉਨ੍ਹਾਂ 'ਚ ਮਾਲੇਰਕੋਟਲਾ, ਢੁੱਡੀਕੇ ਤੇ ਕਾਉਂਕੇ ਕਲਾਂ ਦੇ ਨੌਜਵਾਨ ਸ਼ਾਮਲ ਹਨ।
ਲੁੱਟ ਦੀਆਂ ਤਸਵੀਰਾਂ ਹੋਈਆਂ ਸੋਸ਼ਲ ਮੀਡੀਆ 'ਤੇ ਵਾਇਰਲ
NEXT STORY