ਅੰਮ੍ਰਿਤਸਰ (ਮਮਤਾ, ਵਾਲੀਆ, ਮਹਿੰਦਰ, ਕਮਲ) - ''ਆਸਟ੍ਰੇਲੀਆ ਖੇਤੀ, ਖੇਡਾਂ ਤੇ ਸੈਰ-ਸਪਾਟਾ ਸਨਅਤ 'ਚ ਪੰਜਾਬ ਦਾ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਛੇਤੀ ਹੀ ਇਨ੍ਹਾਂ ਖੇਤਰਾਂ ਵਿਚ ਸੰਭਾਵਨਾਵਾਂ ਲੱਭਣ ਲਈ ਪੰਜਾਬ ਤੋਂ ਉੱਚ ਪੱਧਰੀ ਵਫਦ ਆਸਟ੍ਰੇਲੀਆ ਭੇਜਿਆ ਜਾਵੇਗਾ।'' ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਮਾਮਲੇ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਆਸਟ੍ਰੇਲੀਆ ਦੀ ਹਾਈ ਕਮਿਸ਼ਨਰ ਮੈਡਮ ਹਰਿੰਦਰ ਸਿੱਧੂ ਜੋ ਕਿ ਅੰਮ੍ਰਿਤਸਰ ਦੇ ਦੌਰੇ 'ਤੇ ਆਈ ਹੋਈ ਸੀ, ਨਾਲ ਵਿਸਥਾਰਤ ਮੀਟਿੰਗ ਮਗਰੋਂ ਪ੍ਰੈੱਸ ਮਿਲਣੀ ਦੌਰਾਨ ਕੀਤਾ। ਸ. ਸਿੱਧੂ ਨੇ ਕਿਹਾ ਕਿ ਆਸਟ੍ਰੇਲੀਆ ਖੇਡ ਤਕਨੀਕ ਤੇ ਖੇਤੀ ਉਤਪਾਦਾਂ ਦੀ ਵਿਸ਼ਵ ਪੱਧਰੀ ਮਾਰਕਟਿੰਗ ਲਈ ਆਪਣੀ ਪਛਾਣ ਬਣਾ ਚੁੱਕਾ ਹੈ ਅਤੇ ਉਸ ਦੇ ਸਾਥ ਨਾਲ ਪੰਜਾਬ ਇਨ੍ਹਾਂ ਦੋਵਾਂ ਖੇਤਰਾਂ ਵਿਚ ਵਿਸ਼ਵ ਮਾਅਰਕਾ ਮਾਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿਚ ਸਹਿਯੋਗ ਲਈ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਤੇ ਸੁਖਬੀਰ ਸਿੰਘ ਗਰੇਵਾਲ ਆਸਟ੍ਰੇਲੀਆ ਨਾਲ ਰਾਬਤਾ ਰੱਖ ਰਹੇ ਹਨ ਅਤੇ ਆਸਟ੍ਰੇਲੀਆ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਤੋਂ ਇਲਾਵਾ ਪਟਿਆਲਾ ਵਿਖੇ ਬਣਨ ਵਾਲੀ ਨਵੀਂ ਖੇਡ ਯੂਨੀਵਰਸਿਟੀ ਲਈ ਖੇਡ ਤਕਨੀਕ, ਕੋਚਾਂ ਨੂੰ ਸਿਖਲਾਈ ਤੇ ਖਿਡਾਰੀਆਂ ਨੂੰ ਖੇਡ ਹੁਨਰ ਦੇਣ ਵਿਚ ਪੰਜਾਬ ਦਾ ਸਹਿਯੋਗ ਦੇਵੇਗਾ। ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ-ਖੂੰਹਦ ਸਾਂਭਣ, ਮਿੱਟੀ ਤੇ ਪਾਣੀ ਵਰਗੇ ਜ਼ਰੂਰੀ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਖੇਤੀ ਉਤਪਾਦਾਂ ਲਈ ਵਿਸ਼ਵ ਪੱਧਰ 'ਤੇ ਮੰਡੀਕਰਨ 'ਚ ਪੰਜਾਬ ਦਾ ਸਾਥ ਦੇਣ ਲਈ ਆਸਟ੍ਰੇਲੀਆ ਨੇ ਹਾਮੀ ਭਰੀ ਹੈ ਅਤੇ ਇਨ੍ਹਾਂ ਖੇਤਰਾਂ ਵਿਚ ਸਹਿਯੋਗ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾਲ ਉੱਚ ਪੱਧਰੀ ਵਫਦ ਆਸਟ੍ਰੇਲੀਆ ਭੇਜਿਆ ਜਾਵੇਗਾ, ਜੋ ਕਿ ਇਨ੍ਹਾਂ ਖੇਤਰਾਂ 'ਚ ਸੰਭਾਵਨਾਵਾਂ ਦੀ ਤਲਾਸ਼ ਕਰ ਕੇ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵ ਪੱਧਰੀ ਮੰਡੀ ਮਿਲ ਜਾਵੇ ਤਾਂ ਫਸਲ ਦੇ ਘੱਟੋ-ਘੱਟ ਨਿਰਧਾਰਤ ਮੁੱਲ ਵੱਲ ਝਾਕਣ ਦੀ ਲੋੜ ਤੱਕ ਨਹੀਂ ਅਤੇ ਖੇਤੀ ਵਿਭਿੰਨਤਾ ਵੀ ਆਸਾਨੀ ਨਾਲ ਕਿਸਾਨ ਅਪਣਾ ਲਵੇਗਾ, ਜੋ ਕਿ ਪੰਜਾਬ ਲਈ ਬੇਹੱਦ ਜ਼ਰੂਰੀ ਹੈ।
ਸ. ਸਿੱਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਆਸਟ੍ਰੇਲੀਆ ਦਾ ਸੈਰ-ਸਪਾਟਾ ਵਿਭਾਗ ਪੰਜਾਬ ਦੀ ਸੈਰ-ਸਪਾਟਾ ਸਨਅਤ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਵਿਚ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਮੈਡਮ ਹਰਿੰਦਰ ਸਿੱਧੂ ਨਾਲ ਉਨ੍ਹਾਂ ਦੀ ਇਹ ਲਗਾਤਾਰ ਦੂਸਰੀ ਮੀਟਿੰਗ ਇਸੇ ਵਿਸ਼ੇ 'ਤੇ ਹੋਈ ਹੈ ਤੇ ਆਸ ਹੈ ਕਿ ਅੰਮ੍ਰਿਤਸਰ ਜੋ ਕਿ ਧਾਰਮਿਕ ਦਰਸ਼ਨ, ਇਤਿਹਾਸਕ ਤੇ ਸੱਭਿਆਚਾਰਕ ਸਥਾਨਾਂ ਦੇ ਨਾਲ-ਨਾਲ ਸੁਆਦੀ ਪਕਵਾਨਾਂ ਲਈ ਵੀ ਮਸ਼ਹੂਰ ਹੈ, ਨੂੰ ਆਸਟ੍ਰੇਲੀਆ ਦੇ ਸਹਿਯੋਗ ਨਾਲ ਵਿਸ਼ਵ ਪੱਧਰ 'ਤੇ ਪ੍ਰਚਾਰਨ-ਪ੍ਰਸਾਰਨ ਵਿਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲ-ਕਦਮੀ ਸਦਕਾ ਇਕੱਲੇ ਅੰਮ੍ਰਿਤਸਰ ਵਿਚ ਰੋਜ਼ਾਨਾ 25 ਹਜ਼ਾਰ ਯਾਤਰੀਆਂ ਦੀ ਗਿਣਤੀ ਵਧੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਅਸ਼ੀਸ਼ ਸ਼ਰਮਾ ਡਾਇਰੈਕਟਰ ਆਸਟ੍ਰੇਲੀਆ ਵਪਾਰ ਅਤੇ ਨਿਵੇਸ਼ ਕਮਿਸ਼ਨ, ਸਹਾਇਕ ਕਮਿਸ਼ਨਰ ਸ਼੍ਰੀਮਤੀ ਅਲਕਾ ਕਾਲੀਆ ਤੇ ਆਸਟ੍ਰੇਲੀਆ ਦੇ ਕਈ ਅਧਿਕਾਰੀ ਵੀ ਹਾਜ਼ਰ ਸਨ।
ਬਦਲਿਆ ਜ਼ਮਾਨਾ, ਸਿੱਕਿਆਂ ਦੀ ਖਣਕ ਹੁਣ ਲੱਗਣ ਲੱਗੀ ਖਰਾਬ
NEXT STORY